Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਾਬੂ ਰਜਬ ਅਲੀ - ਇੱਕ ਸਿਰਮੌਰ ਕਵੀਸ਼ਰ

ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਧਰਤੀ 'ਤੇ ਬਹੁਤ ਮਹਾਨ ਵਿਅਕਤੀ, ਪ੍ਰਸਿੱਧ ਲੇਖਕ, ਸਾਇੰਸਦਾਨ, ਕਵੀ ਅਤੇ ਸ਼ਾਇਰ ਪੈਦਾ ਹੋਏ ਹਨ। ਬਾਬੂ ਰਜਬ ਅਲੀ ਦਾ ਨਾਂ ਕਵੀਸ਼ਰੀ ਕਲਾ ਵਿੱਚ ਪੰਜਾਬ ਦੇ ਲੋਕਾਂ ਨੂੰ ਉਹ ਕਲਾ ਦਿੱਤੀ ਜਿਹੜੀ ਆਧੁਨਿਕ ਸਮੇਂ ਖ਼ਤਮ ਹੁੰਦੀ ਜਾ ਰਹੀ ਹੈ। 
 ਬਾਬੂ ਰਜਬ ਅਲੀ ਨੂੰ ਆਪਣੇ ਸਮੇਂ ਦਾ ਸਿਰਮੌਰ ਸ਼ਾਇਰ, ਕਵੀਸ਼ਰ ਅਤੇ ਕਲਮ ਦੇ ਧਨੀ ਹੋਣ ਦਾ ਮਾਣ ਪ੍ਰਾਪਤ ਹੈ। ਉਸ ਦਾ ਜਨਮ 10 ਅਗਸਤ 1894 ਈ. ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਸਾਹੋ ਕੇ ਵਿੱਚ ਪਿਤਾ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੀ ਕੁੱਖੋਂ ਹੋਇਆ। ਬਾਬੂ ਜੀ ਤੋਂ ਪਹਿਲਾਂ ਧਮਾਲੀ ਖ਼ਾਂ ਦੇ ਘਰ ਕ੍ਰਮਵਾਰ ਚਾਰ ਲੜਕੀਆਂ ਭਾਗੀ, ਸਿਯਾਦੀ, ਲਾਲੀ ਅਤੇ ਰਯਾਦੀ ਨੇ ਜਨਮ ਲਿਆ। ਚਾਰ ਭੈਣਾਂ ਇਕਲੌਤੇ ਵੀਰ ਅਤੇ ਆਪਣੇ ਪਿਉ ਦੇ ਇਕਲੌਤੇ ਪੁੱਤਰ ਹੋਣ ਕਰਕੇ ਧਮਾਲੀ ਖਾਂ ਨੇ ਆਪਣੇ ਪੁੱਤਰ ਦਾ ਨਾਂ, ਰਜਬ ਅਲੀ ਖਾਂ ਰੱਖਿਆ। 
ਮਾਪਿਆਂ ਨੇ ਆਪਣੇ ਲਾਡਲੇ ਪੁੱਤਰ ਨੂੰ ਬੜੇ ਚਾਵਾਂ ਅਤੇ ਲਾਡਾਂ ਨਾਲ ਪਾਲ਼ਿਆ। ਭੈਣਾਂ ਨੇ ਵੀ ਆਪਣੇ ਇਕਲੌਤੇ ਭਰਾ ਨੂੰ ਰੱਜ ਕੇ ਪਿਆਰ ਦਿੱਤਾ। ਆਪਣੇ ਬਚਪਨ ਦੇ ਪੰਜ ਸਾਲ ਉਸਨੇ ਸਾਹੋ ਕੇ ਪਿੰਡ ਦੀਆਂ ਗਲ਼ੀਆਂ ਵਿੱਚ ਖੇਡਦਿਆਂ ਅਤੇ ਲਾਡ-ਲੋਰੀਆਂ ਵਿੱਚ ਗੁਜ਼ਾਰੇ। ਛੇਵੇਂ ਸਾਲ ਵਿੱਚ ਧਮਾਲੀ ਖਾਂ ਨੇ ਆਪਣੇ ਪੁੱਤਰ ਨੂੰ ਪੜ੍ਹਾਉਣ ਦਾ ਫੈਸਲਾ ਕਰ ਲਿਆ। ਪਿੰਡ ਸਾਹੋ ਕੇ ਤੋਂ ਡੇਢ-ਕੁ ਮੀਲ ਦੀ ਵਿੱਥ 'ਤੇ ਬੰਬੀਹਾ ਪਿੰਡ ਵਿੱਚ ਬਾਬੂ ਜੀ ਨੂੰ ਪੜ੍ਹਨ ਲਾ ਦਿੱਤਾ ਗਿਆ। ਜਿਸਦਾ ਵਰਣਨ ਉਸ ਨੇ ਆਪਣੀ ਸਵੈ-ਜੀਵਨੀ ਰੂਪੀ ਕਵਿਤਾ 'ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ' ਵਿੱਚ ਇਸ ਤਰ੍ਹਾਂ ਕੀਤਾ ਹੈ :
 ਸੋਹਣੀ ਸਾਹੋ ਪਿੰਡ ਦੀਏ ਬੀਹੇ, 
ਬਚਪਨ ਦੇ ਵਿੱਚ ਪੜ੍ਹੇ ਬੰਬੀਹੇ। 
ਚੂਰੀ ਖੁਆ ਮਾਂ ਪਾਤੇ ਰਸਤੇ,
ਚੱਕ ਲੈ ਕਲਮ ਦਵਾਤਾਂ ਬਸਤੇ।
ਸ਼ੇਰ, ਨਿਰੰਜਣ, ਮਹਿੰਗੇ ਨੇ, ਭੁੱਲਦੀਆਂ ਨਾ ਭਰਜਾਈਆਂ,
ਘੁੰਮਰਾਂ ਪਾਈਆਂ ਲਹਿੰਗੇ ਨੇ।
ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਪੰਜਵੀਂ ਕਲਾਸ ਵਜ਼ੀਫ਼ੇ ਵਿੱਚ ਪਾਸ ਕਰਕੇ ਅਵੱਲ ਰਿਹਾ ਤੇ ਛੇਵੀਂ ਕਲਾਸ ਵਿੱਚ ਦਾਖ਼ਲ ਹੋ ਗਿਆ। ਇਸੇ ਦੌਰਾਨ ਬਾਬੂ ਰਜਬ ਅਲੀ ਖ਼ਾਂ ਕਾਫ਼ੀ ਸਮਾਂ ਬਿਮਾਰ ਰਿਹਾ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਮਾਤਾ ਜਿਉਣੀ ਬਿਮਾਰ ਪੈ ਕੇ ਚੱਲ ਵਸੀ। ਬਾਬੂ ਜੀ ਦੀ ਪਰਵਰਿਸ਼ ਉਨ੍ਹਾਂ ਦੀ ਵੱਡੀ ਭੈਣ ਭਾਗੀ ਨੇ ਕੀਤੀ ਅਤੇ ਉਨ੍ਹਾਂ ਨੂੰ ਮਾਂ ਵਾਲਾ ਮੋਹ ਅਤੇ ਭੈਣ ਵਾਲਾ ਪਿਆਰ ਦਿੱਤਾ।
ਰਜਬ ਅਲੀ ਦਾ ਫ਼ਿਰੋਜ਼ਪੁਰ ਵਜ਼ੀਫ਼ਾ ਨਾ ਲੱਗਣ 'ਤੇ ਉਹ ਉੱਥੋਂ ਸਰਟੀਫਿਕੇਟ ਲੈ ਕੇ ਬਰਜਿੰਦਰਾ ਹਾਈ ਸਕੂਲ ਫ਼ਰੀਦਕੋਟ ਦਾਖ਼ਲ ਹੋ ਗਿਆ ਅਤੇ ੧੯੧੨ ਈ ਵਿੱਚ ਦੂਜੇ ਦਰਜੇ ਵਿੱਚ ਦਸਵੀਂ ਪਾਸ ਕੀਤੀ। ਬਾਬੂ ਰਜਬ ਅਲੀ ਨੇ ਪੰਜਾਬੀ ਬੋਲੀ ਦੇ ਪਿਆਰ ਪ੍ਰਤੀ ਆਪਣੀ ਦਿਲੀ ਪ੍ਰੀਤ ਅਤੇ ਆਪਣੇ ਹਮਜਮਾਤੀ ਯਾਰਾਂ-ਬੇਲੀਆਂ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ :
ਸੋਂਹਦੇ ਮਰਦ ਮੁਕਾਮੀ, ਕੀ ਗੱਲ ਸਮਝਣ ਲੋਕਲ ਜੀ।
ਮੇਰੇ ਨਾਲ ਮੋਗੇ ਪੜ੍ਹਿਆ, ਸੂਦ ਸਲੀਣਿਊ ਗੋਕਲ ਜੀ।
ਬਾਬੂ ਰੱਣਿਓਂ ਇੰਦਰ ਤੇ ਸੰਤੋਖ ਡਰੋਲੀ ਦਾ।
ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ।
ਜਿਸ ਤਰ੍ਹਾਂ ਪਿਤਾ ਧਮਾਲੀ ਖ਼ਾਂ ਦੀ ਗਾਉਣ ਅਤੇ ਖੇਡਾਂ ਵਿੱਚ ਰੁਚੀ ਸੀ, ਉਸੇ ਤਰ੍ਹਾਂ ਹੀ ਰਜਬ ਅਲੀ ਵਿੱਚ ਆਪਣੇ ਪਿਤਾ ਵਾਲੇ ਗੁਣ ਹੋਣੇ ਸੁਭਾਵਿਕ ਹੀ ਸਨ। ਦੌੜ, ਲੰਮੀ ਛਾਲ, ਫੁਟਬਾਲ ਅਤੇ ਕ੍ਰਿਕੇਟ ਦਾ ਉਹ ਆਪਣੇ ਜ਼ਮਾਨੇ ਦਾ ਮੰਨੇ-ਪ੍ਰਮੰਨੇ ਖਿਡਾਰੀ ਅਤੇ ਫ਼ਰੀਦਕੋਟ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਸੀ। ਉਹ ਕਦੇ-ਕਦੇ ਮੈਚ ਖੇਡਣ ਲਈ ਆਪਣੇ ਸਾਥੀਆਂ ਨਾਲ ਲਈ ਜਲੰਧਰ ਜਾਂ ਪਟਿਆਲੇ ਵੀ ਜਾਂਦਾ ਸੀ। ਇਸ ਗੱਲ ਦਾ ਸੰਕੇਤ ਉਸ ਦੀ ਕਵਿਤਾ ਵਿੱਚ ਮਿਲਦਾ ਹੈ :
 ਵੇਖੇ ਕਿਲੇ ਰਿਆਸਤ ਦੇ, ਰਾਜ ਦੇ ਮੰਦਰ ਵੜੇ ਨਾ ਅੰਦਰ।
 ਕਪਤਾਨ ਟੀਮ ਦਾ ਸਾਂ, ਖੇਡਣ ਗਏ ਕ੍ਰਿਕਟ ਜਲੰਧਰ। 

08 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦਸਵੀਂ ਪਾਸ ਕਰਕੇ ਉਸਨੇ ਗੁਜਰਾਤ ਦੇ ਰਸੂਲ ਸ਼ਹਿਰ ਤੋਂ ਉਵਰਸੀਅਰ ਦੀ ਟਰੇਨਿੰਗ ਲਈ। ਉੱਥੇ ਵੀ ਉਹ ਫੁਟਬਾਲ ਦਾ ਵਧੀਆ ਖਿਡਾਰੀ ਸੀ। ਉਸਨੇ ਬਹੁਤ ਸਾਰੇ ਮੈਚ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਉਵਰਸੀਅਰ ਦੇ ਇਮਤਿਹਾਨ ਵਿੱਚੋਂ ਪੰਜਵੇਂ ਨੰਬਰ ਤੇ ਆ ਕੇ ਉਹ ਇਸੇ ਸਾਲ ਹੀ ਮੁਲਤਾਨ ਨਿਯੁਕਤ ਹੋ ਗਿਆ। ਪਰ ਉਸਦੀ ਬਤੌਰ ਉਵਰਸੀਅਰ ਨਿਯੁਕਤੀ ਬੰਗਲਾ ਗੋਹਾਟੀ ਤਹਿਸੀਲ ਮਰਦਾਨ, ਜ਼ਿਲ੍ਹਾ-ਪੇਸ਼ਾਵਰ ਤੋਂ ਹੋਈ। ਉਸ ਸਮੇਂ ਵਿੱਚ ਉਸ ਨੂੰ ਤਨਖ਼ਾਹ ਤੋਂ ਇਲਾਵਾ ੨੫ ਰੁਪਏ ਵੱਖਰਾ ਭੱਤਾ ਮਿਲਦਾ ਸੀ। ਪਿਸ਼ਾਵਰ ਵਰਗਾ ਖੁਸ਼ਹਾਲ ਇਲਾਕਾ, ਸਾਹਿਤ ਦਾ ਇਸ਼ਕ, ਇੱਕ ਉੱਚਕੋਟੀ ਦਾ ਅਫ਼ਸਰ ਅਤੇ ਖੁੱਲ੍ਹੀ ਤਨਖ਼ਾਹ ਉਸ ਲਈ ਕੁਦਰਤ ਦੁਆਰਾ ਦਿੱਤੀਆਂ ਨਿਆਮਤਾਂ ਸਨ। ਇਨ੍ਹਾਂ ਆਦਿ ਦਾ ਵਰਣਨ ਉਸਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ :
 ਕਰ ਐਂਟਰੈਂਸ ਪਾਸ ਸਕੂਲੋਂ, ਓਵਰਸੀਅਰ ਬਣੇ ਰਸੂਲੋਂ।
 ਜ਼ਿਲ੍ਹੇ ਪਿਸ਼ੌਰ ਨਹਿਰ ਵਿੱਚ ਭਰਤੀ, ਦੌਲਤ ਪਾਣੀ ਵਾਂਗ ਵਰਤੀ।
 ਬਹੁਤ ਬਹਾਰਾਂ ਮਾਣੀਆਂ, ਸੁਰਖ ਮਖ਼ਮਲਾਂ ਵਰਗੇ ਫਿਰਨ ਪਠਾਣ ਪਠਾਣੀਆਂ।
ਬਾਬੂ ਰਜਬ ਅਲੀ ਨੇ ਆਪਣੀ ਨਿਯੁਕਤੀ ਵਾਲੇ ਸਥਾਨ ਤੇ ਨਰੋਏ ਸਮਾਜ ਦੀ ਸਿਰਜਣ ਦੀ ਵਿਆਖਿਆ ਬੜੇ ਸ਼ਾਨਦਾਰ ਢੰਗ ਨਾਲ ਕੀਤੀ ਹੈ। ਕਾਜੂ, ਬਦਾਮ ਅਤੇ ਖਸਖਸ ਖਵਾ ਕੇ ਪਲ਼ੇ ਪਠਾਣ ਮਾਵਾਂ ਦੇ ਪੁੱਤਰਾਂ ਦੇ ਗੁੰਦਵੇਂ ਸਰੀਰ, ਸੂਰਜ ਵਾਂਗ ਭਖਦੇ ਚਿਹਰੇ ਅਤੇ ਉੱਚੇ-ਲੰਬੇ ਕੱਦਾਂ ਦੀ ਵਿਆਖਿਆ ਆਪਣੀ ਪਲੇਠੀ ਰਚਨਾ (ਹੀਰ ਰਜਬ ਅਲੀ ੧੯੧੪ ਈ.) ਛੰਦਾਂ ਬੰਦੀ ਵਿੱਚ ਲਿਖ ਕੇ ਕੀਤਾ ਅਤੇ ਆਪਣੇ ਪਿਤਾ ਧਮਾਲੀ ਖਾਂ ਅਤੇ ਤਾਏ ਇੰਦਰ ਸਿੰਘ ਦੇ ਚੜ੍ਹੇ ਉਲਾਂਭਿਆਂ ਨੂੰ ਪੂਰਾ ਕੀਤਾ। ਇੱਕ ਹੀਰ ਲਿਖਣ ਦਾ ਅਤੇ ਦੂਜਾ ਬਾਬੂ ਬਣਨ ਦਾ।
ਬਾਬੂ ਰਜਬ ਅਲੀ ਆਪਣੇ ਸਮੇਂ ਦਾ ਪ੍ਰਸਿੱਧ ਹਰਫ਼ਨ ਮੌਲਾ ਕਵੀਸ਼ਰ ਸੀ। ਇਸ ਲਈ ਉਸ ਨੇ ਆਪਣੇ ਸਕੂਲ ਦੇ ਮੁੱਖ ਅਧਿਆਪਕ ਪੰਡਿਤ ਰਾਮ ਨਿਵਾਸ ਜੀ ਤੋਂ ਕਾਵਿ ਬੋਧ ਪ੍ਰਾਪਤ ਕੀਤਾ। ਉਸ ਨੇ ਪੰਜਾਬੀ, ਫ਼ਾਰਸੀ, ਉਰਦੂ ਤੇ ਪਿੰਗਲ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਕੀਤੀ, ਪਰ ਕਵੀਸ਼ਰੀ ਕਲਾ ਦਾ ਉਸਤਾਦ ਉਸ ਨੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ਨੂੰ ੧੯੨੧ ਈ. ਵਿੱਚ ਵਿਧੀਪੂਰਵਕ (ਪੱਗ ਦੇ ਕੇ) ਧਾਰਨ ਕੀਤਾ। ਬਾਬੂ ਰਜਬ ਅਲੀ ਵੀ ਆਪਣੇ ਉਸਤਾਦ ਮਾਨ ਸਿੰਘ ਵਾਂਗ ਮਾਲਵੇ ਦਾ ਸਿਰਮੌਰ ਕਵੀਸ਼ਰ ਬਣਿਆ। ਉਸ ਦੀ ਪੰਜਾਬੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾ ਤੇ ਚੰਗੀ ਪਕੜ ਸੀ। ਇਹੀ ਕਾਰਨ ਹੈ ਕਿ ਉਸ ਨੇ ਆਪਣੀ ਕਵੀਸ਼ਰੀ ਕਲਾ ਦਾ ਲੋਹਾ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵੀ ਮਨਵਾਇਆ। ਉਸ ਦੀ ਕਵਿਤਾ ਨੀਤੀ ਦੇ ਕਬਿੱਤ ਦੀ ਇੱਕ ਉਦਾਹਰਣ ਇਸ ਪ੍ਰਕਾਰ ਹੈ :
ਘਰ ਕਮਜ਼ੋਰ ਹੋ ਜੇ, ਪੁੱਤਰ ਲੰਡੋਰ ਹੋ ਜੇ,
ਜੇ ਸਿਆਣੂ ਚੋਰ ਹੋ ਜੇ, ਤਾਂ ਪੁਲਸ ਰੋਜ਼ ਧੱਸਦੀ,
ਮੌਤ ਜੇ ਵਿਆਹ 'ਚ ਹੋ ਜੇ, ਜੇ ਜੁਆਕ ਰਾਹ 'ਚ ਹੋ ਜੇ
ਮੀਂਹ-ਝੜੀ ਜੇ ਗਾਹ 'ਚ ਹੋ ਜੇ, ਦੁੱਖੀਂ ਜਨ ਫੱਸਦੀ।
ਸੱਪ ਜੇ ਅਸੀਲ ਹੋ ਜੇ, ਖ਼ਾਰਜ ਅਪੀਲ ਹੋ ਜੇ,
ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ।
ਇਸ ਤਰ੍ਹਾਂ ਪੰਜਾਬੀ ਤੋਂ ਇਲਾਵਾ ਉਸ ਨੇ ਧਾਰਮਿਕ ਕਿੱਸਿਆਂ, ਰਮਾਇਣ, ਮਹਾਂਭਾਰਤ, ਗੁਰੂਆਂ ਦੇ ਪ੍ਰਸੰਗ ਵਿੱਚ ਵੀ ਆਪਣੀ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਇੱਕੋ ਜਿਹੇ ਢੰਗ ਨਾਲ ਕੀਤਾ ਹੈ।ਇਸਲਾਮੀ, ਪਰੰਪਰਾ ਅਨੁਸਾਰ ਉਸ ਨੇ ਚਾਰ ਵਿਆਹ ਕਰਵਾਏ ਉਸ ਦੀਆਂ ਪਤਨੀਆਂ ਭਾਗੋ, ਫਾਤਮਾ, ਰਹਿਮਤ ਬੀਬੀ ਅਤੇ ਦੌਲਤਾਂ ਸਨ। ਬਾਬੂ ਰਜਬ ਅਲੀ ਨੇ ਆਪਣੇ ਪਿਤਾ ਧਮਾਲੀ ਖਾਂ ਦੀ ਆਖ਼ਰੀ ਇੱਛਾ ਦੇ ਚਲਾਣੇ ਤੋਂ ਬਾਅਦ ਪੂਰੀ ਕਰ ਦਿੱਤੀ ਅਤੇ ਪਿੰਡ ਵਿੱਚ ਪ੍ਰਤੀ ਜੀ ਇੱਕ ਸੇਰ ਮਿਠਿਆਈ ਤੋਲ ਕੇ ਪ੍ਰਸੰਸਾ ਖੱਟੀ।
ਰਜਬ ਅਲੀ ਨੇ ਆਪਣੀ ਉਵਰਸੀਅਰ ਦੀ ਨੌਕਰੀ ਬੜੀ ਮਿਹਨਤ ਅਤੇ ਤਨਦੇਹੀ ਨਾਲ ਕੀਤੀ। ਇਸਦਾ ਜ਼ਿਕਰ ਉਸ ਨੇ ਆਪਣੇ ਸੈਂਕੜੇ ਛੰਦਾਂ ਵਿੱਚ ਕੀਤਾ ਹੈ। ਉਹ ਅੰਗਰੇਜ਼ ਸਰਕਾਰ ਦਾ ਇਮਾਨਦਾਰ ਅਫ਼ਸਰ ਹੁੰਦਾ ਹੋਇਆ ਵੀ ਆਪਣੇ ਦੇਸ਼ ਦਾ ਵਫ਼ਾਦਾਰ ਸਿਪਾਹੀ ਸੀ। ਉਸ ਦੀ ਤਰੱਕੀ ਹੋਣ ਤੋਂ ਪਹਿਲਾਂ ਹੀ ਉਸ ਦੁਆਰਾ ਲਿਖੀ ਗਈ ਦੇਸ਼-ਭਗਤੀ ਦੀ ਕਵਿਤਾ ਨੂੰ ਕਿਸੇ ਨੇ ਚੁਗ਼ਲੀ ਕਰ ਅੰਗਰੇਜ਼ਾਂ ਤੱਕ ਪੁਚਾ ਦਿੱਤਾ। ਇਸ ਕਾਰਨ ਉਸ ਦੀ ਤਰੱਕੀ ਰੋਕ ਦਿੱਤੀ ਗਈ।
 ਕਰ ਦੂਰ ਦਵੈਤਾਂ ਨੂੰ, ਕਲਮ ਨੂੰ ਫੜ ਕੇ ਲਿਖ ਗਿਆ ਸ਼ਾਇਰੀ।
 ਲਿਖੇ ਕਵਿਤਾ ਆਜ਼ਾਦੀ ਦੀ, ਕਿਸੇ ਨੇ ਦੇਤੀ ਖੁਫ਼ੀਆ ਡੈਰੀ।
 ਹੋਈਆਂ ਬੰਦ ਤਰੱਕੀਆਂ ਜੀ, ਚੱਕੇ ਗਏ ਨੇਰ੍ਹੇ ਗੈਸ ਜੇ ਜੱਗੇ।
 ਮੇਰੀ ਸਾਹੋ ਨੱਗਰੀ ਨੂੰ, ਕਿਸੇ ਦੀ ਚੰਦਰੀ ਨਜ਼ਰ ਨਾ ਲੱਗੇ।

 

08 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦੇਸ਼-ਭਗਤੀ ਦੀਆਂ ਕਵਿਤਾਵਾਂ ਰਚਨ ਕਾਰਨ ਉਸ ਦੀ ਐਸ.ਡੀ.ਓ. ਦੀ ਤਰੱਕੀ ਵਾਲੀ ਮਿਸਲ ਖਾਰਜ ਕਰਕੇ ਤਰੱਕੀ ਰੋਕ ਦਿੱਤੀ ਗਈ ਤੇ ਉਸ 'ਤੇ ਤਿੱਖੀ ਨਜ਼ਰ ਰੱਖੀ ਜਾਣ ਲੱਗੀ। ਉਸ ਨੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਸਮੇਂ ਤੋਂ ਪਹਿਲਾਂ ਪੈਨਸ਼ਨ ਲੈ ਲਈ।ਜਦੋਂ ਦੇਸ਼ ਆਜ਼ਾਦ ਹੋ ਕੇ ਵੰਡਿਆ ਗਿਆ ਤਾਂ ਉਸ ਸਮੇਂ ਬਾਬੂ ਰਜਬ ਅਲੀ ਦੀ ਪੀੜ ਵੇਖਣ ਵਾਲੀ ਸੀ। ਉਸ ਨੂੰ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਜਾਣਾ ਪਿਆ।
 ਸੰਨ ਸਨਤਾਲੀ ਦੇਸ਼ 'ਚੋਂ ਉਜਾੜੇ ਸੀ,
 ਅੰਨ, ਜਲ ਲੈ ਗਿਆ ਖਿੱਚ ਕੇ ਉਕਾੜੇ ਸੀ।
ਉਸਨੂੰ ਚੱਕ ਨੰਬਰ ਬੱਤੀ ਉਕਾੜੇ ਤਹਿਸੀਲ ਵਿੱਚ ਚਾਲ਼ੀ ਏਕੜ ਜ਼ਮੀਨ ਅਤੇ ਘਰ ਅਲਾਟ ਹੋਏ। ਹੌਲ਼ੀ-ਹੌਲ਼ੀ ਉਸ ਦਾ ਪਰਿਵਾਰ ਵਾਹੀ ਵਿੱਚ ਚੰਗੀ ਤਰ੍ਹਾਂ ਖੁੱਭ ਚੁੱਕਾ ਸੀ ਪਰ ਬਾਬੂ ਜੀ ਦਾ ਮਨ ਅਜੇ ਵੀ ਆਪਣੇ ਪਿੰਡ ਸਾਹੋ ਕੇ ਲਈ ਤਰਸਦਾ ਸੀ।
ਭਾਗਾਂ ਵਾਲਿਆਂ ਬੰਦਿਆਂ ਨੇ ਵੇਖੇ, ਸਾਹੋ ਕੇ ਹਮਾਰੇ ਘਰ ਜੀ।
ਮਾੜੀ, ਮੱਲਕੇ, ਬੰਬੀਹੇ, ਸੇਖੇ ਤੇ ਸਿਵੀਆਂ, ਸਮਾਲਸਰ ਜੀ।
ਚੀਦਾ, ਵਾਂਦਰ, ਬੁਰਜ, ਠੱਠੀ, ਨਾਲੇ ਬਾਬੂ ਕੋਲੇ ਬਰਗਾੜੀ ਦੇ।
ਮੇਵੇ ਤੋੜ ਕੇ ਮਰੋੜ ਤੋੜ ਡਾਲੇ, ਖਿੰਡਾ ਫੁੱਲ ਫੁਲਵਾੜੀ ਦੇ।
ਉਸ ਦਾ ਸਰੀਰ ਪਾਕਿਸਤਾਨੀ ਪੰਜਾਬ ਦੇ ਚੱਕ ਨੰਬਰ ਬੱਤੀ ਵਿੱਚ ਕੈਦ ਸੀ ਪਰ ਉਸ ਦੀ ਰੂਹ ਆਪਣੇ ਪਿੰਡ ਸਾਹੋ ਕੇ ਵਿੱਚ ਵੱਸ ਰਹੀ ਸੀ। ਉਸ ਕੋਲ ਹੌਕੇ ਤੇ ਹਾਵਿਆਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।ਸਮੇਂ ਦੀ ਸਰਕਾਰ ਅਤੇ ਸਮਾਜ ਵੱਲੋਂ ਉਸਨੂੰ ਆਪਣੀ ਜਨਮ ਭੂਮੀ 'ਤੇ ਆਉਣ ਦੀ ਇਜ਼ਾਜ਼ਤ ਨਹੀਂ ਸੀ। ਉਹ ਆਪਣੇ ਪਿੰਡ ਦੀ ਮਿੱਟੀ ਨੂੰ ਸਿਜਦਾ ਕਰਨ ਲਈ ਤੜਪ ਰਿਹਾ ਸੀ। ਇਸ ਲਈ ਉਹ ਆਪਣੇ ਲੰਮੇ-ਲੰਮੇ ਖ਼ਤਾਂ ਵਿੱਚ ਆਪਣੇ ਸ਼ਾਗਿਰਦਾਂ ਨੂੰ ਸੇਧ ਦਿੰਦਾ ਰਹਿੰਦਾ। ਉਸਨੇ ਇੱਕ ਪਰਾਏ ਮੁਲਕ ਵਿੱਚ ਰਹਿੰਦਆਂ ਹੋਇਆਂ ਵੀ 'ਦਸ਼ਮੇਸ਼ ਮਹਿਮਾ' ਨਾਂ ਦੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਦਿਲੀ ਸ਼ਰਧਾਂਜਲੀ ਦੇਣ ਲਈ ਲਿਖੀ :
ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,
ਕੰਮ ਅਣਥੱਕਿਆਂ ਵਾਲੇ, ਕਰਨ ਹਮੇਸ਼ ਗੁਰ।
'ਬਾਬੂ ਜੀ' ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ, 'ਮੇਰੇ ਦਸਮੇਸ਼ ਗੁਰ'।
ਇਸਲਾਮ ਧਰਮ ਵਿੱਚ ਜਨਮ ਲੈ ਕੇ ਵੀ ਇਸ ਅਲਬੇਲੇ ਸ਼ਾਇਰ ਨੇ ਕੇਵਲ ਆਪਣੇ ਧਰਮ ਪ੍ਰਤੀ ਹੀ ਸ਼ਰਧਾ ਨਹੀਂ ਵਿਖਾਈ, ਸਗੋਂ ਸਰਵ-ਧਰਮ ਸਤਿਕਾਰ ਕੀਤਾ। ਇੱਕ ਪਾਸੇ ਉ@ਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 'ਪਟਨੇ ਜਰਮ, ਵਾਲੇ ਮੇਰੇ ਦਸਮੇਸ਼ ਗੁਰ' ਲਿਖ ਕੇ ਉਨ੍ਹਾਂ ਲਈ ਆਪਣੀ ਦਿਲੀ ਸ਼ਰਧਾ ਪ੍ਰਗਟ ਕੀਤੀ ਹੈ, ਦੂਜੇ ਪਾਸੇ ਉਸ ਨੇ ਮਾਤਾ ਸਰਸਵਤੀ ਦੀ ਮੰਗਲ ਕਾਮਨਾ ਕਰਕੇ ਆਪਣੀ ਕਲਮ ਲਈ ਤਾਕਤ ਮੰਗੀ ਅਤੇ ਹੱਕ ਸੱਚ ਦੀ ਲੜਾਈ ਲੜ ਰਹੇ ਮਾਸੂਮ ਪ੍ਰਹਿਲਾਦ ਭਗਤ ਦੇ ਹੱਕ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਸੱਚਾ ਸਤਿਗੁਰੂ ਮੰਨਿਆ।

08 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਸ ਦੀ ਭਾਰਤ ਆਉਣ ਦੀ ਦਿਲੀ ਤਾਂਘ ਬਰਕਾਰਾਰ ਸੀ। ੧੯੬੦ ਅਤੇ ੧੯੬੪ ਵਿੱਚ ਉਸ ਨੂੰ ਭਾਰਤ ਵਿੱਚ ਆਉਣ ਦੀ ਕੁਝ ਆਸ ਬੱਝੀ ਪਰ ਐਨ ਮੌਕੇ 'ਤੇ ਪਾਕਿਸਤਾਨ ਸਰਕਾਰ ਨੇ ਉਸ ਦੇ ਕਾਗਜ਼ਾਂ ਉੱਪਰ ਦਸਤਖ਼ਤ ਹੀ ਨਾ ਕੀਤੇ। ਅੰਤ ਵਿੱਚ ਪ੍ਰਮਾਤਮਾ ਨੇ ਉਸ ਦੀ ਪੁਕਾਰ ਸੁਣੀ ਅਤੇ ੧੧ ਫਰਵਰੀ ੧੯੬੫ ਨੂੰ ਉਸ ਦੀ ਸਵਦੇਸ਼ ਵਾਪਸੀ ਦਾ ਰਾਹ ਪਾਕਿਸਤਾਨੀ ਸਰਕਾਰ ਤੋਂ ਵੀਜ਼ਾ ਮਿਲਣ ਕਰਕੇ ਪੱਧਰਾ ਹੋ ਗਿਆ। ਇੱਕ ਮਹੀਨੇ ਦਾ ਵੀਜ਼ਾ ਲੈ ਕੇ ਬਾਬੂ ਰਜਬ ਅਲੀ ਆਪਣੇ ਪੁੱਤਰਾਂ ਸਮੇਤ ੧੫ ਮਾਰਚ ੧੯੬੫ ਨੂੰ ਵਾਹਗਾ ਸਰਹੱਦ ਤੇ ਪਹੁੰਚ ਗਿਆ। ਬਾਬੂ ਜੀ ਦੇ ਸ਼ਾਗਿਰਦਾਂ, ਪਿੰਡ ਵਾਸੀਆਂ ਅਤੇ ਉਸ ਦੇ ਪ੍ਰਸੰਸਕਾਂ ਨੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ।
ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਸਾਹਿਬ ਟੇਕ ਕੇ ਪੂਰੇ ਅਠਾਰ੍ਹਾਂ ਵਰ੍ਹਿਆਂ ਬਾਅਦ ਉਹ ਆਪਣੇ ਪਿੰਡ ਸਾਹੋ ਕੇ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਦਾ ਚਾਅ 'ਤੇ ਉਤਸ਼ਾਹ ਸਾਂਭਿਆ ਨਹੀਂ ਜਾ ਰਿਹਾ ਸੀ। ਲੋਕਾਂ ਨੇ ਸ਼੍ਰੋਮਣੀ ਕਵੀਸ਼ਰ ਦੀ ਆਰਤੀ ਉਤਾਰ ਕੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਤਿੰਨ ਦਿਨ ਹਰ ਇੱਕ ਘਰ ਨੇ ਆਪਣੇ ਘਰ ਦੇ ਬਨੇਰਿਆਂ 'ਤੇ ਦੀਵੇ ਬਾਲ ਕੇ ਆਪਣੇ ਮਹਿਬੂਬ ਸ਼ਾਇਰ ਦੇ ਆਪਣੇ ਪਿੰਡ ਆਉਣ ਦੀ ਖ਼ੁਸ਼ੀ ਜ਼ਾਹਿਰ ਕੀਤੀ। ਵਿਭਿੰਨ ਕਵੀਸ਼ਰੀ ਜੱਥਿਆਂ ਅਤੇ ਕਵੀਸ਼ਰਾਂ ਨੇ ਬਾਬੂ ਰਜਬ ਅਲੀ ਦੀ ਉਸਤਤ ਵਿੱਚ ਆਪਣੇ ਰਚੇ ਛੰਦ ਬੋਲੇ ਸਨ। ਇਸ ਸਮੇਂ ਬਾਬੂ ਜੀ ਨੇ ਆਪਣੀ ਮਾਤ ਭੂਮੀ ਪ੍ਰਤੀ ਆਪਣਾ ਮੋਹ ਭਿੱਜਿਆ ਭਾਸ਼ਣ ਦਿੱਤਾ। ਉਸ ਨੂੰ ਉਨ੍ਹਾਂ ਦੇ ਸ਼ਾਗਿਰਦਾਂ ਅਤੇ ਚੇਲਿਆਂ ਵੱਲੋਂ ਧਨ ਪਦਾਰਥ ਅਤੇ ਪੱਗਾਂ ਭੇਟ ਕੀਤੀਆਂ ਗਈਆਂ। ਸਾਰਾ ਧਨ ਉਸ ਨੇ ਲੰਗਰ ਲਈ ਦਾਨ ਕੀਤਾ। ਉਸਨੂੰ ਆਪਣੇ ਪਿੰਡ ਆਇਆਂ ਅਜੇ ਗਿਆਰਾਂ ਦਿਨ ਹੀ ਬੀਤੇ ਸਨ ਕਿ ਭਾਰਤ ਪਾਕਿਸਤਾਨ ਵਿਚਕਾਰ ਰਣਕੱਛ ਵਿੱਚ ਲੜਾਈ ਛਿੜ ਗਈ। ਇਸ ਕਾਰਨ ਉਸ ਨੂੰ ੨੬ ਮਾਰਚ ੧੯੬੫ ਨੂੰ ਸ਼ਾਮ ਦੇ ਪੰਜ ਵਜੇ ਸਾਹੋ ਕੇ ਪਿੰਡ ਤੋਂ ਵਿਦਾ ਹੋਕੇ ਰਾਤ ਦੇ ਨੌਂ ਵਜੇ ਚੱਕ ਨੰਬਰ ਬੱਤੀ ਪਾਕਿਸਤਾਨ ਪਹੁੰਚਣਾ ਪਿਆ। ਵੰਡ ਤੋਂ ਬਾਅਦ ਬਾਬੂ ਜੀ ਦੀ ਇਹ ਆਪਣੇ ਪਿੰਡ ਦੀ ਪਹਿਲੀ ਅਤੇ ਆਖ਼ਰੀ ਫੇਰੀ ਸੀ। ਉੇਸ ਨੂੰ ਆਪਣੇ ਪਿੰਡ ਗੁਜ਼ਾਰੇ ਇਹ ਗਿਆਰਾਂ ਦਿਨ ਸਵਰਗਾਂ ਦੀ ਕਾਇਨਾਤ ਦੀ ਤਰ੍ਹਾਂ ਮਹਿਸੂਸ ਹੋਏ ਸਨ।
ਬਾਬੂ ਰਜਬ ਅਲੀ ਦਾ ਸਮੁੱਚਾ ਜੀਵਨ ਸਾਫ਼ ਅਤੇ ਸਪਸ਼ਟ ਸੀ। ਉਸ ਦੀ ਸਿਹਤ ਪਚਾਸੀ ਵਰ੍ਹਿਆਂ ਵਿੱਚ ਵੀ ਤੰਦਰੁਸਤ ਸੀ। ਪਰ ਉਸ ਦੀ ਸੁਰਤ ਉਮਰ ਦੇ ਆਖ਼ਰੀ ਵਰ੍ਹਿਆਂ ਵਿੱਚ ਪ੍ਰਮਾਤਮਾ ਨਾਲ ਜਾ ਜੁੜਦੀ ਸੀ। ਉਸ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਬੈਂਤ ੧ ਜੂਨ ੧੯੭੯ ਨੂੰ ਇਸ ਪ੍ਰਕਾਰ ਰਚਿਆ :
 ਰਜਬ ਅਲੀ ਤੋਂ ਰੋਜ ਉਡੀਕ ਰੱਖੀ
 ਤੈਨੂੰ ਆਪਣੀ ਮੌਤ ਦੀ ਤਾਰ ਬੀਬਾ।
ਅੰਤ ੬ ਜੂਨ ੧੯੭੯ ਈ ਨੂੰ ਉਹ ਸ਼ਾਮ ਸਮੇਂ ਆਪਣੇ ਵਤਨ ਵਾਪਸੀ ਦੀ ਇੱਛਾ ਮਨ ਵਿੱਚ ਹੀ ਲੈ ਕੇ ਪ੍ਰਲੋਕ ਸਿਧਾਰ ਗਿਆ। ਉਸ ਵਰਗੀ ਸ਼ਖ਼ਸੀਅਤ ਬੜੀ ਮੁਸ਼ਕਿਲ ਨਾਲ ਹੀ ਕਿਸੇ ਕਾਵਿ ਸ਼ਾਇਰ ਦੀ ਹੋਵੇ। ਜਿਸ ਨੇ ਇੰਨੀ ਪਰਪੱਕਤਾ ਅਤੇ ਬੜੇ ਨੇੜਿਉਂ ਅੱਜ ਤੋਂ ਸੱਠ ਸਾਲ ਪਹਿਲਾਂ ਅਜੋਕੇ ਸਭਿਆਚਾਰ ਦੀ ਹੂ-ਬ-ਹੂ ਤਸਵੀਰਕਸ਼ੀ ਕੀਤੀ। ਉਹ ਇੱਕ ਅਫ਼ਸਰ ਹੋਣ ਦੇ  ਬਾਵਜੂਦ ਵੀ ਸਾਦੀ ਰਹਿਣੀ-ਬਹਿਣੀ ਦਾ ਸੀ। ਮਾਲਕ ਉਸ ਦੀ ਬੋਲੀ, ਪਹਿਰਾਵਾ ਅਤੇ ਦਿੱਖ ਪੰਜਾਬੀ ਸਭਿਆਚਾਰ ਦੀ ਧਾਰਨੀ ਸੀ। ਉਹ ਇਸਲਾਮ ਨਾਲ ਸੰਬੰਧਿਤ ਧਰਮ ਦਾ ਹੁੰਦਾ ਹੋਇਆ ਵੀ ਹੋਰ ਭਾਸ਼ਾਵਾਂ ਦਾ ਗਿਆਨ ਰੱਖਦਾ ਸੀ। ਸਭ ਤੋਂ ਵੱਧ ਮਾਣ ਅਤੇ ਸਤਿਕਾਰ ਉਸ ਨੇ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਦਿੱਤਾ ਹੈ। ਜਿਵੇਂ :
 ਆਜੋ ਜੇ ਗੁਰਮੁਖੀ ਕਿਸੇ ਨੇ ਲਿਖਣੀ,
 ਪੜ੍ਹਨੀ ਆਸਾਨ ਤੇ ਸੁਖਾਲੀ ਲਿਖਣੀ।
 ਅੱਖਰ ਜੇ ਫਾਗ ਜਿਉਂ ਜਲੇਬੀ ਪੋਲੀ ਦੇ
 ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ।
ਇਸ ਪ੍ਰਕਾਰ ਬਾਬੂ ਰਜਬ ਅਲੀ ਨੇ ਸਮਕਾਲੀ ਪੰਜਾਬੀ ਸਮਾਜ, ਸਭਿਆਚਾਰ ਅਤੇ ਸਭਿਆਚਾਰਕ ਰੂਪਾਂਤਰਣ ਦੀ ਪ੍ਰਮਾਣਿਕ ਤਸਵੀਰ ਪੇਸ਼ ਕੀਤੀ ਹੈ। ਉਹ ਉੱਚ-ਕੋਟੀ ਦਾ ਪਹਿਲਵਾਨ, ਖਿਡਾਰੀ, ਸਾਊ ਅਤੇ ਆਗਿਆ ਪੁੱਤਰ ਕਹਿਣੀ ਅਤੇ ਕਥਨੀ ਦਾ ਪੂਰਾ, ਜ਼ਿੰਮੇਵਾਰ ਪਿਤਾ, ਇਮਾਨਦਾਰ ਅੰਗਰੇਜ਼ ਅਫ਼ਸਰ, ਦੇਸ਼-ਭਗਤ, ਉਸਤਾਦ ਸ਼ਾਇਰ ਅਤੇ ਅਲਬੇਲੀ ਸ਼ਖ਼ਸੀਅਤ ਦਾ ਮਾਲਕ ਸੀ। ਇਸ ਗੱਲ ਦਾ ਲੋਕਾਂ ਨੂੰ ਇਲਮ ਨਹੀਂ ਹੈ ਕਿ ਉਸ ਦੇ ਜੀਵਨ ਅਤੇ ਰਚਨਾਵਾਂ ਨੂੰ ਸਾਂਭਣ ਜਾਂ ਉਸ ਦੀਆਂ ਰਚਨਾਵਾਂ ਨੂੰ ਕਿਸੇ ਯੂਨੀਵਰਸਿਟੀ ਦੇ ਸਿਲੇਬਸ ਦਾ ਭਾਗ ਨਹੀਂ ਬਣਾਇਆ ਗਿਆ। ਕਵੀਸ਼ਰੀ ਕਲਾ ਤੇ ਉੱਚ ਪੱਧਰੀ ਖੋਜ ਡਾ. ਰੁਲੀਆ ਸਿੰਘ ਨੇ ਕੀਤੀ। ਉਸ ਤੋਂ ਬਾਅਦ ਡਾ. ਅਜਮੇਰ ਸਿੰਘ ਨੇ ਮਾਲਵੇ ਦੀ ਕਵੀਸ਼ਰੀ ਕਲਾ, ਗੁਰਜੀਤ ਕੌਰ ਨੇ ਹੀਰ ਕਵੀਸ਼ਰੀ ਕਲੀਆਂ ਵਿੱਚ ਉਂਗਲਾਂ ਤੇ ਗਿਣਨ ਯੋਗ ਕੰਮ ਹੋਇਆ ਹੈ। ਬਾਬੂ ਜੀ ਦੀ ਰਚਨਾਵਲੀ ਨੂੰ ਸਾਂਭਣ ਦਾ ਅਸਲੀ ਸਿਹਰਾ ਉਨ੍ਹਾਂ ਦੇ ਸ਼ਾਗਿਰਦ ਜੱਥੇਦਾਰ ਜਗਮੇਲ ਸਿੰਘ ਬਾਜਕ ਅਤੇ ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਾਬੂ ਰਜਬ ਅਲੀ ਦੀਆਂ ਕ੍ਰਿਤਾਂ ਨੂੰ ਸਾਂਭ ਕੇ ਉਨ੍ਹਾਂ ਨੂੰ ਸੰਗਮ ਪਬਲੀਕੇਸ਼ਨ, ਸਮਾਣਾ ਤੋਂ ਪ੍ਰਕਾਸ਼ਿਤ ਕਰਵਾਇਆ। ਪੰਜਾਬੀ ਸਮਾਜ-ਸਭਿਆਚਾਰ ਦੇ ਰਾਖੇ ਇਸ ਅਨਮੋਲ ਸ਼ਾਇਰ ਦੇ ਜੀਵਨ ਅਤੇ ਬਿਰਤਾਂਤ ਤੇ ਹੋਰ ਵੀ ਖੋਜ ਭਰਪੂਰ ਕੰਮ ਕੀਤਾ ਜਾ ਸਕਦਾ ਹੈ।

 
 

ਡਾ. ਜਸਪਾਲ ਸਿੰਘ ਰਿਖੀ ਫ਼ੋਨ ਨੰ: 94171-62722

 

08 May 2012

Ashwani Kumar
Ashwani
Posts: 54
Gender: Male
Joined: 23/Apr/2012
Location: Banga
View All Topics by Ashwani
View All Posts by Ashwani
 

Great job by U sir...shukriya Sanjhi krn lyi..

08 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....for.....sharing.....

09 May 2012

Reply