|
|
|
|
|
|
Home > Communities > Punjabi Culture n History > Forum > messages |
|
|
|
|
|
ਪ੍ਰੋ. ਪੂਰਨ ਸਿੰਘ ਦਾ ਪੰਜਾਬ |
ਸਾਹਿਤ ਸਿਰਜਣ ਅਤੇ ਇੰਜੀਨੀਅਰਿੰਗ ਦੇਖਣ ਨੂੰ ਇੱਕ ਦੂਜੇ ਤੋਂ ਬਹੁਤ ਫ਼ਾਸਲੇ ’ਤੇ ਵਿਚਰਨ ਵਾਲੇ ਖੇਤਰ ਲੱਗਦੇ ਹਨ ਪਰ ਪੰਜਾਬੀ ਸਾਹਿਤ ਵਿੱਚ ਬਹੁਤ ਸਾਰੇ ਜਾਣੇ ਪਛਾਣੇ ਨਾਂ ਹਨ ਜਿਨ੍ਹਾਂ ਦਾ ਸਬੰਧ ਇੰਜੀਨੀਅਰਿੰਗ ਦੇ ਖੇਤਰ ਨਾਲ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਹਨ ਪ੍ਰੋ. ਪੂਰਨ ਸਿੰਘ। ਇਨ੍ਹਾਂ ਦਾ ਜਨਮ 17 ਦਸੰਬਰ ਨੂੰ ਹੋਇਆ ਤੇ ਜੀਵਨ ਕਾਲ ਸਿਰਫ਼ 50 ਸਾਲ ਦਾ ਰਿਹਾ। ਉਨ੍ਹਾਂ ਦੇ ਇਸ ਜਹਾਨ ਤੋਂ ਤੁਰ ਜਾਣ ਦੇ ਐਨੇ ਸਾਲ ਬੀਤਣ ਦੇ ਬਾਅਦ ਉਹ ਅੱਜ ਵੀ ਉਨੇ ਹੀ ਹਰਮਨਪਿਆਰੇ ਹਨ। ਪ੍ਰੋ. ਪੂਰਨ ਸਿੰਘ ਖੁੱਲ੍ਹੇਪਣ ਦਾ ਨਾਂ ਹੈ। ਉਨ੍ਹਾਂ ਇਸ ਪੂਰਨਤਾ ਦੀ ਪ੍ਰਾਪਤੀ ਲਈ ਕੁਦਰਤ ਅੱਗੇ ਆਪਣੀ ਝੋਲੀ ਹਮੇਸ਼ਾਂ ਖੋਲ੍ਹੀ ਰੱਖੀ ਤੇ ਹਰ ਤਰ੍ਹਾਂ ਦੇ ਗਿਆਨ-ਵਿਗਿਆਨ ਲਈ ਆਪਣੇ ਦਿਮਾਗ ਦੇ ਬੂਹੇ ਚਾਰੋਂ ਤਰਫ਼ ਖੋਲ੍ਹੀ ਰੱਖੇ। ਚਿੰਤਕਾਂ ਅਤੇ ਦਾਨਸ਼ਮੰਦਾਂ ਦੀ ਸੁਹਬਤ ਦੇ ਨਾਲ-ਨਾਲ ਉਨ੍ਹਾਂ ਕਿਸਾਨਾਂ ਕਿਰਤੀਆਂ, ਪਸ਼ੂ ਪੰਛੀਆਂ ਅਤੇ ਰੁੱਖਾਂ ਬਿਰਖਾਂ ਨੂੰ ਜੱਫੀਆਂ ਪਾਉਣ ਲਈ ਆਪਣੀਆਂ ਬਹਾਵਾਂ ਸਦਾ ਖੁੱਲ੍ਹੀਆਂ ਰੱਖੀਆਂ। ਉਨ੍ਹਾਂ ਦਾ ਲਾਲਾ ਹਰਦਿਆਲ ਵਰਗੇ ਕ੍ਰਾਂਤੀਕਾਰੀ, ਖੁਦਾਦਾਦ ਵਰਗੇ ਵਿਗਿਆਨੀ, ਭਾਈ ਵੀਰ ਸਿੰਘ ਵਰਗੇ ਸਾਹਿਤਕਾਰ, ਸੁਆਮੀ ਰਾਮ ਤੀਰਥ ਵਰਗੇ ਆਤਮ ਮਾਰਗੀ ਅਤੇ ਓਕਾ ਕੁਰਾ ਵਰਗੇ ਜਪਾਨੀ ਚਿੰਤਕ ਨਾਲ ਨੇੜਤਾ ਦਾ ਸਬੰਧ ਰਿਹਾ। ਪ੍ਰੋ. ਪੂਰਨ ਸਿੰਘ ਦਾ ਜੀਵਨ ਸਾਹਿਤ ਰਚਨਾ ਦੇ ਨਾਲ ਨਾਲ ਵੰਨ-ਸੁਵੰਨੀਆਂ ਸਰਗਰਮੀਆਂ ਨਾਲ ਲਿਸ਼ਕਿਆ ਰਿਹਾ। ਉਨ੍ਹਾਂ ਕੋਲ ਧਰਮ, ਪਿਆਰ, ਦੋਸਤੀ, ਇਸ਼ਕ, ਸਦਾਚਾਰ, ਖ਼ੁਸ਼ਹਾਲੀ, ਕਲਾ ਤੇ ਸੱਭਿਆਚਾਰ ਵਾਸਤੇ ਅਲੱਗ-ਅਲੱਗ ਖ਼ਾਨੇ ਨਹੀਂ ਸਨ, ਸਭ ਕੁਝ ਆਪਸ ਵਿੱਚ ਘੁਲਿਆ-ਮਿਲਿਆ ਸੀ। ਹੁਣ ਜਦ ਪੰਜਾਬ ਦੀ ਜਵਾਨੀ ਦੇ ਮਿਆਰ ਵਿੱਚ ਆ ਰਹੇ ਨਿਘਾਰ ਨੂੰ ਮਹਿਸੂਸ ਕਰਦੇ ਹਾਂ ਤਾਂ ਪ੍ਰੋ. ਪੂਰਨ ਸਿੰਘ ਨੂੰ ਯਾਦ ਕਰਨਾ ਬਣਦਾ ਹੈ ਜੋ ਆਪਣੀ ਜਵਾਨੀ ਨੂੰ ਸੋਹਣੀ ਦੇ ਇਸ਼ਕ ਅਤੇ ਗੁਰੂ ਗੋਬਿੰਦ ਸਿੰਘ ਦੇ ਸਤਿਕਾਰ ਨਾਲ ਜੋੜਦੇ ਸਨ। ਹੀਰ, ਸੋਹਣੀ, ਸੱਸੀ, ਬੇਟੀ ਗਾਰਗੀ, ਖੂਹ ਤੇ ਪਾਣੀ ਭਰਦੀਆਂ ਕੁੜੀਆਂ ਅਤੇ ਹੋਰ ਇਸਤਰੀਆਂ ਦੇ ਹਵਾਲੇ ਨਾਲ ਲਿਖੀਆਂ ਕਵਿਤਾਵਾਂ ਮੁਹੱਬਤ ਅਤੇ ਸੁੰਦਰਤਾ ਦੀ ਬੁਣਤੀ ਵਾਲੇ ਸਿਹਤਮੰਦ ਪੰਜਾਬ ਦਾ ਸੁਪਨਾ ਸਿਰਜਦੀਆਂ ਹਨ। ਹੁਣ ਜਦ ਪੰਜਾਬ ਦੇ ਚਲੰਤ ਕਿਸਮ ਦੇ ਗਾਇਕਾਂ ਦੇ ਜਲਾਲਤ ਭਰੇ ਹੋਛੇ ਇਸ਼ਕੀਆ ਗੀਤ ਸੁਣਨੇ ਪੈ ਰਹੇ ਹਨ ਤਾਂ ਪ੍ਰੋ. ਪੂਰਨ ਸਿੰਘ ਦੀ ਕਵਿਤਾ ਦੀ ਮਹਾਨਤਾ ਦਾ ਧਿਆਨ ਧਰਿਆ ਜਾਣਾ ਚਾਹੀਦਾ ਹੈ ਜੋ ਹੀਰ ਨੂੰ ਆਪਣੀ ਭੈਣ ਆਖਦੇ, ਪੰਜਾਬੀ ਗੱਭਰੂਆਂ ਨੂੰ ਰਾਂਝੇ ਦੇ ਨਿੱਕੇ ਵੱਡੇ ਵੀਰ ਲਿਖਦੇ ਅਤੇ ਰਾਂਝੇ ਨੂੰ ਵੀ ਮਹੀਂਵਾਲ ਵਾਂਗ ਗੁਰੂ ਦਾ ਪੱਕਾ ਸਿੱਖ ਆਖਦੇ ਹਨ। ਇਹ ਪ੍ਰੋ. ਪੂਰਨ ਸਿੰਘ ਦੀ ਸਿੱਖੀ ਦੀ ਵਿਸ਼ਾਲਤਾ ਹੈ ਕਿ ਉਨ੍ਹਾਂ ਨੂੰ ਰਾਂਝੇ ਵਰਗਾ ਪੰਜਾਬੀ ਲੋਕ ਨਾਇਕ ਗੁਰੂ ਦਾ ਸਿੱਖ ਜਾਪਦਾ ਹੈ। ਰਾਂਝਾ ਹੀ ਕਿਉਂ, ਉਹ ਆਪਣੀ ਪਸੰਦ ਦੇ ਪ੍ਰਸਿੱਧ ਅੰਗਰੇਜ਼ੀ ਕਵੀ ਵਾਲਟ ਵਿਟਮਨ ਬਾਰੇ ਵੀ ਆਖਦੇ, ‘‘ਵਾਲਟ ਵਿਟਮਨ ਅਮਰੀਕਾ ਵਿੱਚ ਜੰਮਿਆ ਹੋਇਆ ਸਿੱਖ ਸੀ।’’ ਪ੍ਰੋ. ਪੂਰਨ ਸਿੰਘ ਜਦ ਪੰਜਾਬ ਜਿਉਂਦਾ ਗੁਰਾਂ ਦੇ ਨਾਂ ’ਤੇ ਆਖਦੇ ਹਨ ਤਾਂ ਇਸ ਦਾ ਭਾਵ ਕੋਈ ਫ਼ਿਰਕੂ ਚੌਧਰ ਜਾਂ ਦਬਦਬਾ ਸਥਾਪਤ ਕਰਨਾ ਨਹੀਂ ਸਗੋਂ ਇਹ ਪੰਜਾਬ ਲਈ ਵੱਡੇ ਕਵੀ ਦੀ ਵੱਡੀ ਅਸੀਸ ਹੈ। ਉਨ੍ਹਾਂ ਲਈ ਸਿੱਖੀ ਕਿਸੇ ਮਜ਼ਹਬੀ ਸੰਕੀਰਨਤਾ, ਦਾਅਵੇਦਾਰੀ, ਦਿਖਾਵੇ ਜਾਂ ਭੇਖ ਨਾਲ ਸਬੰਧਤ ਗੱਲ ਨਹੀਂ ਸੀ ਸਗੋਂ ਉਨ੍ਹਾਂ ਦੀ ਸਿੱਖੀ ਦਾ ਮੁਹਾਵਰਾ ਸਮੁੱਚੇ ਮਨੁੱਖਾਂ ਦੀ ਪ੍ਰਸੰਨਤਾ ਅਤੇ ਸੁਤੰਤਰਤਾ, ਜੀਵਾਂ ਦੀ ਭਲਾਈ, ਕੁਦਰਤੀ ਸੁੰਦਰਤਾ ਅਤੇ ਪਵਿੱਤਰਤਾ ਦੀ ਸਲਾਮਤੀ ਦੀ ਬਾਤ ਸੀ। ਹੁਣ ਜਦ ਪੰਜਾਬ ਦੇ ਪਾਣੀ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਪਾਣੀਆਂ ਦੀ ਸੂਚੀ ਵਿੱਚ ਆ ਗਏ ਹਨ ਤਾਂ ਪੰਜਾਬ ਨੂੰ ਉਨ੍ਹਾਂ ਦੇ ਬੋਲ ਯਾਦ ਆਉਣੇ ਚਾਹੀਦੇ ਹਨ। ਸਾਡੀ ਤਰੱਕੀ ਦੇ ਮਿਜ਼ਾਜ ਨੇ ਪ੍ਰੋ. ਪੂਰਨ ਸਿੰਘ ਦੇ ਪਿਆਰੇ ਦਰਿਆਵਾਂ ਨੂੰ ਜ਼ਹਿਰੀਲੇ ਬਣਾ ਦਿੱਤਾ ਹੈ।
|
|
19 Dec 2012
|
|
|
|
ਸਾਡੇ ਆਪ ਸਹੇੜੇ ਆਧੁਨਿਕ ਵਿਕਾਸ ਦੇ ਰੰਗ ਢੰਗ ਨੇ ਜਿੱਥੇ ਪੰਜਾਬ ਦੇ ਪੌਣ ਪਾਣੀ ਨੂੰ ਤਬਾਹ ਕੀਤਾ ਹੈ, ਉÎੱਥੇ ਹਜ਼ਾਰਾਂ ਗ਼ਰੀਬ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਰ ਦਿੱਤਾ ਹੈ ਕਿਉਂਕਿ ਰਾਜ ਭਾਗ ਵਿੱਚ ਗ਼ਰੀਬ ਕਿਰਤੀਆਂ ਕਿਰਸਾਨਾਂ ਦੀ ਕੋਈ ਭਾਈਵਾਲੀ ਨਹੀਂ ਸਗੋਂ ਧਨਾਢਾਂ ਅਤੇ ਸਰਮਾਏਦਾਰਾਂ ਦਾ ਪੂਰਾ ਗਲਬਾ ਹੈ। ਕਿਰਸਾਨੀ ਦੇ ਗੌਰਵ, ਮਿਹਨਤ ਅਤੇ ਸਾਦਗੀ ਪ੍ਰਤੀ ਬਲਿਹਾਰਤਾ ਪ੍ਰਗਟ ਕਰਦੇ ਹੋਏ ਪ੍ਰੋ. ਪੂਰਨ ਸਿੰਘ ਵਾਰ-ਵਾਰ ਪੰਜਾਬ ਦੇ ‘ਹਲ ਵਾਹੁਣ ਵਾਲੇ’ ਦਾ ਗੁਣਗਾਨ ਕਰਦੇ ਰਹੇ ਹਨ: ਬੀਜ ਬੀਜਣ, ਇਹ ਹੱਲ ਚਲਾਣ, ਘਾਲਾਂ ਘਾਲਣ ਪੂਰੀਆਂ। ਖਾਣ ਥੋੜ੍ਹਾ, ਪਹਿਨਣ ਮੋਟਾ ਸੋਟਾ, ਵੇਖਣ ਮੁੜ ਮੁੜ ਵੱਲ ਬੱਦਲਾਂ ਇਹ ਹਨ ਜੱਗ ਦੇ ਭੰਡਾਰੀ, ਰਾਜੇ ਹੱਥ ਅੱਡ ਅੱਡ ਮੰਗਦੇ ਇੱਥੋਂ ਰੋਟੀਆਂ। ਕਿਸਾਨ ਦੇ ਨਾਲ-ਨਾਲ ਪੰਜਾਬ ਦੇ ਮਜ਼ਦੂਰ ਦੀ ਘਾਲਣਾ ਪ੍ਰਤੀ ਵੀ ਪ੍ਰੋ. ਸਾਹਿਬ ਆਪਣੀ ਦਿਲੀ ਸ਼ਰਧਾ ਅਤੇ ਆਦਰ ਪ੍ਰਗਟ ਕਰਦੇ ਹੋਏ ਕਿਰਤ ਦੇ ਗੌਰਵ ਅਤੇ ਸਵੈਮਾਨ ਨੂੰ ਉਜਾਗਰ ਕਰਦੇ ਲਿਖਦੇ ਹਨ: ਇਨ੍ਹਾਂ ਦੀ ਗ਼ਰੀਬੀ ਨਿੱਕੀ, ਇਨ੍ਹਾਂ ਦਾ ਸੰਤੋਖ ਵੱਡਾ, ਇਹ ਠੰਢੇ ਪਾਣੀ ਵਾਂਗ ਮੇਰੇ ਜੀ ਨੂੰ ਠਾਰਦੇ। ਪੰਜਾਬ ਦੀ ਮਜ਼ਹਬੀ ਇਕਸੁਰਤਾ, ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਪਰਥਾਏ ਪ੍ਰੋ. ਸਾਹਿਬ ਦਾ ਸੁਨੇਹਾ ਗੂੰਜਦਾ ਹੈ: ਮੁਸਲਮਾਨ, ਸਿੱਖ, ਹਿੰਦੂ, ਕੋਈ ਹੋਵੇ ਪੰਜਾਬ-ਗਲੀ ਦੀ ਸੱਚੀ ਸਜ ਸਾਰੀ, ਇਹ ਰਲੀ ਮਿਲੀ, ਮਿਲੀ ਜੁਲੀ। ਆਸਤਿਕਤਾ ਨਾਸਤਿਕਤਾ ਬਾਰੇ ਗੱਲਾਂ ਕਰਦਿਆਂ ਵੀ ਪ੍ਰੋ. ਪੂਰਨ ਸਿੰਘ ਯਾਦ ਆਉਂਦੇ ਹਨ: ਹਾਲੇ ਮੇਰੀਆਂ ਅੱਖਾਂ ਪੂਰੀਆਂ ਸੁਜਾਖੀਆਂ ਨਾਂਹ ਮੈਨੂੰ ਰੱਬ ਨਾ ਦਿਸਦਾ ਹਰ ਚੀਜ਼ ਵਿੱਚ। ਅੱਜ ਕੱਲ੍ਹ ਪੰਜਾਬ ਨੂੰ ਗਰਜ਼ਾਂ, ਧੜੇਬੰਦੀਆਂ, ਖ਼ੁਸ਼ਾਮਦਾਂ, ਚੌਧਰਾਂ, ਹਵਾਖੋਰੀਆਂ, ਮੁਕਾਬਲੇਬਾਜ਼ੀਆਂ, ਸ਼ੋਹਰਤਾਂ, ਦਾਅਵੇਦਾਰੀਆਂ ਅਤੇ ਖੋਹਾ-ਖਿੱਚੀ ਦੇ ਸੱਭਿਆਚਾਰ ਨੇ ਮਰਨ ਹਾਕਾ ਕੀਤਾ ਪਿਆ ਹੈ। ਜੇ ਪੰਜਾਬ ਨੇ ਆਰਥਿਕ, ਮਾਨਸਿਕ, ਬੌਧਿਕ ਅਤੇ ਆਤਮਿਕ ਨਿਵਾਣਾਂ ਵੱਲ ਹੋਰ ਜਾਣੋਂ ਬਚਣਾ ਹੈ ਤਾਂ ਸਾਨੂੰ ਪ੍ਰੋ. ਪੂਰਨ ਸਿੰਘ ਦੀ ਸ਼ਾਇਰੀ ਨੂੰ ਮਿਲਣਾ ਅਤੇ ਉਨ੍ਹਾਂ ਦੇ ਇਨ੍ਹਾਂ ਕਾਵਿ ਬੋਲਾਂ ਨੂੰ ਆਪਣੇ ਮਸਤਕ ਦਾ ਸ਼ਿੰਗਾਰ ਬਣਾਉਣਾ ਪਏਗਾ।
ਜਸਵੰਤ ਜ਼ਫ਼ਰ - ਸੰਪਰਕ:096461-18208
|
|
19 Dec 2012
|
|
|
|
ਵਧੀਆ sharing......thnx......
|
|
19 Dec 2012
|
|
|
|
ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਬਿੱਟੂ ਜੀ
|
|
19 Dec 2012
|
|
|
|
|
|
|
|
|
|
|
|
|
|