Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਦੋਂ ਮੈਨੂੰ ਸਤਿਆਰਥੀ ਮਿਲਣ ਆਇਆ

ਇਹ ਗੱਲ ਤਾਂ ਉੱਨੀ ਸੌ ਤਹੇਤਰ-ਚੁਹੱਤਰ ਦੀ ਹੈ। ਉਦੋਂ ਮੈਂ ਬੀ.ਐਸਸੀ. (ਆਨਰਜ਼) ਕਰਦਾ ਸਾਂ। ਪੰਜਾਬੀ ਵਿਸ਼ਵ ਵਿਦਿਆਲੇ ਦੇ ਭੌਤਿਕ ਵਿਗਿਆਨ ਵਿਭਾਗ ਵਿਚ। ਮੈਂ ਹੋਮੀ ਜਹਾਂਗੀਰ ਭਾਬਾ ਹੋਸਟਲ ਵਿਚ ਰਹਿੰਦਾ ਸਾਂ। ਛੁੱਟੀ ਵਾਲੇ ਇਕ ਦਿਨ, ਸਵੇਰੇ ਸਵੇਰੇ, ਮੈਂ ਪੜ੍ਹਨ ਵਿਚ ਮਸਰੂਫ ਸੀ ਕਿ ਮੇਰੇ ਬੂਹੇ ’ਤੇ ਕਿਸੇ ਨੇ ਦਸਤਕ ਦਿੱਤੀ। ਮੈਂ ਚਿਟਕਣੀ ਖੋਲ੍ਹੀ। ਇਕ ਕੁੜਤਾ ਪਜ਼ਾਮਾ ਪਹਿਨੀ, ਲੰਬੀ ਚਿੱਟੀ ਦਾਹੜੀ ਵਾਲਾ ਬਜ਼ੁਰਗ ਬੂਹੇ ’ਤੇ ਖਲੋਤਾ ਸੀ। ਉਹ ਪੋਲਾ ਜਿਹੇ ਬੋਲਿਆ,‘‘ਹਰੀ ਕ੍ਰਿਸ਼ਨ ਹੋ ਆਪ?’’
‘‘ਹਾਂ, ਪਰ ਤੁਸੀਂ ਕੌਣ?’’ ਮੈਂ ਹੈਰਾਨੀ ਜਤਾਉਂਦਿਆਂ ਪੁੱਛਿਆ।
‘‘ਸਤਿਆਰਥੀ ਆਂ, ਸ਼ਬਦ ਲੱਭਦਾ ਲੱਭਦਾ, ਆ ਗਿਆਂ, ਕਿਸੇ ਨੇ ਦੱਸ ਪਾਈ ਹੈ ਕਿ ਤੁਸੀਂ ਸਾਹਿਤ ਵਿਚ ਡੂੰਘੀ ਚੇਟਕ ਰੱਖਦੇ ਓ?’’ ਉਹ ਬਜ਼ੁਰਗ ਬੋਲਿਆ।
‘‘ਦਵਿੰਦਰ ਸਤਿਆਰਥੀ, ਲੋਕਗੀਤ ’ਕੱਠੇ ਕਰਨ ਵਾਲਾ?’’ ਮੈਂ ਹੋਰ ਜਾਨਣਾ ਚਾਹਿਆ।
‘‘ਹਾਂ ਓਹੀ’’ ਉਹ ਸੰਖੇਪ ਵਿਚ ਬੋਲਿਆ।
ਮੈਂ ਉਸ ਬਜ਼ੁਰਗ ਦੇ ਪੈਰ ਛੂਹੇ ਅਤੇ ਉਸ ਨੂੰ ਆਪਣੇ ਕਮਰੇ ਅੰਦਰ ਆਉਣ ਲਈ ਜੀ ਆਇਆਂ ਨੂੰ ਆਖਿਆ। ਕੁਰਸੀ ਉਸ ਲਈ ਛੱਡ ਕੇ ਆਪ ਮੈਂ ਮੰਜੇ ’ਤੇ ਬੈਠ ਗਿਆ। ਮੇਰੇ ਨਾਲ ਦੇ ਕਮਰੇ ਵਿਚੋਂ ਗੰਗਾ ਵਿਸ਼ਨੂੰ ਵੀ ਉਥੇ ਆ ਗਿਆ। ਗੰਗਾ ਵਿਸ਼ਨੂੰ ਐਮ.ਬੀ.ਏ. ਕਰਦਾ ਸੀ। ਕੱਪੜੇ ਦੀ ਇਕ ਝੋਲੇ ਵਰਗੀ ਥੈਲੀ ਵਿਚੋਂ ਸਤਿਆਰਥੀ ਨੇ ਇਕ ਡਾਇਰੀ ਜੇਹੀ ਕੱਢੀ। ਇਹ ਕਿਸੇ ਕਿਤਾਬ ਦਾ ਖਰੜਾ ਸੀ। ਇਹ ਖਰੜਾ ਸਾਡੇ ਵੱਲ ਕਰਦਿਆਂ ਸਤਿਆਰਥੀ ਨੇ ਗੱਲਬਾਤ ਆਰੰਭੀ, ‘‘ਮੇਰਾ ਇਕ ਨਾਵਲ ਹੈ ਛਪਣ ਵਾਲਾ (ਸ਼ਾਇਦ ਉਹ ਨਾਵਲ ਘੋੜਾ ਬਾਦਸ਼ਾਹ ਸੀ ਜਾਂ ਕੋਈ ਹੋਰ, ਚੰਗੀ ਤਰ੍ਹਾਂ ਚੇਤੇ ਨਹੀਂ) ਹਿੰਦੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ, ਮੈਂ ਹਿੰਦੀ ਦੇ ਬਰੋਬਰ ਦੇ ਪੰਜਾਬੀ ਦੇ ਸ਼ਬਦ ਲੱਭਣ ਵਿਚ ਤੇਰੀ ਇਮਦਾਦ ਲੈਣੀ ਹੈ।’’ ਫੇਰ ਸਤਿਆਰਥੀ ਹੋਰਾਂ ਨੇ ਉਹ ਡਾਇਰੀ ਵਰਗਾ ਖਰੜਾ ਮੇਜ਼ ’ਤੇ ਰੱਖ ਲਿਆ। ਉਸ ਖਰੜੇ ਨੂੰ ਦੇਖ ਕੇ ਮੈਂ ਤਾਂ ਹੈਰਾਨ ਹੋ ਗਿਆ। ਕਾਗਜ਼ ਉਤੇ ਥਾਂ-ਥਾਂ ਚੇਪੀਆਂ ਲੱਗੀਆਂ ਹੋਈਆਂ ਸਨ। ਜਿਵੇਂ ਕਿਸੇ ਸੱਟ ਖਾਧੇ ਜਾਂ ਫੋੜਾ ਫਿਨਸੀ ਉਤੇ ਕਿਸੇ ਚੇਪੀ ਧਰੀ ਹੁੰਦੀ ਹੈ। ਕਾਗਜ਼ ਚੇਪੀਆਂ ਦੀਆਂ ਤੈਹਾਂ ਨਾਲ ਸੁੱਜ ਕੇ ਮੋਟੇ ਹੋਏ ਪਏ ਸਨ।
‘‘ਏਨੀਆਂ ਚੇਪੀਆਂ ਲਗਾਣ ਦਾ ਸਬੱਬ?’’
‘‘ਸੁਰਤੀ ਇਕਾਗਰ ਰਹਿੰਦੀ ਹੈ, ਇਕੋ ਥਾਂ ’ਤੇ।’’ ਉਹ ਬੜੀ ਸਹਿਜ ਨਾਲ ਬੋਲਿਆ। ਜਿਥੇ ਕੋਈ ਸ਼ਬਦ ਜਾਂ ਸਤਰ ਪਸੰਦ ਨਾ ਆਈ, ਉਸ ਨੂੰ ਕਾਗਜ਼ ਦੀ ਕਤਰ ਨਾਲ ਗੂੰਦ ਲਗਾ ਕੇ ਢਕ ਦੇਈਦਾ ਅਤੇ ਇਸ ਉਤੇ ਕੁਝ ਹੋਰ ਲਿਖ ਲੈਂਦਾ ਹਾਂ। ਕਿਆ ਵਿਲੱਖਣਤਾ ਸੀ, ਉਸ ਦੇ ਵਿਅਕਤਿਤਵ ਵਿਚ, ਉਸ ਦੇ ਅੰਦਾਜ਼ ਵਿਚ। ਫੇਰ ਉਹ ਪਹਿਲੇ ਪੰਨੇ ਤੋਂ ਖਰੜਾ ਪੜ੍ਹਨ ਲੱਗਾ। ਮੈਂ ਸ਼ਬਦਾਂ ਬਾਰੇ ਸੁਝਾਅ ਦਿੰਦਾ ਸਾਂ। ਕਈ ਚੇਪੀਆਂ ਲੱਗੀਆਂ ਅਤੇ ਕਈ ਉਤਰੀਆਂ। ਨਵੇਂ ਸ਼ਬਦ ਚੇਪੀਆਂ ’ਤੇ ਲਿਖੇ ਗਏ। ਸ਼ਬਦ ਢੂੰਡਣ ਦਾ ਇਹ ਸਿਲਸਿਲਾ ਦੋ ਦਿਨ ਚੱਲਦਾ ਰਿਹਾ। ਖਰੜੇ ਦੇ ਅੱਧੇ ਪੰਨਿਆਂ ਵਿਚੋਂ ਅਸੀਂ ਲੰਘ ਗਏ ਸਾਂ। ਵਿਚਾਲੇ ਚਾਹ ਪਾਣੀ ਪੀਣ ਦਾ ਵੀ ਮਸੀਂ ਵਕਤ ਮਿਲਿਆ। ਅੱਧਾ ਕੰਮ ਅਸੀਂ ਦੂਜੇ ਦਿਨ ਖਾਤਰ ਛੱਡ ਦਿੱਤਾ।

22 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਾਣ ਤੋਂ ਪਹਿਲਾਂ ਸਤਿਆਰਥੀ ਨਾਲ ਇਧਰ-ਉਧਰ ਦੀ ਸਾਹਿਤਕ ਗੱਲਬਾਤ ਹੋਈ।
‘‘ਤੁਸੀਂ ਮੇਰੀ ਕੋਈ ਕਿਤਾਬ ’ਪੜ੍ਹੀ ਹੈ?’’ ਸਤਿਆਰਥੀ ਨੇ ਪੁੱਛਿਆ।
‘‘ਹਾਂ ਪੜ੍ਹੀ ਹੈ।’’ ਮੈਂ ਕਿਹਾ।
‘‘ਕੀ ਲੱਗਦੈ ਤੁਹਾਨੂੰ?’’ ਸਤਿਆਰਥੀ ਨੇ ਪੁੱਛਿਆ।
‘‘ਥੋਡੇ ਪਿੰਡ ਪਿੰਡ ਜਾ ਕੇ ਇਕੱਠੇ ਕੀਤੇ ਲੋਕ ਗੀਤ ਤਾਂ ਬੜੇ ਲਾਜਵਾਬ ਹਨ। ਤੁਹਾਨੂੰ ਅਲਬੇਲਾਪਣ, ਆਪਣੀ ਸੁਰਤੀ ਵਿਚ ਖੋ ਜਾਣਾ, ਤੁਹਾਡੀ ਫਕੀਰੀ ਦਿਲ ਨੂੰ ਟੁੰਬਦੀ ਹੈ, ਧੂਹ ਪਾਉਂਦੀ ਹੈ।’’ ਮੈਂ ਕਿਹਾ।
‘‘ਪਰ ਤੁਹਾਡੀ ਗਲਪ ਨੂੰ ਐਰਾ ਗੈਰਾ ਨਹੀਂ ਸਮਝ ਸਕਦਾ।’’ ਮੈਂ ਹੋਰ ਅੱਗੇ ਕਿਹਾ।
‘‘ਉਹ ਕਿਉਂ?’’ ਸਤਿਆਰਥੀ ਨੇ ਸੁਆਲ ਕੀਤਾ।
‘‘ਆਪਣੀ ਇਕ ਸਤਰ ਵਿਚ ਤੁਸੀਂ ਧਰਤੀ ’ਤੇ ਹੁੰਦੇ ਹੋ, ਦੂਜੀ ਸਤਰ ਵਿਚ ਬ੍ਰਹਿਮੰਡ ਵਿਚ ਚਲੇ ਜਾਂਦੇ ਹੋ, ਤੀਜੀ ਵਿਚ ਵੇਦ ਪੁਰਾਣ ਦੀ ਗੱਲ ਹੁੰਦੀ ਹੈ ਅਤੇ ਅੱਗੇ ਕਿਸੇ ਹੋਰ ਸਭਿਆਚਾਰ ਦੀ। ਪਹਿਲਾਂ ਜਿਸ ਨੂੰ ਅਗਾਊਂ ਗਿਆਨ ਹੋਵੇਗਾ, ਉਹੀ ਸਮਝੇਗਾ ਤੁਹਾਡੀ ਕਥਾ ਕਹਾਣੀ।’’ ਮੈਂ ਬੇਬਾਕੀ ਨਾਲ ਕਿਹਾ।
‘‘ਆਪਣੀ ਥਾਂ ਤੁਹਾਡੀ ਗੱਲ ਸੱਚੀ ਹੈ।’’ ਸਤਿਆਰਥੀ ਨੇ ਕਿਹਾ।
ਉਹ ਗਹਿਰ ਗੰਭੀਰ ਰਿਹਾ। ਉਸ ਦੀ ਲੰਬੀ ਦਾਹੜੀ ਅਤੇ ਮੋਟੀਆਂ ਐਨਕਾਂ ਨੇ, ਚਿਹਰੇ ਦੇ ਸਾਰੇ ਹਾਵ-ਭਾਵ ਪੂਰੀ ਤਰ੍ਹਾਂ ਲਕੋ ਲਏ ਸਨ।
‘‘ਪਰ ਜਦੋਂ ਮੇਰੀ ਕਥਾ ਪਾਠਕਾਂ ਨੂੰ ਸਮਝ ਪੈ ਜਾਂਦੀ ਹੈ ਤਾਂ ਉਹ ਉਮਰ ਭਰ ਉਸ ਦੇ ਮੱਥੇ ਵਿਚੋਂ ਨਿਕਲਦੀ ਨਹੀਂ।’’ ਸਤਿਆਰਥੀ ਨੇ ਬੜੇ ਆਤਮ ਭਰੋਸੇ ਨਾਲ ਆਖਿਆ।
ਐਡੇ ਵੱਡੇ ਸਾਹਿਤਕਾਰ ਸਾਮ੍ਹਣੇ, ਮੈਂ ਤਾਂ ਇਕ ਸਿਖਾਂਦਰੂ ਬੱਚਾ ਸਾਂ। ਪਰ ਮੇਰੀ ਬੇਬਾਕੀ ਬਾਰੇ ਅੱਜ ਵੀ ਮੈਨੂੰ ਹੈਰਾਨੀ ਹੋ ਰਹੀ ਹੈ।
‘‘ਤੁਸੀਂ ਪ੍ਰੰਪਰਾਗਤ ਕਦਰਾਂ ਕੀਮਤਾਂ ਦੇ ਬਦਲਾਅ, ਮਿੱਥਾਂ ਤੋੜਨ ਅਤੇ ਸਮਾਜਕ ਤਾਣੇ-ਬਾਣੇ ਵਿਚ ਪਰਿਵਰਤਨ ਲਿਆਉਣ ਖਾਤਰ ਕੋਈ ਹੋਰ ਸਾਹਿਤ ਵੀ ਪੜ੍ਹਦੇ ਹੋ?’’ ਮੈਂ ਸੁਆਲ ਪਾਇਆ।
‘‘ਬਹੁਤ ਘੱਟ’’ ਸਤਿਆਰਥੀ ਨੇ ਹੌਲੀ ਦੇਣੀ ਕਿਹਾ।
‘‘ਤੁਸੀਂ ਸ਼ਿਵ ਦੀ ਲੂਣਾ ਪੜ੍ਹੀ ਹੈ?’’ ਗੰਗਾ ਵਿਸ਼ਨੂੰ ਬੋਲਿਆ।
ਉਦੋਂ ‘ਲੂਣਾ’ ਪੁਸਤਕ ਤੇ ਸ਼ਿਵ ਕੁਮਾਰ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ ਅਤੇ ਉਸ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਸੀ।
‘‘ਨਹੀਂ, ਮੈਂ ਨੀ ਪੜ੍ਹੀ।’’ ਸਤਿਆਰਥੀ ਕਹਿੰਦਾ।
‘‘ਇਸ ਵਿਚ ਉਸ ਨੇ ਲੂਣਾ ਦਾ ਉਹ ਪੱਖ ਉਜਾਗਰ ਕੀਤਾ ਹੈ ਕਿ ਹੁਣ ਲੂਣਾ ਘਿਰਨਾ ਦੀ ਪਾਤਰ ਨਹੀਂ ਰਹੀ। ਲੋਕਾਂ ਦੀ ਸੋਚ ਨੂੰ ਰਿੜਕਿਆ ਹੈ ਸ਼ਿਵ ਨੇ।’’ ਮੈਂ ਨਿੱਕਾ ਜਿੰਨਾ ਵੇਰਵਾ ਦਿੱਤਾ।
ਸਤਿਆਰਥੀ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਬੱਸ ਦਾੜ੍ਹੀ ’ਤੇ ਹੱਥ ਫੇਰੀ ਗਿਆ। ਪੂਰੀ ਗੱਲਬਾਤ ਵਿਚ ਉਹ ਭੋਰਾ ਨਹੀਂ ਹੱਸਿਆ ਨਾ ਮੁਸਕਰਾਇਆ। ਹੋਰ ਛੋਟੀਆਂ-ਛੋਟੀਆਂ ਦਾਰਸ਼ਨਿਕ ਗੱਲਾਂ ਹੁੰਦੀਆਂ ਰਹੀਆਂ ਫਿਰ ਦੂਜੇ ਦਿਨ ਵੀ ਸਤਿਆਰਥੀ ਮੇਰੇ ਕੋਲ ਆਇਆ ਸੀ। ਸ਼ਬਦ ਢੂੰਡੇ ਗਏ। ਪੂਰਾ ਖਰੜਾ ਪੜ੍ਹਿਆ ਗਿਆ ਸੀ। ਕਿੰਨੀਆਂ ਹੀ ਚੇਪੀਆਂ ਲੱਗੀਆਂ ਸਨ। ਚੇਪੀਆਂ ਉਤੇ ਨਵੇਂ ਸ਼ਬਦ ਲਿਖੇ ਗਏ। ਮੈਂ ਹੋਸਟਲ ਦੇ ਗੇਟ ਤੀਕ, ਉਸ ਨੂੰ ਛੱਡਣ ਆਇਆ ਸਾਂ। ਫੇਰ ਉਹ ਕਿਸੇ ਰਿਸ਼ੀ ਮੁਨੀ ਵਾਂਗੂੰ ਪੈਦਲ ਤੁਰ ਪਿਆ, ਲਾਇਬ੍ਰੇਰੀ ਵੱਲ ਨੂੰ।
ਅੱਜ ਜਦੋਂ ਸਤਿਆਰਥੀ ਸਾਡੇ ਦਰਮਿਆਨ ਨਹੀਂ ਹੈ। ਉਸ ਮਹਾਨ ਫੱਕਰ ਸਾਹਿਤਕਾਰ ਦੇ ਬੋਲ ਅੱਜ ਵੀ ਮੇਰੇ ਕੰਨਾਂ ਵਿਚ ਸੁਣਾਈ ਦੇ ਰਹੇ ਹਨ। ਸ਼ਬਦਾਂ ਦੀ ਖੋਜ ਕਰਨ ਆਇਆ ਉਹ ਮਹਾਨ ਲੇਖਕ, ਅੱਜ ਵੀ ਮੈਨੂੰ ਆਪਣੇ ਮਨ ਦੇ ਕੋਲ ਬੈਠਾ ਮਹਿਸੂਸ ਹੁੰਦਾ ਹੈ। ਇਹ ਸਾਂਝ ਮੇਰੇ ਚੇਤੇ ਵਿਚ ਪੁਰਸਕਾਰ ਵਾਂਗ ਸਾਂਭੀ ਪਈ ਹੈ।

 

ਪ੍ਰਿੰ. ਹਰੀ ਕ੍ਰਿਸ਼ਨ ਮਾਇਰ - ਮੋਬਾਈਲ: 097806-67686

22 Feb 2013

Reply