|
|
|
|
|
|
Home > Communities > Punjabi Culture n History > Forum > messages |
|
|
|
|
|
ਪੰਜਾਬ ਵਿੱਚ ਰੁਮਕਦੀ ਸੂਫ਼ੀਆਨਾ ਹਵਾ |
ਪੰਜਾਬ ਵਿੱਚ ਸੂਫ਼ੀਮਤ ਦੀ ਹਵਾ ਮੁੜ ਰੁਮਕਣ ਲੱਗੀ ਹੈ। ਅਸਲ ਵਿੱਚ ਸੂਫ਼ੀਮਤ ਪੰਜਾਬ ਦੇ ਲੋਕਾਂ ਦੀ ਰੂਹ ਵਿੱਚ ਵੱਸਿਆ ਹੋਇਆ ਹੈ। ਇਸ ਰੂਹਾਨੀਅਤ ਦਾ ਆਨੰਦ ਪੰਜਾਬੀਆਂ ਨੇ ਕਈ ਸਦੀਆਂ ਪਹਿਲਾਂ ਮਾਣਿਆ ਹੈ। ਸਮੇਂ ਦੇ ਥਪੇੜਿਆਂ ਅਤੇ ਪਦਾਰਥਵਾਦੀ ਸੋਚ ਭਾਰੂ ਹੋਣ ਕਾਰਨ ਲੋਕ ਇਸ ਤੋਂ ਦੂਰ ਹੁੰਦੇ ਚਲੇ ਗਏ। ਸੂਫ਼ੀਮਤ ਅਸਲ ਵਿੱਚ ਇਸਲਾਮੀ ਰਹੱਸਵਾਦ ਦਾ ਹੀ ਨਾਂ ਹੈ। ਇਸ ਦਾ ਇਸਲਾਮ ਜਗਤ ਵਿੱਚ ਪਿਛਲੇ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਸਮੇਂ ਤੋਂ ਬੜਾ ਪ੍ਰਭਾਵਸ਼ਾਲੀ ਤੇ ਪਰਿਪੂਰਨ ਸਿਧਾਂਤਕ ਵਿਕਾਸ ਹੋਇਆ ਹੈ। ਸੂਫ਼ੀਮਤ ਨੇ ਜਿਨ੍ਹਾਂ ਦੇਸ਼ਾਂ ਵਿੱਚ ਵੀ ਜੜ੍ਹ ਫੜੀ ਹੈ, ਉੱਥੇ ਪ੍ਰਚੱਲਿਤ ਰਹੁ-ਰੀਤਾਂ ਨੂੰ ਕਾਫ਼ੀ ਹੱਦ ਤਕ ਪ੍ਰਭਾਵਿਤ ਕੀਤਾ ਹੈ। ਸੂਫ਼ੀਮਤ ਦੇ ਵਿਕਾਸ ਦਾ ਇੱਕ ਸ਼ਾਨਦਾਰ ਪੱਖ ਸੂਫ਼ੀ-ਕਾਵਿ ਹੈ। ਬਾਬਾ ਫ਼ਰੀਦ ਨੂੰ ਪਹਿਲਾ ਪੰਜਾਬੀ ਸੂਫ਼ੀ ਸੰਤ ਤੇ ਕਵੀ ਮੰਨਿਆ ਜਾਂਦਾ ਹੈ। ਬਾਬਾ ਫ਼ਰੀਦ ਦੀ ਬਾਣੀ ਕਾਵਿ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਰੱਬ ਤੇ ਮਨੁੱਖ ਨੂੰ ਜਾਤਾਂ ਤੋਂ ਰਹਿਤ ਮੰਨਣ ਵਾਲੇ ਇਸ ਮਤ ਦੇ ਪ੍ਰਚਾਰ ਪ੍ਰਸਾਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਖੜੋਤ ਆਈ ਹੋਈ ਸੀ। ਇਸ ਖੜੋਤ ਨੂੰ ਤੋੜਨ ਦਾ ਆਗਾਜ਼ ਨਕੋਦਰ ਸਥਿਤ ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਦਰਗਾਹ ਤੋਂ ਸਾਈਂ ਹੰਸ ਰਾਜ ਹੰਸ ਦੀ ਅਗਵਾਈ ਹੇਠ ਹੋ ਚੁੱਕਿਆ ਹੈ। ਜ਼ਾਤ-ਪਾਤ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸੂਫ਼ੀਮਤ ਦੀ ਮੁੜ ਗੱਲ ਤੋਰਨੀ ਹੀ ਪੰਜਾਬ ਦੇ ਲੋਕਾਂ ਲਈ ਸ਼ੁਭ ਸੰਕੇਤ ਕਹੀ ਜਾ ਸਕਦੀ ਹੈ। ਇਸ ਮਤ ਦੀ ਗੱਲ ਮੁੜ ਤੋਰ ਕੇ ਲੋਕਾਂ ਵਿੱਚ ਵਧ ਰਹੀਆਂ ਦੂਰੀਆਂ ਨੂੰ ਕਾਫ਼ੀ ਹੱਦ ਤਕ ਘਟਾਇਆ ਜਾ ਸਕਦਾ ਹੈ। ਪਦਾਰਥਵਾਦ ਨੇ ਸਮਾਜ ਵਿੱਚ ਕਈ ਸੰਕਟ ਖੜ੍ਹੇ ਕਰ ਦਿੱਤੇ ਹਨ। ਪਰਿਵਾਰਕ ਰਿਸ਼ਤਿਆਂ ਵਿੱਚ ਆ ਰਹੀਆਂ ਤਰੇੜਾਂ ਸਮਾਜਿਕ ਤੇ ਭਾਈਚਾਰਕ ਸਾਂਝ ’ਤੇ ਵੀ ਅਸਰ ਪਾ ਰਹੀਆਂ ਹਨ। ਜੇ ਇਹੋ ਵਰਤਾਰਾ ਜਾਰੀ ਰਿਹਾ ਤਾਂ ਸਮਾਜ ਦੀ ਹਾਲਤ ਘੁਣ ਖਾਧੀ ਲੱਕੜ ਵਰਗੀ ਹੋ ਜਾਵੇਗੀ। ਸੂਫ਼ੀਮਤ ਜ਼ਾਤ-ਪਾਤ ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਸਮਰੱਥ ਮੰਨਿਆ ਜਾਂਦਾ ਹੈ। ‘ਸੂਫ਼ੀ’ ਸ਼ਬਦ ‘ਸਫ਼ੂ’ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਕਾਲੀ, ਅਣਕੱਤੀ ਤੇ ਅਣਤੁੰਬੀ ਉੱਨ, ਜਿਸ ਦੀ ਗੋਦੜੀ ਬਣਾ ਕੇ ਸੂਫ਼ੀ ਦਰਵੇਸ਼ ਪਹਿਨਦੇ ਸਨ। ਸੂਫ਼ੀ ਲਈ ‘ਪੋਸ਼ਮੀਨਾ-ਪੋਸ਼’ ਸ਼ਬਦ ਵੀ ਵਰਤਿਆ ਜਾਂਦਾ ਰਿਹਾ ਹੈ। ਸ਼ੇਖ਼ ਫ਼ਰੀਦ ਦੀ ਬਾਣੀ ਵਿੱਚ ਵੀ ਇਸ ਦੇ ਸੰਕੇਤ ਮਿਲਦੇ ਹਨ: ਫਰੀਦਾ ਕਨ੍ਹਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜਵਾਤਿ ਬਾਹਰ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤ ਸੂਫ਼ੀਮਤ ਕਦੇ ਵੀ ਸ਼ਰੀਅਤ ਦੇ ਮੂਲ ਸਿਧਾਂਤਾਂ ਤੋਂ ਪਰ੍ਹੇ ਨਹੀਂ ਸੀ ਗਿਆ ਸਗੋਂ ਇਸ ਨੇ ਬੰਦਗੀ ਲਈ ਇਸਲਾਮੀ ਸਿਧਾਂਤਾਂ ਦੇ ਅਨਕੂਲ ਰਸਤਾ ਹੀ ਚੁਣਿਆ। ਸੂਫ਼ੀਮਤ ਵਿੱਚ ਸਭ ਤੋਂ ਵੱਧ ਜ਼ੋਰ ਮਨ ਦੀ ਸ਼ੁੱਧੀ ਤੇ ਆਤਮ ਪ੍ਰਕਾਸ਼ ਉਪਰ ਦਿੱਤਾ ਜਾਂਦਾ ਹੈ। ਰਜ਼ਾ ਵਿੱਚ ਰਹਿਣਾ, ਨਿਸ਼ਕਾਮੀ ਤੇ ਤਿਆਗੀ ਹੋਣਾ ਸੂਫ਼ੀਵਾਦ ਦੇ ਮੁੱਢਲੇ ਸਿਧਾਂਤ ਹਨ। ਸੂਫ਼ੀ ਪਰੰਪਰਾ ਵਿੱਚ ਗਿਆਨ ਤੇ ਅਭਿਆਸ ਦੇ ਸੰਜੋਗ ਦੀ ਹੀ ਅਸਲ ਕਦਰ ਕੀਮਤ ਦੱਸੀ ਜਾਂਦੀ ਹੈ। ਭਾਰਤ ਵਿੱਚ ਪੰਜਾਬ ਨੇ ਸਭ ਤੋਂ ਪਹਿਲਾਂ ਸੂਫ਼ੀਮਤ ਦੇ ਪ੍ਰਭਾਵ ਨੂੰ ਅਪਣਾਇਆ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪ੍ਰਸਿੱਧ ਸੂਫ਼ੀ ਦਰਵੇਸ਼ ਅਲੀ ਬਿਲ ਉਸਮਾਨ ਹੁਜਵੀਰੀ 11ਵੀਂ ਸਦੀ ਵਿੱਚ ਹੀ ਲਾਹੌਰ ਆ ਕੇ ਵੱਸ ਗਏ ਸਨ। ਉਨ੍ਹਾਂ ਤੋਂ ਪਹਿਲਾਂ ਖਵਾਜ਼ਾ ਸ਼ਾਹ ਹੁਸੈਨ ਵੀ ਲਾਹੌਰ ਆ ਕੇ ਵੱਸ ਗਏ ਸਨ। ਸ਼ੇਖ਼ ਫ਼ਰੀਦ, ਅਲੀ ਬਿਲ ਉਸਮਾਨ ਹੁਜਵੀਰੀ ਦੀ ਮਜ਼ਾਰ ਉੱਤੇ 1204-05 ਵਿੱਚ ਸ਼ਰਧਾ ਦੇ ਫੁੱਲ ਚੜ੍ਹਾਉਣ ਲਈ ਆਏ ਸਨ। ਬਾਰ੍ਹਵੀਂ ਸਦੀ ਵਿੱਚ ਮੁਲਤਾਨ ਵਿਖੇ ਇੱਕ ਪ੍ਰਸਿੱਧ ਸੂਫ਼ੀ ਕੇਂਦਰ ਸਥਾਪਿਤ ਹੋ ਗਿਆ ਸੀ। ਦਿੱਲੀ ਤਕ ਸਤਲੁਜ ਤੇ ਯਮਨਾ ਵਿਚਕਾਰ ਬਹੁਤ ਸਾਰੇ ਸੂਫ਼ੀ ਕੇਂਦਰ ਸਥਾਪਿਤ ਹੋ ਚੁੱਕੇ ਸਨ। ਸ਼ੇਖ਼ ਫ਼ਰੀਦ ਨੇ ਅਜੋਧਨ (ਪਾਕਪਟਨ) ਵਿਖੇ ਤੇਰ੍ਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਹੀ ਆਪਣਾ ਸੂਫ਼ੀ ਕੇਂਦਰ ਸਥਾਪਿਤ ਕੀਤਾ ਸੀ ਜਿੱਥੋਂ ਸਾਰੇ ਪੰਜਾਬ ਵਿੱਚ ਸੂਫ਼ੀਮਤ ਫੈਲਿਆ। ਇਸ ਤਰ੍ਹਾਂ ਪੰਜਾਬ ਦੇ ਲੋਕ ਤਾਂ ਸਦੀਆਂ ਪਹਿਲਾਂ ਹੀ ਸੂਫ਼ੀ ਸਿਧਾਂਤਾਂ ਤੇ ਪੱਖਾਂ ਤੋਂ ਜਾਣੂ ਹੋ ਗਏ। ਪ੍ਰਸਿੱਧ ਵਿਦਵਾਨ ਗੁਰਬਚਨ ਸਿੰਘ ਤਾਲਿਬ ਨੇ ਵੀ ਬਾਬਾ ਫ਼ਰੀਦ ਬਾਰੇ ਆਪਣੀਆਂ ਲਿਖਤਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਸੂਫ਼ੀਆਂ ਨੇ ਹਮੇਸ਼ਾਂ ਹੀ ਮਨੁੱਖੀ ਕਲਿਆਣ ਨੂੰ ਪਹਿਲ ਦਿੱਤੀ। ਸੂਫ਼ੀਆਂ ਦੇ ਡੇਰਿਆਂ ਉੱਤੇ ਭਗਤੀ ਰਸ ਨਾਲ ਭਰੀ ਦਿਲ ਦੀ ਹੂਕ ਨੂੰ ਗੀਤਾਂ ਰਾਹੀਂ ਗਾ ਕੇ ਰੱਬ ਨੂੰ ਯਾਦ ਕੀਤਾ ਜਾਂਦਾ ਸੀ। ਉਨ੍ਹਾਂ ਸਮਿਆਂ ਵਿੱਚ ਵੀ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਸੂਫ਼ੀਆਂ ਦੇ ਡੇਰਿਆਂ ’ਤੇ ਵਹੀਰਾਂ ਘੱਤ ਕੇ ਜਾਂਦੇ ਸਨ। ਸੂਫ਼ੀ ਡੇਰਿਆਂ ਵਿੱਚ ਜ਼ਾਤ-ਪਾਤ ਲਈ ਕੋਈ ਥਾਂ ਨਹੀਂ ਸੀ ਹੁੰਦੀ, ਸਭ ਨੂੰ ਹੀ ਰੱਬ ਦੇ ਬੰਦੇ ਮੰਨਿਆ ਜਾਂਦਾ ਸੀ ਕਿਉਂਕਿ ਸੂਫ਼ੀ ਦਰਵੇਸ਼ਾਂ ਦਾ ਮਤ ਸੀ ਕਿ ਰੱਬ ਦੀ ਕੋਈ ਜਾਤ ਨਹੀਂ ਹੁੰਦੀ।
|
|
26 Nov 2012
|
|
|
|
ਪਦਾਰਥਵਾਦ ਦੇ ਜਾਲ ਵਿੱਚ ਫਸੇ ਲੋਕਾਂ ਨੂੰ ਸੂਫ਼ੀਵਾਦ ਨਾਲ ਜੋੜਨ ਲਈ ਪੰਜਾਬ ਵਿੱਚ ਇਸ ਮਤ ਦੇ ਪ੍ਰਚਾਰ ਪ੍ਰਸਾਰ ਦਾ ਬੀੜਾ ਚੁੱਕਣ ਵਾਲੇ ਸਾਈਂ ਹੰਸ ਰਾਜ ਹੰਸ ਨੇ ਕਦੇ ਨਹੀਂ ਸੀ ਚਿਤਵਿਆ ਕਿ ਮਨ ਵਿੱਚ ਪੁੰਗਰ ਰਹੇ ਬੀਜ ਨੇ ਹਕੀਕਤ ਦੀ ਰਾਹ ਫੜ ਲੈਣੀ ਹੈ। ਸਾਰੇ ਪੰਜਾਬੀਆਂ ਦਾ ਫ਼ਰਜ਼ ਬਣਦਾ ਹੈ ਕਿ ਅਲਮਸਤ ਬਾਪੂ ਲਾਲ ਬਾਦਸ਼ਾਹ ਦੀ ਦਰਗਾਹ ਨੂੰ ਸੂਫ਼ੀ ਕੇਂਦਰ ਵਜੋਂ ਸਥਾਪਿਤ ਕਰਨ ਲਈ ਨਿੱਘਾ ਸਹਿਯੋਗ ਦੇਣ। ਸ਼ਾਹ ਹੁਸੈਨ, ਬੁੱਲੇ ਸ਼ਾਹ, ਸੁਲਤਾਨ ਬਾਹੂ ਜਿਹੇ ਫ਼ਕੀਰਾਂ ਦੇ ਕਲਾਮ ਪੜ੍ਹਨ ਵਾਲੇ ਸਾਈਂ ਹੰਸ ਰਾਜ ਹੰਸ ਦਾ ਕਹਿਣਾ ਹੈ ਕਿ ਸੂਫ਼ੀ ਰੱਬ ਦੀ ਜ਼ਾਤ ਤੋਂ ਬਿਨਾਂ ਹੋਰ ਕੁਝ ਨਹੀਂ ਦੇਖਦਾ। ਸੂਫ਼ੀਆਂ ਨੂੰ ਕਿਸੇ ਇੱਕ ਫ਼ਿਰਕੇ ਨਾਲ ਜੋੜਕੇ ਨਹੀਂ ਦੇਖਿਆ ਜਾ ਸਕਦਾ। ਪੰਜਾਬ ਵਿੱਚ ਗਾਹੇ-ਬਗਾਹੇ ਡੇਰਾਵਾਦ ਵਿਰੁੱਧ ਕਿਸੇ ਨਾ ਕਿਸੇ ਮੰਚ ਤੋਂ ਚਰਚਾ ਚੱਲਦੀ ਆ ਰਹੀ ਹੈ। ਪੰਜਾਬ ਵਿੱਚ ਵਧ ਰਹੇ ਧਾਰਮਿਕ ਡੇਰਿਆਂ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਵੀ ਵੱਖਰੇ-ਵੱਖਰੇ ਹੀ ਹਨ। ਕੋਈ ਇਸ ਨੂੰ ਠੱਗੀ ਦੀਆਂ ਦੁਕਾਨਾਂ ਦੱਸਦਾ ਹੈ ਤੇ ਕੋਈ ਇਸ ਨੂੰ ਰੂਹਾਨੀਅਤ ਦੇ ਕੇਂਦਰ ਮੰਨਦਾ ਹੈ। ਇਹ ਗੱਲ ਦਰੁਸਤ ਹੈ ਕਿ ਕਈ ਡੇਰਿਆਂ ਵਿੱਚ ਮਾੜੇ ਕੰਮ ਵੀ ਹੁੰਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਸਾਰੇ ਡੇਰਿਆਂ ਨੂੰ ਇੱਕੋ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ। ਹਾਲੇ ਵੀ ਪੰਜਾਬ ਦੇ ਬਹੁ-ਗਿਣਤੀ ਡੇਰਿਆਂ ਵਿੱਚੋਂ ਧਰਮ, ਰੂਹਾਨੀਅਤ, ਲੋਕ ਭਲਾਈ ਤੇ ਅੱਖਰ ਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਹੈ। ਇਸ ਸਮੇਂ ਪੰਜਾਬ ਦੇ ਦੋ ਡੇਰੇ ਉੱਭਰ ਕੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਵਾਤਾਵਰਨ ਦੇ ਖੇਤਰ ਵਿੱਚ ਕਰਾਤੀਕਾਰੀ ਕੰਮ ਕਰਕੇ ਸਰਕਾਰਾਂ ਨੂੰ ਰਾਹ ਦਿਖਾਇਆ ਹੈ। ਨਿਰਮਲ ਕੁਟੀਆ ਸੀਚੇਵਾਲ ਦੇ ਮੌਜੂਦਾ ਮੁਖੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਖਡੂਰ ਸਾਹਿਬ ਤੋਂ ਸੰਤ ਸੇਵਾ ਸਿੰਘ ਨੇ ਵਾਤਾਵਰਨ ਸੰਭਾਲ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਇਨ੍ਹਾਂ ਦੋਵਾਂ ਸੰਤਾਂ ਦੀਆਂ ਧੁੰਮਾਂ ਵਿਸ਼ਵ ਭਰ ਵਿੱਚ ਪੈ ਰਹੀਆਂ ਹਨ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਸਦਕਾ ਪੰਜਾਬ ਦੇ ਲੋਕ ਵਾਤਾਵਰਨ ਪ੍ਰਤੀ ਜਾਗ੍ਰਿਤ ਹੋਣ ਲੱਗ ਪਏ ਹਨ। ਪੰਜਾਬ ਦੇ ਸੂਫ਼ੀਮਤ ਨਾਲ ਜੁੜੇ 260 ਦੇ ਕਰੀਬ ਡੇਰਿਆਂ ਦੇ ਮੁਖੀਆਂ ਨੇ ਸੂਫ਼ੀਮਤ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਸਾਈਂ ਹੰਸ ਰਾਜ ਹੰਸ ਨੂੰ ਸਰਪ੍ਰਸਤੀ ਸੌਂਪੀ ਹੈ। ਲੋਕਾਂ ਨੇ ਕਦੇ ਇਹ ਗੱਲ ਨਹੀਂ ਸੀ ਸੁਣੀ ਕਿ ਕਿਸੇ ਪੀਰ ਦੀ ਮਜ਼ਾਰ ਤੋਂ ਯੂਨੀਵਰਸਿਟੀ ਦਾ ਕੋਈ ਵਾਈਸ ਚਾਂਸਲਰ ਆ ਕੇ ਸੰਗਤਾਂ ਦੇ ਸਨਮੁਖ ਹੋਇਆ ਹੋਵੇ। ਬਾਬਾ ਫ਼ਰੀਦ ਦੀ ਵੰਸ਼ ਵਿੱਚੋਂ 34ਵੀਂ ਪੀੜ੍ਹੀ ਦਾ ਇਸ ਮਜ਼ਾਰ ’ਤੇ ਆਉਣਾ ਵੀ ਆਪਣੇ ਆਪ ਵਿੱਚ ਬੜੇ ਭਾਗਾਂ ਵਾਲੀ ਗੱਲ ਮੰਨੀ ਜਾ ਰਹੀ ਹੈ। ਸੂਬਾ ਹਰਿਆ-ਭਰਿਆ ਬਣਾਉਣ ਅਤੇ ਪਾਣੀਆਂ ’ਚ ਪੈ ਰਹੀਆਂ ਜ਼ਹਿਰਾਂ ਨੂੰ ਰੋਕਣ ਦੀ ਮੁਹਿੰਮ ਚਲਾਉਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਡੇਰੇ ਵਿੱਚ ਹੁੰਦੇ ਸਮਾਗਮਾਂ ’ਚ ਹਾਜ਼ਰ ਰਹਿੰਦੇ ਹਨ। ਮਢਾਲੀ ਸ਼ਰੀਫ ਦੀ ਦਰਗਾਹ ਵੀ ਪੰਜਾਬ ਦੀਆਂ ਗਿਣੀਆਂ-ਚੁਣੀਆਂ ਦਰਗਾਹਾਂ ਵਿੱਚੋਂ ਇੱਕ ਹੈ। ਇਸ ਦਰਗਾਹ ਦੇ ਮੁੱਖ ਸੇਵਾਦਾਰ ਵੀ ਉਨ੍ਹਾਂ 260 ਡੇਰਿਆਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ ਹੰਸ ਰਾਜ ਨੂੰ ਸਰਪ੍ਰਸਤੀ ਸੱਚ ਕੇ ਮਾਰਗ ਦਰਸ਼ਨ ਕਰਨ ਲਈ ਕਿਹਾ ਹੈ।
ਪਾਲ ਸਿੰਘ ਨੌਲੀ ,ਮੋਬਾਈਲ: 98157-47553
|
|
26 Nov 2012
|
|
|
|
ਡੇਰਾ ਅਲਮਸਤ ਬਾਪੂ ਲਾਲ ਬਾਦਸ਼ਾਹ ਨਕੋਦਰ ਦੇ ਮੌਜੂਦਾ ਗੱਦੀਨਸ਼ੀਨ ਸਾਈਂ ਹੰਸ ਰਾਜ ਹੰਸ ਨੇ ਇਸ ਡੇਰੇ ਤੋਂ ਕੁਝ ਅਜਿਹੀਆਂ ਪਿਰਤਾਂ ਪਾਈਆਂ ਹਨ ਜਿਨ੍ਹਾਂ ਨੇ ਇਸ ਡੇਰੇ ਦੇ ਨਾਂ ਨੂੰ ਹੋਰ ਉੱਚਾ ਕੀਤਾ ਹੈ। ਉਨ੍ਹਾਂ ਵੱਲੋਂ ਸੂਫ਼ੀਮਤ ਦੇ ਪ੍ਰਚਾਰ ਦੇ ਨਾਲ-ਨਾਲ ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹਣ ਦਾ ਪ੍ਰਣ ਵੀ ਕੀਤਾ ਗਿਆ ਹੈ। ਸਾਈਂ ਹੰਸ ਦੀ ਅਗਵਾਈ ’ਚ ਬਾਪੂ ਲਾਲ ਬਾਦਸ਼ਾਹ ਦੇ ਮਨਾਏ ਜਾਂਦੇ ਸਾਲਾਨਾ ਓਰਸ ਵਿੱਚ ਵੱਖ-ਵੱਖ ਡੇਰਿਆਂ ਦੇ ਸੰਤ-ਮਹਾਤਮਾ ਅਤੇ ਹੋਰ ਮਹਾਂਪੁਰਸ਼ ਸ਼ਿਰਕਤ ਕਰਦੇ ਹਨ। ਇਸ ਦੇ ਨਾਲ ਹੀ ਸਾਈਂ ਹੰਸ ਵੱਲੋਂ ਨਸ਼ਿਆਂ ’ਤੇ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਸ਼ਾਮਿਲ ਹੋ ਕੇ ਬੁੱਧੀਜੀਵੀ, ਲੋਕਾਂ ਨੂੰ ਨਸ਼ਿਆਂ ਦੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹਨ। ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਤੇ ਪਾਣੀਆਂ ਨੂੰ ਬਚਾਉਣ ਦੀ ਗੱਲ ਵੀ ਤੁਰਨ ਲੱਗੀ ਹੈ। ਹੁਣ ਇਸ ਡੇਰੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਨਕੋਦਰ ਅਤੇ ਆਲੇ-ਦੁਆਲੇ ਦੇ ਕੁਝ ਲੋਕਾਂ ਨੇ ਨਸ਼ਿਆਂ ਤੋਂ ਤੌਬਾ ਕੀਤੀ ਹੈ। ਸਾਈਂ ਹੰਸ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਵਿੱਚ ਕਈ ਡੇਰਿਆਂ ਦੇ ਮੁਖੀ ਵੀ ਸ਼ਾਮਲ ਹੋਣ ਲੱਗ ਪਏ ਹਨ। ਉਨ੍ਹਾਂ ਨੇ ਸਾਈਂ ਹੰਸ ਦੀ ਸਰਪ੍ਰਸਤੀ ਹੇਠ ਇਸ ਮੁਹਿੰਮ ਨੂੰ ਇੱਕ-ਇੱਕ ਡੇਰੇ ਤਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਸੂਫ਼ੀ ਫ਼ਕੀਰ ਸਮਾਜ ਸੰਗਠਨ ਦੇ ਬੈਨਰ ਹੇਠ ਕੰਮ ਕਰਨ ਵਾਲੇ ਇਨ੍ਹਾਂ ਡੇਰਾ ਮੁਖੀਆਂ ਦਾ ਕਹਿਣਾ ਹੈ ਕਿ ਉਹ ਸਮੁੱਚੇ ਰਾਜ ਵਿੱਚ ਜ਼ਾਤ-ਪਾਤ ਦੇ ਕੋਹੜ ਦਾ ਫਸਤਾ ਵੱਢਣ, ਸਮਾਜਿਕ ਬੁਰਾਈਆਂ ਖ਼ਿਲਾਫ਼ ਅਤੇ ਇਨਸਾਨੀ ਬਰਾਬਰੀ ਦਾ ਹੋਕਾ ਦੇਣਗੇ। ਇਸ ਸੰਗਠਨ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਦਰਵੇਸ਼ ਗਾਇਕ ਸਾਈਂ ਹੰਸ ਰਾਜ ਦੀ ਅਗਵਾਈ ਵਿੱਚ ਪੰਜਾਬ ਦੇ ਪਹਿਲੇ ਸੂਫ਼ੀ ਬਾਬਾ ਫ਼ਰੀਦ ਅਤੇ ਬਾਬਾ ਬੁੱਲੇ ਸ਼ਾਹ ਦੀ ਵਿਚਾਰਧਾਰਾ ਨੂੰ ਲੋਕਾਂ ਵਿੱਚ ਲੈ ਕੇ ਜਾਣਗੇ ਤਾਂ ਜੋ ਲੋਕ ਆਪਣੀਆਂ ਬੇਲੋੜੀਆਂ ਇੱਛਾਵਾਂ ਨੂੰ ਤਿਆਗ ਕੇ ਸਾਦਗੀ ਦਾ ਜੀਵਨ ਬਤੀਤ ਕਰਨ ਤੇ ਹਰ ਇੱਕ ਨੂੰ ਬਰਾਬਰ ਸਮਝਣ। ਹੁਣ ਤਕ ਇਸ ਸੰਗਠਨ ਨਾਲ ਸੂਬੇ ਦੇ 260 ਤੋਂ ਵੱਧ ਡੇਰੇ ਜੁੜ ਚੁੱਕੇ ਹਨ। ਇਨ੍ਹਾਂ ਡੇਰਿਆਂ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੱਦਾ ਦੇਣਾ ਇੱਕ ਸ਼ੁਭ ਸੰਕੇਤ ਹੈ। ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਤੋਂ ਫ਼ਿਕਰਮੰਦ ਸਾਈਂ ਹੰਸ ਰਾਜ ਹੰਸ ਜਿੱਥੇ ਡੇਰਾ ਮੁਖੀਆਂ ਨੂੰ ਨਾਲ ਲੈ ਕੇ ਤੁਰੇ ਹਨ ਉੱਥੇ ਕਈ ਅਜਿਹੀਆਂ ਸ਼ਖ਼ਸੀਅਤਾਂ ਵੀ ਇਸ ਡੇਰੇ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਦਾ ਸਮਾਜ ਸੇਵਾ ਅਤੇ ਵਾਤਾਵਰਨ ਦੀ ਸੰਭਾਲ ਲਈ ਦੁਨੀਆਂ ’ਚ ਆਪਣਾ ਵਿਸ਼ੇਸ਼ ਰੁਤਬਾ ਹੈ। ਜਾਪਦਾ ਹੈ ਕਿ ਇਹ ਹੰਭਲਾ ਪੰਜਾਬੀਆਂ ਨੂੰ ਚਿੰਬੜੀਆਂ ਅਨੇਕਾਂ ਅਲਾਮਤਾਂ ਤੋਂ ਮੁਕਤੀ ਪਾਉਣ ਲਈ ਇੱਕ ਸਾਂਝਾ ਪਲੇਟਫਾਰਮ ਸਾਬਤ ਹੋਵੇਗਾ।
ਦਲਜੀਤ ਸਿੰਘ ਰਤਨ ਮੋਬਾਈਲ: 98149-44411
|
|
26 Nov 2012
|
|
|
|
Nycc......Thnx......for......sharing......bittu ji......
|
|
26 Nov 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|