ਸਿੰਮ ਪਿਆ ਮਿੱਟੀ ਵਿੱਚੋਂ ਸ਼ੋਰਾ।
ਪੱਕਾ ਸੁਣਕੇ ਤੇਰਾ ਜੁਆਬ ਕੋਰਾ।
ਦਿਲ ਟੁੱਟ ਗਏ ਨਾ ਸੁਣਕੇ ਅਮੁੱਲੇ
ਬੰਦ ਹੋ ਗਏ ਹਵਾ ਦੇ ਬੁੱਲੇ
ਇਸ਼ਕ ਦੇ ਸਮੁੰਦਰੀਂ ਝੱਖੜ ਝੁੱਲੇ
ਪੈ ਗਿਆ ਜਵਾਨੀ ਨੂੰ ਢੋਰਾ।
ਘੁਣੇ ਨਾਲ ਗਲ਼ੇ ਡਿੱਗੇ ਸ਼ਤੀਰ
ਸਿਲ੍ਹਾਬੇ ਨੇ ਖਾ ਲਈ ਤਸਵੀਰ
ਦੁੱਖਾਂ ਵਿੱਚ ਮਿਟਿਆ ਇਹ ਸਰੀਰ
ਝੱਲਾ ਕਰ ਗਿਆ ਰੰਗ ਗੋਰਾ।
ਭਾਰ ਹੀਣ ਹੋਏ ਇਹ ਵੱਟੇ
ਹਰੇ ਪੱਤਰ ਬਹਾਰੀਂ ਹੋਏ ਖੱਟੇ
ਬਿਰਹਾ ਨੇ ਵੱਸਦੇ ਘਰ ਪੱਟੇ
ਰਹਿਮ ਨਾ ਕਰੇਂ ਤੂੰ ਭੋਰਾ।
ਥਲਾਂ ਵਿੱਚ ਤੁਰਦਿਆਂ ਲੱਗੀ ਪਿਆਸ
ਜੰਬੂਰ ਵਿਛੋੜੇ ਦੇ ਨੋਚਦੇ ਮਾਸ
ਆਸ਼ਿਕ ਤੜਫਦੇ ਖ਼ਬਰ ਨਹੀਂ ਖਾਸ
ਪਿਆ ਨਹੀਂ ਦੋਸਤਾਂ ਨੂੰ ਝੋਰਾ।