|
|
|
|
|
|
Home > Communities > Punjabi Culture n History > Forum > messages |
|
|
|
|
|
|
ਪੰਜਾਬ ਦਾ ਰਹਿਣ-ਸਹਿਣ |
ਰਹਿਣ-ਸਹਿਣ, ਰਹਿਤੱਲ-ਬਹਿਤੱਲ, ਰਹਿਣੀ ਬਹਿਣੀ ਸਮਾਨਾਰਥੀ ਸ਼ਬਦ ਹਨ। ਇਹ ਸ਼ਬਦ ਆਮ ਤੌਰ ਉੱਤੇ ਦੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਪਹਿਲੇ ਅਰਥ ਵਿੱਚ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ। ਇਸ ਵਿਧੀ ਅਨੁਸਾਰ ਜਦੋਂ ਅਸੀਂ ਰਹਿਣ-ਸਹਿਣ ਦਾ ਅਧਿਐਨ ਕਰਦੇ ਹਾਂ ਤਾਂ ਇਹ ਸਮਝਣ ਦਾ ਯਤਨ ਕਰਦੇ ਹਾਂ ਕਿ ਪੰਜਾਬ ਦੇ ਜੀਵਨ ਮਿਆਰ ਨੂੰ ਕਿਹੜੇ-ਕਿਹੜੇ ਤੱਥ ਪ੍ਰਭਾਵਿਤ ਕਰਦੇ ਹਨ --ਪੰਜਾਬ ਵਿੱਚ ਪ੍ਰਤਿ ਵਿਅਕਤੀ ਕਿੰਨੀ ਆਮਦਨ ਹੈ? ਇਸ ਆਮਦਨ ਨੂੰ ਲੋਕ ਕਿੰਨਾ ਖਾਣ-ਪੀਣ, ਕਿੰਨਾ ਪੜ੍ਹਨ-ਲਿਖਣ, ਕਿੰਨਾ ਸੈਰ ਸਪਾਟੇ ਅਤੇ ਕਿੰਨਾ ਪਦਾਰਥਵਾਦੀ ਵਸਤਾਂ ਦੀ ਖਰੀਦ ਲਈ ਖ਼ਰਚ ਕਰਦੇ ਹਨ?
ਰਹਿਣ-ਸਹਿਣ ਤੋਂ ਦੂਸਰਾ ਅਰਥ ਜੀਵਨ-ਜਾਚ ਵਜੋਂ ਲਿਆ ਅਤੇ ਸਮਝਿਆ ਜਾਂਦਾ ਹੈ, ਭਾਵ ਕਿਸੇ ਇਲਾਕੇ ਵਿਸ਼ੇਸ਼ ਦੇ ਲੋਕਾਂ ਕਿਵੇਂ ਕੁਦਰਤ ਦੀਆਂ ਬਖਸ਼ਿਸ਼ਾਂ ਅਤੇ ਕਰੋਪੀਆਂ ਦਾ ਸਾਹਮਣਾ ਕਰਦੇ ਹੋਏ ਆਪਣੇ ਕੰਮਾਂ-ਧੰਦਿਆਂ ਨਾਲ ਸਮਾਜਿਕ ਬਣਤਰ ਅਤੇ ਰਾਜਸੀ ਪ੍ਰਬੰਧ ਨੂੰ ਵਿਉਂਤਦੇ ਹੋਏ, ਆਪਣੇ ਪਿੰਡਾਂ, ਕਸਬਿਆਂ, ਨਗਰਾਂ, ਮਹਾਂਨਗਰਾਂ ਦਾ ਵਿਕਾਸ ਕੀਤਾ। ਸੱਭਿਅਤਾ ਦੀਆਂ ਕਿੰਨੀਆਂ ਉੱਚੀਆਂ ਸਿਖਰਾਂ ਨੂੰ ਛੋਹਿਆ। ਜਦੋਂ ਰਹਿਣ-ਸਹਿਣ ਤੋਂ ਭਾਵ ਜੀਵਨ-ਪੱਧਰ ਵਜੋਂ ਲਿਆ ਜਾਂਦਾ ਹੈ ਤਾਂ ਇਹ ਮੁੱਖ ਤੌਰ ਤੇ ਅਰਥ-ਸ਼ਾਸਤਰ ਦਾ ਵਿਸ਼ਾ-ਵਸਤੂ ਹੋ ਨਿਬੜਦਾ ਹੈ, ਪਰ ਜਦੋਂ ਰਹਿਣ-ਸਹਿਣ ਤੋਂ ਭਾਵ ਜੀਵਨ-ਜਾਚ ਵਜੋਂ ਲਿਆ ਜਾਏਗਾ ਤਾਂ ਇਹਦੇ ਘੇਰੇ ਵਿੱਚ ਇਤਿਹਾਸ, ਸਮਾਜ ਸ਼ਾਸਤਰ, ਧਾਰਮਿਕ ਅਸੂਲ, ਮਾਨਵ ਵਿਗਿਆਨ, ਰਾਜਨੀਤੀ ਸ਼ਾਸਤਰ, ਵਸਤੂ-ਕਲਾ ਅਤੇ ਪਿੰਡਾਂ ਅਤੇ ਸ਼ਹਿਰਾਂ ਦੀ ਯੋਜਨਾ ਆਦਿ ਕਈ ਵਿਗਿਆਨਾਂ ਅਤੇ ਸ਼ਾਸਤਰਾਂ ਦਾ ਬਹੁਪੱਖੀ ਅਤੇ ਬਹੁਮੁਖੀ ਅਧਿਐਨ ਆਉਂਦਾ ਹੈ। ਪੰਜਾਬ ਦੇ ਰਹਿਣ-ਸਹਿਣ ਨੂੰ ਜੀਵਨ-ਜਾਚ ਦੇ ਸੰਕਲਪ ਵਜੋਂ ਸਮਝਣ ਦਾ ਯਤਨ ਕਰਦੇ ਹੋਏ ਇਸ ਲੇਖ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।
|
|
15 Jan 2010
|
|
|
(ੳ) ਰਹਿਣ-ਸਹਿਣ ਦੀ ਪਰਿਭਾਸ਼ਾ ਅਤੇ ਸੰਕਲਪ |
ਰਹਿਣ-ਸਹਿਣ ਜੀਵਨ-ਪੰਧ ਦੀ ਸਰੋਦੀ ਸੁਰ ਹੈ। ਰਹਿਣ-ਸਹਿਣ ਸਮਾਜਿਕ ਬਣਤਰ ਦਾ ਉਹ ਤਾਣਾ-ਪੇਟਾ ਹੈ ਜਿਸ ਅਧੀਨ ਲੋਕਾਂ ਦਾ ਸਮਾਜ ਵਿੱਚ ਰੁਤਬਾ ਅਤੇ ਕੰਮਾਂ, ਧੰਦਿਆਂ ਦੀ ਵਿਸ਼ੇਸ਼ਤਾ ਮਿਥੀ ਜਾਂਦੀ ਹੈ। ਰਹਿਣ-ਸਹਿਣ ਰਾਜਸੀ ਅਤੇ ਆਰਥਿਕ ਚੇਤਨਾ ਹੈ ਜਿਸ ਅਧੀਨ ਜੀਵਨ-ਜਾਚ ਦੇ ਅਸੂਲ ਅਤੇ ਮਰਯਾਦਾ ਸਥਾਪਤ ਕੀਤੀ ਜਾਂਦੀ ਹੈ। ਰਹਿਣ-ਸਹਿਣ ਰਿਸ਼ਤਿਆਂ ਦੀ ਉਹ ਕੜੀ ਹੈ ਜਿਸ ਅਧੀਨ ਮਨੁੱਖ, ਮਨੁੱਖ ਨਾਲ, ਮਨੁੱਖ ਪਰਿਵਾਰ ਨਾਲ, ਪਰਿਵਾਰ ਗਲੀ ਮੁੱਹਲੇ ਸਹਿਰ ਅਤੇ ਦੇਸ ਦੇ ਪਰਿਵਾਰਾਂ ਨਾਲ ਸਾਂਝ ਦੀ ਮਾਲਾ ਵਿਚ ਪਰੋਏ ਜਾਂਦੇ ਹਨ।
ਰਹਿਣ-ਸਹਿਣ ਹੈ, ਕੁਦਰਤ ਦੀਆਂ ਅਨਮੋਲ ਦਾਤਾਂ, ਉਪਜਾਊ ਮਿੱਟੀ, ਪੰਜ ਦਰਿਆਵਾਂ ਦੇ ਪਾਣੀਆਂ, ਜੰਗਲਾਂ-ਬੇਲਿਆਂ ਨੂੰ ਕਿਵੇਂ ਪੰਜਾਬੀਆਂ ਪੀੜ੍ਹੀ-ਦਰ-ਪੀੜ੍ਹੀ ਦੇ ਤਜਰਬੇ ਅਨੁਸਾਰ ਵਰਤੋਂ ਯੋਗ ਬਣਾ ਕੇ ਵਿਕਾਸ ਦੀਆਂ ਮੰਜ਼ਲਾਂ ਵੱਲ ਕਦਮ ਪੁੱਟੇ। ਰਹਿਣ-ਸਹਿਣ ਸੰਕਲਪਾਂ ਅਤੇ ਤਕਨੀਕਾਂ ਦਾ ਉਹ ਰਚਨਾ ਪ੍ਰਵਾਹ ਹੈ ਜਿਸ ਅਨੁਸਾਰ ਲੋਕਾਂ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ, ਸ਼ਹਿਰਾਂ ਦੀ ਸਥਾਪਨਾ ਅਤੇ ਵਿਕਾਸ ਕੀਤਾ। ਓਪਰੀ ਨਜ਼ਰੇ ਰਹਿਣ-ਸਹਿਣ, ਅਹਿਲ, ਅਡੋਲ, ਬੇਰਸ, ਬੇਰੰਗ, ਜ਼ਿੰਦਗੀ ਦਾ ਅਕਸ ਲਗਦਾ ਹੈ ਪਰ ਅਸਲ ਵਿੱਚ ਇਹ ਬੇਰੰਗ ਅਤੇ ਬੇਰਸ ਜ਼ਿੰਦਗੀ ਤੋਂ ਨਜ਼ਾਤ ਦਵਾ ਕੇ ਉਹਦੇ ਵਿੱਚ ਗਿੱਧੇ, ਭੰਗੜੇ, ਬੋਲੀਆਂ, ਟੱਪੇ, ਲੋਕ-ਗੀਤਾਂ ਦਾ ਰਸ ਢੋਲ ਦੇ ਡੱਗੇ ਨਾਲ ਮੱਚਦਾ ਖਰੂਦ, ਖ਼ੁਸ਼ੀ ਅਤੇ ਮਸਤੀ ਦੇ ਰੰਗ ਭਰਦਾ ਹੈ। ਰਹਿਣ-ਸਹਿਣ, ਰੰਗਾਂ, ਰੌਣਕਾਂ, ਮੇਲਿਆਂ, ਤਿਉਹਾਰਾਂ, ਗੁਰਪੁਰਬਾਂ ਦਾ ਉਹ ਉਤਸ਼ਾਹ ਹੈ ਜਿਸ ਅਧੀਨ ਕਿਸੇ ਸਮੇਂ ਕੀ ਕਰਨਾ ਹੈ, ਕੀ ਨਹੀਂ ਕਰਨਾ, ਜੋ ਕਰਨਾ ਹੈ ਉਹ ਕਿਵੇਂ ਕਰਨਾ ਹੈ, ਦੇ ਆਦਰਸ਼ ਅਤੇ ਵਿਧੀ-ਵਿਧਾਨ ਮਿਥੇ ਜਾਂਦੇ ਹਨ। ਰਹਿਣ-ਸਹਿਣ, ਖਾਣ-ਪੀਣ ਦੀਆਂ ਵਸਤਾਂ ਦੀ ਮਹਿਕ ਹੈ, ਸਵਾਦ ਹੈ ਜਿਨ੍ਹਾਂ ਵਸਤਾਂ ਦੀ ਕਲਪਨਾ ਮਾਤਰ ਨਾਲ ਮੂੰਹ ਵਿੱਚ ਪਾਣੀ ਆ ਜਾਏ। ਜਦੋਂ ਅਸੀਂ ਰਹਿਣ-ਸਹਿਣ ਦੀ ਇਸ ਪਰਿਪੇਖ ਵਿੱਚ ਪਰਿਭਾਸ਼ਾ ਕਰਨ ਦੀ ਕੋਸ਼ਸ਼ ਕਰਦੇ ਹਾਂ ਤਾਂ ਰਹਿਣ-ਸਹਿਣ ਸਭਿਆਚਾਰ ਦਾ ਮੂਰਤੀਮਾਨ ਰੂਪ ਬਣ ਕੇ ਝਲਕਦਾ ਹੈ।
|
|
15 Jan 2010
|
|
|
|
ਹਰ ਸਮਾਜ ਆਪਣੀਆਂ ਲੋੜਾਂ ਮੁਤਾਬਕ ਚਿੰਨ੍ਹਾਂ, ਪ੍ਰਤੀਕਾਂ, ਬਿੰਬਾਂ ਦੀ ਭਾਸ਼ਾ ਦਾ ਇਕ ਰਚਨਾ-ਪ੍ਰਸਾਰ ਰਿਸਜਦਾ ਹੈ। ਇਹ ਚਿੰਨ੍ਹ, ਪ੍ਰਤੀਕ, ਬਿੰਬ ਅਤੇ ਸੰਕਲਪ ਰਹਿਣ-ਸਹਿਣ ਦੇ ਬਹੁਤ ਸਾਰੇ ਪਾਸਾਰ ਨੂੰ ਸਮਝਣ ਵਿੱਚ ਸਹਾਇਕ ਹੁੰਦੇ ਹਨ। ਜਦੋਂ ਅਸੀਂ ਰਹਿਣ-ਸਹਿਣ ਨਾਲ ਜੁੜੇ ਅਰਥਾਂ ਨੂੰ ਸਮਝਣ ਦੀ ਕੋਸ਼ਸ਼ ਕਰਦੇ ਹਾਂ ਤਾਂ ਇਸ ਕੋਸ਼ਸ਼ ਵਿੱਚ ਅਸੀਂ ਇਲਾਕੇ-ਵਿਸ਼ੇਸ਼ ਦੇ ਸਭਿਆਚਾਰਿਕ ਵਿਰਸੇ ਦੀ ਝਲਕ ਵੇਖਦੇ ਹਾਂ।
ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪੰਜਾਬੀਆਂ ਕਿਵੇਂ ਪੀੜ੍ਹੀ-ਦਰ-ਪੀੜ੍ਹੀ ਆਪਣੇ ਚੌਗਿਰਦੇ ਨੂੰ ਆਪਣੀਆਂ ਲੋੜਾਂ ਮੁਤਾਬਕ ਢਾਲਿਆ, ਕਿਵੇਂ ਛੱਪੜਾਂ ਵਿੱਚੋਂ ਗਾਰਾ ਕੱਢ ਕੇ ਘਰਾਂ ਨੂੰ ਬਣਾਇਆ, ਕਿਵੇਂ ਮੰਡਾਂ, ਜੰਗਲਾਂ-ਬੇਲਿਆਂ ਵਿੱਚੋਂ ਘਾਹ-ਫੂਸ, ਸਰਕੰਡਾ, ਕਾਨੇ ਲਿਆ ਕੇ ਛੰਨਾ ਢਾਰਿਆਂ ਦਾ ਨਿਰਮਾਣ ਕੀਤਾ, ਕਿਵੇਂ ਰੁੱਖਾਂ ਦੀ ਸੰਭਾਲ ਅਤੇ ਪੂਜਾ ਕਰਨੀ ਸਿੱਖੀ, ਕਿਵੇਂ ਪਸੂ ਪਾਲਣੇ ਸਿੱਖੇ, ਕਿਵੇਂ ਫ਼ਸਲਾਂ ਉਗਾਉਣੀਆਂ ਸਿੱਖੀਆਂ ਤਾਂ ਰਹਿਣ-ਸਹਿਣ ਇਸ ਪ੍ਰਸੰਗ ਵਿੱਚ ਮਾਨਵ-ਵਿਗਿਆਨ (ਐਂਨਥ੍ਰੋਪੋਲੋਜੀ) ਦੀਆਂ ਉਹ ਵਿਧੀਆਂ ਅਤੇ ਤਕਨੀਕਾਂ ਬਣ ਜਾਂਦਾ ਹੈ ਜਿਨ੍ਹਾਂ ਅਧੀਨ ਪੰਜਾਬੀਆਂ ਚੌਗਿਰਦੇ ਨੂੰ ਵਿਉਂਤਿਆ, ਸੰਗਠਿਤ ਕੀਤਾ ਅਤੇ ਵਿਕਸਿਤ ਕੀਤਾ। ਮਾਨਵ-ਵਿਗਿਆਨ ਨਾਲ ਜੁੜਦੇ ਸੰਕਲਪਾਂ ਦੀ ਵਿਕਾਸ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਸ਼ ਕਰਦੇ ਕਰਦੇ ਹੋਏ ਸਾਡੇ ਸੱਭਿਆਚਾਰਕ ਵਿਰਸੇ ਦੀਆਂ ਪੀੜ੍ਹੀ-ਦਰ-ਪੀੜ੍ਹੀ ਪਰਤਾਂ ਖੁੱਲ੍ਹਦੀਆਂ ਚਲੀਆਂ ਜਾਂਦੀਆਂ ਹਨ।
|
|
15 Jan 2010
|
|
|
|
ਇੰਞ ਕਰਦੇ ਹੋਏ ਸਾਨੂੰ ਸਮਝ ਆਉਂਦੀ ਹੈ ਕਿ ਸਾਡੇ ਵੱਡੇ-ਵਡੇਰਿਆਂ, ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ ਨੇ ਸਾਡੇ ਸੱਭਿਆਚਾਰਿਕ ਵਿਰਸੇ ਨੂੰ ਕਿਵੇਂ ਉਸਾਰਿਆ, ਵਿਕਸਿਤ ਕੀਤਾ ਅਤੇ ਮਹਾਂਪੁਰਖਾਂ ਦੀ ਸਾਡੇ ਵਿਰਸੇ ਨੂੰ ਕਿੰਨੀ ਮਹਾਨ ਦੇਣ ਹੈ। ਮਹਾਂਪੁਰਖਾਂ ਦੀ ਦੇਣ ਨੂੰ ਸਮਝਦੇ ਹੀ ਇੱਕ ਪਾਸੇ ਗੁਰੂਆਂ, ਪੀਰਾਂ ਪ੍ਰਤਿ ਸ਼ਰਧਾ ਵਜੋਂ ਸਾਡਾ ਸਿਰ ਝੁਕ ਜਾਂਦਾ ਹੈ। ਦੂਜੇ ਪਾਸੇ ਅਸੀਂ ਚੇਤੰਨ ਹੁੰਦੇ ਹਾਂ ਕਿ ਸਾਡਾ ਵਿਰਸਾ ਕਿੰਨਾ ਮਹਾਨ ਹੈ ਅਤੇ ਇਸ ਵਿਰਸੇ ਦੀ ਸਾਂਭ, ਸੰਭਾਲ ਅਤੇ ਸਮਝ ਕਿੰਨੀ ਅਹਿਮ ਜ਼ਰੂਰਤ ਹੈ।
ਰਹਿਣ-ਸਹਿਣ ਸ਼ਾਂਤ ਪਾਣੀ ਵਾਂਗ ਠਹਿਰਿਆ ਹੋਇਆ ਸੰਕਲਪ ਨਹੀਂ, ਸਗੋਂ ਇੱਕ ਗਤੀਸ਼ੀਲ ਨਿਰੰਤਰ ਬਦਲਦਾ ਸੰਕਲਪ ਹੈ। ਇਹ ਕਿਸੇ ਇਲਾਕੇ ਦੇ ਲੋਕਾਂ ਦੀ ਜੁਝਾਰੂ ਤਬੀਅਤ, ਆਰਥਿਕ ਅਤੇ ਤਕਨਾਲੋਜੀ ਦੀ ਤੱਰਕੀ ਦੀ ਰਫ਼ਤਾਰ, ਰਾਜਨੀਤਕ ਸੋਝੀ ਆਦਿ ਤੱਥਾਂ ਦੇ ਪ੍ਰਸੰਗ ਵਿੱਚ ਬਦਲਦਾ ਰਹਿੰਦਾ ਹੈ। ਰਹਿਣ-ਸਹਿਣ ਸੰਕਲਪ ਦੋ-ਧਾਰੀ ਸ਼ਸਤਰ ਵਾਂਗ ਸਮੇਂ ਦੀ ਸ਼ਤਰੰਜ ਤੇ ਚਾਲਾਂ ਚੱਲਦਾ ਹੈ। ਇੱਕ ਪਾਸੇ ਇਹ ਲੋਕਾਂ ਦੇ ਵਿਸ਼ਵਾਸ ਅਤੇ ਭਵਿੱਖ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਮਿਥਦਾ ਹੈ, ਦੂਜੇ ਪਾਸੇ ਦੱਸਦਾ ਹੈ ਕਿ ਮਹਾਨ ਲੋਕ-ਨਾਇਕਾਂ ਅਤੇ ਯੁਗ-ਪੁਰਸ਼ਾਂ ਦੀਆਂ ਸੰਘਰਸ਼ਸ਼ੀਲ ਕੋਸ਼ਸ਼ਾਂ ਨਾਲ ਰਹਿਣ-ਸਹਿਣ ਦਾ ਮੁੰਹ-ਮੁਹਾਂਦਰਾ, ਨਕਸ਼ ਨੁਹਾਰ ਕਿਵੇਂ ਬਦਲਦੀ ਰਹਿੰਦੀ ਹੈ।
|
|
15 Jan 2010
|
|
|
|
(ਅ)ਪੰਜਾਬੀ ਰਹਿਣ-ਸਹਿਣ ਅਤੇ ਇਸਨੂੰ ਪ੍ਰਭਾਵਤ ਕਰਦੇ ਤੱਤ ਸੰਸਾਰ ਪੱਧਰ ਉੱਤੇ ਜੇਕਰ ਪੜਚੋਲਵੀਂ ਨਜ਼ਰ ਮਾਰੀ ਜਾਏ ਤਾਂ ਇਹ ਸਹਿਜੇ ਹੀ ਪ੍ਰਗਟ ਹੁੰਦਾ ਹੈ ਕਿ ਕਾਦਰ ਦੀ ਕੁਦਰਤ ਦਾ ਮਨੁੱਖ ਦੇ ਰਹਿਣ-ਸਹਿਣ ਉੱਤੇ ਬੜਾ ਡੂੰਘਾ ਪ੍ਰਭਾਵ ਹੈ। ਰਹਿਣ-ਸਹਿਣ ਉੱਤੇ ਕੁਦਰਤ ਦੇ ਵੱਖ-ਵੱਖ ਅੰਗਾਂ ਦਾ ਪ੍ਰਭਾਵ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ: (1) ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ ਧਰਤੀ ਦੇ ਸੌਰ-ਮੰਡਲ ਦਾ ਕੇਂਦਰੀ ਧੁਰਾ ਸੂਰਜ ਸਾਡੇ ਪੌਣ-ਪਾਣੀ, ਦਰਿਆਵਾਂ, ਧਰਤੀ ਦੀ ਉਪਜਾਊ ਸ਼ਕਤੀ, ਬਨਸਪਤੀ ਆਦਿ ਨੂੰ ਇਸ ਤਰ੍ਹਾਂ ਨਿਰਧਾਰਿਤ ਕਰਦਾ ਹੈ ਕਿ ਅਸੀਂ ਸੂਰਜ ਦੇ ਨਿਜ਼ਾਮ ਅਨੁਸਾਰ ਸਵੇਰੇ ਉੱਠਣ ਦੇ ਸਮੇਂ ਤੋਂ ਲੈ ਕੇ, ਭੱਤਾ ਵੇਲਾ, ਸ਼ਾਹ ਵੇਲਾ, ਫ਼ਸਲਾਂ ਬੀਜਣ ਅਤੇ ਵੱਢਣ ਦਾ ਸਮਾਂ ਨਿਸਚਿਤ ਕਰਦੇ ਹਾਂ। ਸੂਰਜ ਸਾਡੇ ਖਾਣ-ਪੀਣ --ਗਰਮੀਆਂ ਵਿੱਚ ਕੱਦੂ, ਟਿੰਡੇ, ਕਰੇਲੇ, ਭਿੰਡੀ-ਤੋਰੀ, ਹਲਵਾ, ਖ਼ਰਬੂਜ਼ੇ, ਤਰਬੂਜ਼, ਅੰਬ, ਜਾਮਨੂੰ ਦੀਆਂ ਫ਼ਸਲਾਂ ਅਤੇ ਫਲ ਪਕਾਉਂਦਾ ਹੈ। ਇੱਥੋਂ ਤਕ ਕਿ ਸੂਰਜ ਦੀ ਗਰਮੀ ਅਨੁਸਾਰ ਸਾਡਾ ਪਹਿਰਾਵਾ ਗਰਮੀਆਂ ਵਿੱਚ ਪਤਲੇ ਮਲਮਲ ਦੇ ਕੱਪੜੇ, ਪਰਨੇ ਅਤੇ ਸਰਦੀਆਂ ਵਿੱਚ ਖੱਦਰ ਦੇ ਕੱਪੜੇ ਅਤੇ ਖੇਸੀ, ਲੋਈ ਦੀ ਬੁੱਕਲ ਸਾਡੀਆਂ ਲੋੜਾਂ ਬਣਦੇ ਹਨ। ਗਰਮੀਆਂ ਦੇ ਦਿਨਾਂ ਵਿੱਚ ਛਬੀਲਾਂ ਲਾਉਣੀਆਂ, ਕੱਕੋਂ ਦਾ ਸ਼ਰਬਤ, ਸੱਤੂ ਖਾਣੇ, ਖੀਰਾ, ਤਰਾਂ ਖਾਣੀਆਂ ਸੂਰਜ ਦੀ ਅਤਿ ਦੀ ਗਰਮੀ ਤੋਂ ਬਚਣ ਲਈ ਖੁਰਾਕ ਦੇ ਅੰਸ਼ ਹਨ। ਜਦੋਂ ਤਪਦੀ ਲੋਅ ਫ਼ਸਲਾਂ ਨੂੰ ਫਲੂਸ ਬਣਾ ਰਹੀ ਹੋਵੇ ਤਦ ਮੀਂਹ ਲਈ ਚੌਲਾਂ ਦੀਆਂ ਦੇਗਾਂ ਉਬਾਲ ਕੇ ਯੱਗ ਕਰਨੇ ਸੂਰਜ ਦੀ ਗਰਮੀ ਤੋਂ ਬਚਣ ਲਈ ਕੋਸ਼ਸ਼ ਕਰਦੇ ਰਸਮ-ਰਿਵਾਜ ਹਨ। ਇਹੀ ਨਹੀਂ ਸਾਡੀਆਂ ਰਸਮਾਂ, ਰਿਵਾਜਾਂ, ਤਿਉਹਾਰਾਂ, ਘਰਾਂ, ਗਲੀਆਂ, ਕੁੱਪਾਂ, ਧੜਾਂ ਸ਼ਹਿਰਾਂ ਆਦਿ ਦੀ ਬਣਤਰ ਨੂੰ ਵੀ ਸੂਰਜ ਪ੍ਰਭਾਵਿਤ ਕਰਦਾ ਹੈ। ਪੰਜਾਬ ਸਮੇਤ ਦੁਨੀਆਂ ਦੇ ਉਹ ਵਿਸ਼ਾਲ ਇਲਾਕੇ ਜਿੱਥੇ ਸਾਲ ਦੇ ਤਿੰਨ ਸੌ ਪੈਂਹਠ ਦਿਨਾਂ ਵਿੱਚੋਂ ਜ਼ਿਆਦਾ ਦਿਨ ਸੂਰਜ ਚਮਕਦਾ ਹੈ, ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ ਦੇ ਵਰਗ ਵਿੱਚ ਆਉਂਦੇ ਹਨ।
|
|
15 Jan 2010
|
|
|
|
(2) ਬੱਦਲਾਂ ਦੁਆਰਾ ਪ੍ਰਭਾਵਿਤ ਰਹਿਣ-ਸਹਿਣ |
ਸੰਸਾਰ ਦਾ ਉਹ ਹਿੱਸਾ ਜਿੱਥੇ ਸਾਲ ਦਾ ਬਹੁਤਾ ਸਮਾਂ ਬੱਦਲ ਛਾਏ ਰਹਿਣ, ਬਰਸਾਤ ਹੁੰਦੀ ਰਹੇ, ਬਰਫ਼ ਪੈਂਦੀ ਹੋਵੇ ਅਤੇ ਬਰਫ਼ਾਨੀ ਹਵਾਵਾਂ ਦੇ ਨਾਲ ਧੁੰਦ, ਕੋਹਰਾ ਛਾਇਆ ਰਹੇ, ਸਿਲ੍ਹ, ਸਲ੍ਹਾਬਾ ਅਤੇ ਹਨ੍ਹੇਰਾ ਰਹੇ, ਬੱਦਲਾਂ ਦੁਆਰਾ ਪ੍ਰਭਾਵਿਤ ਰਹਿਣ-ਸਹਿਣ, ਖਾਣ-ਪੀਣ, ਪਹਿਰਾਵਾ, ਕੰਮ-ਧੰਦੇ, ਘਰਾਂ, ਸ਼ਹਿਰਾਂ ਦੀ ਬਣਤਰ ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ ਤੋਂ ਬੜੀ ਵੱਖਰੀ ਹੁੰਦੀ ਹੈ। ਪੰਜਾਬ ਦੇ ਰਹਿਣ-ਸਹਿਣ ਦੇ ਪਰਿਖੇਪ ਵਿੱਚ ਇੱਕ ਪਾਸੇ "ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ" ਦੀਆਂ ਅਰਦਾਸਾਂ ਹਨ, ਦੂਜੇ ਪਾਸੇ ਅਸੀਂ ਬੱਦਲਾਂ ਦੁਆਰਾ ਪ੍ਰਭਾਵਿਤ ਮੌਸਮ ਤੋਂ ਛੇਤੀ ਹੀ ਅੱਕ ਵੀ ਜਾਂਦੇ ਹਾਂ। ਇਸ ਲਈ ਮਿਸਾਲ ਵਜੋਂ ਇਹ ਅਖੌਤ ਕਹੀ ਜਾ ਸਕਦੀ ਹੈ ਕਿ "ਲੋਕੀਂ ਬਾਰਾਂ ਸਾਲਾਂ ਦਾ ਸੋਕਾ ਤਾਂ ਬਰਦਾਸ਼ਤ ਕਰ ਲੈਂਦੇ ਹਨ ਪਰ ਬਾਰਾਂ ਘੜੀਆਂ ਦਾ ਮੀਂਹ ਬਰਦਾਸ਼ਤ ਨਹੀਂ ਕਰ ਸਕਦੇ।" ਪੰਜਾਬ ਵਿੱਚ ਮੁੱਖ ਤੌਰ ਤੇ ਅਜਿਹਾ ਮੌਸਮ ਸਾਉਣ ਭਾਦਰੋਂ ਦੀਆਂ ਮਾਨਸੂਨ ਬਾਰਸ਼ਾਂ ਦੇ ਦਿਨਾਂ ਵਿੱਚ ਆਉਂਦਾ ਹੈ। ਬੱਦਲਾਂ ਜਿਵੇਂ ਕੁਦਰਤ ਦਾ, ਬਨਸਪਤੀ ਦਾ, ਇਸ਼ਨਾਨ ਕਰਾ ਕੇ ਸ਼ਿੰਗਾਰ ਕੀਤਾ ਹੋਵੇ, ਬਾਗਾਂ ਵਿੱਚ ਕੋਇਲਾਂ ਬੋਲਦੀਆਂ ਹਨ ਅਤੇ ਫ਼ਸਲਾਂ ਦਿਨੋਂ ਦਿਨ ਪੱਲਰ ਕੇ ਵਧਦੀਆਂ ਹਨ। ਮੁਟਿਆਰਾਂ ਪੀਂਘਾਂ ਨਾਲ ਪਿੱਪਲ ਦੀਆਂ ਟੀਸੀਆਂ ਨੂੰ ਛੋਂਹਦੀਆਂ ਹਨ। ਤੀਆਂ ਵਿੱਚ ਗਿੱਧਾ ਅਤੇ ਲੋਕ-ਗੀਤ ਮਚਲ ਉੱਠਦੇ ਹਨ। ਸਾਵਿਆਂ ਦੇ ਦਿਨਾਂ ਵਿੱਚ ਖੀਰਾਂ, ਪੂੜੇ ਅਤੇ ਮਾਲ੍ਹਪੂੜੇ ਤਲੇ ਜਾਂਦੇ ਹਨ। ਪਰ ਸਿਲ੍ਹ, ਸਲ੍ਹਾਬਾ, ਹੁੰਮਸ, ਲਗਾਤਾਰ ਬਾਰਸ਼ਾਂ ਕਰਕੇ ਕੱਪੜਿਆਂ ਨੂੰ ਉਲ੍ਹੀ ਲੱਗ ਜਾਂਦੀ ਹੈ। ਦਾਲਾਂ, ਕਣਕ, ਛੋਲਿਆਂ ਨੂੰ ਸੁਸਰੀ-ਢੋਰਾ ਲੱਗ ਜਾਂਦੇ ਹਨ। ਗੁੜ, ਸ਼ੱਕਰ ਮੌਸਮ ਵਿਚਲੀ ਸਿਲ੍ਹ ਨਾਲ ਗੜੁੱਚ ਹੋ ਜਾਂਦੇ ਹਨ। ਸਾਉਣ ਦੀ ਮਸਤੀ ਤੋਂ ਛੇਤੀ ਹੀ ਲੋਕ ਅੱਕ ਜਾਂਦੇ ਹਨ। ਸੁੱਕਾ ਬਾਲਣ ਮੁੱਕ ਜਾਂਦਾ ਹੈ, ਸਿਲ੍ਹੇ ਬਾਲਣ ਨਾਲ ਰੋਟੀ ਪਕਾਉਣੀ ਸੁਆਣੀਆਂ ਲਈ ਚੁਣੌਤੀ ਬਣ ਜਾਂਦੀ ਹੈ।
|
|
15 Jan 2010
|
|
|
|
ਇਹ ਮੌਸਮ ਅਤੇ ਬੱਦਲਾਂ ਦਾ ਪ੍ਰਭਾਵ ਪੰਜਾਬ ਵਿੱਚ ਦੋ-ਢਾਈ ਮਹੀਨੇ ਰਹਿੰਦਾ ਹੈ। ਸਾਲ ਦਾ ਪੰਜਵਾਂ ਛੇਵਾਂ ਹਿੱਸਾ ਹੋਣ ਦੇ ਬਾਵਜੂਦ ਇਸ ਮੌਸਮ ਦੀ ਸਾਡੇ ਗੀਤਾਂ, ਬੋਲੀਆਂ, ਖਾਣ-ਪੀਣ, ਪਹਿਰਾਵੇ ਵਿੱਚ ਡੂੰਘੀ ਛਾਪ ਹੈ।
ਕਾਦਰ ਦੀ ਕੁਦਰਤ ਦਾ ਪੰਜਾਬ ਦੇ ਰਹਿਣ-ਸਹਿਣ ਤੇ ਅਸਰ ਇਤਿਹਾਸਿਕ ਪਰਿਖੇਪ ਦੀ ਰੋਸ਼ਨੀ ਵਿੱਚ ਹੋਰ ਸਪਸ਼ਟ ਹੋ ਜਾਂਦਾ ਹੈ, ਜਦੋਂ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਅੱਜ-ਕੱਲ੍ਹ ਪੰਜਾਬ ਦੇ ਮੈਦਾਨ ਹਨ, ਕਦੀ ਇਥੇ ਟੈਥੀਜ਼ ਨਾਂ ਦਾ ਸਾਗਰ ਲਹਿਰਾਉਂਦਾ ਸੀ। ਟੈਥੀਜ਼ ਸਾਗਰ ਦੇ ਇੱਕ ਪਾਸੇ ਅੰਗਾਰਾਲੈਂਡ ਅਤੇ ਦੂਜੇ ਪਾਸੇ ਗੋਂਡਵਾਣਾਲੈਂਡ ਦੇ ਭੋਂ-ਟੁਕੜੇ ਸਨ। ਧਰਤੀ ਦੀਆਂ ਉੱਥਲ-ਪੁੱਥਲ ਦੀਆਂ ਤਾਕਤਾਂ ਕਰਕੇ ਇਹ ਟੁਕੜੇ ਸਰਕਣੇ ਸ਼ੁਰੂ ਹੋਏ ਜਿਸ ਦੇ ਫਲਸਰੂਪ ਨਾ ਸਿਰਫ਼ ਹਿਮਾਲੀਆ ਪਰਬਤ ਹੋੰਦ ਵਿੱਚ ਆਏ, ਗੰਗਾ-ਜਮਨਾ ਦੇ ਵਿਸ਼ਾਲ ਮੈਦਾਨਾਂ ਦੇ ਨਾਲ ਨਾਲ ਪੰਜਾਬ ਦਾ ਵਿਸ਼ਾਲ ਮੈਦਾਨ ਵੀ ਸਾਗਰ ਵਿੱਚੋਂ ਉਭਰ ਕੇ ਹੋਂਦ ਵਿੱਚ ਆਇਆ। ਗੰਗਾ ਜਮਨਾ ਦੇ ਮੈਦਾਨਾਂ ਦੀ ਕੁਦਰਤੀ ਢਲਾਣ ਪੂਰਬ ਅਤੇ ਦੱਖਣ-ਪੂਰਬ ਵੱਲ ਸੀ ਜਦਕਿ ਪੰਜਾਬ ਦੇ ਮੈਦਾਨ ਵਿੱਚ ਸਿੰਧ ਨਦੀ ਆਪਣੀਆਂ ਸਹਾਇਕ ਨਦੀਆਂ ਨਾਲ ਦੱਖਣ-ਪੱਛਮ ਵੱਲ ਨੂੰ ਵਹਿਣ ਲੱਗੀ। ਇੰਞ ਹਿਮਾਲੀਆ ਪਰਬਤ ਤੋਂ ਸ਼ੁਰੂ ਹੋ ਕੇ ਇਹ ਦਰਿਆ ਜਦ ਦੱਖਣ ਪੱਛਮ ਨੂੰ ਵਹਿਣ ਲੱਗੇ ਤਾਂ ਇਤਿਹਾਸ ਕਾਲ ਤੋਂ ਹੀ ਇਹ ਮੈਦਾਨ ਇੱਕ ਵੱਖਰੀ ਇਕਾਈ ਵਜੋਂ ਸਥਾਪਤ ਹੋਇਆ। ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਨੇ ਪਹਾੜਾਂ ਤੋਂ ਲੱਖਾਂ ਮਣ ਮਹੀਨ ਉਪਜਾਊ ਮਿੱਟੀ ਇਸ ਮੈਦਾਨ ਵਿੱਚ ਹੜ੍ਹਾਂ ਰਾਹੀਂ ਫੈਲਾਣੀ ਸ਼ੁਰੂ ਕੀਤੀ ਜਿਸ ਕਰਕੇ ਪਹਿਲਾਂ ਇਸ ਇਲਾਕੇ ਨੂੰ ਸਪਤ ਸਿੰਧੂ ਅਤੇ ਬਾਅਦ ਵਿੱਚ ਸਤਲੁਜ, ਬਿਆਸ, ਰਾਵੀ, ਜਿਹਲਮ ਅਤੇ ਝਨਾਂ ਦੇ ਵਹਿਣ ਦਾ ਇਲਾਕਾ, ਪੰਜ ਦਰਿਆਵਾਂ ਦੀ ਧਰਤੀ ਪੰਚਨਦ, ਅਥਵਾ ਪੰਜਾਬ ਕਿਹਾ ਜਾਣ ਲੱਗਾ।
|
|
15 Jan 2010
|
|
|
|
ਸਮੁੰਦਰ ਵਿੱਚੋਂ ਉਭਰਨ ਕਰਕੇ ਅਤੇ ਪਹਾੜਾਂ ਤੋਂ ਆਈ ਮਹੀਨ ਉਪਜਾਊ ਮਿੱਟੀ, ਜੋ ਹੜ੍ਹਾਂ ਨਾਲ ਸਾਲੋ-ਸਾਲ ਆਉਂਦੀ ਰਹੀ, ਸਦਕਾ ਪੰਜਾਬ ਦਾ ਮੈਦਾਨ ਦੁਨੀਆਂ ਭਰ ਦੇ ਉਪਜਾਊ ਖਿੱਤਿਆਂ ਵਿੱਚੋਂ ਇੱਕ ਬਣ ਕੇ ਉਭਰਿਆ। ਇਸ ਧਰਤੀ ਉੱਤੇ ਜੰਗਲਾਂ, ਮੰਡਾਂ, ਬੀੜਾਂ, ਬੇਲਿਆਂ ਦੀ ਭਰਮਾਰ ਹੋ ਗਈ। ਸਮੁੰਦਰ ਤੋਂ ਜੇਠ-ਹਾੜ੍ਹ ਦੇ ਮਹੀਨਿਆਂ ਵਿੱਚ ਇਸ ਧਰਤੀ ਤੇ ਸੂਰਜ ਦੀ ਤਪਸ਼ ਨਾਲ ਘੱਟ ਹਵਾ ਦੇ ਦਬਾਅ ਦਾ ਖੇਤਰ ਪੈਦਾ ਹੋ ਜਾਂਦਾ। ਹਵਾ ਦੇ ਇਸ ਘੱਟ ਹਵਾ ਦੇ ਦਬਾਅ ਦੇ ਖੇਤਰ ਵੱਲ ਕੁਦਰਤ ਆਪਣਾ ਸਮਤੋਲ ਬਰਾਬਰ ਕਰਨ ਲਈ ਵਾਰ ਚੁਫ਼ੇਰੇ ਤੋਂ ਹਵਾ ਨੂੰ ਖਿੱਚਦੀ। ਉਹ ਹਵਾ ਜੋ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵੱਲੋਂ ਇਸ ਪ੍ਰਦੇਸ ਵੱਲ ਆਉਂਦੀ ਸਾਗਰ ਦੇ ਤਲ ਤੋਂ ਗੁਜ਼ਰਨ ਕਾਰਨ ਪਾਣੀ ਨਾਲ ਭਰੇ ਬੱਦਲਾਂ ਦੀ ਸ਼ਕਲ ਵਿੱਚ ਪੰਜਾਬ ਦੇ ਮੈਦਾਨ ਦਾ ਰੁਖ਼ ਕਰਕੇ ਜਦ ਹਿਮਾਲਾ ਪਰਬਤ ਦੀ ਉਚਾਈ ਨਾਲ ਟਕਰਾਉਂਦੀ ਤਾਂ ਇਸ ਇਲਾਕੇ ਵਿੱਚ ਵਰਖਾ ਦਾ ਕਰਨ ਬਣਦੀ। ਇਸ ਬਰਖਾ ਨੂੰ ਮੌਨਸੂਨ ਬਾਰਿਸ਼ ਕਿਹਾ ਜਾਂਦਾ। ਮੌਨਸੂਨ ਦੀ ਇਹ ਬਾਰਿਸ਼ ਪੰਜਾਬ ਦੇ ਉਹਨਾਂ ਵਿਸ਼ਾਲ ਇਲਾਕਿਆਂ ਵਿੱਚ ਜਿੱਥੇ ਨੇੜੇ-ਤੇੜੇ ਦਰਿਆ ਨਹੀਂ ਸਨ, ਖੂਹਾਂ ਅਤੇ ਨਹਿਰਾਂ ਦੀ ਸਹੂਲਤ ਨਹੀਂ ਸੀ, ਅਜਿਹੇ ਇਲਾਕਿਆਂ ਵਿੱਚ ਬਰਾਨੀ ਫ਼ਸਲਾਂ ਨੂੰ ਲੋੜੀਂਦੇ ਪਾਣੀ ਦੀ ਜ਼ਰੂਰਤ ਪੂਰੀ ਕਰਕੇ ਭਰਪੂਰ ਫ਼ਸਲਾਂ ਉਗਾਉਂਦੀ। ਬਰੀਕ ਉਪਜਾਊ ਮਿੱਟੀ, ਦਰਿਆਵਾਂ ਦਾ ਪਾਣੀ ਅਤੇ ਜਿੱਥੇ ਪਾਣੀ ਨਹੀਂ ਸੀ ਉੱਥੇ ਮੌਨਸੂਨ ਬਾਰਿਸ਼ ਕਰਕੇ ਪੰਜਾਬ ਦਾ ਇਹ ਇਲਾਕਾ ਖੇਤੀ-ਪ੍ਰਧਾਨ ਬਣ ਕੇ ਵਧਣ-ਫੁੱਲਣ ਲੱਗਾ।
|
|
15 Jan 2010
|
|
|
|
ਇਸ ਇਲਾਕੇ ਵਿੱਚ ਪਸੂਆਂ ਦੀ ਮਦਦ ਨਾਲ ਖੇਤੀ ਹੋਣ ਲੱਗੀ, ਲਹਿਰਾ ਕੇ ਫਸਲਾਂ ਪਲਮਦੀਆਂ, ਜਿਸ ਕਰਕੇ ਇੱਥੇ ਫ਼ਸਲਾਂ ਦੀ ਲੋੜ ਤੋਂ ਜਿਆਦਾ ਉਪਜ ਨੂੰ ਵਿਉਪਾਰ ਵਜੋਂ ਵਰਤਿਆ ਜਾਣ ਲੱਗਾ। ਭਾਵ ਇੱਥੇ ਦੀ ਉਪਜ ਦੇ ਕੇ ਵੱਟੇ ਵਿੱਚ ਦੂਜੇ ਪ੍ਰਦੇਸਾਂ ਤੋਂ ਹੋਰ ਲੋੜੀਂਦੀਆਂ ਵਸਤਾਂ ਦਾ ਵਿਉਪਾਰ ਸ਼ੁਰੂ ਹੋਇਆ। ਵਿਉਪਾਰ ਨਾਲ ਖ਼ੁਸ਼ਹਾਲੀ ਵਧੀ ਅਤੇ ਇਸ ਇਲਾਕੇ ਵਿੱਚ ਸਿੰਧ ਘਾਟੀ ਦੀ ਸੱਭਿਅਤਾ ਦੇ ਉੱਚਤਮ ਸਿਖਰ, ਹੱੜਪਾ ਵਰਗੇ ਸ਼ਹਿਰਾਂ ਦਾ ਵਿਕਾਸ ਹੋਇਆ। ਸਿੰਧ ਘਾਟੀ ਦੀ ਸੱਭਿਅਤਾ ਵਿੱਚ ਜੋ ਸਿਲਾਂ ਮਿਲੀਆਂ ਹਨ ਉਹਨਾਂ ਦੇ ਸੰਕੇਤਾਂ ਅਨੁਸਾਰ ਇੱਥੇ, ਰੁੱਖ-ਪੂਜਾ, ਪਸੂ ਪੰਛੀਆਂ ਦੀ ਪੂਜਾ, ਨਾਰੀ-ਪੂਜਾ, ਖ਼ਾਸ ਕਰਕੇ ਨਾਰੀ ਦੇ ਮਾਂ ਰੂਪ ਦੀ ਪੂਜਾ ਦੇ ਨਾਲ ਦੇਵ-ਪੁਰਸ਼ਾਂ ਦੀ ਪੂਜਾ ਵੀ ਸ਼ਾਮਲ ਸੀ। ਖ਼ਿਆਲ ਕੀਤਾ ਜਾਂਦਾ ਹੈ ਕਿ ਜਿਸ ਦੇਵ ਪੁਰਸ਼ ਦੀ ਪੂਜਾ ਕੀਤੀ ਜਾਂਦੀ ਸੀ ਉਹ ਸ਼ਿਵ ਜੀ ਦਾ ਆਦਿ ਰੂਪ ਸੀ ਜਿਸ ਨੂੰ ਦਰਾਵੜ ਪੂਜਦੇ ਸਨ। ਇਤਿਹਾਸ ਦੇ ਮਾਹਿਰ ਇਸ ਗੱਲ ਉੱਤੇ ਅਜੇ ਤੱਕ ਇੱਕ ਮਤ ਨਹੀਂ ਹੋਏ ਕਿ ਸਿੰਧ ਘਾਟੀ ਦੀ ਸਭਿਅਤਾ ਕਿਵੇਂ ਅਚਾਨਕ ਤਬਾਹ ਹੋ ਗਈ ਅਤੇ ਇੱਥੇ ਆਰੀਅਨ ਮੂਲ ਦੇ ਲੋਕਾਂ ਦਾ ਕਿਵੇਂ ਦਬਦਬਾ ਵਧ ਗਿਆ।
ਸਮੁੰਦਰ ਤੋਂ ਹਜ਼ਾਰਾਂ ਮੀਲ ਦੂਰ ਦਰਿਆਵਾਂ ਦੇ ਵਹਿਣ ਦਾ ਇਹ ਇਲਾਕਾ ਹਰਿਆ-ਭਰਿਆ, ਸ਼ਾਂਤ ਅਤੇ ਰਮਣੀਕ ਥਾਂ, ਧਰਮ, ਭਗਤੀ ਫ਼ਲਸਫ਼ੇ ਅਤੇ ਚਿੰਤਨ ਲਈ ਆਦਰਸ਼ ਚੌਗਿਰਦਾ ਸੀ। ਇਸ ਸ਼ਾਂਤ ਅਤੇ ਰਮਣੀਕ ਚੌਗਿਰਦੇ ਵਿੱਚ ਰਿਸ਼ੀਆਂ-ਮੁਨੀਆਂ ਤਪ ਕੀਤੇ, ਹਵਨ ਅਤੇ ਯੱਗ ਕੀਤੇ ਜਿਸਦੇ ਫਲਸਰੂਪ ਇੱਥੇ ਆਰੀਅਨ ਮੂਲ ਸਭਿਅਤਾ ਨਾਲ ਜੁੜੀਆਂ ਬਲੀ, ਹਵਨ, ਯੱਗ, ਆਹੂਤੀ ਆਦਿ ਧਾਰਮਿਕ ਰਹੁ-ਰੀਤਾਂ ਦਾ ਵਿਕਾਸ ਹੋਇਆ। ਇਹ ਪਰੰਪਰਾ ਬੜੀ ਬਲਵਾਨ ਹੈ ਜਿਸ ਅਧੀਨ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੰਚ-ਨਦ ਦੀ ਇਸ ਸ਼ਾਂਤ ਅਤੇ ਰਮਣੀਕ ਧਰਤੀ ਉੱਤੇ ਵੇਦ, ਸ਼ਾਸਤਰ ਅਤੇ ਪੁਰਾਣ ਰਚੇ ਗਏ। ਭਾਰਤ ਦੇ ਦੋ ਪ੍ਰਮੁੱਖ ਧਾਰਮਿਕ ਗ੍ਰੰਥਾਂ ਰਮਾਇਣ ਅਤੇ ਮਹਾਂਭਾਰਤ ਦੇ ਕਈ ਪਾਤਰ ਪੰਜਾਬ ਦੇ ਇਲਾਕੇ ਵਿੱਚ ਵਿਚਰਦੇ ਕਿਆਸੇ ਜਾਂਦੇ ਹਨ।
|
|
15 Jan 2010
|
|
|
|
ਵੇਦਾਂ, ਸ਼ਾਸਤਰਾਂ, ਪੁਰਾਣਾਂ ਅਤੇ ਸਿਮ੍ਰਿਤੀਆਂ ਦੀ ਲੜੀ ਨੇ ਪੰਜਾਬ ਦੇ ਰਹਿਣ-ਸਹਿਣ ਨੂੰ ਧਾਰਮਿਕ ਰੰਗਤ ਦਿੱਤੀ। ਖਾਸ ਕਰਕੇ ਮਨੂ-ਸਿਮ੍ਰਿਤੀ ਦੇ ਅਧਾਰ ਉੱਤੇ ਸਮਾਜ ਦੀ ਚਾਰ ਵਰਗਾਂ ਵਿੱਚ ਵੰਡ ਅਤੇ ਕੌਟਲਿਆ ਦੇ ਅਰਥ ਸ਼ਾਸਤਰ ਨੇ ਧਾਰਮਿਕ ਆਧਾਰ ਦੇ ਕੇ ਹਰ ਫ਼ਿਰਕੇ, ਹਰ ਜਾਤ ਨੂੰ ਵਿਸ਼ੇਸ਼ ਕੰਮ ਧੰਦੇ ਲਈ ਨਿਸ਼ਚਿਤ ਕਰ ਦਿੱਤਾ। ਸਮਾਜ, ਜਾਤਪਾਤ ਤੇ ਕੰਮ-ਧੰਦਿਆਂ ਦੇ ਬੜੇ ਜਟਿਲ ਵਰਗੀਕਰਨ ਵਿੱਚ ਵੰਡਿਆ ਗਿਆ। ਧਾਰਮਿਕ ਵਿਹਾਰ ਵਿੱਚ ਕਰਮਕਾਂਡ ਦਾ ਫ਼ਲਸਫ਼ਾ ਅਰਥਾਤ "ਕੰਮ ਕਰੋ ਅਤੇ ਫਲ ਦੀ ਇੱਛਾ ਨਾ ਕਰੋ" ਸਥਾਪਤ ਹੋ ਗਿਆ। ਕਿਸ ਜਾਤ ਨੇ ਕਿਸ ਜਾਤ ਨਾਲ ਰੋਟੀ-ਬੇਟੀ ਦਾ ਨਾਤਾ ਰੱਖਣਾ ਹੈ ਕਿਸ ਜਾਤ ਤੋਂ ਲਈ ਕਿਹੜੀ ਖਾਣ-ਪੀਣ ਦੀ ਵਸਤੂ ਭਿੱਟੀ ਜਾਏਗੀ ਕਿਹੜੀ ਨਹੀਂ, ਆਦਿ ਬਹੁਤ ਸਾਰੇ ਧਾਰਮਿਕ ਨਿਯਮ ਸਮਾਜ ਨੂੰ ਦਿਸ਼ਾ ਨਿਰਦੇਸ ਦੇਣ ਲੱਗੇ। ਪਹਿਲਾਂ ਪਹਿਲ ਇਹ ਧਾਰਮਿਕ ਨਿਯਮ ਸਹਿਜ ਅਤੇ ਉਸਾਰੂ ਕਦਰਾਂ-ਕੀਮਤਾਂ ਸਥਾਪਤ ਕਰਦੇ ਸਨ, ਪਰ ਸਮੇਂ ਦੇ ਬੀਤਣ ਨਾਲ ਕੰਮ ਧੰਦਿਆਂ, ਜਾਤਾਂ-ਪਾਤਾਂ ਦੀ ਵੰਡ, ਸਮਾਜ ਦੀ ਵੰਡ ਬਣ ਕੇ ਜਬਰ-ਜ਼ੁਲਮ ਦਾ ਆਧਾਰ ਬਣ ਗਈ।
ਆਰੀਅਨ ਮੂਲ ਦੇ ਲੋਕਾਂ ਪੰਜਾਬ ਦੇ ਇਲਾਕੇ ਨੂੰ ਵਹਾਉਣ-ਸੰਵਾਰਨ ਲਈ ਧਾਰਮਿਕ ਵਿਸ਼ਵਾਸਾਂ ਅਕੀਦਿਆਂ ਨੂੰ ਆਧਾਰ ਬਣਾਇਆ। ਕੁਦਰਤ ਦੇ ਉਹ ਸਾਰੇ ਤੱਤ ਭਾਵ ਸੂਰਜ, ਬਾਰਿਸ਼, ਅੱਗ, ਮਿੱਟੀ, ਪੌਣ, ਸੱਪ, ਰੁੱਖ, ਜੋ ਖੇਤੀ ਦੇ ਉਤਪਾਦਨ ਵਿੱਚ ਯੋਗਦਾਨ ਪਾਉਂਦੇ ਸਨ ਉਹਨਾਂ ਦੀ ਪੂਜਾ ਹੋਣ ਲੱਗੀ। ਮਨੁੱਖ ਅਤੇ ਕੁਦਰਤ ਦੇ ਤਾਲਮੇਲ ਵਿੱਚ ਪਸੂ ਇੱਕ ਅਜਿਹੀ ਇਕਾਈ ਸਨ, ਊਰਜਾ ਦਾ ਸਰੋਤ ਸਨ ਜਿਨ੍ਹਾਂ ਨੇ ਪੰਜਾਬੀਆਂ ਦੇ ਡੌਲਿਆਂ ਦੀ ਤਾਕਤ ਨਾਲ ਮਿਲ ਕੇ, ਮੈਦਾਨਾਂ ਦੀਆਂ ਹਿੱਕਾਂ ਫੋਲ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਦੀ ਸਮਰੱਥਾ ਵਿੱਚ ਉੱਘਾ ਯੋਗਦਾਨ ਪਾਇਆ।
|
|
15 Jan 2010
|
|
|
|
|
|
|
|
|
|
|
|
|
|
|
|