Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਵੀਸ਼ਰੀ ਦਾ ਸ਼ਾਹਸਵਾਰ

ਬਾਬੂ ਰਜਬ ਅਲੀ

ਪ੍ਰਸਿੱਧ ਪੰਜਾਬੀ ਕਵੀ ਬਾਬੂ ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਪਿਤਾ ਵਰਿਆਹ ਰਾਜਪੂਤ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋ ਕੇ ਵਿਖੇ ਹੋਇਆ। ਬਾਬੂ ਰਜਬ ਅਲੀ, ਚਾਰ ਭੈਣਾਂ ਭਾਗੀ, ਸਜਾਦੀ, ਲਾਲ ਬੀਬੀ ਅਤੇ ਰਜਾਦੀ ਦਾ ਛੋਟਾ ਲਾਡਲਾ ਵੀਰ ਸੀ।ਇਸ ਪਰਿਵਾਰ ਦਾ ਪਿਛੋਕੜ ਪਿੰਡ ਫੂਲ ਦਾ ਸੀ। ਇਨ੍ਹਾਂ ਦੇ ਚਾਚਾ ਹਾਜੀ ਰਤਨ ਖਾਂ ਇੱਕ ਵਧੀਆ ਕਵੀਸ਼ਰ ਸਨ। ਉਨ੍ਹਾਂ ਡੀ.ਬੀ. ਪ੍ਰਾਇਮਰੀ ਸਕੂਲ ਬੰਬੀਹਾ ਭਾਈ ਤੋਂ ਮੁੱਢਲੀ ਪੜ੍ਹਾਈ ਹਾਸਲ ਕੀਤੀ। ਫਿਰ ਬਰਜਿੰਦਰਾ ਹਾਈ ਸਕੂਲ ਤੋਂ ਦਸਵੀਂ ਕਰਨ ਉਪਰੰਤ ਗੁਜਰਾਤ ਦੇ ਰਸੂਲ ਕਾਲਜ ਤੋਂ ਓਵਰਸੀਅਰ ਦਾ ਡਿਪਲੋਮਾ ਕਰਕੇ ਨਹਿਰੀ ਵਿਭਾਗ ਵਿੱਚ ਨੌਕਰੀ ਕਰਨ ਲੱਗੇ। ਵਿਦਿਆਰਥੀ ਜੀਵਨ ਸਮੇਂ ਉਹ ਵਧੀਆ ਅਥਲੀਟ, ਲੰਮੀ ਛਾਲ ਲਾਉਣ ਦੇ ਮਾਹਿਰ, ਕ੍ਰਿਕਟ ਅਤੇ ਫ਼ੁਟਬਾਲ ਦੇ ਵਧੀਆ ਖਿਡਾਰੀ ਸਨ। ਇੱਥੋਂ ਤਕ ਕਿ ਸਕੂਲ ਦੀ ਪੜ੍ਹਾਈ ਸਮੇਂ ਤਾਂ ਉਹ ਕ੍ਰਿਕਟ ਟੀਮ ਦੇ ਕਪਤਾਨ ਵੀ ਰਹੇ।
ਉਨ੍ਹਾਂ ਨਹਿਰੀ ਵਿਭਾਗ ਵਿੱਚ ਨੌਕਰੀ ਸ਼ੁਰੂ ਕਰਦਿਆਂ ਹੀ ਪਹਿਲੀ ਰਚਨਾ“‘ਹੀਰ ਰਜਬ ਅਲੀ’ ਨਾਲ ਕਵੀਸ਼ਰੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਇਸ ਖੇਤਰ ਵਿੱਚ ਕਈ ਮੱਲਾਂ ਮਾਰੀਆਂ। ਆਪਣੀ 25 ਵਰ੍ਹਿਆਂ ਦੀ ਨੌਕਰੀ ਦੌਰਾਨ ਦੋ ਵਾਰ ‘ਸ਼੍ਰੋਮਣੀ ਕਵੀਸ਼ਰ’ ਹੋਣ ਦਾ ਖ਼ਿਤਾਬ ਹਾਸਲ ਕੀਤਾ। ਬਾਬੂ ਰਜਬ ਅਲੀ ਨੇ ਭਾਗੋ ਬੇਗ਼ਮ, ਰਹਿਮਤ ਬੀਬੀ, ਫ਼ਾਤਿਮਾ ਅਤੇ ਦੌਲਤ ਬੀਬੀ ਨਾਲ ਨਿਕਾਹ ਕਰਵਾਏ। ਇਨ੍ਹਾਂ ਬੀਵੀਆਂ ਤੋਂ ਆਪ ਦੇ ਘਰ ਚਾਰ ਪੁੱਤਰ ਆਕਲ ਖਾਂ, ਸਮਸ਼ੇਰ ਖਾਂ, ਅਦਾਲਤ ਖਾਂ, ਅਲੀ ਸਰਦਾਰ ਅਤੇ ਦੋ ਬੇਟੀਆਂ ਸਮਸ਼ਾਦ ਬੇਗ਼ਮ ਅਤੇ ਗੁਲਜ਼ਾਰ ਬੇਗ਼ਮ ਨੇ ਜਨਮ ਲਿਆ।
ਨਾਜ਼ੁਕ ਕਲਾ ਦੇ ਮਾਲਕ ਤੋਂ ਨੌਕਰੀ ਦੀਆਂ ਸਮੱਸਿਆਵਾਂ ਨਾਲ ਸਮਝੌਤਾ ਨਾ ਕੀਤਾ ਗਿਆ। ਅਖ਼ੀਰ ਸੰਨ 1940 ਵਿੱਚ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।ਰਿਹਾਇਸ਼ ਵੀ ਬਦਲ ਕੇ ਪਿੰਡ ਕਾਲਾ ਟਿੱਬਾ ਵਿਖੇ ਕਰ ਲਈ, ਜਿੱਥੇ ਉਹ ਸੰਨ 1947 ਦੀ ਵੰਡ ਤਕ ਰਹਿੰਦੇ ਰਹੇ। ਹਾਲਾਤਾਂ ਦੇ ਝੱਖੜ ਨੇ ਹੋਰਾਂ ਲੋਕਾਂ ਵਾਂਗ ਉਨ੍ਹਾਂ ਨੂੰ ਵੀ ਨਾ ਬਖ਼ਸ਼ਿਆ ਅਤੇ ਉਹ ਵੀ ਉਜਾੜੇ ਦੀ ਮਾਰ ਝੱਲਦੇ ਸਰਹੱਦੋਂ ਪਾਰ ਚਲੇ ਗਏ। ਜੋ ਰਚਨਾ ਉਨ੍ਹਾਂ ਨੇ ਉੱਧਰ ਜਾ ਕੇ ਕੀਤੀ, ਉਸ ਵਿੱਚ ਮਾਲਵੇ ਦੀ ਤੜਪ, ਪਿੰਡ ਦੀ ਜੂਹ, ਪਿੰਡ ਦੀਆਂ ਗਲੀਆਂ ਦੀਆਂ ਯਾਦਾਂ ਦੇ ਝਲਕਾਰੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀਆਂ ਲਿਖਤਾਂ ਲੋਕ ਮਨਾਂ ਦੇ ਬਹੁਤ ਨੇੜੇ ਹਨ। ਕਈ ਵਿਦਿਆਰਥੀਆਂ ਨੇ ਉਨ੍ਹਾਂ ਦੀਆਂ ਰਚਨਾਵਾਂ ’ਤੇ ਪੀ.ਐਚ.ਡੀ.,ਐਮ.ਫ਼ਿਲ. ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ।
ਉਨ੍ਹਾਂ ਦੀਆਂ ਕੁਝ ਰਚਨਾਵਾਂ ਦੇ ਅੰਸ਼ ਲੋਕ ਮਨਾਂ ਵਿੱਚ ਅੱਜ ਵੀ ਘਰ ਪਾਈ ਬੈਠੇ ਹਨ। ਗਾਇਕਾ ਰਣਜੀਤ ਕੌਰ ਦੀ ਆਵਾਜ਼ ਵਿੱਚ ਗਾਇਆ ਰਜਬ ਅਲੀ ਦਾ ‘ਮਿਰਜ਼ਾ’ ਮੀਲ-ਪੱਥਰ ਦੀ ਨਿਆਈਂ ਹੈ:
‘ਭੈਣ ਉਡੀਕਾਂ ਕਰੇ ਮਿਰਜਿਆ, ਕੌਣ ਬੰਨ੍ਹਾਵੇ ਧੀਰ,
ਖਾਲੀ ਘੋੜੀ ਹਿਣਕਦੀ ,ਉੱਤੇ ਨੀ ਦੀਹਦਾ ਵੀਰ।’
ਅੰਗਰੇਜ਼ ਦੇ ਡਰਨ ਦਾ ਦ੍ਰਿਸ਼ ਵੀ ਉਨ੍ਹਾਂ ਨੇ ਇੰਜ ਕਲਮਬੰਦ ਕੀਤਾ:
‘ਅੜੇ ਅੰਗਰੇਜ਼, ਲਾਉਣ ਨਾ ਮੇਜ਼,
ਗੇਟਾਂ ਨੂੰ ਜੰਦਰੇ, ਹਾੜ ਨੂੰ ਅੰਦਰੇ।’
ਜਿਨ੍ਹਾਂ ਜ਼ਿਮੀਦਾਰਾਂ ਦੇ ਉਨ੍ਹਾਂ ਨੇ ਕੰਮ ਕੀਤੇ, ਉਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਸੀ:
‘ਜੱਟ ਦਿਲੋਂ ਭੁਲਾਉਂਦੇ ਨਾ,
ਦਾਸ ਨੇ ਲਾਤੇ ਜਿਨ੍ਹਾਂ ਦੇ ਮੋਘੇ।’
ਸਰਹੱਦੋਂ ਪਾਰ ਜਾ ਕੇ ਵੀ ਉਹ ਆਪਣੇ ਸਾਥੀਆਂ, ਪਿੰਡ ਦੀਆਂ ਰੌਣਕਾਂ ਨੂੰ ਭੁਲਾ ਨਾ ਸਕੇ। ਵੰਡ ਦਾ ਦਰਦ ਉਨ੍ਹਾਂ ਦੇ ਮਨ ਨੂੰ ਆਖ਼ਰੀ ਸਮੇਂ ਤਕ ਝੰਜੋੜਦਾ ਰਿਹਾ।
‘ਆਵੇ ਵਤਨ ਪਿਆਰਾ ਚੇਤੇ,
ਜਦ ਖਿੱਚ ਪਾਉਣ ਮੁਹੱਬਤਾਂ ਜੀ।’
ਸਰਹਿੰਦ ਨਹਿਰ ਦੇ ਨੇੜਲੇ ਪਿੰਡਾਂ ਨਾਲ ਜੁੜੀਆਂ ਯਾਦਾਂ ਨੂੰ ਸਮੇਟਦਾ ਇਹ ਅਲਬੇਲਾ ਸ਼ਾਇਰ, ਆਪਣੇ ਪਲੇਠੇ ਸ਼ਾਗਿਰਦ ਜਗਮੇਲ ਸਿੰਘ ਬਾਜਕ ਨੂੰ ਵਧੀਆ ਲਿਖਣ ਦੀ ਪ੍ਰੇਰਨਾ ਦੇ ਕੇ 6 ਜੂਨ 1979 ਨੂੰ ਖ਼ੁਦਾ ਨੂੰ ਪਿਆਰਾ ਹੋ ਗਿਆ ਪਰ ਹਰ ਸਾਲ ਉਸ ਦੇ ਪਿੰਡ ਵਾਸੀ ਅਤੇ ਚਹੇਤੇ ਉਸ ਨੂੰ ਯਾਦ ਕਰਨਾ ਨਹੀਂ ਭੁੱਲਦੇ। ਬਾਬੂ ਰਜਬ ਅਲੀ ਵਧੀਆ ਸ਼ਾਇਰੀ ਦੀ ਯਾਦ ਨਾਲ, ਮੁਹੱਬਤਾਂ ਦਾ ਮਸੀਹਾ ਬਣਿਆ ਮਹਿਸੂਸ ਹੁੰਦਾ ਹੈ ਅਤੇ ਇਹ ਅੱਜ ਵੀ,ਕੱਲ੍ਹ ਵੀ ਤੇ ਪਰਸੋਂ ਵੀ ਇੰਜ ਹੀ ਜਾਪਦਾ ਰਹੇਗਾ।

 

ਰਣਜੀਤ ਸਿੰਘ ਪ੍ਰੀਤ ਸੰਪਰਕ: 98157-07232

06 Jun 2012

Reply