|
 |
 |
 |
|
|
Home > Communities > Punjabi Culture n History > Forum > messages |
|
|
|
|
|
ਅਦੁੱਤੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ |
ਭਾਰਤ ਵਿੱਚ ਨਵੀਂ ਚਿੱਤਰਕਾਰੀ ਅਤੇ ਨਵੇਂ ਸਾਹਿਤ ਦੀ ਨੀਂਹ 1930ਵਿਆਂ ਵਿੱਚ ਰੱਖਣ ਵਾਲੇ ਕ੍ਰਮਵਾਰ ਦੋ ਪੰਜਾਬੀ- ਅੰਮ੍ਰਿਤਾ ਸ਼ੇਰਗਿੱਲ ਅਤੇ ਮੁਲਕ ਰਾਜ ਆਨੰਦ ਸਨ। ਇਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਨਵੇਂ ਵਿਸ਼ੇ ਅਤੇ ਨਵੀਂ ਤਕਨੀਕ ਦੇ ਕੇ ਭਾਰਤੀ ਚਿੱਤਰਕਾਰੀ ਅਤੇ ਸਾਹਿਤ ਨੂੰ ਆਲਮੀ ਮਸ਼ਹੂਰੀ ਦਿਵਾਈ। ਦੋਵਾਂ ਦੀਆਂ ਜੜ੍ਹਾਂ ਅੰਮ੍ਰਿਤਸਰ ਵਿੱਚ ਸਨ ਅਤੇ ਦੋਵਾਂ ਨੇ ਯੂਰਪ ਵਿੱਚ ਆਪਣੇ-ਆਪਣੇ ਖੇਤਰ ਵਿੱਚ ਵਿੱਦਿਆ ਪ੍ਰਾਪਤ ਕੀਤੀ ਸੀ ਪਰ ਇਨ੍ਹਾਂ ਦੋਵਾਂ ਨੇ ਹੀ ਆਪਣੀ ਰਚਨਾ ਦਾ ਵਿਸ਼ਾ ਭਾਰਤੀ ਸਮਾਜ ਦੇ ਉਸ ਤਬਕੇ ਨੂੰ ਬਣਾਇਆ ਜਿਸ ਬਾਰੇ ਲੋਕ ਕਦੇ ਸੋਚਦੇ ਵੀ ਨਹੀਂ ਸਨ। ਜਿੱਥੇ ਅੰਮ੍ਰਿਤਾ ਨੇ ਗ਼ਰੀਬ, ਲਤਾੜੇ ਅਤੇ ਉਦਾਸ ਲੋਕਾਂ ਦੇ ਲਾਸਾਨੀ ਚਿੱਤਰ ਬਣਾਏ ਉੱਥੇ ਆਨੰਦ ਨੇ ‘ਅਛੂਤ’ ਅਤੇ ‘ਕੁਲੀ’ ਵਰਗੇ ਕਲਾਸਿਕ ਨਾਵਲ ਲਿਖੇ। ਅੰਮ੍ਰਿਤਾ ਜਮਾਂਦਰੂ ਚਿੱਤਰਕਾਰ ਸੀ ਪਰ ਉਸ ਨੇ ਸਿੱਖਿਆ ਫਰਾਂਸ ਦੀ ਉੱਚ ਕੋਟੀ ਦੀ ਸੰਸਥਾ ਵਿੱਚੋਂ ਲਈ। ਉਹ ਬਾਹਰਲੇ ਅਸਰ ਨੂੰ ਕਬੂਲ ਕਰਨ ਦੀ ਥਾਂ ਆਪਣੇ ਅੰਦਰ ਦੀ ਆਵਾਜ਼ ਨੂੰ ਜ਼ਿਆਦਾ ਮਹੱਤਵ ਦਿੰਦੀ ਸੀ। ਆਪਣੀ ਕਲਾ ਬਾਰੇ ਉਸ ਨੇ ਲਿਖਿਆ,”ਮੈਂ ਪੇਂਟਰ ਬਣਨ ਲਈ ਜੰਮੀ ਸੀ, ਹੋਰ ਕਿਸੇ ਕੰਮ ਲਈ ਨਹੀਂ।” ਅੰਮ੍ਰਿਤਾ ਖ਼ੁਸ਼ਕਿਸਮਤ ਸੀ ਕਿ ਫਰਾਂਸ ਵਿੱਚ ਉਸ ਦਾ ਮੇਲ ਇੱਕ ਅਜਿਹੇ ਉਸਤਾਦ ਲੂਸੀਅਨ ਸਾਈਮਨ ਨਾਲ ਹੋਇਆ ਜੋ ਉਸ ਦੀ ਮਾਨਸਿਕਤਾ ਨੂੰ ਸਮਝਦਾ ਸੀ। ਅੰਮ੍ਰਿਤਾ ਅਨੁਸਾਰ ਉਹ ਸਾਨੂੰ ਖ਼ੁਦ ਸੋਚਣ ਅਤੇ ਤਕਨੀਕੀ ਤੇ ਰੰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਲਗਾਉਂਦਾ ਸੀ। ਉਹ ਸਵੈ-ਪ੍ਰਗਟਾਵੇ ਅਤੇ ਵਿਅਕਤੀਗਤ ਰੂਪਾਂ ਵੱਲ ਧਿਆਨ ਦਿੰਦਾ ਸੀ। ਉਸ ਪ੍ਰੋਫੈਸਰ ਨੇ ਅੰਮ੍ਰਿਤਾ ਦੀ ਚਿੱਤਰਕਾਰੀ ਵਿੱਚ ਕੁਸ਼ਲਤਾ ਨੂੰ ਪਛਾਣਿਆ ਅਤੇ ਸਲਾਹ ਦਿੱਤੀ ਕਿ ਉਸ ਦੀ ਥਾਂ ਪੱਛਮ ਦੇ ਸਟੂਡੀਓ ਵਿੱਚ ਨਹੀਂ ਸਗੋਂ ਉਸ ਦੀ ਕਲਾਤਮਕ ਸਖਸ਼ੀਅਤ ਨੂੰ ਪ੍ਰਫੁੱਲਤ ਕਰਨ ਲਈ ਪੂਰਬ ਦੀਆਂ ਰੌਸ਼ਨੀਆਂ ਅਤੇ ਰੰਗਾਂ ਦੀ ਲੋੜ ਹੈ। ਅੰਮ੍ਰਿਤਾ ਦਾ ਜਨਮ 30 ਜਨਵਰੀ 1913 ਨੂੰ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿੱਚ ਹੋਇਆ। ਉਸ ਦੇ ਪਿਤਾ ਉਮਰਾਓ ਸਿੰਘ ਮਜੀਠੀਆ ਧਨਾਢ ਅਤੇ ਪ੍ਰਸਿੱਧ ਖਾਨਦਾਨ ਵਿੱਚੋਂ ਸਨ ਜਿਨ੍ਹਾਂ ਦੀਆਂ ਪੰਜਾਬ ਅਤੇ ਯੂ.ਪੀ. ਵਿੱਚ ਜਗੀਰਾਂ ਸਨ। ਉਸ ਦਾ ਵਿਆਹ 4 ਫਰਵਰੀ 1912 ਨੂੰ ਲਾਹੌਰ ਵਿੱਚ ਹੰਗਰੀ ਵਾਸੀ ਮੈਰੀ ਐਟੋਂਨੇਟ ਨਾਲ ਹੋਇਆ ਸੀ। ਉਮਰਾਓ ਸਿੰਘ ਅਤੇ ਉਸ ਦੀ ਪਤਨੀ ਵਿਆਹ ਪਿੱਛੋਂ ਹੰਗਰੀ ਚਲੇ ਗਏ ਅਤੇ ਨੌਂ ਸਾਲ ਉੱਥੇ ਰਹੇ।
|
|
30 Jan 2013
|
|
|
|
ਅੰਮ੍ਰਿਤਾ ਨੇ ਆਪਣਾ ਬਚਪਨ ਹੰਗਰੀ ਵਿੱਚ ਬਿਤਾਇਆ। ਉਹ ਆਪਣੇ ਮਾਪਿਆਂ ਨਾਲ ਪਹਿਲੀ ਵਾਰ ਸੰਨ 1921 ਵਿੱਚ ਭਾਰਤ ਆਈ। ਗਰਮੀਆਂ ਵਿੱਚ ਉਹ ਆਪਣੇ ਮਾਪਿਆਂ ਨਾਲ ਸ਼ਿਮਲੇ ਰਹਿੰਦੀ ਅਤੇ ਸਰਦੀਆਂ ਵਿੱਚ ਆਪਣੇ ਪਿਤਾ ਦੀ ਜੱਦੀ ਜਗੀਰ ‘ਸਰਾਏ’ ਯੂ.ਪੀ. ਵਿੱਚ ਰਹਿੰਦੀ। ਸ਼ਿਮਲੇ ਵਿੱਚ ਉਸ ਨੇ ਗ਼ਰੀਬ ਪਹਾੜੀ ਲੋਕਾਂ ਨੂੰ ਨੇੜਿਓਂ ਤੱਕਿਆ ਅਤੇ ਇਸੇ ਤਰ੍ਹਾਂ ਹੀ ਸਰਾਏ ਵਿੱਚ ਉਸ ਦਾ ਗ਼ਰੀਬ ਪੂਰਬੀਆਂ ਨਾਲ ਮੋਹ ਪੈ ਗਿਆ। ਬਾਅਦ ਵਿੱਚ ਉਸ ਨੇ ਇਨ੍ਹਾਂ ਲੋਕਾਂ ਦੇ ਦਿਲਚਸਪ ਚਿੱਤਰ ਬਣਾਏ। ਅੰਮ੍ਰਿਤਾ ਦੀ ਮਾਂ ਉਸ ਨੂੰ ਪਿਆਨਿਸਟ ਬਣਾਉਣਾ ਚਾਹੁੰਦੀ ਸੀ। ਭਾਵੇਂ ਅੰਮ੍ਰਿਤਾ ਚੰਗਾ ਪਿਆਨੋ ਵਜਾਉਂਦੀ ਸੀ ਪਰ ਉਸ ਨੇ ਪੇਂਟਰ ਹੀ ਬਣਨਾ ਚਾਹਿਆ। ਜਦ ਉਸ ਦੇ ਪਿਤਾ ਨੂੰ ਯਕੀਨ ਹੋ ਗਿਆ ਕਿ ਅੰਮ੍ਰਿਤਾ ਦੀ ਰੁਚੀ ਚਿੱਤਰਕਾਰੀ ਵਿੱਚ ਹੀ ਹੈ ਤਾਂ ਉਹ ਆਪਣੀ ਪਤਨੀ ਅਤੇ ਦੋਵਾਂ ਧੀਆਂ ਸਮੇਤ 1929 ਵਿੱਚ ਫਰਾਂਸ ਚਲੇ ਗਏ। ਅੰਮ੍ਰਿਤਾ ਨੇ ਪੈਰਿਸ ਵਿੱਚ ਰਿਹਾਇਸ਼ ਵੇਲੇ ਕਾਫ਼ੀ ਤਸਵੀਰਾਂ ਬਣਾਈਆਂ ਪਰ ਜਿਸ ਤਸਵੀਰ ਨੇ ਉਸ ਨੂੰ ਗਰੈਂਡ ਸਾਲੋਨ ਦੀ ਮੈਂਬਰ ਬਣਨ ਦਾ ਮਾਣ ਦਿਵਾਇਆ ਉਹ ਸੀ- ਦੋ ਮੁਟਿਆਰਾਂ ਦੀ ਗੱਲਬਾਤ, ‘ਕਨਵਰਸੇਸ਼ਨ’। ਅੰਮ੍ਰਿਤਾ ਨੂੰ ਇਸ ਸੰਸਥਾ ਦੀ ਅੱਜ ਤਕ ਦੀ ਸਭ ਤੋਂ ਘੱਟ ਉਮਰ ਦੀ ਮੈਂਬਰ ਹੋਣ ਦਾ ਮਾਣ ਹਾਸਲ ਹੈ। ਅੰਮ੍ਰਿਤਾ ਨੇ ਮਹਿਸੂਸ ਕੀਤਾ ਕਿ ਆਪਣੇ ਕਲਾਤਮਕ ਵਿਕਾਸ ਲਈ ਉਸ ਨੂੰ ਭਾਰਤ ਪਰਤਣਾ ਚਾਹੀਦਾ ਹੈ। ਭਾਵੇਂ ਉਸ ਦਾ ਪਿਤਾ ਇਸ ਦੇ ਵਿਰੁੱਧ ਸਨ ਪਰ ਅੰਮ੍ਰਿਤਾ ਦੀ ਇੱਛਾ ਮੁਤਾਬਕ 1934 ਦੇ ਅੰਤ ਵਿੱਚ ਉਹ ਪੰਜਾਬ ਆ ਗਏ। ਪੰਜਾਬ ਪਰਤ ਕੇ ਉਸ ਨੇ ਪ੍ਰਣ ਕੀਤਾ ਕਿ ਅੱਗੇ ਤੋਂ ਉਹ ਕਦੇ ਯੂਰਪੀ ਪੁਸ਼ਾਕ ਨਹੀਂ ਪਹਿਨੇਗੀ। ਉਸ ਨੇ ਸਾੜ੍ਹੀ ਲਗਾਉਣੀ ਸ਼ੁਰੂ ਕਰ ਦਿੱਤੀ। ਉਹ ਕਹਿੰਦੀ ਸੀ ਕਿ ਭਾਰਤੀ ਪੁਸ਼ਾਕ ਪੱਛਮੀ ਪਹਿਰਾਵੇ ਨਾਲੋਂ ਕਿਤੇ ਵੱਧ ਸੁੰਦਰ ਹੈ। ਜਦੋਂ ਉਹ ਭਾਰਤ ਆਈ ਤਾਂ ਉਸ ਵਿੱਚ ਇਨਕਲਾਬੀ ਤਬਦੀਲੀ ਆਈ। ਉਸ ਦੀ ਚਿੱਤਰਕਾਰੀ ਵਿੱਚ ਵੀ ਨਾਟਕੀ ਮੋੜ ਆਇਆ। ਉਸ ਨੇ ਭਾਰਤੀ ਲੋਕਾਂ, ਖ਼ਾਸ ਤੌਰ ‘ਤੇ ਗ਼ਰੀਬ ਭਾਰਤੀਆਂ ਨੂੰ ਤਸਵੀਰਾਂ ਰਾਹੀਂ ਪ੍ਰਗਟ ਕਰਨ ਦਾ ਯਤਨ ਕੀਤਾ। ਪੰਜਾਬ ਪਰਤਣ ‘ਤੇ ਉਸ ਵੱਲੋਂ ਬਣਾਈ ਗਈ ਪਹਿਲੀ ਤਸਵੀਰ ਬਣਾਈ ਇੱਕ ਸ਼ਾਹਕਾਰ ਸੀ। ਇਹ ਸੀ- ‘ਤਿੰਨ ਕੁੜੀਆਂ ਦੀ ਟੋਲੀ’ ਜਿਸ ਨੂੰ 1937 ਵਿੱਚ ਬੰਬਈ ਵਿੱਚ ਲੱਗੀ ਨੁਮਾਇਸ਼ ਵਿੱਚ ਸਭ ਤੋਂ ਵਧੀਆ ਚਿੱਤਰ ਹੋਣ ਲਈ ਸੋਨੇ ਦਾ ਤਗਮਾ ਮਿਲਿਆ ਸੀ। ਅੰਮ੍ਰਿਤਾ ਬੜੀ ਅਣਖੀ ਔਰਤ ਸੀ। ਉਹ ਆਪਣੇ ਸਵੈਮਾਨ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੀ ਸੀ ਅਤੇ ਹਮੇਸ਼ਾ ਸੱਚ ਬੋਲਦੀ ਸੀ। ਅੰਮ੍ਰਿਤਾ ਨੇ ਅਲਾਹਾਬਾਦ, ਦਿੱਲੀ ਅਤੇ ਲਾਹੌਰ ਵਿੱਚ ਵੀ ਨੁਮਾਇਸ਼ਾਂ ਲਗਵਾਈਆਂ ਸਨ। ਉਸ ਦੇ ਕੰਮ ਦੀ ਪ੍ਰਸ਼ੰਸਾ ਵੀ ਹੋਈ ਅਤੇ ਕਈ ਇਨਾਮ ਵੀ ਮਿਲੇ ਪਰ ਬੜੇ ਘੱਟ ਲੋਕਾਂ ਨੇ ਉਸ ਦੀਆਂ ਤਸਵੀਰਾਂ ਖ਼ਰੀਦੀਆਂ ਸਨ। ਉਸ ਵੱਲੋਂ ਲਗਾਈ ਗਈ ਦਿੱਲੀ ਦੀ ਨੁਮਾਇਸ਼ ਦੇਖਣ ਲਈ ਜਵਾਹਰ ਲਾਲ ਨਹਿਰੂ ਵੀ ਆਏ ਸਨ। ਉਸ ਨੇ ਅੰਮ੍ਰਿਤਾ ਨੂੰ ਕੁਝ ਚਿੱਠੀਆਂ ਵੀ ਲਿਖੀਆਂ। ਕਈ ਦਫਾ ਮਾਲੀ ਲੋੜਾਂ ਕਰਕੇ ਅੰਮ੍ਰਿਤਾ ਨੂੰ ਕੁਝ ਅਮੀਰਾਂ ਦੇ ਪੋਰਟਰੇਟ ਵੀ ਬਣਾਉਣੇ ਪਏ। ਇਸ ਵਿੱਚ ਉਸ ਦੇ ਚਾਚੇ ਸਰ ਸੁੰਦਰ ਸਿੰਘ ਮਜੀਠੀਏ ਦਾ ਵੀ ਚਿੱਤਰ ਸੀ ਜੋ ਪਰਿਵਾਰ ਨੂੰ ਬਹੁਤ ਪਸੰਦ ਆਇਆ ਪਰ ਅੰਮ੍ਰਿਤਾ ਉਨ੍ਹਾਂ ਦੀ ਪਸੰਦ ‘ਤੇ ਹੱਸਦੀ ਸੀ ਕਿਉਂਕਿ ਇਹ ਰਵਾਇਤੀ ਪੋਰਟਰੇਟ ਸੀ ਅਤੇ ਉਹ ਅਜਿਹੇ ਚਿੱਤਰਾਂ ਦੀ ਪ੍ਰਸ਼ੰਸਕ ਨਹੀਂ ਸੀ। 16 ਜੁਲਾਈ 1938 ਨੂੰ ਅੰਮ੍ਰਿਤਾ ਦਾ ਵਿਆਹ ਡਾ. ਵਿਕਟਰ ਨਾਲ ਹੋਇਆ। ਉਸ ਸਮੇਂ ਯੂਰਪ ਵਿੱਚ ਲੜਾਈ ਦੀਆਂ ਨਿਸ਼ਾਨੀਆਂ ਪ੍ਰਤੱਖ ਸਨ, ਇਸ ਕਰਕੇ ਉਨ੍ਹਾਂ ਭਾਰਤ ਆਉਣ ਦਾ ਫ਼ੈਸਲਾ ਕੀਤਾ। ਜੁਲਾਈ 1939 ਵਿੱਚ ਉਹ ਇੱਥੇ ਆ ਗਏ। ਕੁਝ ਹਫ਼ਤੇ ਸ਼ਿਮਲੇ ਰਹਿ ਕੇ ਉਹ ਮਾਇਕ ਔਕੜਾਂ ਕਰਕੇ ਯੂ.ਪੀ. ਵਿੱਚ ਸਰਾਏ ਚਲੇ ਗਏ ਜਿੱਥੇ ਉਹ 20 ਮਹੀਨੇ ਰਹੇ। ਸਰਾਏ ਵਿੱਚ ਵਿਕਟਰ ਪ੍ਰੈਕਟਿਸ ਕਰਦਾ ਸੀ ਅਤੇ ਅੰਮ੍ਰਿਤਾ ਨੇ ਆਪਣੇ ਆਲੇ-ਦੁਆਲੇ ਤੋਂ ਪ੍ਰੇਰਿਤ ਹੋ ਕੇ ਕਾਫ਼ੀ ਚਿੱਤਰ ਬਣਾਏ ਜਿਨ੍ਹਾਂ ਵਿੱਚ ਹਾਥੀਆਂ, ਘੋੜਿਆਂ ਅਤੇ ਊਠਾਂ ਦੀਆਂ ਤਸਵੀਰਾਂ ਅਤੇ ਕੁਝ ਮੁਕਾਮੀ ਲੋਕਾਂ ਦੇ ਜਿਵੇਂ ‘ਬਾਤ ਸੁਣਾਉਣ ਵਾਲਾ’, ‘ਹਲਦੀ ਕੁੱਟਣ ਵਾਲੀਆਂ’ ਸ਼ਾਮਲ ਹਨ।
|
|
30 Jan 2013
|
|
|
|
1941 ਵਿੱਚ ਉਹ ਫਿਰ ਪੰਜਾਬ ਆ ਗਏ ਅਤੇ ਉਨ੍ਹਾਂ ਨੇ ਲਾਹੌਰ ਵਿੱਚ ਰਹਿਣ ਦਾ ਨਿਰਣਾ ਲਿਆ ਤਾਂ ਕਿ ਵਿਕਟਰ ਇੱਥੇ ਪ੍ਰੈਕਟਿਸ ਅਤੇ ਅੰਮ੍ਰਿਤਾ ਪੇਂਟਿੰਗ ਕਰ ਸਕੇ। ਅੱਧ ਦਸੰਬਰ 1941 ਵਿੱਚ ਉਸ ਦਾ ਲਾਹੌਰ ਵਿੱਚ ਦੂਜੀ ਨੁਮਾਇਸ਼ ਦਾ ਪ੍ਰੋਗਰਾਮ ਸੀ। ਉਨ੍ਹਾਂ ਨੇ ਇੱਕ ਫਲੈਟ ਕਿਰਾਏ ‘ਤੇ ਲਿਆ। ਅੰਮ੍ਰਿਤਾ ਨੇ ਆਪਣੇ ਪਿਤਾ ਨੂੰ ਵੀ ਲਾਹੌਰ ਆ ਕੇ ਉਨ੍ਹਾਂ ਨਾਲ ਰਹਿਣ ਦਾ ਸੱਦਾ ਦਿੱਤਾ। ਅਚਾਨਕ ਦੋ ਦਿਨ ਦੀ ਬੀਮਾਰੀ ਪਿੱਛੋਂ 5 ਦਸੰਬਰ 1941 ਨੂੰ ਅੰਮ੍ਰਿਤਾ ਦਾ ਆਪਣੇ ਫਲੈਟ ਵਿੱਚ ਹੀ ਦੇਹਾਂਤ ਹੋ ਗਿਆ। ਅਖੀਰ ਵੇਲੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਰੰਗਾਂ ਬਾਰੇ ਬੁੜਬੁੜਾਉਂਦੀ ਰਹੀ ਅਤੇ ਇਹ ਕਹਿੰਦੀ ਰਹੀ- ‘ਪਰਦਿਆਂ ਵਿੱਚ ਧੁੱਪ ਆ ਰਹੀ ਹੈ ਅਤੇ ਕੰਧ ‘ਤੇ ਕਿੰਨੇ ਸੋਹਣੇ ਰੰਗ ਬਣਾ ਰਹੀ ਹੈ।’ ਅੰਮ੍ਰਿਤਾ ਦੇ ਜਿਉਂਦੇ-ਜੀਅ ਜਿਹੜੀਆਂ ਪੇਂਟਿੰਗਾਂ ਦੇ ਲੋਕ ਸੈਂਕੜੇ ਦੇਣ ਨੂੰ ਰਾਜ਼ੀ ਨਹੀਂ ਸਨ, ਅੱਜ ਉਨ੍ਹਾਂ ਨੂੰ ਲੱਖਾਂ ਵਿੱਚ ਖ਼ਰੀਦਣ ਲਈ ਤਿਆਰ ਹਨ। ਉਹ ਅਤੇ ਹੁਸੈਨ ਇਸ ਵੇਲੇ ਭਾਰਤ ਦੇ ਸਭ ਤੋਂ ਮਹਿੰਗੇ ਚਿੱਤਰਕਾਰ ਹਨ। ਹੁਸੈਨ ਨੂੰ ਵੀ ਅੰਮ੍ਰਿਤਾ ਨੇ ਪ੍ਰਭਾਵਿਤ ਕੀਤਾ। ਜਾਵੇਦ ਸਦੀਕੀ ਨੇ ਅੰਮ੍ਰਿਤਾ ਦੀ ਕਲਾ ਅਤੇ ਜੀਵਨ ਤੋਂ ਪ੍ਰੇਰਿਤ ਹੋ ਕੇ ਡਰਾਮੇ ਵਿੱਚ ਨਵੀਂ ਤਕਨੀਕ ਦਾ ਤਜਰਬਾ ਕੀਤਾ। ਇਹ ਉਰਦੂ ਵਿੱਚ ਹੈ ਅਤੇ ਇਸ ਦਾ ਨਾਮ ਹੈ- ‘ਤੁਮਹਾਰੀ ਅੰਮ੍ਰਿਤਾ’ ਜਿਸ ਵਿੱਚ ਕੋਈ ਸੰਗੀਤ, ਸੀਨਰੀ ਐਕਸ਼ਨ ਜਾਂ ਰੌਸ਼ਨੀ ਨਹੀਂ ਹਨ। ਉਰਦੂ ਦੇ ਡਰਾਮੇ ਨੂੰ ਸ਼ਬਾਨਾ ਆਜ਼ਮੀ ਅਤੇ ਫਾਰੁਖ ਸ਼ੇਖ਼ ਨੇ ਬੜੀ ਕਾਮਯਾਬੀ ਨਾਲ ਕਈ ਸ਼ਹਿਰਾਂ ਵਿੱਚ ਪੇਸ਼ ਕੀਤਾ ਹੈ। ਹੁਣ ਇਸ ਡਰਾਮੇ ਦਾ ਪੰਜਾਬੀ ਵਿੱਚ ਤਰਜਮਾ- ‘ਤੇਰੀ ਅੰਮ੍ਰਿਤਾ’ ਕੀਤਾ ਗਿਆ ਹੈ ਜਿਸ ਨੂੰ ਦਿਵਿਆ ਦੱਤਾ ਅਤੇ ਓਮ ਪੁਰੀ ਨੇ ਪਹਿਲੀ ਵਾਰ 18 ਜਨਵਰੀ ਨੂੰ ਸਫ਼ਲਤਾ ਨਾਲ ਲੁਧਿਆਣੇ ਵਿਖੇ ਖੇਡਿਆ ਹੈ। ਅੰਮ੍ਰਿਤਾ, ਜੌਹਨ ਕੀਟਸ ਵਾਂਗ ਭਰ ਜਵਾਨੀ ਵਿੱਚ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ ਪਰ ਕੀਟਸ ਦੀ ਸ਼ਾਇਰੀ ਵਾਂਗ ਉਸ ਦੀਆਂ ਕਲਾ-ਕਿਰਤਾਂ ਸਦੀਆਂ ਤਕ ਜਿਉਂਦੀਆਂ ਰਹਿਣਗੀਆਂ।
-ਅਮਰਜੀਤ ਸਿੰਘ ਹੇਅਰ * ਸੰਪਰਕ:94170-06625
|
|
30 Jan 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|