|
ਸਾਗਰ |
ਮੈਂ ਕਦੀ ਪਾਣੀ ਕਦੇ ਪਰੱਬਤ,ਕਦੀ ਖੁਰ ਮਿਟੀ ਹੋ ਜਾਵਾਂ। ਵਕਤ ਵਿਚਾਰਾ ਕਰਵੱਟ ਬਦਲੇ,ਮੇਰਾ ਢੱਲ ਜਾਵੇ ਪਰਛਾਵਾਂ।
ਸਾਗਰ ਬਿਨ ਲਹਿਰਾਂ ਦੀ ਰੌਣਕ,ਕਿੰਝ ਮਾਰੂਥਲ ਹੰਢਾਵੇ, ਆਪਣੇ ਅੰਦਰ ਜਦ ਝਾਕ ਕੇ ਵੇਖਾਂ, ਫਿਰ ਤੂੰ ਹੀ ਹੋ ਜਾਵਾਂ।
ਨਿੱਕੇ-ਨਿੱਕੇ ਝਰਨੇ ਫੁੱਟ ਕੇ, ਮਸਤਕ ਦੇ ਵਿਚ ਜਦ ਝਰਦੇ, ਜੋੜ ਸੁਰਤ ਮੈਂ ਇਕ ਤੱਤ ਵੱਲੇ, ਫਿਰ ਸਾਗਰ ਵੱਲ ਜਾਵਾਂ।
ਕਈ ਪੱਥਰਾਂ ਕਈ ਫੁੱਲਾਂ ਮੈਨੂੰ, ਰੁਕਣ ਲਈ ਤਰਲੇ ਮਾਰੇ, ਲਗਨ ਲੱਗੀ ਮਨ ਭੀਤਰ ਮੇਰੇ, ਮੈਂ ਵਹਿੰਦਾ ਹੀ ਜਾਵਾਂ।
ਬੂੰਦੋਂ ਝਰਨਾ, ਨਾਲਿਓਂ ਨਦੀਆਂ, ਵਿਚ ਦਰਿਆਈਂ ਰਲਿਆ, ਦਿਲ ਵਿਚ ਰੀਝ ਕਦੋਂ ਤੇ ਕਿਵੇਂ, ਵਿਚ ਸਾਗਰ ਰਲ ਜਾਵਾਂ।
ਚੋਟ ਮਨ ਅੰਦਰ ਜਦ ਸ਼ਬਦ ਦੀ ਵੱਜੀ,ਸੁਰਤ ਭੁੱਲੀ ਸੰਸਾਰੇ, ਬਹਿਬਲ ਹੋ ਕੇ ਮਨ ਇਹ ਚਾਹੇ ਕਿੰਝ ਉੱਡ ਅਸਮਾਨੀ ਜਾਵਾਂ।
ਰੂਹ ਦਾ ਰਿਸ਼ਤਾ ਤਨ ਨਾਲ ਭੋਗਾਂ,ਜਿਸ ਆਖਰ ਉੱਡ ਜਾਣਾ, ਰਹਿ ਮਸਕੀਨ ਰਹਾਂ ਰਜ਼ਾ ਵਿੱਚ,ਫਿਰ ਹੁਕਮੀਂ ਮੂਲ ਸਮਾਵਾਂ।
|
|
22 Dec 2012
|