|
 |
 |
 |
|
|
Home > Communities > Punjabi Culture n History > Forum > messages |
|
|
|
|
|
ਪਰਦੇਸੀ ਹੋਇਆ ਰਾਜ ਪੰਛੀ |
ਪੰਜਾਬ ਦਾ ਰਾਜ ਪੰਛੀ, ਬਾਜ਼, ਲਗਪਗ ਲੋਪ ਹੋ ਚੁੱਕਿਆ ਹੈ। ਗੁਲਾਬਚਸ਼ਮ ਪੰਛੀਆਂ ਦਾ ਰਾਜਾ, ਬਾਜ਼, ਇੱਕ ਸ਼ਿਕਾਰੀ ਪੰਛੀ ਹੈ। ਮਹਾਨਕੋਸ਼ ਅਨੁਸਾਰ ਬਾਜ਼ ਸਰਦ ਦੇਸ਼ਾਂ ਤੋਂ ਫੜ ਕੇ ਪੰਜਾਬ ਵਿੱਚ ਲਿਆਈਦਾ ਹੈ। ਉਹ ਇੱਥੇ ਅੰਡੇ ਨਹੀਂ ਦਿੰਦਾ। ਦਸ-ਬਾਰਾਂ ਸਾਲ ਉਹ ਤਿੱਤਰ, ਮੁਰਗਾਬੀ ਅਤੇ ਸਹੇ ਆਦਿ ਦਾ ਚੰਗਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮੇਂ ਰਾਜੇ-ਮਹਾਰਾਜੇ ਅਤੇ ਅਮੀਰ ਲੋਕ ਬਾਜ਼ ਨੂੰ ਆਪਣੇ ਹੱਥ ’ਤੇ ਰੱਖ ਕੇ ਖ਼ੂਬ ਸ਼ਿਕਾਰ ਕਰਿਆ ਕਰਦੇ ਸਨ। ਵਿਦੇਸ਼ੀ ਹਮਲਾਵਰਾਂ ਲਈ ਪੰਜਾਬ, ਹਿੰਦੁਸਤਾਨ ਦਾ ਮੁੱਖ ਦਰਵਾਜ਼ਾ ਰਿਹਾ ਹੈ। ਪੰਜਾਬ ਦੀ ਧਰਤੀ ਨੇ ਸ਼ਿਕਾਰੀਆਂ ਦਾ ਸ਼ਿਕਾਰ ਕਰਨ ਦੀ ਜਾਚ ਸਿਖਾਈ ਹੈ। ਇਸੇ ਕਰਕੇ ਬਾਜ਼ ਇਸ ਧਰਤੀ ਦੇ ਜਾਇਆਂ ਦਾ ਮਹਿਬੂਬ ਪੰਛੀ ਰਿਹਾ ਹੈ। ਸ਼ਿਕਾਰੀ ਨੂੰ ਆਪਣਾ ਪਾਲਤੂ ਬਣਾਉਣਾ ਪੰਜਾਬੀਆਂ ਦੇ ਬਾਹੂਬਲ ਦਾ ਪ੍ਰਤੀਕ ਹੈ। ਕਿਸੇ ਵੇਲੇ ਪੰਜਾਬ ਵਿੱਚ ਘਣਾ ਜੰਗਲ ਸੀ। ਜੰਗਲ ਵਿੱਚ ‘ਜੰਗਲ ਰਾਜ’ ਹੋਣਾ ਕੁਦਰਤੀ ਵਰਤਾਰਾ ਹੁੰਦਾ ਹੈ। ਭਾਵ, ਤਕੜੇ ਦਾ ਸੱਤੀਂ ਵੀਹੀਂ ਸੌ। ਬਾਜ਼ ਦੀ ਇੱਕ ਪਰਵਾਜ਼ ਨਾਲ ਹੀ ਚਿੜੀਆਂ ਅਤੇ ਹੋਰ ਨਿਤਾਣੇ ਪੰਛੀਆਂ ਦਾ ਸਾਹ ਸੂਤਿਆ ਜਾਂਦਾ ਹੈ। ਪਰਵਾਜ਼, ਫ਼ਾਰਸੀ ਮੂਲ ਦਾ ਸ਼ਬਦ ਹੈ, ਪਰ (ਖੰਭ)+ ਵਾਜ਼ (ਬਾਜ਼)। ਖੁੱਲ੍ਹੇ ਹੋਏ ਖੰਭਾਂ ਨੂੰ ਹੀ ਪਰਵਾਜ਼ ਕਿਹਾ ਜਾਂਦਾ ਹੈ। ਕਈ ਖਾੜਕੂ ਜਥੇਬੰਦੀਆਂ ਨੇ ਵੀ ਉੱਡਦੇ ਬਾਜ਼ ਨੂੰ ਆਪਣਾ ‘ਚਿੰਨ੍ਹ’ ਬਣਾਇਆ ਹੈ। ‘ਬਾਜ਼ ਉਡਾਉਣਾ’ ਪੰਜਾਬੀ ਦਾ ਅਖਾਣ ਹੈ ਜਿਸ ਤੋਂ ਭਾਵ ਹੈ ਬਾਜ਼ ਨਾਲ ਪੰਛੀਆਂ ਦਾ ਸ਼ਿਕਾਰ ਕਰਨਾ। ਪੰਜਾਬ ਵਿੱਚ ਬਾਜ਼ ਅਤੇ ਤਾਜ ਖਾਤਰ ਲੜਾਈ ਸਦੀਆਂ ਪੁਰਾਣੀ ਹੈ। ਅਜਿਹੀਆਂ ਅਸਾਵੀਆਂ ਲੜਾਈਆਂ ਵਿੱਚ ਮਜ਼ਲੂਮਾਂ ਦੀਆਂ ਖੋਪਰੀਆਂ ਲਾਹੁਣ ਵਾਲੀਆਂ ਰੰਬੀਆਂ ਹੀ ਹੰਭੀਆਂ ਸਨ। ਗੁਰੂ ਗੋਬਿੰਦ ਸਿੰਘ ਨੂੰ ਭਾਵੇਂ ‘ਕਲਗੀਆਂ ਵਾਲੇ’ ਜਾਂ ‘ਬਾਜ਼ਾਂ ਵਾਲੇ’ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੇ ਸਦਾ ਨਿਤਾਣਿਆਂ ਵਿੱਚ ਤਾਣ ਭਰਨ ਖਾਤਰ ‘ਚਿੜੀਆਂ ਤੋਂ ਬਾਜ਼ ਤੁੜਾਉਣ’ ਲਈ ਪਹਿਰਾ ਦਿੱਤਾ। ਮਜ਼ਲੂਮਾਂ ਵਿੱਚ ਨਵੀਂ ਰੂਹ ਫੂਕ ਕੇ ਉਨ੍ਹਾਂ ਨੇ ਸਮੇਂ ਦੀ ਹਕੂਮਤ ਨੂੰ ਵੰਗਾਰਿਆ। ਇਸ ਦੀ ਸ਼ਾਹਦੀ ਲੋਕ-ਮਨਾਂ ਵਿੱਚ ਵਸੀਆਂ ਪੰਕਤੀਆਂ ਭਰਦੀਆਂ ਹਨ: ਚਿੜੀਓਂ ਸੇ ਮੇਂ ਬਾਜ ਤੁੜਾਊਂ ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ ਇਸ ਤੋਂ ਵੀ ਪਹਿਲਾਂ ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਨੇ ਜਦੋਂ ਆਪਣਾ ਟਿਕਾਣਾ ਅੰਮ੍ਰਿਤਸਰ ਕੀਤਾ ਤਾਂ ਸ਼ਿਕਾਰ ਖੇਡਦਿਆਂ ਸਿੱਖਾਂ ਨੇ ਮੁਗ਼ਲਾਂ ਦਾ ਬਾਜ਼ ਫੜ ਲਿਆ। ਜ਼ਾਲਮ ਹਕੂਮਤ ਨੂੰ ਬਹਾਨਾ ਚਾਹੀਦਾ ਸੀ। ਮੁਗ਼ਲ ਸਿਪਾਹੀਆਂ ਕਿਹਾ, “ਅੱਜ ਬਾਜ਼ ਨੂੰ ਹੱਥ ਪਾਇਆ ਹੈ, ਕੱਲ੍ਹ ਤਾਜ ਨੂੰ ਪਾਉਣਗੇ।” ਗੁਰੂ ਜੀ ਆਪਣੀ ਸਪੁੱਤਰੀ ਬੀਬੀ ਵੀਰੋ ਦਾ ਵਿਆਹ ਰਚਾ ਰਹੇ ਸਨ ਕਿ ਅਚਾਨਕ ਮੁਖ਼ਲਸ ਖਾਂ ਦੀ ਕਮਾਨ ਹੇਠ ਮੁਗ਼ਲ ਫ਼ੌਜ ਚੜ੍ਹ ਕੇ ਆ ਗਈ। ਕੁਹਰਾਮ ਮਚ ਗਿਆ। ਭਾਈ ਮਨੀ ਸਿੰਘ ਦੇ ਬਾਬੇ ਬੱਲੂ ਨੇ ਪੰਚਮ ਗੁਰੂ ਨੂੰ ਸ਼ਹੀਦ ਕਰਨ ਵਾਲੇ ਬਖ਼ਸ਼ੀ ਮੁਰਤਜ਼ਾ ਖਾਂ ਨੂੰ ਥਾਏਂ ਢੇਰੀ ਕਰ ਦਿੱਤਾ ਤੇ ਫਿਰ ਰਣ-ਤੱਤੇ ਵਿੱਚ ਜੂਝਦਾ ਹੋਇਆ ਖ਼ੁਦ ਸ਼ਹੀਦ ਹੋ ਗਿਆ। 15 ਅਪਰੈਲ 1634 ਨੂੰ ਵਾਪਰੀ ਇਸ ਘਟਨਾ ਤੋਂ ‘ਮੀਰੀ-ਪੀਰੀ’ ਅਤੇ ‘ਸੰਤ-ਸਿਪਾਹੀ’ ਦੇ ਸੰਕਲਪ ਦਾ ਮਹਾਤਮ ਉਜਾਗਰ ਹੁੰਦਾ ਹੈ। ਭਾਵ, 379 ਸਾਲ ਪਹਿਲਾਂ ਬਾਜ਼ ਨੇ ਤਾਜ ਲਈ ਲੜਾਈ ਦਾ ਰਾਹ ਪੱਧਰਾ ਕਰ ਦਿੱਤਾ ਸੀ। ਬਾਜ਼ ਜਦੋਂ ਕਿਸੇ ਸੰਤ-ਸਿਪਾਹੀ ਦੀਆਂ ਉਂਗਲਾਂ ਤੋਂ ਪਰਵਾਜ਼ ਭਰਦਾ ਹੈ ਤਾਂ ਉਹ ਮਜ਼ਲੂਮ ਚਿੜੀਆਂ ਦਾ ਸ਼ਿਕਾਰ ਨਹੀਂ ਕਰਦਾ। ਸੰਤ ਸਿਪਾਹੀ ਦਾ ਬਾਜ਼ ਹਮੇਸ਼ਾਂ ਸ਼ਿਕਾਰੀਆਂ ਦਾ ਸ਼ਿਕਾਰ ਕਰਨ ਲਈ ਪਰ ਤੋਲਦਾ ਹੈ। ਜੰਗਲ ਰਾਜ ਵਿੱਚ ਅਜਿਹੀ ਪਹੁੰਚ ਦੀ ਸਖ਼ਤ ਜ਼ਰੂਰਤ ਸੀ। ਜੰਗਲ ਵਿੱਚ ਬਾਜ਼-ਅੱਖ ਨਾ ਹੋਵੇ ਤਾਂ ਸ਼ਿਕਾਰੀ ਖ਼ੁਦ ਸ਼ਿਕਾਰ ਬਣ ਜਾਂਦਾ ਹੈ।
|
|
04 Mar 2013
|
|
|
|
ਪੰਜਾਬੀ ਵਿੱਚ ਬਾਜ਼ ਦਾ ਸਭ ਤੋਂ ਪਹਿਲਾਂ ਜ਼ਿਕਰ ਸਾਡੇ ਆਦਿ-ਕਵੀ ਬਾਬਾ ਫ਼ਰੀਦ ਨੇ ਕੀਤਾ ਹੈ: ਫਰੀਦਾ ਦਰੀਆਵੈ ਕੰਨਹੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ਬਾਜ ਪਏ ਤਿਸੁ ਰਬ ਦੇ ਕੇਲਾ ਵਿਸਰੀਆ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆ ਸ਼ਿਕਰਾ ਜਾਂ ਬਾਜ਼ ਅਚਨਚੇਤ ਝਪਟਣ ਵਾਲੇ ਪੰਛੀ ਹਨ। ਉਸ ਸਮੇਂ ਅਜਿਹੇ ਪੰਛੀਆਂ ਨੂੰ ਪਾਲਤੂ ਬਣਾ ਲੈਣਾ ਪੰਜਾਬੀਆਂ ਦੀ ਲੋੜ ਬਣ ਗਈ ਸੀ। ਵਿਦੇਸ਼ੀ ਹਮਲਿਆਂ ਖ਼ਿਲਾਫ਼ ਵਿਦਰੋਹ ਤੇ ਮਜ਼ਲੂਮਾਂ ਪ੍ਰਤੀ ਮੋਹ ਜਾਗਿਆ। ਬਾਬਰਬਾਣੀ ਨੇ ਵਿਦਰੋਹੀ-ਕਾਵਿ ਦੀ ਨੀਂਹ ਰੱਖੀ। ਕਲਮ ਨੇ ਕਟਾਰ ਨੂੰ ਵੰਗਾਰਿਆ: ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਹਿ ਬੈਠੇ ਸੁਤੇ।। ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਸਮਾਂ ਲੱਦ ਗਿਆ ਸੀ। ਸਬਰ ਦਾ ਪਿਆਲਾ ਭਰ ਕੇ ਉੱਛਲਿਆ ਤਾਂ ਜਾਬਰ ਅੱਗੇ ਨਾਬਰ ਖੜਾ ਮਿਲਿਆ। ਸੰਤ-ਸਿਪਾਹੀ ਦੀਆਂ ਉਂਗਲਾਂ ’ਤੇ ਬੈਠੇ ਬਾਜ਼ ਨੇ ਖੰਭ ਫੜਫੜਾਏ ਤਾਂ ਤਖ਼ਤ ਦੇ ਪਾਵਿਆਂ ਨੂੰ ਕੰਬਣੀ ਛਿੜ ਗਈ। ਪੰਜਾਬੀ ਵਿਦਰੋਹੀ-ਕਾਵਿ ਵਿੱਚ ਚਿੜੀਆਂ ਅਤੇ ਬਾਜ਼ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਪਾਸ਼ ਨਾਲ ਪੰਜਾਬੀ ਵਿਦਰੋਹੀ-ਕਾਵਿ ਵਿੱਚੋਂ ਚੰਗਿਆੜੇ ਨਿਕਲਣੇ ਸ਼ੁਰੂ ਹੋ ਗਏ। ਉਹ ਮਜ਼ਲੂਮਾਂ ਉੱਤੇ ਕਹਿਰ ਢਾਹੁਣ ਵਾਲੇ ‘ਬਾਜ਼ਾਂ’ ’ਤੇ ਝਪਟਣ ਲਈ ਹੋਕਾ ਦਿੰਦਾ ਹੈ। ‘ਉੱਡਦਿਆਂ ਬਾਜ਼ਾਂ ਮਗਰ’ ਵਿੱਚ ਕਹਿੰਦਾ ਹੈ: ਉੱਡ ਗਏ ਹਨ ਬਾਜ਼ ਚੁੰਝਾਂ ’ਚ ਲੈ ਕੇ ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖ਼ਾਹਿਸ਼ ਦੋਸਤੋ ਹੁਣ ਚੱਲਿਆ ਜਾਵੇ ਉੱਡਦਿਆਂ ਬਾਜ਼ਾਂ ਮਗਰ… … … … ਇਹ ਤਾਂ ਸਾਰੀ ਉਮਰ ਨਹੀਂ ਲੱਥਣਾ ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ ਪੈਲੀਆਂ ਵਿੱਚ ਛਿੜਕੇ ਹੋਏ ਲਹੂ ਦਾ ਹਰ ਕਤਰਾ ਵੀ ਇਕੱਠਾ ਕਰਕੇ ਏਨਾ ਰੰਗ ਨਹੀਂ ਬਣਨਾ ਕਿ ਚਿਤਰ ਲਵਾਂਗੇ, ਇੱਕ ਸ਼ਾਂਤ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ ਅਤੇ ਹੋਰ ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ ਤਾਰਿਆਂ ਦੀ ਗਿਣਤੀ ਨਹੀਂ ਹੋਣੀ ਕਿਉਂਕਿ ਹੋ ਨਹੀਂ ਸਕਣਾ ਇਹ ਸਭ ਫਿਰ ਦੋਸਤੋ, ਹੁਣ ਚਲਿਆ ਜਾਵੇ ਉੱਡਦਿਆਂ ਬਾਜ਼ਾਂ ਮਗਰ… ਪਾਸ਼ ‘ਹਾਬੜੀ ਹੋਈ ਵੋਟ’ ਦੀ ਲਾਲਾਂ ਸੁੱਟ ਰਹੀ ਪਰਚੀ ਨੂੰ ਰੱਦ ਕਰਦਾ ਹੋਇਆ ਉੱਡਦੇ ਬਾਜ਼ਾਂ ਦਾ ਸ਼ਿਕਾਰ ਕਰਨ ਦਾ ਸੱਦਾ ਦਿੰਦਾ ਹੈ। ਵੋਟਾਂ ਦੀ ਖ਼ਰੀਦੋ-ਫਰੋਖਤ ਤੋਂ ਬਾਅਦ ਵਾਲੀ ਜਮਹੂਰੀਅਤ ਲਤਾੜੇ ਹੋਇਆਂ ਨੂੰ ਹੋਰ ਲਤਾੜਦੀ ਹੈ। ਦਲ-ਬਦਲੂਆਂ ਅਤੇ ਚਾਵੇਂ ਚੁੱਲ੍ਹਿਆਂ ਦੀ ਵੁੱਕਤ ਪੈਂਦੀ ਹੈ। ਜਮਹੂਰੀਅਤ ਨੂੰ ਸ਼ਰਮਸਾਰ ਹੋਣ ਦਾ ਵਕਤ ਹੀ ਨਹੀਂ ਮਿਲਦਾ। ਸੱਤਾ ਦੀ ਮੰਮਟੀ ਤੋਂ ਬਾਜ਼ ਪਰ ਤੋਲਦੇ ਹਨ ਤਾਂ ਚਾਰ-ਚੁਫੇਰੇ ਸਹਿਮ ਦੇ ਬੱਦਲ ਛਾ ਜਾਂਦੇ ਹਨ। ਇਹ ਉਹ ਬਾਜ਼ ਨਹੀਂ, ਜਿਨ੍ਹਾਂ ਦੀ ਉਡਾਨ ਤੋਂ ਬਾਅਦ ਤਾਜ ਹਿੱਲਦਾ ਹੈ। ਅਜੋਕੀ ਰਾਜ ਸੱਤਾ ਦੇ ਪਾਲੇ ਹੋਏ ਬਾਜ਼ ਤਾਂ ਚਿੜੀਆਂ ਦੇ ਚੰਬਿਆਂ ’ਤੇ ਝਪਟਣ ਗਿੱਝੇ ਹਨ। ਮਜ਼ਲੂਮ ਅੰਦਰੋ-ਅੰਦਰ ਕ੍ਰਿਝਦੇ ਹਨ- ਲੋਹਾ ਜਦ ਪਿਘਲਦਾ ਹੈ/ ਤਾਂ ਭਾਫ਼ ਨਹੀਂ ਨਿਕਲਦੀ। ਫਿਰ ਵੀ ਵੱਖ-ਵੱਖ ਚਿੰਨ੍ਹਾਂ ਵਿੱਚ ਵਰਤੇ ਗਏ ਸਾਡੇ ਰਾਜ ਪੰਛੀ ਦਾ ਲੋਪ ਹੋ ਜਾਣਾ ਇਤਿਹਾਸ ਦੇ ਇੱਕ ਅਧਿਆਇ ਦਾ ਅੰਤ ਹੈ। ਪੰਜਾਬ ਸਰਕਾਰ ਦੇ ਜੰਗਲੀ-ਜੀਵ ਸੁਰੱਖਿਆ ਵਿਭਾਗ ਨੇ ਕੇਂਦਰੀ ਚਿੜੀਆਘਰ ਦੇ ਅਧਿਕਾਰੀਆਂ ਤੋਂ ਬਾਜ਼ਾਂ ਦਾ ਇੱਕ ਜੋੜਾ ਫੜਨ ਦੀ ਇਜਾਜ਼ਤ ਮੰਗੀ ਹੈ। ‘ਬਾਜ਼ਾਂ ਵਾਲੇ’ ਦਾ ਸਬੰਧ ਹੋਣ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦੁਰਲੱਭ ਪੰਛੀ ਨੂੰ ਹਾਸਲ ਕਰਨ ਲਈ ਹਰ ਸੰਭਵ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਜੰਗਲੀ ਜੀਵ ਸੁਰੱਖਿਆ ਵਿਭਾਗ ਅਨੁਸਾਰ ਇਹ ਸ਼ਿਕਾਰੀ ਪੰਛੀ ਖ਼ੁਦ ਸ਼ਿਕਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦੇ ਲੋਪ ਹੋਣ ਦਾ ਦੂਜਾ ਵੱਡਾ ਕਾਰਨ ਜੰਗਲਾਂ ਦੀ ਬੇਤਹਾਸ਼ਾ ਕਟਾਈ ਹੈ। ਜੁਲਾਈ 2011 ਵਿੱਚ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਅਜਿਹੇ ਦੁਰਲੱਭ ਪਸ਼ੂ-ਪੰਛੀ ਲਾਹੌਰ ਦੇ ਚਿੜੀਆਘਰ ਤੋਂ ਮੰਗਵਾਉਣ ਦਾ ਪ੍ਰਸਤਾਵ ਰੱਖਿਆ ਸੀ ਜੋ ਅਜੇ ਤਕ ਸਿਰੇ ਨਹੀਂ ਚੜ੍ਹ ਸਕਿਆ। ਬਾਜ਼ ਹਾਸਲ ਕਰਨ ਲਈ ਹਰ ਹੀਲਾ ਕਰਨਾ ਚਾਹੀਦਾਹੈ, ਨਹੀਂ ਤਾਂ ‘ਬਾਜ਼ ਆਉਣਾ’ ਜਾਂ ‘ਬਾਜ਼ ਉਡਾਉਣਾ’ ਵਰਗੇ ਅਖਾਣ ਅਰਥਹੀਣ ਹੋ ਜਾਣਗੇ।
ਵਰਿੰਦਰ ਵਾਲੀਆ
|
|
04 Mar 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|