|
 |
 |
 |
|
|
Home > Communities > Anything goes here.. > Forum > messages |
|
|
|
|
|
ਧਰਤੀ ਉਤਲੇ ਰੱਬ |
ਪਿਛਾਂਹ ਨੂੰ ਪਰਤ ਕੇ ਜਦ ਦੇਖਦਾ ਹਾਂ, ਬੜਾ ਕੁਝ ਤੁਰਦਾ ਨਾਲੋ-ਨਾਲ ਮੇਰੇ। ਕਦੇ-ਕਦੇ ਜਦੋਂ ਇਹ ਸ਼ਿਅਰ ਜ਼ਿਹਨ ਵਿੱਚ ਘੁੰਮਦਾ ਹੈ ਤਾਂ ਸੱਚਮੁੱਚ ਬੜਾ ਕੁਝ ਨਾਲੋ-ਨਾਲ ਹੋ ਤੁਰਦਾ ਹੈ। ਅਤੀਤ ਦੇ ਕਈ ਪਲ ਚੇਤਿਆਂ ਵਿੱਚ ਆ ਜਾਂਦੇ ਨੇ। ਉਨ੍ਹਾਂ ਵਿੱਚੋਂ ਖ਼ੂਬਸੂਰਤ ਪਲਾਂ ਦਾ ਆਪਣਾ ਹੀ ਰੰਗ ਹੁੰਦਾ ਹੈ ਤੇ ਅੱਜ ਮੇਰੇ ਕਾਲਜ ਦਾ ਮਿੱਤਰ ਆਤਮਾ ਸਿੰਘ ਬਰਾੜ ਮੇਰੇ ਚੇਤਿਆਂ ਵਿੱਚ ਆਣ ਬੈਠਾ ਹੈ। ਸਾਊ, ਸ਼ਰਮਾਊ ਤੇ ਮੁਹੱਬਤੀ ਇਨਸਾਨ ਸਾਡੇ ਸਭਨਾਂ ਦਾ ਬੜਾ ਹੀ ਪਿਆਰਾ ਮਿੱਤਰ ਸੀ। ਸੰਗਾਊ ਏਨਾ ਕਿ ਕੁੜੀਆਂ ਨਾਲ ਜੇ ਗੱਲ ਕਰਨੀ ਪੈ ਜਾਂਦੀ ਤਾਂ ਉਸ ਦੇ ਭਾਅ ਦੀ ਬਣ ਜਾਂਦੀ, ਉਸ ਦੀਆਂ ਲੱਤਾਂ ਕੰਬਣ ਲੱਗਦੀਆਂ। ਅਸੀਂ ਬਾਅਦ ਵਿੱਚ ਉਸ ਨੂੰ ਮਜ਼ਾਕ ਕਰਦੇ ਤਾਂ ਹਰ ਗੱਲ ਹੱਸ ਕੇ ਟਾਲ ਜਾਂਦਾ ਪਰ ਜਦੋਂ ਉਹ ਕਬੱਡੀ ਦੇ ਮੈਦਾਨ ਵਿੱਚ ਕਬੱਡੀ ਖੇਡਦਾ, ਰੇਡ ਪਾਉਂਦਾ ਤਾਂ ਵਿਰੋਧੀਆਂ ਵਿੱਚ ਹਲਚਲ ਪੈਦਾ ਹੋ ਜਾਂਦੀ ਤੇ ਉਹ ਵਿਰੋਧੀਆਂ ਦੀਆਂ ਛਾਲਾਂ ਚਕਾ ਦਿੰਦਾ। ਹਰ ਪਾਸੇ ਆਤਮਾ-ਆਤਮਾ ਹੁੰਦੀ। ਅੱਜ ਕਾਲਜ ਸਮੇਂ ਦੀ ਇੱਕ ਬਹੁਤ ਹੀ ਖ਼ੂਬਸੂਰਤ ਘਟਨਾ ਚੇਤਿਆਂ ਵਿੱਚ ਆਈ ਹੈ ਜਿਸ ਦਾ ਸਿੱਧਾ ਸਬੰਧ ਆਤਮਾ ਸਿੰਘ ਨਾਲ ਹੈ। ਇੱਕ ਵਾਰ ਸਾਡੇ ਸਰਕਾਰੀ ਕਾਲਜ ਮੁਕਤਸਰ ਵਿੱਚ ਗੂੰਗੇ ਤੇ ਬਹਿਰੇ ਸਕੂਲੀ ਬੱਚਿਆਂ ਦਾ ਇੱਕ ਟਰੁੱਪ ਘੁੰਮਣ ਲਈ ਆਇਆ। ਮੁੱਖ ਮਕਸਦ ਇਹ ਸੀ ਕਿ ਉਨ੍ਹਾਂ ਬੱਚਿਆਂ ਨੂੰ ਦਿਖਾਉਣਾ ਕਿ ਕਾਲਜ ਕਿਸ ਤਰ੍ਹਾਂ ਦੇ ਹੁੰਦੇ ਨੇ, ਉੱਥੋਂ ਦਾ ਮਾਹੌਲ ਕੀ ਹੁੰਦਾ ਹੈ ਤੇ ਕਲਾਸਾਂ ਵਿੱਚ ਵਿਦਿਆਰਥੀ ਕਿਵੇਂ ਪੜ੍ਹਦੇ ਨੇ। ਉਹ ਮਾਸੂਮ ਬਾਲ ਆਪਣੇ ਇੰਚਾਰਜ ਮੈਡਮ ਨਾਲ ਹਰ ਕਲਾਸ ਵਿੱਚ ਜਾ ਰਹੇ ਸਨ। ਜਦੋਂ ਉਹ ਨਿੱਕੇ-ਨਿੱਕੇ ਤਾਰੇ ਆਪਣੇ ਮੈਡਮ ਸਮੇਤ ਸਾਡੀ ਕਲਾਸ ਵਿੱਚ ਆਏ ਤਾਂ ਅਸੀਂ ਸਭਨਾਂ ਨੇ ਖੜ੍ਹੇ ਹੋ ਕੇ, ਤਾੜੀਆਂ ਮਾਰ ਕੇ ਉਨ੍ਹਾਂ ਦਾ ਆਦਰ ਮਾਣ ਤੇ ਹੌਸਲਾ ਅਫ਼ਜ਼ਾਈ ਕੀਤੀ। ਬੱਚੇ ਬੜੇ ਹੀ ਪਿਆਰ ਨਾਲ ਸਾਡੇ ਵੱਲ ਦੇਖ ਰਹੇ ਸਨ। ਉਨ੍ਹਾਂ ਗੂੰਗੇ ਤੇ ਬਹਿਰੇ ਬਾਲਾਂ ਨੂੰ ਦੇਖ ਕੇ ਸਾਡੇ ਮਨ ਪਸੀਜੇ ਗਏ। ਉਨ੍ਹਾਂ ਦੇ ਮੈਡਮ ਸਾਨੂੰ ਸਾਰਿਆਂ ਨੂੰ ਮੁਖ਼ਾਤਬ ਹੋ ਕੇ ਕਹਿਣ ਲੱਗੇ, ‘‘ਪਿਆਰੇ ਵਿਦਿਆਰਥੀਓ, ਇਹ ਨਿੱਕੇ-ਨਿੱਕੇ ਬਾਲ ਗੂੰਗੇ ਤੇ ਬਹਿਰੇ ਨੇ ਤੇ ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਇਹ ਵਿਚਾਰੇ ਸਾਰੇ ਹੀ ਅਨਾਥ ਨੇ, ਫਿਰ ਵੀ ਇਨ੍ਹਾਂ ਦੀ ਲਗਨ ਤੇ ਹਿੰਮਤ ਦੇਖੋ, ਇਹ ਪੜ੍ਹ ਰਹੇ ਨੇ ਤੇ ਨਿੱਕਾ-ਮੋਟਾ ਕੰਮ ਵੀ ਕਰਦੇ ਨੇ। ਤੁਸੀਂ ਆਪਣੀ ਇੱਛਾ ਮੁਤਾਬਕ ਇਨ੍ਹਾਂ ਦੀ ਕਿਸੇ ਪ੍ਰਕਾਰ ਦੀ ਕੋਈ ਮਦਦ ਕਰੋਗੇ ਤਾਂ ਇਨ੍ਹਾਂ ਅਨਾਥ ਬਾਲਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ।’’ ਏਨਾ ਕਹਿ ਕੇ ਮੈਡਮ ਬੜੀ ਹੀ ਆਸ ਨਾਲ ਸਾਡੇ ਵੱਲ ਤੱਕਣ ਲੱਗੇ ਤੇ ਅਸੀਂ ਸਾਰੇ ਵਿਦਿਆਰਥੀ ਇੱਕ-ਦੂਜੇ ਵੱਲ ਦੇਖਣ ਲੱਗੇ ਕਿਉਂਕਿ ਇੱਕ-ਦੂਜੇ ਦੇ ਹੱਥਾਂ ਵਿੱਚੋਂ ਖੋਹ-ਖੋਹ ਕੇ ਗਜਰੇਲਾ ਖਾਣ ਵਾਲੇ ਤੇ ਚਾਹ ਪੀਣ ਵਾਲੇ ਸੂਰਮਿਆਂ ਲਈ ਸੱਚਮੁੱਚ ਹੀ ਇਹ ਇੱਕ ਔਖੀ ਘੜੀ ਸੀ। ਘਰੋਂ ਦੋ-ਦੋ ਰੁਪਏ ਖਿਸਕਾ ਕੇ, ਚੋਰੀ ਫ਼ਿਲਮ ਦੇਖਣ ਵਾਲੇ ਯੋਧਿਆਂ ਲਈ ਇਹ ਸੰਕਟ ਦਾ ਸਮਾਂ ਸੀ। ਪੂਰੀ ਕਲਾਸ ਵਿੱਚ ਮੌਤ ਵਰਗੀ ਚੁੱਪ ਪਸਰੀ ਹੋਈ ਸੀ। ਸੂਰਮਿਆਂ ਲਈ ਮਾਹੌਲ ਥੋੜ੍ਹਾ ਜਿਹਾ ਵਿਗੜਿਆ ਹੋਇਆ ਸੀ ਪਰ ਅਚਾਨਕ ਸਾਡਾ ਮਿੱਤਰ ਆਤਮਾ ਸਿੰਘ ਆਪਣੀ ਸੀਟ ਤੋਂ ਉੱਠਿਆ ਤੇ ਆਪਣੀ ਜੇਬ ’ਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਉਸ ਨੇ ਮੈਡਮ ਹੁਰਾਂ ਦੇ ਹਵਾਲੇ ਕਰ ਦਿੱਤੇ। ਇਹ ਦ੍ਰਿਸ਼ ਦੇਖ ਕੇ ਮੈਡਮ ਹੁਰਾਂ ਦੇ ਨਾਲ-ਨਾਲ ਅਸੀਂ ਵੀ ਡੌਰ-ਭੌਰ ਹੋ ਗਏ ਪਰ ਮਾਸੂਮ ਬੱਚਿਆਂ ਦੀਆਂ ਤਾੜੀਆਂ ਨਾਲ ਕਮਰਾ ਗੂੰਜ ਉੱਠਿਆ। ਉਸ ਤੋਂ ਬਾਅਦ ਸੰਗ-ਸੰਗ ਵਿੱਚ ਕਿਸੇ ਨੇ ਪੰਜ, ਕਿਸੇ ਨੇ ਦਸ ਤੇ ਕਿਸੇ ਨੇ ਵੀਹ ਰੁਪਏ ਦੇ ਕੇ ਭਰੇ ਜਿਹੇ ਮਨ ਨਾਲ ਆਪਣਾ-ਆਪਣਾ ਯੋਗਦਾਨ ਪਾਇਆ। ਪੀਰੀਅਡ ਖ਼ਤਮ ਹੋਣ ਤੋਂ ਬਾਅਦ ਰੋਜ਼ ਵਾਂਗ ਅਸੀਂ ਸਾਰੇ ਕੰਟੀਨ ਵਿੱਚ ਆਣ ਬੈਠੇ। ਹੈਰਾਨ ਪ੍ਰੇਸ਼ਾਨ ਹੋਏ ਸਾਰੇ ਹੀ ਆਤਮਾ ਸਿੰਘ ਵੱਲ ਦੇਖ ਰਹੇ ਸਨ ਕਿ ਜਿਵੇਂ ਉਸ ਨੇ ਕੋਈ ਜੱਗੋ ਤੇਰ੍ਹਵੀਂ ਕਰ ਦਿੱਤੀ ਹੋਵੇ। ਉਸ ਵੱਲੋਂ ਦਿੱਤਾ ਹਜ਼ਾਰ ਰੁਪਿਆ ਸਾਡੀਆਂ ਅੱਖਾਂ ਮੂਹਰੇ ਘੁੰਮ ਰਿਹਾ ਸੀ। ਸਾਡਾ ਮਿੱਤਰ ਭੁਪਿੰਦਰ, ਆਤਮਾ ਸਿੰਘ ਵੱਲ ਇਸ਼ਾਰਾ ਕਰਦਾ ਬੋਲਿਆ, ‘‘ਅੱਜ ਚਾਹ ਕਿਵੇਂ ਪੀਵਾਂਗੇ, ਇਹਨੇ ਵੱਡੇ ਸੂਰਮੇ ਨੇ ਸਾਨੂੰ ਵੀ ਨੰਗ ਕਰ ਦਿੱਤਾ।’’ ਅਜੇ ਬੋਲ ਭੁਪਿੰਦਰ ਦੇ ਮੂੰਹ ਵਿੱਚ ਹੀ ਸਨ ਕਿ ਆਤਮਾ ਸਿੰਘ ਨੇ ਜੇਬ ਵਿੱਚੋਂ ਪੰਜਾਹ ਦਾ ਨੋਟ ਕੱਢਿਆ ਤੇ ਕੰਟੀਨ ਵਾਲੇ ਨੂੰ ਆਵਾਜ਼ ਮਾਰ ਕੇ ਸਾਡੇ ਲਈ ਚਾਹ ਤੇ ਗਜਰੇਲੇ ਦਾ ਆਰਡਰ ਦੇਣ ਲੱਗਿਆ। ਸਾਡੇ ਕੋਲ ਨੀਵੀਆਂ ਪਾਉਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ। ਚਾਹ ਪੀਂਦੇ-ਪੀਂਦੇ ਇੱਕ ਹੋਰ ਮਿੱਤਰ ਅੰਗਰੇਜ਼ ਨੇ ਆਤਮੇ ਨੂੰ ਪੁੱਛਿਆ, ‘‘ਆਤਮਾ ਸਿੰਘਾ ਏਨੇ ਪੈਸੇ ਤੇਰੇ ਕੋਲ ਆਏ ਕਿੱਥੋਂ?’’ ‘‘ਯਾਰ ਅੱਜ ਤੜਕੇ ਬਾਪੂ ਨੇ ਕਿਹਾ ਸੀ ਕਿ ਆੜ੍ਹਤੀਏ ਕੋਲੋਂ ਹਜ਼ਾਰ ਰੁਪਏ ਫੜ ਕੇ ਲਿਆਈਂ। ਘਰ ਬਹੁਤ ਹੀ ਤੰਗੀ-ਫੰਗੀ ਹੈ। ਇਹ ਉਹੀ ਆੜ੍ਹਤੀਏ ਵਾਲੇ ਹੀ ਪੈਸੇ ਸਨ। ਯਾਰ ਮੈਥੋਂ ਅਨਾਥ ਬੱਚਿਆਂ ਦੇ ਚਿਹਰੇ ਦੇਖੇ ਨਹੀਂ ਗਏ, ਸੱਚੀਂ ਮੇਰੇ ਕੋਲ ਹੋਰ ਪੈਸੇ ਹੁੰਦੇ ਤਾਂ ਉਹ ਵੀ ਮੈਂ ਦੇ ਦਿੰਦਾ।’’ ਏਨਾ ਆਖ ਕੇ ਆਤਮਾ ਸਿੰਘ ਚੁੱਪ ਕਰ ਗਿਆ ਪਰ ਅਸੀਂ ਸਾਰਿਆਂ ਨੇ ਉਸ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਏਨੀ ਉਦਾਸੀ ਦੇਖੀ। ‘‘ਮਿੱਤਰਾ, ਹੁਣ ਬਾਪੂ ਨੂੰ ਕੀ ਜੁਆਬ ਦੇਵੇਂਗਾ, ਅੱਜ ਤਾਂ ਛਿੱਤਰ-ਪਰੇਡ ਪੱਕੀ ਸਮਝ, ਬਾਪੂ ਨੂੰ ਕਿਵੇਂ ਸਮਝਾਏਂਗਾ?’’ ਭੁਪਿੰਦਰ ਨੇ ਹੌਲੇ ਜਿਹੇ ਉਸ ਨੂੰ ਪੁੱਛਿਆ। ‘‘ਯਾਰ, ਬਾਪੂ ਏਡਾ ਮਾੜਾ ਤਾਂ ਨਈਂ।’’ ਏਨੀ ਗੱਲ ਕਹਿ ਕੇ ਆਤਮਾ ਸਿੰਘ ਸਾਡੇ ਸਾਰਿਆਂ ਤੋਂ ਬਾਜ਼ੀ ਮਾਰ ਗਿਆ। ਜਿਵੇਂ ਕਬੱਡੀ ਖੇਡਦਾ ਮੈਦਾਨ ਵਿੱਚ ਉਹ ਵਿਰੋਧੀਆਂ ਨੂੰ ਚਿੱਤ ਕਰਦਾ ਸੀ, ਅੱਜ ਸ਼ਰੇਆਮ ਚਿੱਟੇ ਦਿਨ ਉਹ ਸਾਨੂੰ ਸਾਰਿਆਂ ਨੂੰ ਚਿੱਤ ਕਰ ਗਿਆ ਸੀ। ਮੈਂ ਮਨ ਹੀ ਮਨ ਵਿੱਚ ਉਸ ਵੱਲੋਂ ਕੀਤੇ ‘ਸੱਚੇ ਸੌਦੇ’ ਨੂੰ ਸਲਾਮ ਕਰ ਰਿਹਾ ਸਾਂ। ਅੱਜ ਵੀ ਜਦੋਂ ਆਤਮਾ ਸਿੰਘ ਮੇਰੇ ਚੇਤਿਆਂ ਵਿੱਚ ਆਉਂਦਾ ਹੈ ਤਾਂ ਉਸ ਨੂੰ ਸਲਿਊਟ ਕਰਨ ਨੂੰ ਦਿਲ ਕਰਦਾ ਹੈ।
ਤ੍ਰੈਲੋਚਨ ਲੋਚੀ * ਸੰਪਰਕ: 098142-53315
|
|
10 Jul 2013
|
|
|
|
ਇਹ ਟੋਪਿਕ ਹੁਣ ਤਕ 33 ਜਣਿਆਂ ਨੇ ਪੜਿਆ ਹੈ ..........
ਕਮਾਲ ਹੈ ... ਕਿਸੇ ਇੱਕ ਨੇਂ ਵੀ ਦੋ ਸ਼ਬਦ ਲਿਖਣ ਦੀ ਖੇਚਲ ਨਹੀਂ ਕੀਤੀ ... ਕਿਤੇ ਪੰਜਾਬੀਜਮ ਵਾਲਿਆਂ ਨੇ ਜਵਾਬ ਦੇਣ ਤੇ ਕੋਈ ਟੈਕ੍ਸ ਤਾਂ ਨਹੀ ਲਾ ਦਿੱਤਾ .... ਜਿਸਦਾ ਮੈਨੂੰ ਪਤਾ ਨਹੀਂ ..
|
|
11 Jul 2013
|
|
|
|
ਅਸਲ ਜ਼ਿੰਦਗੀ ਦੇ ਹੀਰੋ ਦੀ ਦ੍ਰਵਿਤ ਕਰਨ ਵਾਲੀ ਇਕ ਨਿੱਕੀ ਜਿਹੀ ਕਥਾ, ਜੋ ਬਹੁਤ ਵੱਡਾ ਸੁਨੇਹਾ ਅਤੇ ਪ੍ਰੇਰਣਾ ਦੇਣ ਦਾ ਦਮ ਰਖਦੀ ਹੈ | ਸੁੰਦਰ ਲਿਖਤ, ਉਸ ਤੋ ਵੀ ਸੁੰਦਰ ਜਤਨ ਸਾਡੇ ਤਕ ਪਹੁੰਚਾਉਣ ਵਾਲੇ ਦਾ | ਧੰਨਵਾਦ ਵੀਰ ਜੀਓ | ਇਕ ਵਾਰ ਫਿਰ ਜਤਨ |
ਜਗਜੀਤ ਸਿੰਘ ਜੱਗੀ
ਅਸਲ ਜ਼ਿੰਦਗੀ ਦੇ ਹੀਰੋ ਦੀ ਦ੍ਰਵਿਤ ਕਰਨ ਵਾਲੀ ਇਕ ਨਿੱਕੀ ਜਿਹੀ ਕਥਾ, ਜੋ ਬਹੁਤ ਵੱਡਾ ਸੁਨੇਹਾ ਅਤੇ ਪ੍ਰੇਰਣਾ ਦੇਣ ਦਾ ਦਮ ਰਖਦੀ ਹੈ | ਸੁੰਦਰ ਲਿਖਤ, ਉਸ ਤੋ ਵੀ ਸੁੰਦਰ ਜਤਨ ਸਾਡੇ ਤਕ ਪਹੁੰਚਾਉਣ ਵਾਲੇ ਦਾ | ਇਕ ਵਾਰ ਫਿਰ Classic ਜਤਨ | ਸਾਂਝਾ ਕਰਨ ਲਈ, ਧੰਨਵਾਦ ਵੀਰ ਜੀਓ |
... ਜਗਜੀਤ ਸਿੰਘ ਜੱਗੀ
|
|
12 Jul 2013
|
|
|
|
ਬਿੱਟੂ ਵੀਰ ,,,ਇਹ ਲਿਖਤ ਸਾਂਝੀ ਕਰਕੇ ਤੁਸੀਂ ਸਾਡੇ ਤੇ ਇੱਕ ਅਹਿਸਾਨ ਕੀਤਾ ਹੈ | ਜੁੱਗ ਜੁੱਗ ਜੀਓ,,,
|
|
12 Jul 2013
|
|
|
|
|
|
|
|
 |
 |
 |
|
|
|