Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਰਾਫ਼ਤ ਦੀ ਹੱਦ: ਵਣਜਾਰਾ ਬੇਦੀ

ਸੋਚਿਆ ਕਿਸੇ ਐਸੇ ਲੇਖਕ ਦਾ ਇੰਟਰਵਿਊ ਵੀ ਕਰ ਲਈਏ ਜੀਹਨੂੰ ਆਪਣੀ ਚਰਚਾ ਦੀ ਭੁੱਖ ਨਹੀਂ ਸਿਰਫ ਕੰਮ ਦੀ ਲਗਨ ਹੈ! ਵਣਜਾਰਾ ਬੇਦੀ ਨੇ ਫੋਕਲੋਰ ’ਤੇ ਜੋ ਕੰਮ ਕੀਤਾ ਉਹ ਹੈਰਾਨ ਕਰਨ ਵਾਲਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਾਂਗ ਵਣਜਾਰਾ ਬੇਦੀ ਵੀ ਇੱਕ ਸੰਸਥਾ ਜਿੰਨਾ ਕੰਮ ਕਰ ਕੇ ਗਏ ਨੇ। ਮੈਂ ਜਦ ਪਹਿਲੀ ਵਾਰ ਵਣਜਾਰਾ ਬੇਦੀ ਨੂੰ ਮਿਲਿਆ ਤਾਂ ਲੱਗੇ ਈ ਨਾ ਇਹ ਬੰਦਾ ਵੀ ਕੋਈ ਗੱਲ ਕਰੇਗਾ। ਮੇਰੀ ਗੱਲ ਸਾਸਰੀ ਕਾਲ, ਸਾਸਰੀ ਕਾਲ ’ਤੇ ਆ ਕੇ ਰੁਕ ਗਈ। ਫੇਰ ਹਿੰਮਤ ਕੀਤੀ। ਪਰਿਵਾਰ ਦਾ ਹਾਲ ਚਾਲ ਪੁੱਛਣ ਲੱਗ ਪਏ। ਫੇਰ ਘਰ ਦੀਆਂ ਗੱਲਾਂ। ਮੈਨੂੰ ਮੰਟੋ ਦਾ ਆਖਿਆ ਯਾਦ ਆਇਆ ਜੀਹਨੇ ਅਹਿਮਦ ਨਦੀਮ ਕਾਸਮੀ ਬਾਰੇ ਕਿਹਾ ਸੀ ਕਿ ਇਸ ਬੰਦੇ ਬਾਰੇ ਕੀ ਲਿਖਾਂ ‘ਵੋ ਏਕ ਸ਼ਰੀਫ ਆਦਮੀ ਹੈ’ ਬੱਸ! ਵਣਜਾਰਾ ਬੇਦੀ ਨੂੰ ਦੇਖ ਕੇ ਖਿਆਲ ਆਉਂਦਾ ਸੀ- ਸ਼ਰਾਫ਼ਤ ਦੀ ਵੀ ਕੋਈ ਹੱਦ ਹੁੰਦੀ ਹੈ! ਫੇਰ ਇੱਕ ਦਿਨ ਮੈਂ ਇੱਕ ਵਾਰਤਾ ਰਿਕਾਰਡ ਕਰਨ ਲਈ ਵਣਜਾਰਾ ਬੇਦੀ ਹੁਰਾਂ ਨੂੰ ਰੇਡੀਓ ਦਿੱਲੀ ਬੁਲਾਇਆ। ਚਾਹ ਪਲਾਈ। ਜਾਣਬੁਝ ਕੇ ਤਾਰਾ ਸਿੰਘ ਤੇ ਹਜਾਰਾ ਸਿੰਘ ਗੁਰਦਾਸਪੁਰੀ ਦੇ ਟੋਟਕੇ ਸੁਣਾਏ! ਐਵੇਂ ਮਾੜਾ ਜਿਹਾ ਹੱਸੇ ਵਣਜਾਰਾ ਬੇਦੀ ਜਿਵੇਂ ਦੀਵਾਲੀ ਦੀ ਰਾਤ ਆਖ਼ਰੀ ਫੁਲਝੜੀ ਕੁਝ ਚੰਗਿਆੜੇ ਛੱਡ ਕੇ ਦੀਵਾਲੀ ਦਾ ਅੰਤ ਕਰ ਦਿੰਦੀ ਹੈ!
ਫੇਰ ਮੈਨੂੰ ਲੱਗਾ ਕਿ ਮੈਂ ਮਰੀਜ਼ ਦੇ ਗ਼ਲਤ ਟੀਕਾ ਲਾ ਰਿਹਾ ਹਾਂ। ਡਾਇਗਨੋਜ਼ ਠੀਕ ਨਹੀਂ ਕਰ ਰਿਹਾ। ਮਾੜਾ ਡਾਕਟਰ ਹਾਂ। ਫੇਰ ਮੈਂ ਸੂਈ ਬਦਲੀ। ਸ਼ੀਸ਼ੀ ’ਚੋਂ ਨਵਾਂ ਟੀਕਾ ਭਰਿਆ ਤੇ ਮਲਕੜੇ ਜੇਹੇ ਵਣਜਾਰਾ ਬੇਦੀ ਦੇ ਖੂਨ ਦਾ ਨਵਾਂ ਸੈਂਪਲ ਖਿੱਚ ਲਿਆ। ਉਸ ਦੇ ਲਹੂ ਅੰਦਰ ਲੋਕਧਾਰਾ ਦੀਆਂ ਨਦੀਆਂ ਵਹਿ ਰਹੀਆਂ ਸਨ। ਹਜ਼ਾਰਾਂ ਕਰੋਮੋਸੋਮਜ਼ ਲੋਕਧਾਰਾ ਦੇ ਉਸ ਦੀ ਇੱਕ-ਇੱਕ ਲਹੂ ਦੀ ਬੂੰਦ ਅੰਦਰ ਇੱਧਰ-ਉਧਰ ਦੌੜ ਰਹੇ ਸਨ। ਲੋਕਯਾਨ ਦੀ ਚਮਕ ਨਾਲ ਦਮਕਦਾ ਲਹੂ ਅੱਖਾਂ ਚੁੰਧਿਆਉਣ ਵਾਲਾ ਸੀ। ਮੈਂ ਵਣਜਾਰਾ ਬੇਦੀ ਦੇ ਇੱਕ-ਇੱਕ ਅਣੂੰ ਨੂੰ ਮੁਲਾਕਾਤੀ ਅੱਖਰਾਂ ਵਿਚ ਲਿਖਣ ਦਾ ਯਤਨ ਕੀਤਾ। ਇਹੀ ਹੈ ਉਹ ਮੁਲਾਕਾਤ:
? ਬੇਦੀ ਸਾਹਬ ਤੁਸਾਂ ਲੋਕ ਸਾਹਿਤ ਦੀ ਮਿੱਟੀ, ਉਸ ਸ੍ਰੋਤ, ਉਸ ਥਾਂ ਦਾ ਪਤਾ ਲੱਭਦਿਆਂ ਆਪਣੀ ਉਮਰ ਲਾਈ ਹੈ, ਜਿਥੇ ਲੋਕਗੀਤਾਂ ਦੇ ਫੁਲ ਖਿੜਦੇ ਨੇ ਤੇ ਇੱਕ ਵਣਜਾਰੇ ਵਾਂਗ ਰੂਹ ਦਾ ਇਹ ਵਣਜ ਕੀਤਾ ਹੈ ਤੁਸਾਂ, ਪਰ ਅੱਜ ਅਸੀਂ ਲੋਕ ਸਾਹਿਤ ਦੇ ਜਨਮ-ਥਾਂ ਦੇ ਖੋਜੀ ਨੂੰ ਪਹਿਲਾ ਸੁਆਲ ਇਹੀ ਕਰਦੇ ਹਾਂ ਕਿ ਉਸ ਦਾ ਆਪਣਾ ਜਨਮ-ਥਾਂ-ਥਿੱਤ-ਵਾਰ ਕਿਹੜਾ ਹੈ?
- ਮੇਰਾ ਜਨਮ ਪੰਜਾਬ ਦੇ ਪ੍ਰਸਿੱਧ ਸ਼ਹਿਰ ਸਿਆਲਕੋਟ ਵਿਚ 28 ਨਵੰਬਰ 1924 ਵਿਚ ਹੋਇਆ। ਮੈਨੂੰ ਮਾਣ ਹੈ ਕਿ ਮੈਂ ਪੰਜਾਬ ਦੇ ਵੱਡੇ ਲੋਕ ਨਾਇਕ ਰਾਜਾ ਰਸਾਲੂ ਤੇ ਪੂਰਨ ਭਗਤ ਵਰਗੇ ਲੋਕ ਨਾਇਕ ਦੇ ਸ਼ਹਿਰ ਵਿਚ ਪੈਦਾ ਹੋਇਆ।
? ਤੁਸੀਂ ਲੋਕ ਸਾਹਿਤ ਦੀਆਂ ਯਾਦਾਂ ਦਾ ਇਤਿਹਾਸ ਲੋਕਾਂ ਨੂੰ ਦਿੱਤਾ ਹੈ, ਅੱਜ ਆਪਣੇ ਬਚਪਨ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ?
- ਅਸਲ ਵਿਚ ਬਚਪਨ ਬੜਾ ਮਿੱਠਾ ਹੁੰਦਾ ਹੈ, ਕੁਝ ਯਾਦਾਂ ਦਰਦਾਂ ਭਰੀਆਂ ਵੀ ਹੁੰਦੀਆਂ ਨੇ। ਮੇਰੀ ਸਭ ਤੋਂ ਪਿਆਰੀ ਯਾਦ ਆਪਣੇ ਪਿੰਡ ਦੀ ਹੈ ਜਦੋਂ ਮੈਂ ਖਾਨਾ-ਬਦੋਸ਼ਾਂ ਦੇ ਡੇਰੇ ਕੋਲੋਂ ਲੰਘ ਰਿਹਾ ਸਾਂ। ਉਥੇ ਇੱਕ ਬੜੀ ਖੂਬਸੂਰਤ ਲੜਕੀ ਖੜ੍ਹੀ ਸੀ ਤੇ ਸਿਰ ਉੱਤੇ ਉਸ ਦੇ ਰੁਮਾਲ ਬੰਨ੍ਹਿਆ ਹੋਇਆ ਸੀ। ਪਹਿਲਾਂ ਮੈਂ ਘਬਰਾ ਗਿਆ ਕਿਉਂਕਿ ਸਾਨੂੰ ਘਰ ਵਿਚ ਦੱਸਿਆ ਜਾਂਦਾ ਸੀ ਕਿ ਖ਼ਾਨਾਬਦੋਸ਼ ਲੋਕ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਫੇਰ ਉਹ ਉਨ੍ਹਾਂ ਨੂੰ ਕਬੂਤਰ, ਚਿੜੀਆਂ ਜਾਂ ਤੋਤੇ ਬਣਾ ਕੇ ਪਿੰਜਰੇ ‘ਚ ਪਾ ਲੈਂਦੇ ਨੇ। ਏਨੇ ਵਿਚ ਖੂਬਸੂਰਤ ਕੁੜੀ ਅੰਦਰ ਗਈ ਤੇ ਤੋਤੇ-ਕਬੂਤਰ ਲੈ ਕੇ ਮੇਰੇ ਕੋਲ ਆ ਗਈ। ਮੈਂ ਘਬਰਾਏ ਹੋਏ ਨੇ ਉਸ ਨੂੰ ਪੁੱਛਿਆ ਕਿ ਕੀ ਇਹ ਤੋਤੇ-ਕਬੂਤਰ ਬੱਚਿਆਂ ਤੋਂ ਬਣਾਏ ਨੇ? ਤਾਂ ਉਹ ਕਹਿਣ ਲੱਗੀ ਕਿ ਨਹੀਂ ਇਹ ਤਾਂ ਮਿੱਟੀ ਦੇ ਬਣੇ ਹੋਏ ਨੇ। ਉਸ ਦਿਨ ਮੈਨੂੰ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਬਾਰੇ ਕਿੰਨੇ ਵਹਿਮ ਤੇ ਡਰ ਪਾਏ ਹੋਏ ਹਨ।
? ਬੇਦੀ ਸਾਹਿਬ ਕਈ ਵਾਰ ਕਈ ਗੱਲਾਂ ਪੁੱਛਣ ਲੱਗਿਆਂ ਕੁਝ ਸੰਕੋਚ ਹੁੰਦਾ ਹੈ, ਸੰਗ ਹੁੰਦੀ ਹੈ ਪਰ ਹੁਣ ਜਦ ਤੁਸੀਂ ਬਚਪਨ ਦੀ ਗੱਲ ਇੱਕ ਖੂਬਸੂਰਤ ਖ਼ਾਨਾਬਦੋਸ਼ ਕੁੜੀ ਨਾਲ ਆਰੰਭੀ ਹੈ ਤਾਂ ਮੇਰੀ ਇਹ ਝਿਜਕ ਥੋੜ੍ਹੀ ਘਟ ਗਈ ਹੈ। ਮੈਂ ਚਾਹੁੰਦਾ ਹਾਂ ਤੁਸੀਂ ਆਪਣੀ ਮੁਹੱਬਤ ਦੇ ਜਜ਼ਬਾਤ ਦੀ, ਜੁਆਨ ਦਿਨਾਂ ਦੀ ਗੱਲ ਸੁਣਾਓ?
- ਜੁਆਨ ਦਿਨਾਂ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਅੰਦਰੋਂ ਪਿਆਰ ਜਾਗਦਾ ਹੈ। ਇਹ ਅਹਿਸਾਸ ਕਈਆਂ ਵਿਚ ਦੇਰ ਨਾਲ ਤੇ ਕਈਆਂ ਵਿੱਚ ਪਹਿਲਾਂ ਜਾਗਦਾ ਹੈ। ਮੈਂ ਜਦੋਂ ਦਸਵੀਂ ‘ਚ ਪੜ੍ਹਦਾ ਸੀ ਤਾਂ ਇੱਕ ਕੁੜੀ ਨੂੰ ਮੈਂ ਵੇਖਿਆ, ਉਹਦੀ ਪੰਜਾਬੀ ਵਿਚ ਬੜੀ ਦਿਲਚਪਸੀ ਸੀ। ਮੈਨੂੰ ਉਹ ਚੰਗੀ ਲੱਗਣ ਲੱਗ ਪਈ। ਫੇਰ ਉਹ ਲੜਕੀ ਕੁਝ ਦਿਨ ਬਾਅਦ ਚਲੀ ਗਈ। ਜਦੋਂ ਗਈ ਤਾਂ ਮੇਰੇ ਅੰਦਰੋਂ ਕਵਿਤਾ ਜਾਗ ਪਈ। ਉਹ ਕੁਝ ਯਾਦ ਹੈ ਮੈਨੂੰ- ‘ਮੇਰੀ ਜਿਗਰ ਦੀਏ ਡਲੀਏ ਪਿਆਰੀਏ ਨੀ, ਤੇਰੇ ਬਿਨਾਂ ਨਾ ਜੀਣ ਦਾ ਹੱਜ ਕੋਈ।’ ਇਹ ਪੂਰੀ ਤਾਂ ਯਾਦ ਨਹੀਂ ਪਰ ਇਹ ਮੇਰੀ ਪਹਿਲੀ ਕਵਿਤਾ ਸੀ ਤੇ ਜੁਆਨੀ ਦਾ ਇਹ ਪਹਿਲਾ ਅਹਿਸਾਸ ਸੀ।

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਉਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੋਵੇਗੀ?
- 16-17 ਸਾਲ।
? ਤੁਹਾਡਾ ਵਿਆਹ ਕਦੋਂ ਹੋਇਆ?
- ਵਿਆਹ ਮੇਰਾ ਛੋਟੀ ਉਮਰ ’ਚ ਹੀ ਹੋ ਗਿਆ ਸੀ। ਜਦੋਂ ਮੈਂ ਬੀ. ਏ. ’ਚ ਪੜ੍ਹਦਾ ਸਾਂ ਤਾਂ ਕੁੜਮਾਈ ਹੋ ਗਈ ਸੀ ਤੇ ਫੇਰ ਬੀ.ਏ. ’ਚ ਪੜ੍ਹਦਿਆਂ ਹੀ ਮੇਰੇ ਫਾਦਰ ਦੀ ਡੈਥ ਹੋ ਗਈ। ਘਰ ਵਿਚ ਸਭ ਤੋਂ ਵੱਡਾ ਮੈਂ ਸੀ। ਸਾਰੀ ਜ਼ਿੰਮੇਵਾਰੀ ਮੇਰੇ ’ਤੇ ਆਣ ਪਈ। ਫੇਰ ਮੇਰੇ ਕਈ ਰਿਸ਼ਤੇਦਾਰਾਂ ਨੇ ਕਿਹਾ ਕਿ ਬਈ ਵਿਆਹ ਕਰਵਾ ਲੈ। ਤਿੰਨ ਚਾਰ ਮਹੀਨੇ ਬਾਅਦ ਮੇਰਾ ਵਿਆਹ ਹੋ ਗਿਆ। ਉਹ ਵਿਆਹ ਦਾ ਵੇਲਾ ਮੈਨੂੰ ਅਜੇ ਤੱਕ ਭੁੱਲਿਆ ਨਹੀਂ ਕਿਉਂਕਿ ਮੈਂ ਰੋਂਦੇ ਹੋਏ ਹੀ ਘੋੜੀ ਚੜ੍ਹਿਆ ਸਾਂ ਤੇ ਰੋਂਦਿਆਂ ਹੀ ਲਾਵਾਂ ਲਈਆਂ ਸਨ।
? ਅੱਛਾ ਵਿਆਹ ਦੀ ਜਿਹੜੀ ਤੁਸਾਂ ਗੱਲ ਦੱਸੀ ਹੈ ਇਹ ਦੱਸੋ ਕਿ ਇਹ ਵਿਆਹ ਤੁਹਾਡੀ ਮਰਜ਼ੀ ਨਾਲ ਹੋਇਆ ਸੀ? ਮੇਰਾ ਮਤਲਬ ਤੁਸਾਂ ਪਹਿਲਾਂ ਆਪਣੀ ਬੀਵੀ ਦੇਖੀ ਸੀ ਜਾਂ ਨਹੀਂ?- ਸ਼ਾਇਦ ਇਹ ਸੁਆਲ ਵੀ ਬਹੁਤਾ ਵਾਜਬ ਨਹੀਂ ਕਿਉਂਕਿ ਉਸ ਵੇਲੇ ਤਾਂ ਅਜਿਹੀ ਖੁੱਲ੍ਹ ਜਾਂ ਸਿਸਟਮ ਹੀ ਨਹੀਂ ਹੁੰਦਾ ਹੋਣਾ?
- ਮੇਰਾ ਵਿਆਹ ਮਰਜ਼ੀ ਨਾਲ ਤਾਂ ਨਹੀਂ ਸੀ ਹੋਇਆ ਪਰ ਮੈਂ ਇੱਕ ਸ਼ਰਤ ਰੱਖੀ ਸੀ ਕਿ ਮੈਂ ਕੁੜੀ ਨਹੀਂ ਦੇਖਾਂਗਾ ਪਰ ਮੇਰੀ ਮਾਂ ਤੇ ਭੈਣ ਦੇਖਣਗੀਆਂ। ਤੇ ਉਹ ਕੁੜੀ ਦੇਖ ਕੇ ਆ ਗਏ। ਪਸੰਦ ਕਰ ਆਏ। ਪਰ ਇਸ ਗੱਲ ਦਾ ਵੀ ਆਪਦਾ ਇੱਕ ਰੂਪ ਬਣ ਗਿਆ ਕਿਉਂਕਿ ਜਦੋਂ ਮੇਰਾ ਵਿਆਹ ਹੋਇਆ ਤਾਂ ਇਹ ਉਹ ਕੁੜੀ ਨਹੀਂ ਸੀ ਜੇਹੜੀ ਪਹਿਲਾਂ ਮੇਰੀ ਮਾਂ ਤੇ ਭੈਣ ਨੇ ਦੇਖੀ ਸੀ। ਉਹ ਹੋਰ ਦੇਖ ਕੇ ਆਈਆਂ ਸਨ ਤੇ ਮੇਰੀ ਬੀਵੀ ਹੋਰ ਕੁੜੀ ਬਣ ਗਈ। ਸਾਰੇ ਹੈਰਾਨ ਵੀ ਹੋਏ। ਸੋ ਇਹ ਕਿਸੇ ਹੋਰ ਨੂੰ ਵੇਖ ਕੇ ਜਾਂ ਸਮਝ ਕੇ ਰਿਸ਼ਤਾ ਪੱਕਾ ਕਰ ਆਏ ਸਨ।
? ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਤੁਹਾਡੇ ਦਿਲ ’ਚ ਕੀ ਆਈ?
- ਕਿਉਂਕਿ ਮੈਂ ਤਾਂ ਕੁੜੀ ਵੇਖੀ ਨਹੀਂ ਸੀ ਏਸ ਲਈ ਮੇਰੇ ਲਈ ਤਾਂ ਫਰਕ ਵਾਲੀ ਗੱਲ ਕੋਈ ਸੀ ਨਹੀਂ।
? ਪਰ ਤੁਹਾਡੇ ਮਨ ’ਚ ਇਹ ਗੱਲ ਤਾਂ ਰਹੀ ਹੋਵੇਗੀ ਕਿ ਉਹ ਕੁੜੀ ਕੌਣ ਹੋਵੇਗੀ, ਕੈਸੀ ਹੋਵੇਗੀ ਜਿਸ ਨੂੰ ਮੇਰੀ ਮਾਂ ਪਸੰਦ ਕਰ ਕੇ ਆਈ ਸੀ?
- ਉਸ ਬਾਰੇ ਸਾਨੂੰ ਪਤਾ ਲੱਗ ਗਿਆ ਸੀ ਕਿ ਉਹ ਕੁੜੀ ਤਾਂ ਵਿਆਹੀ ਹੋਈ ਸੀ। ਫੇਰ ਉਹ ਰਿਸ਼ਤੇਦਾਰੀ ’ਚੋਂ ਭੈਣ ਲੱਗਦੀ ਸੀ ਮੇਰੀ ਤੇ ਮੈਂ ਦੇਖਿਆ ਕਿ ਉਹ ਜ਼ਿਆਦਾ ਖ਼ੂਬਸੂਰਤ ਸੀ।
? ਤੁਸੀਂ ਪੜ੍ਹਾਈ ਕਿਥੋਂ ਤੱਕ ਕੀਤੀ ਹੈ?
- ਮੈਂ ਰਾਵਲਪਿੰਡੀ ਬੀ.ਏ. ਕੀਤੀ। ਫੇਰ ਫਾਦਰ ਦੀ ਡੈੱਥ ਤੋਂ ਬਾਅਦ ਪੜ੍ਹ ਨਾ ਸਕਿਆ। ਵੰਡ ਤੋਂ ਬਾਅਦ ਅਸੀਂ ਦਿੱਲੀ ਆ ਗਏ। ਫੇਰ ਐਮ.ਏ. ਕੀਤੀ। ਫੇਰ ਪੀਐਚ.ਡੀ.।
? ਤੁਸੀਂ ਨੌਕਰੀ ਕਿਹੜੀ-ਕਿਹੜੀ ਕੀਤੀ?
- ਪਹਿਲਾਂ ਮੈਂ ਬੈਂਕ ’ਚ ਕੰਮ ਕੀਤਾ। ਇਹ ਮਜਬੂਰੀ ਸੀ ਘਰ ਤੋਰਨ ਦੀ। ਤੇ ਫੇਰ ਵੰਡ ਤੋਂ ਬਾਅਦ ਤਾਂ ਬੜੇ ਅਜੀਬੋ-ਗਰੀਬ ਕੰਮ ਕਰਨੇ ਪਏ। ਏਥੋਂ ਤੱਕ ਕਿ ਮੈਂ ਇੱਕ ਸਿਨਮੇ ਦੀ ਗੇਟ-ਕੀਪਰੀ ਵੀ ਕੀਤੀ। ਕੁਝ ਦਿਨ ਮੈਂ ਸੜਕ ਉੱਤੇ ਪੁਰਾਣੇ ਕੱਪੜੇ ਤੇ ਬਰਤਨ-ਪਿਆਲੀਆਂ ਵੀ ਵੇਚੀਆਂ। ਕਿਉਂਕਿ ਪਾਕਿਸਤਾਨ ਬਣਨ ਨਾਲ ਜਿਹੜੇ ਲੋਕ ਇਥੋਂ ਚਲੇ ਗਏ ਸਨ ਉਨ੍ਹਾਂ ਦੀਆਂ ਜੇਹੜੀਆਂ ਚੀਜ਼ਾਂ ਬਚੀਆਂ ਸਨ ਉਹ ਨੀਲਾਮ ਹੋਈਆਂ ਸਨ। ਉਹ ਚੀਜ਼ਾਂ ਖਰੀਦ ਕੇ ਮੈਂ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਡੇਢ ਦੋ ਸਾਲ ਮੈਂ ਮਿਲਟਰੀ ’ਚ ਕੰਮ ਕੀਤਾ। ਕਲਰਕੀ ਕੀਤੀ। ਉਸ ਵੇਲੇ ਮੈਂ ਕਈ ਵਾਰ ਲੜਾਈ ’ਚ ਵੀ ਗਿਆ। ਫੇਰ ਮੈਂ ਇਹ ਨੌਕਰੀ ਛੱਡ ਦਿੱਤੀ। ਫੇਰ ਮੈਂ ਐਡੀਟਰੀ ਕੀਤੀ। ਦੋ-ਤਿੰਨ ਸਾਲ। ਉਸ ਵੇਲੇ ਮੈਂ 21-22 ਸਾਲ ਦਾ ਸਾਂ। ਉਥੇ ਮੇਰਾ ਹੱਥ ਖੁੱਲ੍ਹਿਆ। ਦਿਮਾਗ ਵੀ ਇਸ ਪਾਸੇ ਵੱਲ ਉਥੇ ਹੀ ਲੱਗਾ।
? ਫੇਰ ਤੁਸੀਂ ਕਿਧਰੇ ਪੜ੍ਹਾਉਣ ਦਾ ਕੰਮ ਕਿਵੇਂ ਸ਼ੁਰੂ ਕੀਤਾ?
- ਜਦੋਂ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਂ ਮੈਂ ਨੌਕਰੀ ਛੱਡ ਦਿੱਤੀ ਤਾਂ ਮੈਂ ਟਿਊਸ਼ਨਾਂ ਦਾ ਕੰਮ ਸ਼ੁਰੂ ਕੀਤਾ। ਫੇਰ ਸਾਲ-ਡੇਢ ਮੈਂ ਬਿਲਕੁਲ ਵਿਹਲਾ ਰਿਹਾ। ਫੇਰ ਟਿਊਸ਼ਨਾਂ ਕੀਤੀਆਂ। ਫੇਰ ਪ੍ਰਾਈਵੇਟ ਕਾਲਜਾਂ ’ਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਫੇਰ ਮੈਂ ਐਮ.ਏ. ਕੀਤੀ। ਇਸ ਤੋਂ ਬਾਅਦ ਮੈਂ ਦਿਆਲ ਸਿੰਘ ਕਾਲਜ ਅਧਿਆਪਕ ਬਣ ਕੇ ਆ ਗਿਆ। ਬਸ ਫੇਰ ਮੈਂ ਦਿਆਲ ਸਿੰਘ ਕਾਲਜ ਤੋਂ ਕਿਧਰੇ ਨਹੀਂ ਗਿਆ ਕਿਉਂਕਿ ਇੱਥੇ ਜੋ ਸਹੂਲਤਾਂ ਮੈਨੂੰ ਮਿਲੀਆਂ, ਉਹ ਕਿਧਰੇ ਨਹੀਂ ਮਿਲ ਸਕੀਆਂ ਸੀ। ਅਗਰ ਮੈਂ ਕਿਸੇ ਹੋਰ ਕਾਲਜ ਜਾਂ ਯੂਨੀਵਰਸਿਟੀ ਵਿਚ ਹੁੰਦਾ ਤਾਂ ਸ਼ਾਇਦ ਏਨਾ ਕੰਮ ਨਾ ਕਰ ਸਕਦਾ।
? ਬੇਦੀ ਸਾਹਿਬ ਤੁਸੀਂ ਲੋਕ ਸਾਹਿਤ ’ਤੇ ਵਿਸ਼ੇਸ਼ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਕਿ ਆਪਾਂ ਇਸ ਬਾਰੇ ਗੱਲ ਕਰੀਏ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਪਹਿਲੀ ਰਚਨਾ ਦੀ ਗੱਲ ਪਹਿਲਾਂ ਦੱਸ ਦਿਉ?
- ਪਹਿਲੀ ਰਚਨਾ ਤਾਂ ਮੇਰੀ ਉਹ ਕਵਿਤਾ ਹੀ ਸੀ ਜਿਹੜੀ ਮੈਂ ਪਹਿਲਾਂ ਦੱਸੀ ਹੈ ਤੁਹਾਨੂੰ। ਔਰ ਜਿਹੜੀ ਪਹਿਲੀ ਕਵਿਤਾ ਮੇਰੀ ਛਪੀ ਸੀ ‘ਕੰਵਲ’ ਵਿਚ ਉਸ ਦਾ ਨਾਂ ਸੀ ਖੇੜਾ। ਉਹ ਕਵਿਤਾ ਸੀ ਕਿ ਜੀਵਨ ‘ਚ ਅਸਾਂ ਫੁਲਾਂ ਵਾਂਗ ਹੱਸਣਾ ਹੈ, ਖਿੜਨਾ ਹੈ। ਉਸ ਵੇਲੇ ਮੈਂ ਬੜਾ ਖੁਸ਼ ਹੋਇਆ। ਫੇਰ ਮੈਂ ਦੋ ਤਿੰਨ ਕਿਤਾਬਾਂ ਕਵਿਤਾ ਦੀਆਂ ਲਿਖੀਆਂ। ਪਰ 1955 ਤੋਂ ਬਾਅਦ ਮੈਂ ਕਵਿਤਾ ਦੇ ਤੌਰ ’ਤੇ ਕੁਝ ਨਹੀਂ ਲਿਖਿਆ।
? ਪਹਿਲੀ ਕਿਤਾਬ ਕਿਹੜੀ ਸੀ ਤੁਹਾਡੀ?
- ਪਹਿਲੀ ਕਿਤਾਬ ਮੇਰੀ ਕਵਿਤਾ ਦੀ ਸੀ ‘ਖੁਸ਼ਬੂਆਂ’ ਉਦੋਂ ਮੈਂ ਬੀ.ਏ. ’ਚ ਪੜ੍ਹਦਾ ਸਾਂ। ਇਸ ਕਿਤਾਬ ਦਾ ਰੇਡੀਓ ਤੋਂ ਰਿਵੀਊ ਗੁਰਬਚਨ ਸਿੰਘ ਤਾਲਬ ਨੇ ਬਹੁਤ ਸੋਹਣਾ ਕੀਤਾ ਸੀ। ਇਸ ਕਿਤਾਬ ਦਾ ਮੁਖਬੰਦ ਡਾ. ਗੋਪਾਲ ਸਿੰਘ ਨੇ ਲਿਖਿਆ ਸੀ। ਸੋ ਮੈਂ ਇਸੇ ਤਰ੍ਹਾਂ ਅੱਗੇ ਵਧਦਾ ਗਿਆ ਪਰ ਇਸ ਤੋਂ ਬਾਅਦ ਮੇਰਾ ਕਵਿਤਾ ਵੱਲ ਰੁਝਾਨ ਘਟਦਾ ਗਿਆ। ਇੱਕ ਤਰ੍ਹਾਂ ਨਾਲ ਕਵਿਤਾ ਬਿਲਕੁਲ ਹੀ ਖ਼ਤਮ ਹੋ ਗਈ।

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਲੋਕਯਾਨ ਤੁਹਾਡੀ ਜਿੰਦ ਜਾਨ ਹੈ। ਤੁਹਾਡੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਇਸੇ ਨਾਲ ਜੁੜਿਆ ਹੋਇਆ ਹੈ। ਏਨਾ ਕੰਮ ਕਰਨਾ ਕਿਸੇ ਵੱਡੀ ਲਗਨ ਦਾ ਸਿੱਟਾ ਹੈ। ਇਹ ਦੱਸੋ ਕਿ ਲੋਕਯਾਨ ਵੱਲ ਤੁਹਾਡੀ ਲਗਨ ਕਿਵੇਂ ਪੈਦਾ ਹੋਈ?
- ਇਸ ਲਗਨ ਦਾ ਆਰੰਭ ਤਾਂ ਦਸਵੀਂ ਜਮਾਤ ਵਿਚ ਪੜ੍ਹਦਿਆਂ ਹੀ ਹੋ ਗਿਆ ਸੀ। ਵੈਸੇ ਤਾਂ ਅਸੀਂ ਬਚਪਨ ਤੋਂ ਹੀ ਸਾਰੇ ਲੋਕਯਾਨ ਨਾਲ ਜੁੜੇ ਹੁੰਦੇ ਹਾਂ ਤੇ ਸਾਡਾ ਸੱਭਿਆਚਾਰ ਪੰਜਾਬ ਦਾ ਜੋ ਹੈ ਉਹ ਲੋਕ ਸਾਂਸਕ੍ਰਿਤੀ ਹੈ। ਲੋਕ ਸੰਸਕ੍ਰਿਤੀ ਵਿਚ ਜੀਂਦੇ ਆਦਮੀ ਲੋਕ-ਧਾਰਾ ਜਾਂ ਲੋਕਯਾਨ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ।
? ਵੈਸੇ ਤਾਂ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਲਿਖਣਾ ਵਿਰਸੇ ‘ਚ ਹੀ ਮਿਲਿਆ ਹੋਵੇ। ਪਰ ਕਈ ਵਾਰ ਮਾਂ-ਬਾਪ ਇਸ ਪਾਸੇ ਵੱਲ ਹੁੰਦੇ ਨੇ ਤਾਂ ਬੱਚੇ ਵੀ ਅਸਰ ਕਬੂਲਦੇ ਨੇ। ਭਾਵੇਂ ਕਈ ਵਾਰ ਬਹੁਤ ਅੱਛੇ ਲੇਖਕਾਂ ਦੇ ਬੱਚਿਆਂ ਦਾ ਸਾਹਿਤ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਹੁੰਦਾ। ਮੇਰਾ ਕਹਿਣ ਤੋਂ ਭਾਵ ਹੈ ਕਿ ਕੀ ਤੁਹਾਨੂੰ ਕਿਸੇ ਨੇ ਇਸ ਪਾਸੇ ਵੱਲ ਪ੍ਰੇਰਿਆ ਜਾਂ ਆਪਣੇ ਆਪ ਹੀ ਤੁਸੀਂ ਲੋਕ-ਧਾਰਾ ਦਾ ਕੰਮ ਸ਼ੁਰੂ ਕੀਤਾ?
- ਮੇਰੇ ਨਾਨਾ ਜੀ ਜਦੋਂ ਰਾਵਲਪਿੰਡੀ ਆਇਆ ਕਰਦੇ ਸਨ ਤਾਂ ਉਹ ਮੇਰੇ ਕਮਰੇ ’ਚ ਠਹਿਰਿਆ ਕਰਦੇ ਸਨ। ਉਨ੍ਹਾਂ ਨੇ ਮੇਰਾ ਲੋਕ ਧਾਰਾ ਜਾਂ ਲੋਕ ਯਾਨ ਦਾ ਕੰਮ ਇਕੱਠਾ ਕਰਨ ਲਈ ਰੁਝਾਨ ਕਰਵਾਇਆ। ਉਹ ਕਿਹਾ ਕਰਦੇ ਸਨ ਕਿ ਕਿਸੇ ਵਕਤ ਇਹ ਚੀਜ਼ਾਂ ਤੈਨੂੰ ਕੀਮਤੀ ਲੱਗਣਗੀਆਂ ਤੂੰ ਇਨ੍ਹਾਂ ਨੂੰ ਲਿਖਦਾ ਜਾਹ। ਮੈਨੂੰ ਉਸ ਵੇਲੇ ਲੋਕ-ਸਾਹਿਤ ਦਾ ਮਹੱਤਵ ਨਹੀਂ ਸੀ ਪਤਾ। ਉਹ ਮੈਨੂੰ ਜ਼ਬਰਦਸਤੀ ਕਾਗ਼ਜ਼-ਕਲਮ ਫੜਾ ਕੇ ਲਿਖਵਾਇਆ ਕਰਦੇ ਸਨ। ਉਨ੍ਹਾਂ ਨੇ ਰਾਜਾ ਰਸਾਲੂ ਤੇ ਲੋਕ ਗੀਤਾਂ ਬਾਰੇ ਮੈਨੂੰ ਬੜਾ ਕੁਝ ਲਿਖਵਾਇਆ। ਫੇਰ ਹੌਲੀ-ਹੌਲੀ ਮੇਰੀ ਰੁਚੀ ਵਧਦੀ ਗਈ। ਪਰ ਇਸ ਦਾ ਸਿਹਰਾ ਮੇਰੇ ਨਾਨਾ ਜੀ ਦੇ ਸਿਰ ਹੈ। ਦੂਜੀ ਗੱਲ ਕਿ ਮੇਰੀ ਪਹਿਲੀ ਪੀੜ੍ਹੀ, ਮੇਰੇ ਨਾਨਕੇ, ਦਾਦਕੇ, ਸਹੁਰੇ, ਇਹ ਸਭ ਪਿੰਡਾਂ ਦੇ ਹਨ ਇਸ ਲਈ ਸਾਡਾ ਜਿਹੜਾ ਮਾਹੌਲ ਹੈ ਨਾ ਉਹ ਲੋਕ ਸੰਸਕ੍ਰਿਤੀ ਵਾਲਾ ਹੀ ਰਿਹੈ।
? ਪਹਿਲਾਂ ਪਹਿਲ ਲੋਕ-ਧਾਰਾ ਬਾਰੇ ਤੁਸੀਂ ਕੇਹੋ ਜਿਹਾ ਲਿਖਿਆ ਜਾਂ ਕੰਮ ਆਰੰਭਿਆ?
- ਪਹਿਲਾਂ ਪਹਿਲ ਮੈਂ ਲੋਕ-ਕਹਾਣੀਆਂ ਬਾਰੇ ਆਰਟੀਕਲ ਲਿਖੇ ਸਨ। ਲੋਕ ਕਹਾਣੀਆਂ ਪੜ੍ਹੀਆਂ, ਅੰਗਰੇਜ਼ੀ ਕਿਤਾਬਾਂ ਪੜ੍ਹੀਆਂ ਤੇ ਫੇਰ ਚਾਰ ਆਰਟੀਕਲ ਕਿਸ਼ਤਾਂ ਵਿਚ ਮੈਂ ਲੋਕ ਕਹਾਣੀਆਂ ਬਾਰੇ ਦਿੱਤੇ। ਉਹਦੇ ਬਾਅਦ ‘ਪੰਜਾਬ ਦਾ ਲੋਕ ਸਾਹਿਤ’ ਨਾਂ ਦਾ ਆਰਟੀਕਲ ਲਿਖਿਆ। ਇਨ੍ਹਾਂ ਵਿਚ ਮੈਂ ਪਹਿਲੀ ਵਾਰ 1955 ਵਿਚ ਫੋਕ-ਲੋਰ ਲਈ ਸ਼ਬਦ ਵਰਤਿਆ ਸੀ ਲੋਕ-ਧਾਰਾ। ਉਦੋਂ ਮੈਨੂੰ ਵੀ ਲੋਕ-ਧਾਰਾ ਦੇ ਅਰਥ ਨਹੀਂ ਸਨ ਪਤਾ। ਆਮ ਲੋਕ, ਲੋਕ ਸਾਹਿਤ ਨੂੰ ਹੀ ਲੋਕ ਧਾਰਾ ਮੰਨਦੇ ਸਨ। ਫੇਰ ਦਿੱਲੀ ਆ ਕੇ ਮੇਰੀ ਰੁਚੀ ਹੋਰ ਵਧ ਗਈ। ਇਥੇ ਮੈਂ ਇੱਕ ਵਿਸ਼ਵ ਕੋਸ਼ ‘ਸਟੈਂਰਡਰਡ ਡਿਕਸ਼ਨਰੀ ਆਫ਼ ਫੋਕ ਲੋਰ’ ਦੋ ਵਾਲੀਅਮ ’ਚ ਦੇਖੀ ਤੇ ਮੇਰੀ ਇੱਛਾ ਹੋਈ ਕਿ ਮੈਂ ਇੱਕ ਕੋਸ਼ ਲਿਖਾਂ ਇਸੇ ਤਰ੍ਹਾਂ ਦਾ ਹੀ। ਫੇਰ ਮੈਂ ਇਸ ਇੱਛਾ ਨਾਲ ਹੋਰ ਸਜੱਗ ਹੋ ਕੇ ਸਮੱਗਰੀ ਇਕੱਠੀ ਕੀਤੀ।
? ਤੁਸੀਂ ਕਿਧਰੇ ਦੱਸਿਆ ਸੀ ਕਿ ਤੁਸੀਂ ਕਹਾਣੀਆਂ ਵੀ ਲਿਖਦੇ ਰਹੇ ਹੋ? ਉਨ੍ਹਾਂ ਦਾ ਜ਼ਿਕਰ ਕਰੋ।
- ਅਸਲ ਵਿਚ ਜਿਹੜੇ ਪਹਿਲੇ ਲੇਖਕ ਸਨ ਪੰਜਾਬੀ ਦੇ ਉਹ ਬਹੁਤ ਸਾਰੀਆਂ ਵਿਧਾਵਾਂ ’ਤੇ ਲਿਖਦੇ ਸਨ। ਕਵਿਤਾ ਵੀ ਲਿਖਣੀ, ਕਹਾਣੀ ਨਾਟਕ ਵੀ ਲਿਖੇ। ਮੇਰਾ ਪਹਿਲਾ ਨਾਟਕ ਬੰਗਾਲ ‘ਚ ਪਏ ਕਾਲ ਬਾਰੇ ਸੀ ‘ਭੁੱਖ’। ਓਦੋਂ ਹਰ ਵਿਧਾ ਬਾਰੇ ਲਿਖਣ ਦਾ ਰਿਵਾਜ ਹੀ ਸੀ। ਮੇਰੀਆਂ 20-25 ਕਹਾਣੀਆਂ ਅਣਛਪੀਆਂ ਪਈਆਂ ਨੇ।
? ਤੁਹਾਨੂੰ ਕਹਾਣੀਆਂ, ਕਵਿਤਾਵਾਂ ਰਚਦਿਆਂ, ਲੋਕ ਯਾਨ ਬਾਰੇ ਕੰਮ ਕਰਦਿਆਂ ਕਦੀ ਅਜਿਹਾ ਪਾਤਰ ਜਾਂ ਲੋਕ ਨਾਇਕ ਵੀ ਯਾਦ ਹੈ ਜੋ ਤੁਹਾਡੇ ਸਾਰੇ ਜੀਵਨ ’ਤੇ ਛਾ ਗਿਆ ਹੋਵੇ ਜਾਂ ਤੁਹਾਡੇ ਮਨ ਨੂੰ ਖਿਆਲਾਂ ਨੂੰ ਹਰ ਵੇਲੇ ਚੰਗਾ ਲੱਗਦਾ ਹੋਵੇ?
- ਮੈਨੂੰ ਲੋਕ ਧਾਰਾ ਦੇ ਪਾਤਰ ਹੀ ਬਹੁਤਾ ਖਿੱਚਦੇ ਰਹੇ ਨੇ। ਲੋਕ ਧਾਰਾ ਇਕੱਤਰ ਕਰਦਿਆਂ ਤਾਂ ਉਹ ਮੇਰੇ ਦੋਸਤ ਹੀ ਬਣ ਗਏ ਨੇ ਜਿਵੇਂ। ਜਿਵੇਂ ਉਹ ਮੇਰੇ ਵਰਗੇ ਤੇ ਮੈਂ ਉਨ੍ਹਾਂ ਵਰਗਾ ਹੋਵਾਂ। ਇਨ੍ਹਾਂ ਵਿਚੋਂ ਸਭ ਤੋਂ ਵੱਧ ਪਿਆਰਾ ਪਾਤਰ ਜਾਂ ਜਿਸ ਦਾ ਮੇਰੇ ਜੀਵਨ ’ਤੇ ਪ੍ਰਭਾਵ ਹੈ ਉਹ ਹੈ ‘ਰਾਜਾ ਰਸਾਲੂ’। ਮੈਂ ਕਈ ਵਾਰੀ ਰਾਜਾ ਰਸਾਲੂ ਦੇ ਸੁਪਨੇ ਲਏ।

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਅਜਿਹੀ ਕਿਹੜੀ ਗੱਲ ਹੈ ਜੋ ਤੁਹਾਨੂੰ ਰਾਜਾ ਰਸਾਲੂ ਦੇ ਏਨਾ ਨੇੜੇ ਲੈ ਜਾਣਾ ਚਾਹੁੰਦੀ ਹੈ?
- ਰਾਜਾ ਰਸਾਲੂ ਵਿਚ ਦੋ ਪੱਖ ਹਨ। ਇੱਕ ਪੱਖ ਹੈ ਅਧਿਆਤਮਕਤਾ ਦਾ ਤੇ ਦੂਸਰਾ ਪੱਖ ਹੈ ਸੂਰਬੀਰਤਾ ਤੇ ਰੁਮਾਂਚਿਕਤਾ ਦਾ। ਉਹ ਲੜਿਆ ਵੀ ਹੈ ਉਸ ਵਕਤ ਦੇ ਯੋਧਿਆਂ ਨਾਲ, ਵਿਦੇਸ਼ੀਆਂ ਨਾਲ ਉਹਨੇ ਪਿਆਰ ਵੀ ਕੀਤਾ ਹੈ। ਉਹ ਬੜਾ ਰੁਮਾਂਚਕ ਪਾਤਰ ਸੀ। ਪਿਛੇ ਜਿਹੇ ਮੈਂ ਇੱਕ ਕਿਤਾਬ ਅੰਗਰੇਜ਼ੀ ਵਿਚ ਪੜ੍ਹੀ ਸੀ ਉਸ ਵਿਚ ਸੰਸਾਰ ਦੇ ਮੁੱਖ ਲੋਕ-ਨਾਇਕਾਂ ਦਾ ਜ਼ਿਕਰ ਸੀ। ਉਸ ਵਿਚ ਲਿਖਿਆ ਹੋਇਆ ਸੀ ਕਿ ਸੰਸਾਰ ਦਾ ਸਭ ਤੋਂ ਵੱਡਾ ਲੋਕ ਨਾਇਕ ਹੈ ਰਾਜਾ ਰਸਾਲੂ। ਇਸ ਵਰਗਾ ਲੋਕ ਨਾਇਕ ਅਜੇ ਤੱਕ ਵਿਸ਼ਵ ’ਚ ਨਹੀਂ ਹੋਇਆ ਤੇ ਅਸੀਂ ਉਸ ਨੂੰ ਨਾ ਸਮਝਿਆ ਹੈ ਨਾ ਪਛਾਣਿਆ ਹੈ। ਇਹ ਸਾਡਾ ਕਸੂਰ ਹੈ ਕਿ ਅਸੀਂ ਰਾਜਾ ਰਸਾਲੂ ਵਰਗੇ ਸੈਕੁਲਰ ਲੋਕ ਨਾਇਕ ਦੀ ਪਛਾਣ ਨਹੀਂ ਪਾ ਸਕੇ। ਸੰਭਾਲ ਨਹੀਂ ਕਰ ਸਕੇ।
? ਰਾਜਾ ਰਸਾਲੂ ਵਰਗੇ ਲੋਕ-ਨਾਇਕ ਬਾਰੇ ਲਿਖਦਿਆਂ ਸੱਚਮੁਚ ਹੀ ਸਾਡੇ ਖ਼ਿਆਲਾਂ ’ਚ ਤੁਹਾਡੇ ਮਨ ’ਚ ਇੱਕ ਖ਼ਾਸ ਕਿਸਮ ਦਾ ਵੇਗ ਹੋਵੇਗਾ। ਕਲਪਨਾ ਤੇ ਯਥਾਰਥ ਨਾਲ ਭਰੇ ਇਨ੍ਹਾਂ ਪਲਾਂ ਦਾ ਆਪਣਾ ਆਨੰਦ ਹੋਵੇਗਾ। ਅਜਿਹੇ ਪਾਤਰਾਂ ਦੀ ਰਚਨਾ ਵੇਲੇ ਵੱਖਰੀ ਕਿਸਮ ਦਾ ਅਹਿਸਾਸ ਹੁੰਦਾ ਹੋਵੇਗਾ। ਇਹ ਦੱਸੋ ਕਿ ਜਦੋਂ ਤੁਸੀਂ ਰਾਜਾ ਰਸਾਲੂ ਬਾਰੇ ਲਿਖਿਆ ਜਾਂ ਲਿਖਣ ਤੋਂ ਬਾਅਦ ਕੇਹੋ ਜੇਹਾ ਆਲਮ ਸੀ ਤੁਹਾਡੇ ਮਨ ਦਾ?
- ਜਦੋਂ ਮੈਂ ਇਸ ਲੋਕ ਨਾਇਕ ਬਾਰੇ ਕਿਤਾਬ ਲਿਖੀ ਤਾਂ ਇਹ ਸਾਰਾ ਕਰੈਕਟਰ ਮੇਰੇ ਅੰਦਰ ਬਾਹਰ ਛਾ ਗਿਆ। ਮੈਂ ਰਾਜਾ ਰਸਾਲੂ ਨਾਲ ਇੱਕ-ਸੁਰ ਹੋ ਗਿਆ। ਕਿਸੇ ਨੇ ਇਕ ਵਾਰ ਮੇਰਾ ਇੰਟਰਵਿਊ ਕੀਤਾ ਤਾਂ ਉਸ ਨੇ ਪੁੱਛਿਆ ਕਿ ਕਿਹੜਾ ਲੋਕ-ਨਾਇਕ ਤੁਹਾਨੂੰ ਚੰਗਾ ਲੱਗਾ? ਤੇ ਮੈਂ ਉਸ ਨੂੰ ਜੁਆਬ ਦਿੱਤਾ ਕਿ ਅਗਰ ਮੈਨੂੰ ਆਪਣੇ ਆਪ ਕੁਝ ਬਣਨ ਲਈ ਕਿਹਾ ਜਾਵੇ ਤਾਂ ਮੈਂ ਰਾਜਾ ਰਸਾਲੂ ਬਣਨ ਵਿਚ ਫਖ਼ਰ ਮਹਿਸੂਸ ਕਰਾਂਗਾ। ਤੇ ਉਸ ਨੇ ਉਸ ਇਸ ਇੰਟਰਵਿਊ ਦਾ ਨਾਂ ਹੀ ਰਾਜਾ ਰਸਾਲੂ ਰੱਖਿਆ ਸੀ।
? ਮੇਰਾ ਸੁਆਲ ਸੀ ਕਿ ਤੁਸੀਂ ਅਜਿਹੇ ਪਾਤਰ ਦੀ ਰਚਨਾ ਤੋਂ ਬਾਅਦ ਕਿਸ ਤਰ੍ਹਾਂ ਮਹਿਸੂਸ ਕੀਤਾ?
- ਇਹ ਪਾਤਰ ਉਸਾਰਿਆ ਤਾਂ ਲੋਕਾਂ ਨੇ ਸੀ। ਇਹ ਕਰੈਕਟਰ ਤਾਂ ਸਾਡੇ ਕੋਲ ਬਣੇ ਬਣਾਏ ਪਹੁੰਚੇ ਨੇ। ਇਹ ਲੋਕਾਂ ਨੇ ਵੀ ਇੱਕ ਦਿਨ ’ਚ ਨਹੀਂ ਬਣਾਏ। ਸਦੀਆਂ ਲੱਗ ਕੇ ਇਹ ਕਰੈਕਟਰ ਸਾਡੇ ਕੋਲ ਪਹੁੰਚਦੇ ਨੇ। ਤੇ ਸਦੀਆਂ ਤੋਂ ਬਣਦੇ ਉਸਰਦੇ ਅਜਿਹੇ ਨਾਇਕ ਇੱਕ ਲੇਖਕ ਤੋਂ ਬਹੁਤ ਉੱਚੇ ਹੁੰਦੇ ਨੇ। ਤੇ ਰਾਜਾ ਰਸਾਲੂ ਵਰਗਾ ਤਾਂ ਸਾਡੇ ਕੋਲ ਮਹਾਨ ਕਰੈੈਕਟਰ ਕੋਈ ਨਹੀਂ। ਇਸ ਦੇ ਪੈਰਾਂ ਵਰਗਾ ਵੀ ਨਹੀਂ। ਅਜਿਹੇ ਪਾਤਰ ਪੂਰੀ ਕੌਮ ਦੀ ਸਾਇਕੀ ਹੁੰਦੇ ਨੇ ਜੋ ਲੋਕ-ਰਚਿਤ ਹੁੰਦੇ ਨੇ। ਜਿਹੜੇ ਪੱਖ ਲੋਕਾਂ ਨੂੰ ਉਸ ਵਿਚ ਪਸੰਦ ਨਹੀਂ ਉਹ ਘਟਾਉਂਦੇ ਜਾਂਦੇ ਨੇ ਤੇ ਜੋ ਪਸੰਦ ਹੈ ਉਹ ਉਸ ਵਿਚ ਜੋੜਦੇ ਜਾਂਦੇ ਨੇ। ਇਸੇ ਲਈ ਰਾਜਾ ਰਸਾਲੂ ਹਰੇਕ ਨੂੰ ਪਸੰਦ ਆਉਂਦਾ ਹੈ, ਭਾਵੇਂ ਕੋਈ ਭਗਤੀ ਭਾਵਨਾ ਵਾਲਾ ਹੋਵੇ ਅਜਿਹੇ ਕਿਰਦਾਰ ਨੂੰ ਲਿਖ ਕੇ ਮੈਂ ਮਾਣ ਮਹਿਸੂਸ ਕਰਦਾ ਹਾਂ।
? ਲੋਕ-ਧਾਰਾ ਬਾਰੇ ਏਨੀ ਮਿਹਨਤ ਤੇ ਲਗਨ ਵਾਲੇ ਕੰਮ ਨੂੰ, ਖੋਜ ਨੂੰ ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ?
- ਮੇਰਾ ਕੰਮ ਦੋਹਰਾ ਹੈ। ਇੱਕ ਤਾਂ ਇਹ ਕਿ ਮੈਂ ਇਸ ਦੀ ਸਮੱਗਰੀ ਇਕੱਤਰ ਕਰਦਾ ਹਾਂ। ਕਿਉਂਕਿ ਲੋਕਗੀਤ ਤੇ ਕਵਿਤਾ ਤਾਂ ਸਾਡੇ ਕੋਲ ਇਕੱਤਰ ਹੋਏ ਪਏ ਹਨ ਪਰ ਹੋਰ ਚੀਜ਼ਾਂ ਬਹੁਤੀਆਂ ਨਹੀਂ ਹਨ। ਇਨ੍ਹਾਂ ਅਣ-ਇਕੱਤਰ ਚੀਜ਼ਾਂ ਬਾਰੇ ਰਾਇ ਦੇਣ ਲਈ ਪਹਿਲਾਂ ਸਮੱਗਰੀ ਦੀ ਜ਼ਰੂਰਤ ਹੈ। ਇਸ ਲਈ ਮੈਂ ਇਹ ਪਹਿਲਾਂ ਇਕੱਠੀ ਕੀਤੀ। ਸੱਤ ਕਿਤਾਬਾਂ ਮੈਂ ਲੋਕ-ਕਹਾਣੀਆਂ ਦੀਆਂ ਲਿਖੀਆਂ ਹਨ। ਲੋਕ ਗੀਤ ਬਹੁਤ ਸਾਰੇ ਹਨ ਤੇ ਅਖਾਣਾਂ ਉੱਤੇ ਵੀ ਮੇਰੀ ਕਿਤਾਬ ਹੈ- ‘ਲੋਕ ਆਖਦੇ ਹਨ’। ਉਸ ਵਿਚ ਦਸ ਹਜ਼ਾਰ ਤੋਂ ਵੀ ਵੱਧ ਲੋਕ ਅਖਾਣ ਹਨ। ਮੇਰੇ ਸੰਕਲਨ ਦਾ ਤਰੀਕਾ ਇਹ ਹੈ ਕਿ ਮੈਂ ਜਿੱਥੋਂ ਵੀ ਜੋ ਮਿਲਿਆ, ਲਿਆ ਹੈ। ਮੇਰੇ ਘਰ ਵਿਚ ਨਾਨੀ, ਦਾਦੀ ਬੁੱਢੇ ਲੋਕ ਸਨ, ਪੇਂਡੂ। ਉਨ੍ਹਾਂ ਕੋਲੋਂ ਬਹੁਤ ਕੁਝ ਮਿਲਿਆ ਬਾਹਰੋਂ ਵੀ ਜੋ ਮਿਲਿਆ ਮੈਂ ਇਕੱਠਾ ਕਰਕੇ ਰੱਖਦਾ ਗਿਆ। ਦੂਸਰਾ ਪਹਿਲੂ ਹੈ ਇਨ੍ਹਾਂ ਦਾ ਅਧਿਐਨ। ਇਹ ਤਾਂ ਜਾਰੀ ਰਹਿੰਦਾ ਹੈ। ਜਿੰਨਾ ਚਿਰ ਸਾਰੀ ਸਮੱਗਰੀ ਇਕੱਠੀ ਨਹੀਂ ਹੋ ਜਾਂਦੀ ਓਨਾ ਚਿਰ ਸਾਰੇ ਪੱਖ ਦੇਖਣੇ ਠੀਕ ਨਹੀਂ ਰਹਿੰਦੇ। ਮੈਂ ਅਧਿਐਨ ਵਾਲੇ ਪਾਸੇ ਵੀ 4-5 ਕਿਤਾਬਾਂ ਲਿਖੀਆਂ ਹਨ। ਤੇ ਮੇਰਾ ਵਿਸ਼ਵ-ਕੋਸ਼ ਦਾ ਕੰਮ ਚਾਰ ਜਿਲਦਾਂ ’ਚ ਛਪ ਚੁੱਕਾ ਹੈ। ਇਸ ਵਿਚ ਫੋਕ-ਲੋਰ ਦੀਆਂ ਸਾਰੀਆਂ ਦੀਆਂ ਸਾਰੀਆਂ ਰੂੜੀਆਂ ਆਪਣੇ ਪੂਰੇ ਸੰਕਲਪਾਂ ਸਮੇਤ ਆ ਜਾਣਗੀਆਂ। ਅਜੇ ਛੇ ਜਿਲਦਾਂ ਹੋਰ ਛਪਣੀਆਂ ਬਾਕੀ ਨੇ।

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਏਨੀ ਖੋਜ ਤੇ ਲਿਖਤ ਦਾ ਕੰਮ ਹੀ ਇਹ ਸੁਆਲ ਵੀ ਪੈਦਾ ਕਰਦਾ ਹੈ ਕਿ ਤੁਹਾਡੇ ਲਿਖਣ ਲਈ ਸ਼ਾਂਤ ਕਮਰੇ, ਜਗ੍ਹਾ ਜਾਂ ਨਿਵੇਕਲੇ ਮਾਹੌਲ ਦੀ ਮੰਗ ਕਰਦਾ ਹੋਵੇਗਾ। ਕੀ ਤੁਹਾਨੂੰ ਲਿਖਣ ਵੇਲੇ ਕੁਝ ਖਾਸ ਗੱਲਾਂ ਦੀ ਜ਼ਰੂਰਤ ਰਹਿੰਦੀ ਹੈ?
- ਹੁਣ ਤਾਂ ਮੇਰੀ ਸਿਹਤ ਠੀਕ ਨਹੀਂ ਪਰ ਪਹਿਲਾਂ ਮੈਂ ਜਿਥੇ ਮਰਜ਼ੀ ਬਹਿ ਜਾਵਾਂ, ਲਿਖ ਲੈਂਦਾ ਸਾਂ। ਕੋਈ ਬੰਦਸ਼ ਨਹੀਂ ਸੀ। ਕਈ ਵਾਰ ਮੈਂ ਮੂਡ ਬਗੈਰ ਹੀ ਲਿਖਦਾ ਰਿਹਾ ਹਾਂ। ਕਈ ਵਾਰ ਦਿਨ ’ਚ ਚਾਰ-ਚਾਰ ਵਾਰ ਲਿਖਦਾ ਰਿਹਾਂ। ਰਾਤ ਨੂੰ ਮੈਂ ਕੰਮ ਨਹੀਂ ਸਾਂ ਕਰਦਾ। ਅੱਜ-ਕੱਲ੍ਹ ਇਕੋ ਹੀ ਸਿਟਿੰਗ ਰਹਿ ਗਈ ਹੈ। ਥੋੜ੍ਹਾ ਕੰਮ ਹੁੰਦਾ। ਉਹ ਵੀ ਜੋ ਪਹਿਲਾਂ ਲਿਖ ਚੁੱਕਾ ਹਾਂ ਉਸ ਨੂੰ ਰੀਵਾਈਜ਼ ਕਰਕੇ ਛਪਣ ਲਈ ਤਿਆਰ ਕਰਦਾ ਹਾਂ। ਹੁਣ ਮੈਂ ਲੋਕ-ਧਰਮ ਬਾਰੇ ਕਿਤਾਬ ਲਿਖ ਰਿਹਾ ਹਾਂ। ਇਹ ਕਿਤਾਬ ਪੰਜਾਬ ਦੇ ਲੋਕ-ਧਰਮ ਬਾਰੇ ਬਹੁਤ ਸਾਰਾ ਗਿਆਨ ਦੇਵੇਗੀ। ਇਸ ਤੋਂ ਪਤਾ ਲੱਗੇਗਾ ਕਿ ਪੰਜਾਬ ਦੇ ਲੋਕ ਸਨਾਤਨੀ ਨਹੀਂ, ਧਾਰਮਿਕ ਕੱਟੜ ਨਹੀਂ। ਉਹ ਧਰਮ ਵਿਚ ਮਾਨਤਾ ਨੂੰ ਜ਼ਿਆਦਾ ਵਸ਼ਿਸ਼ਟਤਾ ਦਿੰਦੇ ਹਨ। ਇਹ ਕਿਤਾਬ ਸਾਡੇ ਪੰਜਾਬੀਆਂ ਦਾ ਸਹੀ ਰੂਪ ਪੇਸ਼ ਕਰੇਗੀ।
? ਲਿਖਣ ਦੀਆਂ ਲੋੜਾਂ ਦੇ ਨਾਲ-ਨਾਲ ਮੈਂ ਚਾਹਾਂਗਾ ਕਿ ਤੁਹਾਡੇ ਖਾਣ-ਪਹਿਨਣ ਦੇ ਸ਼ੌਕ ਜਾਂ ਲੋੜਾਂ ਵੀ ਜਾਣਾ?
- ਮੈਂ ਮਾਸ ਕਦੀ ਨਹੀਂ ਖਾਂਦਾ। ਮੈਨੂੰ ਮਾਸ ਤੋਂ ਸ਼ੁਰੂ ਤੋਂ ਹੀ ਚਿੜ੍ਹ ਹੈ। ਪਰ ਮੁਸੀਬਤ ਇਹ ਸੀ ਕਿ ਸਾਡੇ ਘਰ ਵਿਚ ਮਾਸ ਬਹੁਤ ਬਣਦਾ ਸੀ। ਇਸ ਲਈ ਮੈਂ ਤਰੀ ਨਾਲ ਦੂਰੋਂ ਹੀ ਬੁਰਕੀ ਲਾ ਕੇ ਦੋ ਗਰਾਹੀਆਂ ਖਾ ਲੈਂਦਾ ਸਾਂ। ਪਿਛਲੇ ਬਾਰਾਂ-ਤੇਰਾਂ ਸਾਲ ਤੋਂ ਇਹ ਵੀ ਛੱਡ ਦਿੱਤੈ। ਮੈਨੂੰ ਖਾਣ ਦਾ ਬਹੁਤਾ ਚਸਕਾ ਨਹੀਂ। ਛੋਲਿਆਂ ਦੀ ਦਾਲ ਤੇ ਪਨੀਰ ਮੇਰਾ ਸ਼ੌਕ ਹੈ। ਪੰਜਾਬ ਜੇ ਮੈਂ ਰਿਸ਼ਤੇਦਾਰਾਂ ਦੇ ਜਾਵਾਂ ਤਾਂ ਉਹ ਛੋਲੇ ਬਣਾ ਲੈਂਦੇ ਨੇ ਕਿਉਂਕਿ ਉਹ ਮੇਰੀ ਪਸੰਦ ਦੇ ਹੁੰਦੇ ਨੇ। ਬਾਕੀ ਰਹੀ ਪੌਸ਼ਾਕ ਦੀ ਗੱਲ, ਉਹ ਵੀ ਮੈਂ ਜ਼ਿਆਦਾ ਘਰ ਹੀ ਰਿਹਾ ਹਾਂ। ਬਾਹਰ ਦਾ ਕੰਮ ਮੇਰਾ ਦੋ ਤਿੰਨ ਘੰਟੇ ਹੀ ਰਿਹਾ ਹੈ। ਇਸ ਲਈ ਘਰ ਮੈਂ ਕੱਛੇ ਬੁਨੈਣ ’ਚ ਹੀ ਰਿਹਾ ਹਾਂ। ਜਿੰਨਾ ਕੰਮ ਕੀਤੈ ਬੈਠ ਕੇ ਉਹ ਮੈਂ ਕੱਛੇ ਬੁਨੈਣ ’ਚ ਹੀ ਕੀਤੈ। ਪੌਸ਼ਾਕ ਨਾਲ ਮੇਰਾ ਬਹੁਤਾ ਲਗਾਉ ਨਹੀਂ ਰਿਹਾ। ਬਹੁਤਾ ਧਿਆਨ ਵੀ ਨਹੀਂ ਰਿਹਾ। ਪਗੜ ਬੱਧੀ ਆ ਤਾਂ ਜੇਹੋ ਜਹੀ ਹੈ, ਪੈਂਟ ਕਮੀਜ਼ ਮੈਲੀ ਸਹੀ। ਇਨ੍ਹਾਂ ਗੱਲਾਂ ਵੱਲ ਧਿਆਨ ਘਟ ਰਿਹੈ।

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਮੈਂ ਚਾਹਾਂਗਾ ਜਿਸ ਘਰ ਵਿਚ ਅਜਿਹਾ-ਸਾਦਾ ਆਦਮੀ ਰਹਿੰਦਾ ਹੈ ਉਸ ਆਰ-ਪਰਿਵਾਰ ਬਾਰੇ ਵੀ ਜਾਣਾ? -

 ਮੇਰੇ ਤਿੰਨ ਲੜਕੇ ਹਨ ਤੇ ਦੋ ਲੜਕੀਆਂ। ਮੇਰੇ ਦੋ ਵੱਡੇ ਲੜਕੇ ਵਿਆਹੇ ਹੋਏ ਨੇ ਤੇ ਕੰਮ ਧੰਦੇ ਵਿਚ ਲੱਗੇ ਹੋਏ ਨੇ। ਬੜੇ ਅੱਛੇ ਕੰਮ ਨੇ। ਤੇ ਲੜਕੀਆਂ ਵੀ ਚੰਗੇ ਘਰਾਂ ‘ਚ ਵਿਆਹੀਆਂ ਨੇ। ਛੋਟਾ ਲੜਕਾ ਵੀ ਬਿਜ਼ਨਸ ’ਚ ਹੈ। ਪਰ ਇਕ ਗੱਲ ਹੈ ਕਿ ਮੇਰੇ ਪਰਿਵਾਰ ’ਚੋਂ ਕੋਈ ਵੀ ਲਿਖਣ-ਪੜ੍ਹਨ ਵੱਲ ਨਹੀਂ ਗਿਆ। ਪੰਜਾਬੀ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ। ਵੱਡੇ ਦੀ ਅੰਗਰੇਜ਼ੀ ’ਚ ਦਿਲਚਸਪੀ ਹੈ। ਉਹ ਅੰਗਰੇਜ਼ੀ ’ਚ ਲਿਖਦੈ ਤੇ ਬਾਕੀ ਵੀ ਇਸੇ ਤਰ੍ਹਾਂ ਹੀ ਹਨ। ਵੈਸੇ ਪਰਿਵਾਰਕ ਤੌਰ ’ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਅੱਜ ਤੱਕ ਹਮੇਸ਼ਾ ਖੁਸ਼ੀ ਮਿਲਦੀ ਰਹੀ ਹੈ।

? ਤੁਹਾਨੂੰ ਦੇਖ ਕੇ ਇਉਂ ਲਗਦਾ ਹੈ ਜਿਵੇਂ ਤੁਹਾਨੂੰ ਕਦੇ ਗੁੱਸਾ ਨਹੀਂ ਆਉਂਦਾ। ਮੈਨੂੰ ਠੀਕ ਲੱਗਦਾ ਹੈ ਇਉਂ ਲੱਗਣਾ?

ਗੁੱਸਾ ਜਿਹੜਾ ਹੈ ਨਾ ਉਹ ਮੈਨੂੰ ਆਉਂਦੈ। ਇਹ ਗੱਲ ਨਹੀਂ ਕਿ ਨਹੀਂ ਆਉਂਦਾ। ਪਰ ਦੋਸਤਾਂ ਮਿੱਤਰਾਂ ਸਾਹਮਣੇ ਮੈਨੂੰ ਕਦੇ ਗੁੱਸਾ ਨਹੀਂ ਆਇਆ। ਘਰ ’ਚ ਮੈਨੂੰ ਬਹੁਤ ਆਉਂਦਾ ਹੈ ਤੇ ਜੇ ਕੋਈ ਮੇਰੀ ਬੀਵੀ ਨੂੰ ਇਹ ਕਹਿ ਦੇਵੇ ਕਿ ਇਨ੍ਹਾਂ ਨੂੰ ਤਾਂ ਕਦੇ ਗੁੱਸਾ ਨਹੀਂ ਆਉਂਦਾ ਹੋਣਾ ਤਾਂ ਉਸ ਦਾ ਜੁਆਬ ਹੁੰਦਾ ਹੈ ਕਿ ਜਿੰਨਾ ਇਨ੍ਹਾਂ ਨੂੰ ਗੁੱਸਾ ਆਉਂਦੈ ਕਿਸੇ ਹੋਰ ਨੂੰ ਕੀ ਆਉਣਾ ਹੈ? ਸੋ ਜਦੋਂ ਗੁੱਸਾ ਆਉਂਦਾ ਹੈ ਤਾਂ ਪੁੱਛੋ ਨਾ ਕਿਉਂਕਿ ਮੇਰਾ ਹਾਲ ਇਹ ਹੈ ਕਿ ਜੋ ਮੈਂ ਜਦੋਂ ਚਾਹੁੰਦਾ ਹਾਂ ਤਾਂ ਚਾਹੁੰਦਾ ਹਾਂ ਕਿ ਇਹ ਹੀ ਹੋਵੇ ਭਾਵੇਂ ਉਹ ਗਲਤ ਹੋਵੇ ਜਾਂ ਠੀਕ। ਹਾਲਾਂਕਿ ਘਰ ਵਿਚ ਸਭ ਨੂੰ ਬੱਚਿਆਂ ਨੂੰ ਆਜ਼ਾਦੀ ਹੈ ਜੋ ਜਿਵੇਂ ਮਰਜ਼ੀ ਕਰਨ ਪਰ ਫੇਰ ਵੀ ਮੈਂ ਜਿਥੇ ਅੜ ਜਾਵਾਂ, ਅੜ ਜਾਂਦਾ ਹਾਂ। ਫੇਰ ਉਹ ਮੇਰੇ ਗੁੱਸੇ ਦੀ ਘੜੀ ਹੁੰਦੀ ਹੈ। ਸਾਰੇ ਉਸ ਵੇਲੇ ਘਬਰਾ ਜਾਂਦੇ ਨੇ ਕਿ ਹੁਣ ਨਹੀਂ ਕੰਮ ਚਲ ਸਕਦਾ ਕਿਉਂਕਿ ਇਹ ਅੜ ਗਏ ਨੇ। ਵੈਸੇ ਮੈਂ ਆਮ ਤੌਰ ’ਤੇ ਦੋਸਤਾਂ ਮਿੱਤਰਾਂ ਯਾਰਾਂ ਵਿਚ ਕਦੇ ਕਿਸੇ ਕ੍ਰੋਧ, ਗੁੱਸੇ ਜਾਂ ਕਿਸੇ ਦੁਸ਼ਮਣੀ ਦਾ ਨਾਂ ਅਹਿਸਾਸ ਕੀਤੈ ਨਾ ਕਰਵਾਇਐ।

? ਜ਼ਿੰਦਗੀ ਜੀਉਂਦਿਆਂ, ਲਿਖਦਿਆਂ ਪੜ੍ਹਦਿਆਂ, ਨੌਕਰੀ ਕਰਦਿਆਂ ਬੰਦੇ ਕੋਲ ਕਈ ਕਿਸਮ ਦੇ ਝਮੇਲੇ ਰਹਿੰਦੇ ਨੇ। ਇਹ ਝਮੇਲੇ ਦੁਖ-ਸੁਖ ਵੀ ਦਿੰਦੇ ਨੇ। ਖੁਸ਼ੀਆਂ ਵੀ ਵੰਡਦੇ ਤੇ ਉਦਾਸੀਆਂ ਵੀ ਦਿੰਦੇ ਜਾਂਦੇ ਨੇ। ਕੋਈ ਅਜਿਹਾ ਪਲ ਹੈ ਜੋ ਤੁਹਾਡੇ ਉਤੇ ਅਸਰ-ਅੰਦਾਜ਼ ਹੋਇਆ ਹੋਵੇ?

- ਜਿਨ੍ਹਾਂ ਦਿਨਾਂ ਵਿਚ ਮੈਂ ਕਾਲਜ ਪੜ੍ਹਦਾ ਸਾਂ ਰਾਵਲਪਿੰਡੀ, ਉਨ੍ਹਾਂ ਦਿਨੀਂ ਅਸੀਂ ਖੇਡ ਦੇ ਮੈਦਾਨ ਵਿਚ ਖੇਲ੍ਹਣ ਲਈ ਜਾਂਦੇ ਸਾਂ। ਤੇ ਜਿੱਥੋਂ ਮੈਂ ਲੰਘ ਕੇ ਜਾਂਦਾ ਸਾਂ ਉਸ ਰਸਤੇ ਸਿਵੇ ਪੈਂਦੇ ਸਨ। ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਸਿਵੇ ਹਨ। ਮੈਂ ਸੋਚਦਾ ਰਿਹਾ ਕਿ ਇਹ ਕੋਈ ਸੰਤ ਦਾ ਡੇਰਾ ਹੈ। ਸਰਦੀਆਂ ਦੇ ਦਿਨਾਂ ਵਿਚ ਮੈਂ ਉਥੇ ਜਾਵਾਂ ਤਾਂ ਬਲਦੇ ਸਿਵੇ ਤੇ ਮੈਂ ਠਰੇ ਹੋਏ ਹੱਥ ਸੇਕਣੇ। ਇਕ ਦਿਨ ਜਦੋਂ ਮੈਂ ਲੰਘ ਰਿਹਾ ਸਾਂ ਤਾਂ ਤਾਜ਼ੀ-ਤਾਜ਼ੀ ਲਾਸ਼ ਜਲ ਰਹੀ ਸਾਂ ਤਾਂ ਮੈਨੂੰ ਪਤਾ ਲੱਗਾ ਕਿ ਇਹ ਤਾਂ ਸਿਵਾ ਐ। ਉਸ ਦਿਨ ਬੰਦਾ ਸੜਦਾ ਦੇਖ ਕੇ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮਨੁੱਖ ਦੀ ਹੋਣੀ ਕੀ ਹੈ ਅੰਤ ਕੀ ਹੈ। ਉਹ ਪਲ ਮੇਰੀ ਜ਼ਿੰਦਗੀ ਦੇ ਅਜਿਹੇ ਉਦਾਸ ਪਲ ਸਨ ਕਿ ਮੇਰੀ ਜ਼ਿੰਦਗੀ ਦਾ ਨਜ਼ਰੀਆ ਹੀ ਬਦਲ ਗਿਆ। ਉਸ ਤੋਂ ਬਾਅਦ ਮੇਰਾ ਧਿਆਨ ਭਗਤੀ-ਸਾਧਨਾ ਵੱਲ ਲੱਗ ਗਿਆ। ਉਹ ਪਲ ਕਦੇ ਵੀ ਮੈਂ ਭੁੱਲ ਨਹੀਂ ਸਕਿਆ।

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਕੋਈ ਖੁਸ਼ਗਵਾਰ ਮੌਸਮ ਆਇਆ ਹੋਵੇਗਾ, ਕੋਈ ਅਜਿਹਾ ਪਲ ਜੋ ਖੁਸ਼ੀ ਨਾਲ ਨੱਕੋ-ਨੱਕ ਭਰਿਆ ਗਿਆ ਹੋਵੇ?
- ਵੈਸੇ ਤਾਂ ਮੈਨੂੰ ਬਹੁਤੀ ਖੁਸ਼ੀ ਉਸ ਵੇਲੇ ਹੁੰਦੀ ਹੈ ਜਦੋਂ ਕੋਈ ਫੋਕ-ਲੋਰ ਦੀ ਨਵੀਂ ਰੂੜ੍ਹੀ ਮਿਲੇ, ਕੋਈ ਲੋਕ ਗੀਤ ਜਾਂ ਕਹਾਣੀ ਮਿਲ ਜਾਵੇ, ਅਖਾਣ ਮਿਲ ਜਾਵੇ, ਇਹ ਸਭ ਤੋਂ ਵੱਧ ਖੁਸ਼ੀ ਦਾ ਪਲ ਹੁੰਦੈ। ਪਰ ਇੱਕ ਪਲ ਮੇਰੀ ਜ਼ਿੰਦਗੀ ’ਚ ਅਜਿਹਾ ਹੈ ਖੁਸ਼ੀ ਦਾ ਕਿ ਮੈਂ ਭੁੱਲ ਨਹੀਂ ਸਕਦਾ। ਉਹ ਰਹੱਸਮਈ ਪਲ ਹੈ। ਮੈਂ ਤੁਹਾਨੂੰ ਦੱਸਿਆ ਕਿ ਮੈਂ ਸਿਵਿਆਂ ’ਚ ਲੰਘਣ ਤੋਂ ਬਾਅਦ ਭਗਤੀ ਭਾਵਨਾ ਵੱਲ ਜੁੜ ਗਿਆ। ਅਗਲੇ ਦੋ ਸਾਲ ਫੇਰ ਮੈਂ ਬਹੁਤ ਤਪੱਸਿਆ ਕੀਤੀ ਜਾਂ ਕਹਿ ਲਓ ਮੈਂ ਨਾਮ ਸਿਮਰਨ ਕੀਤਾ। ਪਲ-ਪਲ ਰੱਬ ਧਿਆਉਣਾ। ਇਸ ਦਾ ਸਿਖਰ ਇਹ ਹੋਇਆ ਕਿ ਇੱਕ ਦਿਨ ਮੈਂ ਸੈਰ ਕਰਦਾ ਜਾ ਰਿਹਾ ਸਾਂ ਤੇ ਮੈਨੂੰ ਇੱਕ ਨੂਰ ਦਾ ਦੀਦਾਰ ਹੋਇਆ। ਇਹ ਨੂਰ ਹਵਾ ’ਚ ਫੈਲਦਾ-ਫੈਲਦਾ ਮੈਨੂੰ ਆਪਣੇ ਕਲੇਵਰ ’ਚ ਲੈ ਰਿਹਾ ਸੀ। ਮੇਰੇ ਦੇਖਦੇ ਦੇਖਦੇ ਉਸ ਚਾਨਣ ਨੇ ਮੈਨੂੰ ਲਪੇਟ ਕੇ ਹੌਲੀ ਹੌਲੀ ਉੱਪਰ ਉੱਠਣਾ ਸ਼ੁਰੂ ਕਰ ਦਿੱਤਾ ਤੇ ਅਖੀਰ ਮੈਨੂੰ ਆਪਣੀ ਬੁੱਕਲ ’ਚੋਂ ਕੱਢ ਕੇ ਉਥੇ ਇੱਕ ਥਾਂ ਖੜ੍ਹਾ ਕਰ ਦਿੱਤਾ। ਇਹ ਰਹੱਸਮਈ ਪਲ ਸੀ। ਇਸ ਪਲ ਨੂੰ ਮੈਂ ਅਤਿਅੰਤ ਖੁਸ਼ੀ ਮੰਨਦਾ ਹਾਂ।
? ਖੁਸ਼ੀ ਦੀ ਗੱਲ ਲੇਖਕ ਦੇ ਰਚਨਾ ਸੰਸਾਰ ਨਾਲ ਵੀ ਸਾਂਝੀ ਹੁੰਦੀ ਹੈ। ਲੇਖਕ ਨੂੰ ਚੰਗਾ ਲੱਗਦਾ ਹੈ ਜੇ ਉਸ ਦੀ ਲਿਖਤ ਨੂੰ ਪਲਾਂ ਦਾ ਹੁੰਗਾਰਾ ਮਿਲੇ। ਉਸ ਨੂੰ ਹੋਰ ਚੰਗਾ ਲਗਦਾ ਹੈ ਜੇ ਉਸ ਦੀ ਰਚਨਾ ਦੀ ਠੀਕ ਪੜਚੋਲ ਹੋਈ ਹੋਵੇ। ਆਲੋਚਕਾਂ ਬਾਰੇ ਵੱਖ-ਵੱਖ ਲੇਖਕਾਂ ਦੀ ਵੱਖ-ਵੱਖ ਰਾਇ ਹੁੰਦੀ ਹੈ। ਤੁਹਾਡੀ ਕੀ ਰਾਇ ਹੈ?
- ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਹਮੇਸ਼ਾ ਉੱਚਪਾਏ ਦੇ ਆਲੋਚਕ ਮਿਲੇ ਹਨ ਤੇ ਉਨ੍ਹਾਂ ਮੇਰੇ ਬਾਰੇ ਲਿਖਿਆ ਵੀ ਵਧੀਆ ਹੈ। ਅੱਜ ਤੱਕ ਮੇਰੇ ਬਾਰੇ ਕਿਸੇ ਵੀ ਆਲੋਚਕ ਨੇ ਐਸੀ ਗੱਲ ਨਹੀਂ ਲਿਖੀ ਜਿਸ ਤੋਂ ਮੈਂ ਉਦਾਸ ਹੋ ਗਿਆ ਹੋਵਾਂ। ਤੇ ਮੈਂ ਕਈ ਵਾਰੀ ਚਾਹੁੰਦਾ ਹਾਂ ਕਿ ਕੋਈ ਮੇਰੇ ਵਿਰੁੱਧ ਲਿਖੇ ਤੇ ਮੈਂ ਉਸ ਕੋਲੋਂ ਸਿੱਖਿਆ ਲਵਾਂ ਪਰ ਨੜਿੰਨਵੇਂ ਪ੍ਰਤੀਸ਼ਤ ਮੇਰੇ ਆਲੋਚਕਾਂ ਨੇ ਮੇਰੀ ਪ੍ਰਸੰਸਾ ਹੀ ਕੀਤੀ ਹੈ। ਇਹ ਪ੍ਰਸੰਸਾ ਸੁੱਕੀ ਪ੍ਰਸੰਸਾ ਨਹੀਂ ਸਗੋਂ ਉਨ੍ਹਾਂ ਮੇਰੇ ਲੇਖਾਂ ਦੀ ਉਧੇੜ-ਬੁਣ ਕਰਕੇ ਉਨ੍ਹਾਂ ਵਿਚਲੇ ਨੁਕਤਿਆਂ ਨੂੰ ਉਠਾਇਆ ਹੈ। ਮੈਂ ਜੋ ਕੁਝ ਵੀ ਲਿਖਿਆ ਹੈ ਉਹ ਲੋਕ-ਸੱਭਿਆਚਾਰ ਨਾਲ ਜੁੜ ਕੇ ਲਿਖਿਆ ਹੈ ਤੇ ਜੋ ਲੇਖਕ ਆਪਣੇ ਸੱਭਿਆਚਾਰ ਨਾਲੋਂ ਟੁੱਟ ਜਾਂਦਾ ਹੈ ਉਹਦੀ ਦੇਣ ਸਾਹਿਤ ਵਿਚ ਘੱਟ ਹੋ ਜਾਂਦੀ ਹੈ।
? ਆਲੋਚਕਾਂ ਤੋਂ ਇਲਾਵਾ ਲੇਖਕ ਲਈ ਇੱਕ ਹੋਰ ਨੁਕਸਾਨ-ਦੇਹ ਚੀਜ਼ ਹੁੰਦੀ ਹੈ ‘ਇਨਾਮ’। ਇਨਾਮਾਂ ਬਾਰੇ ਤੁਹਾਡੀ ਕੀ ਰਾਇ ਹੈ?
- ਇਹਦੇ ਬਾਰੇ ਮੇਰਾ ਤਜਰਬਾ ਬੜਾ ਅਜੀਬ ਹੈ। ਮੈਨੂੰ ਹੁਣ ਤੱਕ 14-15 ਐਵਾਰਡ ਮਿਲ ਚੁੱਕੇ ਹਨ। ਦਿੱਲੀ ਵੱਲੋਂ ਪੰਜਾਬ ਵੱਲੋਂ, ਹਰਿਆਣਾ ਵੱਲੋਂ ਤੇ ਕਈ ਹੋਰ ਥਾਵਾਂ ਵੱਲੋਂ। ਮੈਨੂੰ ਜਦੋਂ ਵੀ ਇਹ ਇਨਾਮ ਮਿਲੇ ਹਨ ਤਾਂ ਮੈਨੂੰ ਜਾਂ ਤਾਂ ਅਖ਼ਬਾਰਾਂ ’ਚੋਂ ਪਤਾ ਲੱਗਾ ਜਾਂ ਫਿਰ ਕਿਸੇ ਨੇ ਦੱਸਿਆ। ਮੈਂ ਇਨ੍ਹਾਂ ਬਾਰੇ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਪਤਾ ਨਹੀਂ ਹੁੰਦਾ ਸੀ ਇਹ ਕੌਣ ਦਿੰਦਾ ਹੈ। ਇਸ ਲਈ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਨਾਮ ਕਿਸੇ ਹੱਦ ਤੱਕ ਠੀਕ ਹੀ ਮਿਲਦੇ ਨੇ। ਵੈਸੇ ਇਨਾਮਾਂ ਦੇ ਮਿਲਣ ਨਾਲ ਇੱਕ ਉਤਸ਼ਾਹ ਜਿਹਾ ਮਿਲਦਾ ਹੈ।

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਤੁਹਾਨੂੰ ਪਹਿਲਾ ਇਨਾਮ ਕਦੋਂ ਤੇ ਕਿੱਥੋਂ ਮਿਲਿਆ? ਕੁਝ ਯਾਦ ਹੈ?
- ਹਾਂ। ਮੈਨੂੰ ਪਹਿਲਾਂ ਇਨਾਮ ਪੰਜਾਬੀ ਅਕਾਦਮੀ ਨੇ 1977-78 ਵਿਚ ਦਿੱਤਾ ਸੀ। ਦੋ ਹਜ਼ਾਰ ਰੁਪਏ ਦਾ ਇਨਾਮ ਸੀ। ਉਸ ਨਾਲ ਮੇਰੀ ਘਰ ਵਿਚ ਥੋੜ੍ਹੀ ਜੇਹੀ ਕਦਰ ਵਧ ਗਈ ਕਿ ਇਹ ਐਵੇਂ ਈ ਕਿਤਾਬਾਂ ਨਹੀਂ ਲਿਖੀ ਜਾਂਦਾ ਇਹਨੂੰ ਲੋਕ ਪੁੱਛਦੇ ਨੇ। ਫੇਰ ਉਸ ਤੋਂ ਬਾਅਦ ਤਕਰੀਬਨ ਹਰ ਸਾਲ ਕੋਈ ਇੱਕ-ਅੱਧਾ ਇਨਾਮ ਮਿਲਦਾ ਰਿਹਾ ਤੇ ਘਰ ਵਾਲਿਆਂ ਸੋਚਿਆ ਕਿ ਇਹ ਬੰਦਾ ਚੱਜ ਦਾ ਲੇਖਕ ਹੈ ਐਵੇਂ ਨਹੀਂ। ਸੋ ਇਨਾਮਾਂ ਨਾਲ ਘਰ ਵਿਚ ਇੱਜ਼ਤ ਮਾਣ ਵਧਿਆ। ਲੋਕ ਤਾਂ ਜਾਣਦੇ ਹੀ ਸਨ।
? ਇਤਨੇ ਇਨਾਮ ਮਿਲਣ ਨਾਲ ਆਦਮੀ ਨੂੰ ਇਉਂ ਨਹੀ ਲੱਗਣ ਲੱਗ ਪੈਂਦਾ ਕਿ ਇਨਾਮ ਤਾਂ ਮਾਮੂਲੀ ਜਿਹੀ ਗੱਲ ਹੈ। ਜਾਂ ਏਨੇ ਇਨਾਮ ਲੈਣ ਤੋਂ ਬਾਅਦ ਬੰਦੇ ਦੇ ਮਨ ’ਚ ਇਹ ਨਹੀਂ ਆਉਂਦਾ ਕਿ ਫਲਾਨੇ ਇਨਾਮ ਦੀ ਵੱਖਰੀ ਅਹਿਮੀਅਤ ਹੈ?
- ਦੇਖੋ ਜੀ ਇਨਾਮ ਜਿਹੜੇ ਹਨ ਸਰਕਾਰੀ ਅਦਾਰੇ ਦਿੰਦੇ ਨੇ, ਅਕਾਦਮੀਆਂ ਦਿੰਦੀਆਂ ਨੇ। ਇਹ ਠੀਕ ਹੈ। ਪਰ ਮੈਨੂੰ ਜਿਹੜਾ ਇਨਾਮ ਵਧੀਆ ਲੱਗਾ ਉਹ ਇੱਕ ਵਾਰੀ ਮੈਨੂੰ ਛੋਟਾ ਜਿਹਾ ਇਨਾਮ ਮਿਲਿਆ ਸੀ ਨਾਮਧਾਰੀਆਂ ਦੇ ਗੁਰੂ ਵੱਲੋਂ। ਉਨ੍ਹਾਂ ਨੇ ਮੇਰਾ ਕੁਝ ਪੜ੍ਹਿਆ ਹੋਵੇਗਾ ਤੇ ਮੈਨੂੰ ਉਨ੍ਹਾਂ ਦਿੱਤਾ 1100 ਰੁਪਏ ਦਾ ਇਨਾਮ। ਮੈਨੂੰ ਉਹ ਬਹੁਤ ਚੰਗਾ ਲੱਗਾ। ਮੇਰਾ ਤਾਂ ਨਾਮਧਾਰੀਆਂ ਨਾਲ ਕੋਈ ਸਬੰਧ ਨਹੀਂ ਸੀ ਤਾਂ ਮੈਨੂੰ ਲੱਗਾ ਕਿ ਇਨ੍ਹਾਂ ਨੇ ਪੜ੍ਹ ਕੇ ਮੈਨੂੰ ਇਨਾਮ ਦਿੱਤਾ ਹੈ। ਇਸ ਲਈ ਮੈਨੂੰ ਸਭ ਤੋਂ ਪਿਆਰਾ ਇਨਾਮ ਉਹੀ ਲੱਗਾ। ਐਸੇ ਇਨਾਮ ਦਾ ਯਾਦ ਰਹਿਣਾ ਕੁਦਰਤੀ ਹੈ।
? ਬੇਦੀ ਸਾਹਿਬ, ਤੁਸੀਂ ਇੱਕ ਵਾਰ ਪਰਚਾ ਕੱਢਿਆ ਸੀ ‘ਪਰੰਪਰਾ’। ਉਹ ਪੰਜਾਬੀ ਲੋਕ-ਯਾਨ ਬਾਰੇ ਇੱਕ ਮਹੱਤਤਾ-ਸ਼ੀਲ ਕਾਰਜ ਸੀ। ਉਸ ਬਾਰੇ ਕੋਈ ਗੱਲ ਦੱਸੋ ਕਿ ਕਿਉਂ ਸ਼ੁਰੂ ਕੀਤਾ ਇਹ ਪਰਚਾ ਔਰ ਕਿਉਂ ਬੰਦ?
- 1970 ਵਿਚ ਮੈਂ ‘ਪਰੰਪਰਾ’ ਕੱਢਣੀ ਸ਼ੁਰੂ ਕੀਤੀ ਸੀ। ਮੇਰਾ ਸਿਰਫ ਇੱਕੋ ਮੰਤਵ ਸੀ ਕਿ ਇਸ ਨਾਲ ਲੋਕਾਂ ਦਾ ਧਿਆਨ, ਪਾਠਕਾਂ ਦਾ, ਲੇਖਕਾਂ ਦਾ, ਪੰਜਾਬੀਆਂ ਦਾ, ਅਧਿਆਪਕਾਂ ਦਾ ਧਿਆਨ, ਸਭ ਦਾ ਖਿਆਲ ਲੋਕ-ਧਾਰਾ ਵੱਲ ਲੱਗੇਗਾ। ਔਰ ਇਹ ਗੱਲ ਠੀਕ ਸਾਬਤ ਵੀ ਹੋਈ ਪਰੰਪਰਾ ਦੇ 12-13 ਅੰਕ ਨਿਕਲੇ। ਇਸ ਨੂੰ ਬੜੀ ਮਾਨਤਾ ਮਿਲੀ। ਇਸ ਨਾਲ ਲੋਕ-ਧਾਰਾ ਦੀ ਗੱਲ ਖੁੱਲ੍ਹ ਕੇ ਕਹੀ ਜਾਣ ਲੱਗ ਪਈ ਸੀ। ਬੜਾ ਅੱਛਾ ਕੰਮ ਸੀ ਪਰ ਪੈਸੇ ਦੀ ਦਿੱਕਤ ਆ ਗਈ ਤੇ ਪਰਚਾ ਬੰਦ ਕਰਨਾ ਪਿਆ। ਪਰ ਦਿਲ ਕਰਦਾ ਹੈ ਕਿ ਇਸ ਪਰਚੇ ਨੂੰ ਦੁਬਾਰਾ ਸ਼ੁਰੂ ਕਰਾਂ। ਕਰਾਂਗਾ।

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਬੇਦੀ ਸਾਹਿਬ, ਤੁਸੀਂ ਏਨੀ ਖੋਜ, ਏਨਾ ਲਿਖਿਆ ਹੈ। ਤੁਹਾਨੂੰ ਪਾਠਕ ਵੀ ਮਿਲੇ ਹਨ, ਚੰਗੇ ਆਲੋਚਕ ਵੀ, ਇਨਾਮ ਵੀ ਤੇ ਜੀਵਨ ਦੇ ਸੁਖ ਵੀ ਪਰ ਜਿਹੜੀ ਇੱਛਾ ਹੁੰਦੀ ਹੈ ਉਹ ਆਦਮੀ ਦੀ ਆਖਰੀ ਦਮ ਤੱਕ ਕਾਇਮ ਰਹਿੰਦੀ ਹੈ ਚਾਹੇ ਉਹ ਕਿਸੇ ਕਿਸਮ ਦੀ ਵੀ ਹੋਵੇ? ਤੁਹਾਡੀ ਇੱਛਾ ਰਹਿੰਦੇ ਸਫ਼ਰ ਦੀ?
- ਪਹਿਲੀ ਇੱਛਾ ਇਹ ਹੈ ਕਿ ਮੇਰਾ ਜੋ ਕੋਸ਼ ਹੈ ਉਹ ਪੂਰਾ ਹੋਵੇ। ਪੂਰੀਆਂ ਜਿਲਦਾਂ ਛਪਣ, ਸਾਰਾ ਕੰਮ ਹੋਇਆ ਪਿਐ ਬੱਸ ਰੀਵਾਈਜ਼ ਕਰਨ ਵਾਲਾ ਹੈ। ਸੋਧਣਾ ਹੈ। ਦੂਜਾ ਇਹ ਕਿ ਇਹ ਕੋਸ਼ ਲਿਖਿਆਂ 10 ਸਾਲ ਹੋ ਗਏ ਨੇ ਪਰ ਇਨ੍ਹਾਂ ਦਸਾਂ ਸਾਲਾਂ ਵਿਚ ਲੋਕਧਾਰਾ ਦੇ ਖੇਤਰ ਵਿਚ ਬੜੀ ਨਵੀਂ ਸਮੱਗਰੀ ਆ ਗਈ ਹੈ ਇਸ ਲਈ ਇਸ ਨੂੰ ਇਨਕਾਰਪੋਰੇਟ ਕਰਨਾ ਬੜਾ ਜ਼ਰੂਰੀ ਹੈ। ਭਾਵੇਂ ਮੇਰੀ ਸਿਹਤ ਪੂਰੀ ਠੀਕ ਨਹੀਂ ਪਰ ਇਹ ਕੰਮ ਜ਼ਰੂਰੀ ਹੈ। ਦੂਜੀ ਮੇਰੀ ਇੱਛਾ ਹੈ ਕਿ ਜਿਹੜੇ ਕੰਮ ਰਹਿ ਗਏ ਨੇ ਲੋਕ-ਗੀਤਾਂ ਲੋਕ-ਧਰਮ ਬਾਰੇ ਜਾਂ ਹੋਰ ਜੋ ਰਹਿ ਗਏ ਨੇ ਉਨ੍ਹਾਂ ਬਾਰੇ ਇੱਕ ਕਿਤਾਬ ਲਿਖ ਲਵਾਂ। ਫੇਰ ਜੇ ਰੱਬ ਸਮਾਂ ਹੋਵੇ, ਸਮਰੱਥਾ ਹੋਵੇ ਤਾਂ ਸਾਰੇ ਇਕੱਤਰ ਫੋਕ-ਲੋਰ ਦਾ ਅਧਿਐਨ ਕਰਾਂ।
? ਬੇਦੀ ਸਾਹਬ ਤੁਸੀਂ ਸਾਡੇ ਸਮਿਆਂ ਦਾ ਲੋਕ-ਹੀਰਾ ਹੋ। ਤੁਹਾਡੀ ਮਿਹਨਤ, ਲਗਨ ਤੇ ਖੋਜ ਅੱਗੇ ਨਤਮਸਤਕ ਹੋਣਾ ਬਣਦਾ ਹੈ। ਤੁਸੀਂ ਪਿਛਲੀ ਪੀੜ੍ਹੀ ਦਾ ਜੀਊਂਦਾ ਜਾਗਦਾ ਅਕਸ ਹੋ ਤੇ ਨਵੀਂ ਪੀੜ੍ਹੀ ਲਈ ਚਾਨਣ ਦੀ ਲੀਕ ਹੋ। ਚਾਹਾਂਗਾ ਕਿ ਸਾਡੇ ਨਾਲ ਕੋਈ ਅਜਿਹੀ ਗੱਲ ਸਾਂਝੀ ਕਰੋ ਜੋ ਚਾਹੁੰਦੇ ਹੋ ਕਿ ਜ਼ਰੂਰ ਕਹਾਂ ਤਾਂ ਕਿ ਚਾਨਣ ਦੀ ਲੀਕ ਹੋਰ ਤਖੇਰੀ ਹੋ ਸਕੇ। ਕਹੋ?
- ਮੇਰਾ ਇੱਕੋ ਕਹਿਣਾ ਹੈ ਕਿ ਜਿੰਨਾ ਚਿਰ ਅਸੀਂ ਆਪਣਾ ਲੋਕ-ਸੱਭਿਆਚਾਰਕ-ਵਿਰਸਾ ਨਹੀਂ ਪਛਾਣ ਲੈਂਦੇ, ਸਾਂਭ ਲੈਂਦੇ ਉਨੀ ਦੇਰ ਸਾਡਾ ਅੱਗੇ ਜਾਣਾ ਕਠਿਨ ਹੈ। ਆਪਣੇ ਸੱਭਿਆਚਾਰਕ ਵਿਰਸੇ ਨੂੰ ਭੱੁਲਣ ਨਾਲ ਸਮੱਸਿਆਵਾਂ ਤੇ ਉਲਝਣਾਂ ਪੈਦਾ ਹੁੰਦੀਆਂ ਹਨ। ਜਦੋਂ ਅਸੀਂ ਸੱਭਿਆਚਾਰ ਨੂੰ ਪਹਿਲ ਦੇ ਕੇ ਧਰਮ ਨੂੰ ਪਿੱਛੇ ਰੱਖ ਕੇ ਦੇਖਾਂਗੇ ਤਾਂ ਸਾਡੇ ਵਿਚਾਰ ਮੋਕਲੇ ਹੋਣਗੇ। ਧਰਮ ਦੀ ਥਾਂ ਸੱਭਿਆਚਾਰ ਲੈ ਲਏ ਤਾਂ ਮਸਲੇ ਹੱਲ ਹੋਣਗੇ। ਦੂਸਰਾ ਅਸੀਂ ਆਪਣਾ ਸੱਭਿਆਚਾਰ ਇਕੱਤਰ ਕਰੀਏ। ਲੋਕਧਾਰਾ ਸੱਭਿਆਚਾਰ ਦਾ ਹੀ ਹਿੱਸਾ ਹੈ। ਨਵੇਂ ਖੋਜੀਆਂ ਨੂੰ ਮੇਰਾ ਸੁਨੇਹਾ ਹੈ ਕਿ ਅਜੇ ਸਮੇਂ ਕੋਲ ਸਮੱਗਰੀ ਪੂਰੀ ਇਕੱਤਰ ਨਹੀਂ ਹੋਈ। ਇਸ ਲਈ ਥੀਸਸ ਲਿਖਣ ਵਾਲਿਆਂ ਜਾਂ ਖੋਜੀਆਂ ਨੂੰ ਸਿਰਫ ਪ੍ਰਾਪਤ ਸਮੱਗਰੀ ਤੋਂ ਹੀ ਕੰਮ ਨਹੀਂ ਲੈਣਾ ਚਾਹੀਦਾ। ਨਵੀਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਜਦ ਤੱਕ ਸਮੱਗਰੀ ਇਕੱਠੀ ਨਹੀਂ ਹੁੰਦੀ ਤਦ ਤੱਕ ਅਸੀਂ ਪੰਜਾਬੀ ਸੱਭਿਆਚਾਰ ਨੂੰ ਠੀਕ ਪਰਿਪੇਖ ਵਿਚ ਨਹੀਂ ਦੇਖ ਸਕਦੇ। ਪੂਰੇ ਪੰਜਾਬ ਦੀ ਪਹਿਚਾਣ ਓਦੋਂ ਹੀ ਹੋਵੇਗੀ ਜਦੋਂ ਅਸੀਂ ਸੱਭਿਆਚਾਰ ਦੀ ਪਹਿਚਾਣ ਕਰਾਂਗੇ। ਇਹ ਮੇਰੀ ਇੱਛਾ ਵੀ ਹੈ ਤੇ ਅਰਜ਼ੋਈ ਵੀ। (1983 ਦਿੱਲੀ)

 

ਜਸਵੰਤ ਦੀਦ 

ਮੋਬਾਈਲ: 98145-40230

 

11 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਇਹ ਬੇਦੀ ਜੀ ਕੌਣ ਹਨ ? ਮੈਂ ਇਹਨਾ ਬਾਰੇ ਪਹਲੀ ਵਾਰ ਪੜਿਆ ਹੈ

12 Mar 2012

Showing page 1 of 2 << Prev     1  2  Next >>   Last >> 
Reply