Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਾਂ-ਬੋਲੀ ਦਾ ਯੁੱਗ-ਕਵੀ ਸ਼ਿਵ ਕੁਮਾਰ ਬਟਾਲਵੀ

ਮਾਂ ਬੋਲੀ ਦਾ ਮਾਣ ਸਤਿਕਾਰ ਚਹੁੰ-ਕੂੰਟਾਂ ਵਿੱਚ ਪਹੁੰਚਾਉਣ ਵਾਲਾ; ਵਿਸ਼ਵ ਵਿਆਪੀ ਪ੍ਰਸਿੱਧੀ ਦਾ ਮਾਲਕ; ਦਹਾਕਿਆਂ ਦਾ ਜੀਵਨ ਕਾਲ ਸਾਲਾਂ ਵਿੱਚ ਮੁਕਾਉਣ ਵਾਲਾ; ਨੌਜਵਾਨਾਂ ਦਾ ਆਦਿ ਜੁਗਾਦੀ ਮਹਿਬੂਬ ਸ਼ਾਇਰ; ਬਿਰਹਾ ਦਾ ਸੁਲਤਾਨ; ਈਰਖਾਲੂਆਂ ਲਈ ਨਿਰੀ ਸਿਰਦਰਦੀ ਪੈਦਾ ਕਰ ਦੇਣ ਵਾਲਾ; ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਤੇ ਪੰਜਾਬੀ ਕਾਵਿ ਦੀ ਸੁਹਜਮਈ-ਸਰੋਦੀ ਹੂਕ-ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ, 1936 ਨੂੰ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ਕਰਗੜ੍ਹ ਹੁਣ ਪਾਕਿਸਤਾਨ ‘ਚ ਵਿਖੇ ਪੰਡਿਤ ਕਿਸ਼ਨ ਗੋਪਾਲ ਦੇ ਘਰ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੀ ਕੁੱਖੋਂ ਹੋਇਆ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਅਨੁਸਾਰ, ”ਬੜੇ ਪਿੰਡ ਲੋਹਟੀਆਂ ਦਾ ਸ਼ਿਵ ਕੁਮਾਰ ਜਦੋਂ ਜੰਮਿਆ ਤਾਂ ਉਸ ਦੀ ਮਾਂ ਨੇ ਅੱਗ ਦੀ ਨਦੀ ਵਿੱਚੋਂ ਪਾਣੀ ਲਿਆ ਕੇ ਆਪਣੇ ਪੁੱਤਰ ਨੂੰ ਚਖਾਇਆ। ਇਹ ਬਸੰਤਰ ਨਦੀ ਇਸ ਪਿੰਡ ਦੀ ਵੱਖੀ ਵਿੱਚ ਵਗਦੀ ਹੈ। ਇਸੇ ਅੱਗ ਨੂੰ ਸ਼ਿਵ ਨੇ ਆਪਣੀ ਉਮਰ ਦੇ ਉਂਗਲਾਂ ‘ਤੇ ਗਿਣੇ ਜਾ ਸਕਣ ਵਾਲੇ ਵਰ੍ਹਿਆਂ ‘ਚ ਹੰਢਾਇਆ।” ਇਹ ਯੁੱਗ-ਸ਼ਾਇਰ ਮਹਿਜ਼ ਪੌਣੇ ਸੈਂਤੀ ਸਾਲ ਜੀਵਿਆ ਅਤੇ ਆਪਣੀ ਸਿਰਜਣ ਪ੍ਰਕਿਰਿਆ ਦੇ ਲਗਪਗ 12-13 ਸਾਲਾਂ ਵਿੱਚ ਹੀ ਪੰਜਾਬੀ ਕਾਵਿ ਵਿੱਚ ਇਕ ਵਿਲੱਖਣ ਯੁੱਗ ਦਾ ਸਿਰਜਕ ਸਿੱਧ ਹੋਇਆ। ਜੁਝਾਰਵਾਦੀ ਪੰਜਾਬੀ ਕਾਵਿ ਦਾ ਸਭ ਤੋਂ ਵੱਧ ਸੁਚਰਚਿਤ ਸ਼ਾਇਰ-ਪਾਸ਼ ਉਸ ਬਾਰੇ ਲਿਖਦਾ ਹੈ, ”ਸ਼ਿਵ ਪੰਜਾਬੀ ਕਵਿਤਾ ਦਾ ਇਕ ਦੌਰ ਸੀ, ਜੋ ਉਸ ਦੇ ਨਾਲ ਸ਼ੁਰੂ ਹੋਇਆ ਸੀ, ਉਸ ਦੇ ਨਾਲ ਹੀ ਖਤਮ ਹੋ ਗਿਆ ਹੈ। ਉਹ ਜਿੰਨਾ ਜੀਵਿਆ ਇਕ ਦੌਰ ਬਣ ਕੇ ਜੀਵਿਆ।” ਸ਼ਿਵ ਦੀ ਪੰਜਾਬੀ ਕਵਿਤਾ ‘ਚ ਇਸ ਤਰ੍ਹਾਂ ਪੂਰੀ-ਭਰਪੂਰ ਵਿਲੱਖਣ ਪਛਾਣ ਹੈ ਅਤੇ ਉਸ ਦੀ ਵਿਲੱਖਣਤਾ ਯੁੱਗਾਂ ਤੱਕ ਕਾਇਮ ਰਹੇਗੀ।
ਸ਼ਿਵ ਕੁਮਾਰ ਬਟਾਲਵੀ ਦਾ ਪਲੇਠਾ ਕਾਵਿ ਸੰਗ੍ਰਹਿ ”ਪੀੜਾਂ ਦਾ ਪਰਾਗਾ” (1960) ਉਸ ਦੇ ਨਿੱਜੀ ਦਰਦ ਤੇ ਵੇਦਨਾ ਨੂੰ ਬਾਖ਼ੂਬੀ ਪੇਸ਼ ਕਰਦਾ ਹੈ। ਸੰਗੀਤਕ ਸੁਰ ‘ਚ ਪੇਸ਼ ਗ਼ਮ, ਬਿਰਹਾ, ਨਿਰਾਸ਼ਤਾ, ਉਪਰਾਮਤਾ ਤੇ ਨਿੱਜਗਤ ਦਰਦ ਨਾਲ ਲਬਰੇਜ਼ ਇਸ ਕਾਵਿ-ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਪਹਿਲਾ ਇਨਾਮ ਪ੍ਰਦਾਨ ਕੀਤਾ। ”ਲਾਜਵੰਤੀ” (1961) ਨਾਮਕ ਦੂਜੇ ਕਾਵਿ-ਸੰਗ੍ਰਹਿ ‘ਚ ਸ਼ਿਵ ਕੁਮਾਰ ਵੱਲੋਂ ਔਰਤ ਦੁਆਰਾ ਸਾਹ-ਘੁਟਵੀਆਂ ਸਮਾਜਿਕ ਕਦਰਾਂ-ਕੀਮਤਾਂ ‘ਤੇ ਖੂਬਸੂਰਤ ਟਿੱਪਣੀਆਂ ਕੀਤੀਆਂ ਹੋਈਆਂ ਮਿਲਦੀਆਂ ਹਨ। ਸ਼ਾਇਰ ਨੇ ਵੇਲਾ ਵਿਹਾ ਚੁੱਕੇ ਸਮਾਜਿਕ ਮੁੱਲ-ਵਿਧਾਨ ਅਤੇ ਦਕਿਆਨੂਸੀ ਪਹੁੰਚ-ਦ੍ਰਿਸ਼ਟੀ ਨੂੰ ਸਹਿਜ-ਯੁਕਤ ਦਲੇਰੀ ਨਾਲ ਰੱਦ ਕੀਤਾ। ਇਸ ਵਿੱਚ ਉਸ ਨੇ ਦੋ ਤਰ੍ਹਾਂ ਦੇ ਅਲੰਕਾਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। (ੳ) ਪੇਂਡੂ ਜਨ-ਜੀਵਨ ਦੀ ਪ੍ਰਕ੍ਰਿਤੀ ਬਾਰੇ ਜਿਹੜੇ ਅਜੋਕੀ ਨੌਜਵਾਨ ਪੀੜ੍ਹੀ ਲਈ ਸਮਝਣੇ ਕਠਿਨ ਹਨ। (ਅ) ਕੁਦਰਤ-ਕਾਇਨਾਤ ਦੇ ਪਰਾ ਭੌਤਿਕ ਮੰਡਲ ਨਾਲ ਸਬੰਧਿਤ ਅਲੰਕਾਰ ਤੇ ਕਾਵਿ-ਬਿੰਬ ਜਿਹੜੇ ਸਮਝਣ-ਵਰਤਣ ਲਈ ਉੱਚ ਮਾਨਸਿਕ ਇਕਾਗਰਤਾ ਦੀ ਮੰਗ ਕਰਦੇ ਹਨ। ਆਪਣੇ ਤੀਜੇ ਕਾਵਿ-ਸੰਗ੍ਰਹਿ ”ਆਟੇ ਦੀਆਂ ਚਿੜੀਆਂ” ਵਿਚ ਸ਼ਿਵ ਆਪਣੇ ਮਨ-ਮਸਤਕ ‘ਤੇ ਪ੍ਰਭਾਵੀ ਹੋਏ ਪਏ ਗ਼ਮ ਨੂੰ ਹੀ ਕਾਵਿਕ-ਵਿਸਥਾਰ ਪ੍ਰਦਾਨ ਕਰਦਾ ਹੈ। ਇਹ ਸੰਗ੍ਰਹਿ 1962 ਵਿੱਚ ਪ੍ਰਕਾਸ਼ਿਤ ਹੋਇਆ। ਉਕਤ ਤਿੰਨਾਂ ਹੀ ਕਾਵਿ ਪੁਸਤਕਾਂ ਦੇ ਆਰ-ਪਾਰ ਅਸੀਂ ਦਰਦ, ਗ਼ਮ, ਉਪਰਾਮਤਾ, ਨਿਰਾਸ਼ਤਾ ਅਤੇ ਪ੍ਰਵਾਨਿਤ ਹਾਰ ਦੀ ਇਕ ਲੰਮੀ ਹੂਕ ਸੁਣਦੇ ਹਾਂ ਜਿਸ ਨੂੰ ਸਿਰੇ ਦੇ ਸਰਲੀਕਰਨ ਤਹਿਤ ਕੁਝ ਲੋਕ ਰੁਦਨ ਦੀ ਸ਼ਾਇਰੀ ਕਹਿ ਦਿੰਦੇ ਹਨ। ਸ਼ਿਵ ਕੁਮਾਰ ਇਸ ਦੋਸ਼ ਦਾ ਸਪੱਸ਼ਟੀਕਰਨ ਦੇ ਚੁੱਕਾ ਹੈ :
ਪੀੜਾਂ ਦੇ ਧਰਕੋਨੇ ਖਾ ਖਾ
ਹੋ ਗਏ ਗੀਤ ਕੁਸੈਲੇ ਵੇ,
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ।
ਪਹਿਲੀ ਕਾਵਿ-ਪੁਸਤਕ ਦੇ ਮੁੱਖ ਬੰਦ ਵਜੋਂ ਅੰਮ੍ਰਿਤਾ ਪ੍ਰੀਤਮ ਟਿੱਪਣੀ ਕਰਦੀ ਹੈ ”ਵੀਰ ਸ਼ਿਵ, ਤੇਰਾ ਦਰਦ ਸਲਾਮਤ ਰਹੇ, ਪਤਾ ਨਹੀਂ ਇਹ ਵਰ ਹੈ ਜਾਂ ਸਰਾਪ” (ਪੀੜਾਂ ਦਾ ਪਰਾਗਾ)। ਪੰਜਾਬੀ ਦਾ ਪ੍ਰਬੁੱਧ ਵਿਦਵਾਨ ਸੰਤ ਸਿੰਘ ਸੇਖੋਂ ”ਲਾਜਵੰਤੀ” ਦੇ ਮੁੱਖਬੰਦ ਵਿਚ ਲਿਖਦਾ ਹੈ ਜੋ ਯਾਦ ਰੱਖਣ ਯੋਗ ਹੈ: ”ਸ਼ਿਵ ਕੁਮਾਰ ਦੁੱਖ ਨੂੰ ਬੁਰੇ ਦੇ ਘਰ ਤੱਕ ਲੈ ਜਾਂਦਾ ਹੈ ਅਤੇ ਇਸ ਵਿਚ ਹੀ ਉਸ ਦੀ ਨਵੀਨਤਾ ਹੈ ਅਤੇ ਵਿਲੱਖਣਤਾ ਵੀ। ਸ਼ਿਵ ਦੀ ਨਿਰਾਸ਼ਾ (ਪੀੜ) ਉਥੋਂ ਸ਼ੁਰੂ ਹੁੰਦੀ ਹੈ, ਜਿਥੇ ਅੰਗਰੇਜ਼ੀ ਕਵੀ ”ਕੀਟਸ” ਦੀ ਨਿਰਾਸ਼ਾ (ਪੀੜ) ਸਮਾਪਤ ਹੁੰਦੀ ਹੈ। ਅਸਲ ਵਿੱਚ ”ਕੀਟਸ” ਦੀ ਨਿਰਾਸ਼ਾ (ਪੀੜ) ਵੀ ਸਮਾਪਤ ਨਹੀਂ ਹੋਈ ਸੀ, ਪਰ ਉਸ ਨੇ ਜਾਣ ਲਿਆ ਸੀ ਕਿ ਕਵਿਤਾ ਵਿਚ ਨਿਰਾਸ਼ਾ (ਪੀੜ) ਦਾ ਇਲਾਜ ਨਹੀਂ। ਸ਼ਿਵ ਨੇ ਇਹ ਜਾਨਣ ਤੋਂ ਸੰਕੋਚ ਕੀਤਾ।” ਅਸਲ ਵਿਚ ਸ਼ਿਵ ਆਪਣੀ ਪੀੜ ਦਾ ਆਪ ਖੁਦ ਆਨੰਦ ਮਾਣਦਾ ਰਿਹਾ। ਬਲਵੰਤ ਗਾਰਗੀ ਸ਼ਿਵ ਨੂੰ ਮਿਲੀ ਵਿਸ਼ਾਲ ਪ੍ਰਵਾਨਗੀ ਤੋਂ ਥੋੜ੍ਹਾ ਈਰਖਾਲੂ ਲਹਿਜੇ ਵਿਚ ਲਿਖਦਾ ਹੈ: ”ਸ਼ਿਵ ਕੁਮਾਰ ਪੰਜਾਬੀ ਸਾਹਿਤ ਵਿਚ ਗ਼ਮ ਦਾ ਸਭ ਤੋਂ ਵੱਡਾ ਸੇਲਜ਼ਮੈਨ ਹੈ। ਉਸ ਵਿਚ ਆਪਣੇ ਆਪ ਨੂੰ ਲੁਟਾ ਦੇਣ ਦੀ ਤਮੰਨਾ ਸੀ। ਉਹ ਇਸੇ ਤਰ੍ਹਾਂ ਦੀ ਬੇਰਹਿਮੀ ਆਪਣੇ ਵਜੂਦ ਨਾਲ ਕਰਦਾ ਤੇ ਇਸੇ ਤਰ੍ਹਾਂ ਆਪਣੇ ਦਲੇਰ ਮਾਲੀ ਆਤਮਘਾਤ ਨਾਲ ਮਿਲਣ ਵਾਲੇ ਨੂੰ ਉਦਾਸ ਕਰ ਦਿੰਦਾ ਹੈ।”
ਸਾਡਾ ਇਹ ਮਹਿਬੂਬ ਸ਼ਾਇਰ ਆਪਣੇ ਅੰਤ ਬਾਰੇ ਆਰੰਭ ਵਿਚ ਹੀ ਸੁਚੇਤ ਸੀ। ਇਸੇ ਕਾਰਨ ਉਸ ਨੇ 1962-63 ਵਿਚ ਹੀ ”ਮੈਨੂੰ ਵਿਦਾ ਕਰੋ” ਸਿਰਲੇਖ ਹੇਠ ਕਵਿਤਾ ਲਿਖ ਦਿੱਤੀ ਸੀ ਅਤੇ ਇਸੇ ਸਿਰਲੇਖ ਤਹਿਤ ਕਾਵਿ ਸੰਗ੍ਰਹਿ ਬਾਅਦ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਸ਼ਿਵ ਇਸ ਬ੍ਰਹਿਮੰਡ ਵਿਚ ਆਪਣੀ ਆਉਧ ਪੂਰੀ ਹੋ ਜਾਣ ਦਾ ਪ੍ਰਤੀਮਾਨ ਸਿਰਜਦਾ ਹੈ:

06 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਾਰੋ ਪੀੜ ਮੇਰੀ ਦੇ ਸਿਰ ਤੋਂ
ਨੈਣ ਸਰਾਂ ਦਾ ਪਾਣੀ।
ਇਸ ਪਾਣੀ ਨੂੰ ਜੱਗ ਵਿੱਚ ਵੰਡੋ
ਹਰ ਇਕ ਆਸ਼ਕ ਤਾਣੀ।
ਪ੍ਰਭ ਜੀ, ਜੇ ਕੋਈ ਬੂੰਦ ਬਚੇ
ਉਹਦਾ ਆਪ ਘੁੱਟ ਭਰੋ।
ਤੇ ਮੈਨੂੰ ਵਿਦਾ ਕਰੋ।
”ਬਿਰਹਾ ਤੂੰ ਸੁਲਤਾਨ” ਅਤੇ ”ਦਰਦਮੰਦਾਂ ਦੀਆਂ ਆਹੀਂ” ਨਾਮਕ ਦੋ ਕਾਵਿ-ਸੰਗ੍ਰਹਿ 1964 ਵਿਚ ਪ੍ਰਕਾਸ਼ਿਤ ਹੋਏ। ਮਗਰਲੇ ਕਾਵਿ ਸੰਗ੍ਰਹਿ ਵਿਚ ਪਹਿਲੇ ਚਾਰ ਸੰਗ੍ਰਹਿਆਂ ਵਿਚੋਂ ਹੀ ਕਵਿਤਾਵਾਂ ਤੇ ਗੀਤ ਸ਼ਾਮਲ ਹਨ। ਸ਼ਿਵ ਦੇ ਗੀਤਾਂ ਦਾ ਪ੍ਰਭਾਵੀ ਤੇ ਪ੍ਰਮੁੱਖਤਮ ਗੁਣ ਸੰਗੀਤਕ ਲੈਆਤਮਕਤਾ ਜਾਂ ਸੁਰ-ਤਾਲ ਲੈਆਤਮਕਤਾ ਹੈ। ਉਸ ਦੁਆਰਾ ਸਿਰਜਿਤ ਸ਼ਬਦ ਚਿੱਤਰ ਸੰਘਣੀ ਹਰਿਆਵਲ ਵਿਚ ਮਹਿਕਾਂ ਬਿਖੇਰਦੇ ਰੰਗ-ਬਿਰੰਗੇ ਫੁੱਲਾਂ ਵਾਂਗ ਹਨ। ਅਜਿਹਾ ਕਰਦਿਆਂ ਉਹ ਕਦੇ ਬੇਲੋੜੇ ਖਿਲਾਰੇ ‘ਚ ਨਹੀਂ ਪੈਂਦਾ ਸਗੋਂ ਸੰਕੇਤਕ ਭਾਸ਼ਾ ‘ਚ ਅਨੂਠੇ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਆਪਣੀ ਗੱਲ ਕਰਦਾ ਹੈ। ਸ਼ਿਵ ਸਾਫ਼-ਸਪਸ਼ਟ ਰੂਪ ਵਿਚ ਲੋਕ-ਧਾਰਾਈ ਕਾਵਿ-ਬਿੰਬਾਂ ਦੀ ਇਕ ਪੂਰੀ ਸਲਤਨਤ ਹੈ। ਸ਼ਿਵ ਉਸ ਸਰ-ਜ਼ਮੀਨ ਦਾ ਮਾਲਕ ਸੀ, ਜਿਥੇ ਜ਼ਿੰਦਗੀ ਦੀ ਜੱਦੋ-ਜਹਿਦ ਵਿਚ ਪ੍ਰਚੰਡ ਬਿੰਬਾਂ ਦੀ ਸਿਰਜਣਾ ਹੁੰਦੀ ਹੈ। ਮਿਸਾਲ ਵਜੋਂ ਵੇਖੋ:
ਸ਼ਾਲਾ! ਬਾਂਝ ਮਰੀਵਣ ਮਾਪੇ
ਢਿੱਡੋਂ ਭੁੱਖੇ-ਭਾਣੇ
ਉਸ ਘਰ ਨਾ ਜਨਮੇ ਸ਼ੀਸ਼ੋ
ਜਿਸ ਘਰ ਹੋਣ ਨਾ ਦਾਣੇ
ਸ਼ਾਲਾ! ਓਸ ਗਿਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ।
ਜਿਸ ਗਰਾਂ ‘ਚੋਂ ਜ਼ਿੰਦਗੀ ਨਾਲੋਂ
ਮੱਢਲ ਮਹਿੰਗਾ ਲੱਭੇ।
ਪ੍ਰਿੰ. ਸੇਖੋਂ ਉਕਤ ਸਮਝਦਾਰੀ ਦੀ ਪੁਸ਼ਟੀ ਇਨ੍ਹਾਂ ਸ਼ਬਦਾਂ ‘ਚ ਕਰਦੇ ਹਨ: ”ਪੰਜਾਬੀ ਜਗਤ ਵਿਚ ਸ਼ਿਵ ਕਵੀਆਂ ਦਾ ਕਵੀ ਹੈ ਤੇ ਗੀਤਕਾਰਾਂ ਦਾ ਗੀਤਕਾਰ। ਉਸ ਨੇ ਪੰਜਾਬੀ ਕਵਿਤਾ ਵਿਚ ਅਲੰਕਾਰ, ਬਿੰਬ ਰਚਨਾ, ਸ਼ਬਦ-ਰਸ ਤੇ ਵਿਸ਼ੇ ਦੀ ਉਹ ਸੂਖ਼ਮਤਾ ਲਿਆਂਦੀ, ਜਿਸ ਵਰਗੀ ਪ੍ਰਾਪਤੀ ਲਈ ਉਸ ਦੀ ਪੀੜ੍ਹੀ ਦੇ ਅਤੇ ਉਸ ਤੋਂ ਪਹਿਲੋਂ-ਪਿੱਛੋਂ ਦੇ ਕਵੀ ਤਾਂਘਦੇ ਹਨ।”
ਸ਼ਿਵ ਦੀ ਸ਼ਾਹਕਾਰ ਸਿਰਜਣਾ ਖੰਡ-ਕਾਵਿ ”ਲੂਣਾ” 1965 ਵਿਚ ਪ੍ਰਕਾਸ਼ਿਤ ਹੋਈ। ਇਸ ਸੁਰਚਨਾ ਨੇ ਸ਼ਿਵ ਨੂੰ ਸਭ ਤੋਂ ਛੋਟੀ ਉਮਰ ਦਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਬਣਾ ਦਿੱਤਾ। ਉਸ ਨੇ ਸਾਹਿਤਕਾਰਾਂ ਲਈ ਮਾਣ-ਮੱਤਾ ਇਹ ਪੁਰਸਕਾਰ 1966 ਵਿਚ ਪ੍ਰਾਪਤ ਕੀਤਾ। ਉਂਝ ਤਾਂ ਉਹ ਆਪਣੀ ਸਮੁੱਚੀ ਕਾਵਿ ਸਿਰਜਣਾ ਵਿਚ ਪਰ ਵਿਸ਼ੇਸ਼ ਕਰਕੇ ਸ਼ਾਹਕਾਰ ”ਲੂਣਾ” ਕਰਕੇ ਨਾਰੀ ਹੱਕਾਂ ਦਾ ਝੰਡਾ ਬਰਦਾਰ ਬਣ ਗਿਆ। ਉਹ ਪ੍ਰਚਲਿਤ ਸਮਾਜਿਕ ਮੁੱਲ ਵਿਧਾਨ ‘ਤੇ ਤਿੱਖਾ ਵਿਅੰਗ ਕਰਦਾ ਹੋਇਆ ਨਾਰੀ ਦੇ ਸੂਖ਼ਮ ਅਹਿਸਾਸਾਂ, ਕੋਮਲ ਭਾਵਨਾਵਾਂ ਤੇ ਮੂਕ ਜਜ਼ਬਿਆਂ ਦੀ ਤਰਜਮਾਨੀ ਕਰਦਾ ਹੈ:
ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿੱਤਰਹੀਣ ਕਹੇ ਕਿਉਂ ਜੀਭ ਜਹਾਨ ਦੀ
ਸ਼ਿਵ ਲਈ ਪ੍ਰਵਾਨਿਤ ਸਦਾਚਾਰਕ ਵਿਵਹਾਰ ਵਿਚ ਵੀ ਵਿਲੱਖਣ ਮੁੱਲ ਵਿਧਾਨ ਸਿਰਜਣਾ ਬੜਾ ਸਹਿਜ ਕਾਰਜ ਸੀ ਪਰ ਉਸ ਨੇ ਪਰੰਪਰਾ ਦੀ ਲਛਮਣ-ਰੇਖਾ ਤੋਂ ਬਾਹਰ ਨਿਕਲਣ ਦਾ ਹੀਆ ਕਰਕੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਇਕ ਨਵੀਂ ਸੋਝੀ, ਚੇਤਨਾ ਤੇ ਗੌਰਵ ਪ੍ਰਦਾਨ ਕੀਤਾ। ਉਸ ਦੁਆਰਾ ਪੇਸ਼ ਨਾਰੀ ਮਨ ਦੀ ਹੂਕ ਸੁਣੋ:
ਇਸ ਧਰਤੀ ਦੀ ਹਰ ਨਾਰੀ ਹੀ ਲੂਣਾ ਹੈ
ਹਰ ਨਾਰੀ ਦਾ ਨਰ ਹੀ ਸੂਰਜ ਵਿਹੂਣਾ ਹੈ
ਹਰ ਨਾਰੀ ਦਾ ਬੁੱਤ ਮੁਹੱਬਤੋਂ ਊਣਾ ਹੈ
ਪਿਆਰ ਘਾਟ ਦਾ ਹਰ ਵਿਹੜੇ ਵਿਚ ਟੂਣਾ ਹੈ
ਸ਼ਿਵ ਕੁਮਾਰ ਸਥਾਪਿਤ ਸਮਾਜਿਕ ਸਰੋਕਾਰਾਂ ਤੇ ਸੰਬੰਧਾਂ ਦੀ ਵਲਗਣ ਉਲੰਘ ਕੇ ਅਤੇ ਸਾਰੇ ਸਮਾਜਿਕ ਰੱਖ-ਰਖਾਉ ਨੂੰ ਤਾਕ ‘ਤੇ ਰੱਖ ਕੇ ਡੂੰਘੇ ਮਨੋਵਿਗਿਆਨਕ ਵਿਸ਼ਲੇਸ਼ਣ ਦੀ ਬੇਬਾਕ ਪੇਸ਼ਕਾਰੀ ਕਰਦਾ ਹੈ:
ਏਥੇ ਹਰ ਬਾਬਲ ਹੀ
ਆਪਣੀ ਧੀ ‘ਤੇ ਮਰਦਾ
ਏਥੇ ਹਰ ਮਾਂ ਹੀ
ਪੁੱਤਰ ‘ਤੇ ਹੈ ਮਰਦੀ
ਬੇਹੀ ਰੱਤ ਸੱਜਰੀ ਨੂੰ ਛਲਦੀ
ਹਰ ਇਕ ਨਾਰ ਵਿਲੰਬਿਤ
ਆਤਮਘਾਤ ਹੈ ਕਰਦੀ
ਆਪਣੀ ਉਮਰਾਂ ਦੇ, ਪਾਲੇ ਵਿਚ ਠਰਦੀ
ਆਪਣੇ ਹੀ ਅੰਗਾਂ ਦੀ
ਅਗਨੀ ਵਿਚ ਸੜਦੀ
ਨਿੱਤ ਕਿਰਨਾਂ ਦਾ ਰੱਸਾ ਵੱਟ ਕੇ
ਸੂਲੀ ਚੜ੍ਹਦੀ
ਪਰ ਨਾ ਜਿਉਂਦੀ, ਨਾ ਹੀ ਮਰਦੀ

 

06 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

”ਮੈਂ ਤੇ ਮੈਂ” ਸ਼ਿਵ ਕੁਮਾਰ ਬਟਾਲਵੀ ਦਾ ਅੰਤਿਮ ਕਾਵਿ ਸੰਗ੍ਰਹਿ ਹੈ। ਇਸ ਬਾਰੇ ਪ੍ਰੋ. ਕਿਰਪਾਲ ਸਿੰਘ ਕਸੇਲ ਤੇ ਸਹਿਯੋਗੀ ਲਿਖਦੇ ਹਨ: ”ਮੈਂ ਤੇ ਮੈਂ ਵਿੱਚ ਸ਼ਿਵ ਨੇ ਅਸਤਿਤਵਾਦੀ ਦਰਸ਼ਨ ਦੇ ਪ੍ਰਭਾਵ ਅਧੀਨ ਬਿਰਤਾਂਤਕ ਲਘੂ ਕਥਾ ਦੀ ਵਰਤੋਂ ਕਰਕੇ ”ਸ਼ਹਿਰ ਦੇ ਜੰਗ” ਦੇ ਨਵੀਨ ਪਰ ਰੀਤੀਗਤ ਚਿੰਨ੍ਹਾਂ ਰਾਹੀਂ ਉਸ ਬੱਚੇ ਦੇ ਕੁੰਠਿਤ ਅਨੁਭਵਾਂ ਦਾ ਵਰਨਣ ਕੀਤਾ ਹੈ, ਜਿਸ ਨੂੰ ਸਮਾਜ ਨਾਜਾਇਜ਼ ਕਰਾਰ ਦਿੰਦਾ ਹੈ, ਪਰ ਜਿਸ ਦੇ ਬੋਲ ਉਪਭਾਵੁਕ ਵਿਦਰੋਹ ਦਾ ਰੂਪ ਧਾਰਨ ਕਰ ਲੈਂਦੇ ਹਨ”। ਸ਼ਿਵ ਕੁਮਾਰ ਬਟਾਲਵੀ ਦੀ 6 ਮਈ 1973 ਨੂੰ ਹੋਈ ਬੇਵਕਤ ਮੌਤ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੁਝ ਅਣਪ੍ਰਕਾਸ਼ਿਤ ਪਰ ਬਹੁਤੀਆਂ ਪੁਰਾਣੀਆਂ ਕਵਿਤਾਵਾਂ ਸ਼ਾਮਲ ਕਰਕੇ 1974 ਵਿਚ ”ਅਲਵਿਦਾ” ਸਿਰਲੇਖ ਹੇਠ ਇਕ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਕੇ ਸ਼ਰਧਾਂਜਲੀ ਪੇਸ਼ ਕੀਤੀ। ਚੋਣਵੀਆਂ ਕਵਿਤਾਵਾਂ ‘ਤੇ ਆਧਾਰਿਤ ਤਿੰਨ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ। ਇਨ੍ਹਾਂ ਵਿਚ ”ਆਰਤੀ” ”ਬਿਰਹੜਾ” ਅਤੇ ”ਅਸਾਂ ਤਾਂ ਜੋਬਨ ਰੁੱਤੇ ਮਰਨਾ” ਸ਼ਾਮਲ ਹਨ। ”ਆਰਤੀ ਕਾਵਿ ਸੰਗ੍ਰਹਿ ਲਈ ਕਵਿਤਾਵਾਂ ਦੀ ਚੋਣ ਸ਼ਿਵ ਨੇ ਆਪ ਪਹਿਲਾਂ ਹੀ ਕਰ ਲਈ ਸੀ, ਪਰ ਪ੍ਰਕਾਸ਼ਿਤ ਇਹ ”ਮੈਂ ਤੇ ਮੈਂ” ਤੋਂ ਬਾਅਦ ਹੋਇਆ।
ਸ਼ਿਵ ਕੁਮਾਰ ਬਟਾਲਵੀ ਬੇਹੱਦ ਪ੍ਰਤਿਭਾਵਾਨ ਸ਼ਾਇਰ ਸੀ। ”ਅਲਵਿਦਾ” ਕਾਵਿ-ਸੰਗ੍ਰਹਿ ਦਾ ਸੰਪਾਦਕ ਸ਼ਿਵ ਬਾਰੇ ਲਿਖਦਾ ਹੈ: ”ਕਦੇ ਏਨੀ ਤੇਜ਼ੀ ਨਾਲ ਕਿਸੇ ਨੇ ਸਫ਼ਰ ਨਹੀਂ ਕੀਤਾ, ਜਿੰਨਾ ਮਾਣ ਸਤਿਕਾਰ, ਆਦਰ ਭਾਉ ਸ਼ਿਵ ਨੂੰ ਮਿਲਿਆ, ਸ਼ਾਇਦ ਹੀ ਕਿਸੇ ਦੂਜੇ ਸਾਹਿਤਕਾਰ ਨੂੰ ਨਸੀਬ ਹੋਇਆ ਹੋਵੇ।” ਸ਼ਿਵ ਇਕ ਮਹਾਨ ਕਰਤਾਰੀ ਪ੍ਰਤਿਭਾ ਸੀ। ਇਸ ਲਈ ਉਕਤ ਵਰਣਿਤ ਮਾਣ-ਸਤਿਕਾਰ ਦਾ ਹੱਕਦਾਰ ਸੀ। ਮਹਾਨ ਵਿਅਕਤੀ ਨੂੰ ਪਰਿਭਾਸ਼ਿਤ ਕਰਦਾ ਹੋਇਆ ਵਿਦਵਾਨ-ਚਨਿੰਗ ਲਿਖਦਾ ਹੈ: ”ਮਹਾਨ ਮਨੁੱਖ ਉਹ ਹੈ ਜਿਹੜਾ ਦ੍ਰਿੜ ਇਰਾਦੇ ਨਾਲ ਸਹੀ ਰਸਤੇ ਦੀ ਚੋਣ ਕਰਦਾ ਹੈ, ਜਿਹੜਾ ਹਰ ਪ੍ਰਕਾਰ ਦੀਆਂ ਅੰਦਰੂਨੀ ਤੇ ਬਾਹਰੀ ਲਾਲਸਾਵਾਂ ਨੂੰ ਕਾਬੂ ‘ਚ ਰੱਖਦਾ ਹੈ, ਜਿਹੜਾ ਵੱਡੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਜਿਹੜਾ ਤੂਫ਼ਾਨਾਂ ਸਾਹਵੇਂ ਸ਼ਾਂਤ-ਸਪੱਸ਼ਟ ਰਹਿੰਦਾ ਹੈ ਅਤੇ ਧਮਕੀ-ਧਾੜੇ ਤੇ ਹਮਲਿਆਂ ਵੇਲੇ ਪੂਰਨ ਭਾਂਤ ਨਿਡਰ ਰਹਿੰਦਾ ਹੈ ਅਤੇ ਜਿਸ ਦੀ ਸੱਚ, ਨੇਕੀ ਤੇ ਪ੍ਰਮਾਤਮਾ ‘ਤੇ ਨਿਰਭਰਤਾ ਬੇਹੱਦ ਮਜ਼ਬੂਤ ਹੁੰਦੀ ਹੈ।” ਸ਼ਿਵ ਇਨ੍ਹਾਂ ਗੁਣਾਂ ਦਾ ਮਾਲਕ ਸੀ। ਇਸ ਦੀ ਪੁਸ਼ਟੀ ਲਈ ਸਾਨੂੰ ਇਕ ਵਾਰ ਫਿਰ ”ਲੂਣਾ” ਖੰਡ-ਕਾਵਿ ਦਾ ਅਧਿਐਨ ਕਰਨਾ ਪਏਗਾ। ਇਸ ਵਿਚ ਉਸ ਨੇ ਪੂਰਨ ਦੇ ਪੰਜਾਬੀ ਪਰੰਪਰਾ ਵਿਚ ਰੂੜ੍ਹ ਹੋ ਚੁੱਕੇ ਕਿੱਸੇ ਨੂੰ ਅਸਲੋਂ ਨਵਾਂ ਤੇ ਮੌਲਿਕ ਪਾਸਾਰ ਪ੍ਰਦਾਨ ਕੀਤਾ। ਉਸ ਨੇ ਪੂਰਨ ਦੀ ਮਿੱਥ ਨੂੰ ਏਨੀ ਮਨੋਵਿਗਿਆਨਕ ਸੂਝ, ਕਲਾਤਮਕਤਾ ਤੇ ਸੰਵੇਦਨਸ਼ੀਲਤਾ ਨਾਲ ਉਲਟਾ ਕੇ ਪੇਸ਼ ਕੀਤਾ ਕਿ ਸਦੀਆਂ ਬਾਅਦ ਪੰਜਾਬੀ ਲੋਕਾਂ ਨੂੰ ਪੂਰਨ ਦੀ ਥਾਂ ਲੂਣਾ ਬਾਰੇ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਇਹ ਮਹਾਨ ਕਾਰਜ ਸ਼ਿਵ ਵਰਗੀ ਉੱਚ ਪ੍ਰਤਿਭਾ ਹੀ ਕਰ ਸਕਦੀ ਸੀ। ਉਕਤ ਸਾਰੇ ਕੁਝ ਦੇ ਨਾਲ-ਨਾਲ ਉਸ ਦੀ ਕਵਿਤਾ ਦੀ ਪ੍ਰਗੀਤਕਤਾ ਤੇ ਮੌਲਿਕਤਾ ਅੱਜ ਤੱਕ ਅਲੰਘ ਹੈ:
ਪਿੰਡ ਵੇਚਣੇ
ਤੇ ਪਿੰਡੇ ਮੁੱਲ ਲੈਣੇ
ਹੱਡ ਮਾਸ ਤੋਂ ਬਿਨਾਂ
ਵਪਾਰ ਕੋਈ ਨਾ ….
ਅਤੇ
ਧੀਆਂ ਦੇ ਦੁੱਖ
ਡਾਢੇ ਵੇ ਲੋਕਾ
ਵਿਰਲਾ ਤਾਂ ਜਾਣੇ ਕੋਈ।
ਧੀ ਤੇ ਤਿੱਤਲੀ
ਲੋਕੀਂ ਆਖਣ
ਵੇਖੀ ਨਾ ਜਾਂਦੀ ਮੋਈ।

06 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਿਆਰ ਆਦਿ-ਜੁਗਾਦੀ, ਸਰਬ ਉਤਮ ਤੇ ਸਰਬ-ਵਿਆਪਕ ਮੂਲ-ਮਨੁੱਖੀ ਜਜ਼ਬਾ ਹੈ। ਪਿਆਰ ਵਿਚ ਅੱਗੋਂ ਵਿਯੋਗ ਸਰਬ-ਸ੍ਰੇਸ਼ਟ ਮੰਨਿਆ ਜਾਂਦਾ ਹੈ। ਹਿੰਦੀ ਭਾਸ਼ਾ ਦੇ ਇਕ ਵਿਦਵਾਨ ਨੇ ਸਹਿਜ-ਸੁਭਾਵਿਕ ਕਿਹਾ ਹੈ: ”ਵਿਯੋਗੀ ਹੋਗਾ ਪਹਿਲਾ ਕਵੀ, ਆਹ! ਸੇ ਨਿਕਲਾ ਹੋਗਾ ਗਾਨ।” ਪਰ ਬਿਰਹਾ ਦਾ ਵਿਸ਼ਾ ਵੀ ਸ਼ਿਵ ਕੁਮਾਰ ਨੂੰ ਸੁਭਾਵਿਕ ਹੀ ਮਿਲਿਆ ਲੱਗਦਾ ਹੈ ਅਤੇ ਉਸ ਨੇ ਆਪਣੇ ਆਪ ਨੂੰ ਇਸ ਦੇ ਸਾਹਵੇਂ ਸਮਰਪਿਤ ਕਰ ਦਿੱਤਾ। ਬਿਰਹਾ ਤੋਂ ਛੁੱਟ ਉਸ ਦੀ ਕਾਵਿ ਸਿਰਜਣਾ ਵਿਚ ਕਾਮ, ਮਨੁੱਖ ਦੇ ਲਿੰਗਕ ਭਟਕਾਵ ਅਤੇ ਮੌਤ ਦਾ ਥਾਂ ਪੁਰ ਥਾਂ ਜ਼ਿਕਰ ਹੈ।
ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਸਮਿਆਂ ਦੇ ਰਹਿਣ-ਸਹਿਣ, ਖਾਣ-ਪੀਣ, ਪਹਿਨਣ-ਪਰਚਨ, ਬੋਲ-ਚਾਲ, ਵਾਕੰਸ਼ ਤੇ ਵਾਕ ਬਣਤਰ, ਪੰਜਾਬ ਦੇ ਇਤਿਹਾਸ-ਮਿਥਿਹਾਸ, ਹਾਰ-ਸ਼ਿੰਗਾਰਾਂ, ਧੁੱਪਾਂ-ਛਾਵਾਂ, ਥੋਹਰਾਂ-ਕਥੂਰੀਆਂ, ਚੰਨ-ਤਾਰਿਆਂ ਤੇ ਰੰਗੀਨੀਆਂ-ਸੰਗੀਨੀਆਂ ਨੂੰ ਆਪਣੀ ਕਾਵਿ-ਸਿਰਜਣਾ ਵਿਚ ਗੁੰਦਿਆ-ਸਮੋਇਆ ਹੈ। ਉਸ ਦੀ ਕਵਿਤਾ ‘ਚੋਂ ਸਾਨੂੰ ਕੁਦਰਤ-ਕਾਇਨਾਤ, ਸਮਾਜ-ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਵਿਰਾਟ ਦਰਸ਼ਨ ਹੁੰਦੇ ਹਨ। ਉਹ ਰਾਵੀ ਦੇ ਆਰ-ਪਾਰ ਦੇ ਮੇਲਿਆਂ, ਤਿਉਹਾਰਾਂ, ਰਸਮਾਂ-ਰਿਵਾਜਾਂ, ਰੱਖਾਂ-ਰੁੱਖਾਂ, ਬਾਗ-ਬਗੀਚਿਆਂ ਅਤੇ ਰੀਤਾਂ-ਰੁੱਤਾਂ ਦਾ ਬਿਆਨ ਬੜੀ ਬਾਰੀਕੀ ਨਾਲ ਕਰਦਾ ਹੈ। ਉਹ ਹਮੇਸ਼ਾ ਨਵੀਂ-ਨਕੋਰ ਤੇ ਨਰੋਈ ਗੱਲ ਕਰਨੀ ਚਾਹੁੰਦਾ ਸੀ। ਉਸ ਨੂੰ ਆਪਣੇ ਇਸ਼ਟ ਅੱਗੇ ਬੇਹੇ ਫੁੱਲ ਰੱਖਣਾ ਪਾਪ ਬਰਾਬਰ ਲੱਗਦਾ ਸੀ। ਉਦਾਹਰਣ ਹਿੱਤ ਉਸ ਦੀ ਨਵੀਂ ਨਕੋਰ ਬਿੰਬਾਵਲੀ ਤੇ ਅਲੰਕਾਰ ਵੇਖੋ:
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੈਨੂੰ ਚੁੰਮਣ ਪਿਛਲੀ ਸੰਗ ਵਰਗਾ।
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ।
ਸ਼ਿਵ ਕੁਮਾਰ ਅਦਭੁੱਤ ਤੇ ਅਲੋਕਾਰ ਅਲੰਕਾਰ ਬੜੀ ਸਹਿਜਤਾ ਨਾਲ ਵਰਤਦਾ ਹੈ ਅਤੇ ਅਣਛੋਹ ਉਪਮਾਵਾਂ ਦੀ ਵਰਤੋਂ ਕਰਦਾ ਹੈ। ਉਸ ਦੇ ਕਾਵਿਕ ਵਾਕੰਸ਼ ਤੇ ਵਾਕ ਸੱਜਰੇ ਸ਼ਬਦਾਂ ਦੀਆਂ ਲਿਸ਼ਕੋਰਾਂ ਨਾਲ ਲਬਰੇਜ਼ ਹਨ।
ਸ਼ਿਵ ਕੁਮਾਰ ਖੂਬਸੂਰਤ ਤੇ ਸੁਹਜਮਈ ਬਿੰਬ ਵਰਤਣ ਵਿਚ ਸਿਰੇ ਦੀ ਮੁਹਾਰਤ ਦਾ ਪ੍ਰਗਟਾਵਾ ਕਰਦਾ ਹੈ। ਪਾਣੀ ਦਾ ਬਿੰਬ ਤੇ ਪ੍ਰਤੀਕ ਪੰਜਾਬੀ ਕਵਿਤਾ ਵਿਚ ਭਰਪੂਰ ਰੂਪ ਵਿਚ ਵਰਤਿਆ ਗਿਆ ਹੈ। ਇਸ ਗੱਲ ਦਾ ਮਾਣ ਸ਼ਿਵ ਨੂੰ ਜਾਂਦਾ ਹੈ ਕਿ ਉਹ ਪੰਜਾਬੀ ਕਵਿਤਾ ਵਿਚ ਪਾਣੀ ਦੇ ਬਿੰਬ ਨੂੰ, ਜਿਹੜਾ ਸਦੀਵੀ ਬਿਰਹਾ ਉਪਜਾਉਣ ਜਾਂ ਵਿਛੋੜੇ ਨਾਲ ਜੁੜਿਆ ਹੋਇਆ ਹੈ, ਨਿਭਾਉਣ ਵਾਲਾ ਸਭ ਤੋਂ ਵੱਡਾ ਸ਼ਾਇਰ ਹੈ। ਉਸ ਲਈ ਰੁੱਖ ਅਡੋਲਤਾ ਤੇ ਸਥਿਰਤਾ ਦੇ ਪ੍ਰਤੀਕ ਹਨ। ਉਸ ਨੇ ਰੁੱਖਾਂ ਨਾਲ ਇਕ ਸਾਂਝ ਪਾ ਲਈ ਤੇ ਉਨ੍ਹਾਂ ਰੁੱਖਾਂ ਨਾਲ ਅਜਿਹੀ ਭਾਸ਼ਾ ਵਿਚ ਗੱਲਾਂ ਕੀਤੀਆਂ ਜਿਸ ਦੀ ਕੋਡ ਲਿੱਪੀ ਸ਼ਾਇਦ ਅਸੀਂ ਅੱਜ ਵੀ ਪੜ੍ਹਨ ਦੇ ਸਮਰੱਥ ਨਹੀਂ ਹਾਂ। ਪੰਜਾਬੀ ਦੇ ਕਿਸੇ ਹੋਰ ਸ਼ਾਇਰ ਨੇ ਏਨੀ ਨਿਪੁੰਨਤਾ ਤੇ ਤੀਖਣਤਾ ਨਾਲ ਰੁੱਖਾਂ ਦੇ ਬਿੰਬ ਨੂੰ ਇਸ ਹੱਦ ਤੱਕ ਆਪਣੇ ਅਨੁਰੂਪ ਨਹੀਂ ਢਾਲਿਆ। ਉਸ ਲਈ ਜੰਗਲ, ਉਸ ਦੀ ਹੋਂਦ ਦਾ ਪ੍ਰਤੀਕ ਹੈ। ਕੁਝ ਪੌਦੇ ਉਸ ਨੂੰ ਮਾਸੂਮ ਬਾਲਾਂ ਵਾਂਗ ਲੱਗਦੇ ਹਨ ਅਤੇ ਕੁਝ ਉਸ ਦੀ ਮਾਂ-ਮਮਤਾ ਵਾਂਗ ਹਨ। ਕੁਝ ਬਿਰਖ ਉਸ ਦੀ ਦਾਦੀ ਵਰਗੇ ਹਨ, ਜਿਨ੍ਹਾਂ ਦੇ ਸੁੱਕੇ ਤਣੇ ਤੇ ਟਹਿਣੀਆਂ ਰਾਹੀਂ ਪੌਣਾਂ ਅਜੋਤ ਤੇ ਸੁੰਨ ਉਗੜ-ਦੁਗੜੇ ਸ਼ਬਦ ਉਚਾਰਦੀਆਂ ਹਨ। ਉਹ ਰੁੱਖਾਂ ਦੀ ਭਾਸ਼ਾ ਸਮਝਦਾ ਸੀ ਅਤੇ ਉਸ ਦੀ ਪ੍ਰਬਲ ਤਾਂਘ ਸੀ ਕਿ ਉਸ ਦਾ ਅਗਲਾ ਜਨਮ ਇਕ ਰੁੱਖ ਦੇ ਰੂਪ ਵਿੱਚ ਹੋਵੇ। ਉਹ ਏਨਾ ਸਮਰੱਥ ਸ਼ਾਇਰ ਸੀ ਕਿ ਉਹ ਦਰੱਖਤਾਂ ਦੀ ਵੀ ਕਾਵਿਕ ਹੋਂਦ ਨੂੰ ਪ੍ਰਵਾਨ ਕਰਦਾ ਹੈ, ਜਿਹੜੇ ਸਪਸ਼ਟ ਸ਼ਬਦਾਂ ‘ਚ ਪਿਆਰ ਦੀ ਭਾਸ਼ਾ ਬੋਲਦੇ ਹਨ। ਉਸ ਦੀ ਕਵਿਤਾ ਨਿਗੂਣੀ ਥੋਹਰ ਦਾ ਜੱਸ ਗਾਇਨ ਤੋਂ ਲੈ ਕੇ ਕਰੂਰਤਾ ਨਾਲ ਸੂਲੀ ਟੰਗੇ ਰੁੱਖ ਦੇ ਦਰਦ ਤੱਕ, ਰੁੱਖਾਂ ਦੀ ਕਾਵਿਕ ਬਿੰਬਾਵਲੀ ਇਕ ਉੱਚਤਮ ਬਿਰਤਾਂਤ ਹੈ।
ਸਟੇਜ ‘ਤੇ ਸ਼ਿਵ ਦੀ ਪੇਸ਼ਕਾਰੀ ਬੇਹੱਦ ਰੌਚਿਕ, ਦਿਲਕਸ਼, ਦਿਲਚਸਪ ਅਤੇ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਵਾਲੀ ਹੁੰਦੀ ਸੀ। ਉਹ ਕਮਾਲ ਦਾ ਗਾਉਂਦਾ ਸੀ। ਉਸ ਦੀ ਆਵਾਜ਼ ਵਿਚਲਾ ਸੋਜ਼ ਅਪਹੁੰਚ ਪ੍ਰਤੀਤ ਹੁੰਦਾ ਹੈ। ਅਤਿ ਸੁਰੀਲੀ ਆਵਾਜ਼ ਦੇ ਨਾਲ-ਨਾਲ ਉਸ ਦੇ ਮਨ-ਮਸਤਕ ‘ਚ ਮਾਨਵੀ ਅਹਿਸਾਸ ਠਾਠਾਂ ਮਾਰਦੇ ਸਨ। ਆਪਣੀਆਂ ਮਨੁੱਖੀ ਵੇਦਨਾਵਾਂ ਨਾਲ ਗੜੁੱਚ ਕਵਿਤਾਵਾਂ ਕਰਕੇ ਉਹ ਹਮੇਸ਼ਾ ਯਾਦ ਰਹੇਗਾ। ਸੰਗੀਤ ਦੀ ਸਿਖਰ ‘ਤੇ ਪਹੁੰਚ ਕੇ ਸ਼ਿਵ ਦੀ ਹੋਂਦ ਖਤਮ ਹੋ ਗਈ। ਉਹ ਕਵਿਤਾ ਦੀ ਅੰਤਮ ਅਵਸਥਾ ‘ਤੇ ਪਹੁੰਚ ਗਿਆ। ਸ਼ਿਵ ਦੇ ਅੰਤ ਬਾਰੇ ਉਸ ਦੀ ਬਿਰਹਣ-ਪਤਨੀ ਅਰੁਣਾ ਸੁਹਾਗ-ਰਾਤ ਨੂੰ ਹੀ ਯਾਦ ਕਰਦੀ ਹੈ: ”ਫਿਰ ਉਹ ਰਾਤ ਆ ਗਈ, ਜੋ ਆਪਣੀ ਅੱਡਰੀ ਦੁਨੀਆਂ ਦੀ ਕਹਾਣੀ ਅੰਤਿਮ ਸਮੇਂ ਤੋਂ ਸ਼ੁਰੂ ਕਰ ਰਿਹਾ ਸੀ ਤੇ ਮੇਰੀ ਚੀਕ ਸੀ ਨਿਕਲੀ ਬਸ ਮੈਨੂੰ ਆਪਣੀਆਂ ਪੀਡੀਆਂ ਬਾਬਲ-ਗੰਢਾਂ ਢਿੱਲੀਆਂ ਹੁੰਦੀਆਂ ਜਾਪੀਆਂ …।”

 

 

ਡਾ. ਅਨੂਪ ਸਿੰਘ ਮੋਬਾਈਲ: 98768-01268*

 

06 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very nycc........bitu ji.........thnx for sharing........

07 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx  ਬਿੱਟੂ ਵੀਰ .......ਬਹੁਤ ਸੋਹਣੇ ਲੇਖ ਤੇ ਜਾਣਕਾਰੀਆਂ ਸਾਂਝਿਆ ਕੀਤੀਆਂ ਨੇ ......ਰੱਬ ਹੋਰ ਬਲ ਬਖਸ਼ੇ ......ਰੱਬ ਦੇ ਬਖਸ਼ੇ ਕਾਜ 'ਤੇ ਅਡੋਲ ਰਹੋ ......ਖੁਸ਼ ਰਹੋ

07 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

''ਅਸਾਂ ਤਾਂ ਜੋਵਨ ਰੁਤੇ ਮਰਨਾ'' ਸਿਵ
ਕਮਾਲ ਦਾ ਲਿਖਇਆ  ਬਿੱਟੂ ਜੀ

07 May 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਸਚਮੁਚ ਹੀ, ਸ਼ਿਵ ਇੱਕ ਯੁੱਗ ਸੀ. ਉਸਨੇ ਜੋ ਮੁਕਾਮ ਪੰਜਾਬੀ ਸਾਹਿਤ ਵਿਚ ਕਮਾਇਆ ਹੈ, ਸ਼ਾਇਦ ਹੀ ਕੋਈ ਉਸਦੇ ਲਾਗੇ ਬੰਨੇ ਪੁੱਜ ਸਕੇ..

07 May 2012

Reply