|
** ਸੁਹਾਗ ** |
ਵਿਆਹ ਦੇ ਦਿਨਾਂ ਵਿੱਚ ਕੁੜੀ ਦਾ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ-ਗੀਤ 'ਸੁਹਾਗ' ਅਖਵਾਉਂਦੇ ਹਨ। **ਅੱਸੂ ਦਾ ਕਾਜ ਰਚਾਇਆ ਮੈ ਤੈਨੂੰ ਆਖਦੀ ਬਾਬਲਾ, ਮੇਰੇ ਅੱਸੂ ਦਾ ਕਾਜ ਰਚਾ ਵੇ ਹਾਂ। ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾ ਵੇ, ਬਾਬਾਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਅੰਦਰ ਛੜੀਏ, ਬਾਹਰ ਦਲੀਏ। ਦਿੱਤਾ ਸੂ ਕਾਜ ਰਚਾ। ਬਾਬਾਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਬਾਬਲ ਮੇਰੇ ਦਾਜ ਬਹੁਤ ਦਿੱਤਾ। ਮੋਤੀ ਦਿੱਤੇ ਅਨਤੋਲ। ਬਾਬਾਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਦਾਜ ਤੇ ਦਾਨ ਬਹੁਤ ਦਿੱਤਾ, ਦਿੱਤੇ ਸੂ ਹਸਤ ਲਦਾ। ਹਸਤਾਂ ਦੇ ਪੈਰੀਂ ਬਾਬਲ ਝਾਜਰਾਂ, ਛਣਕਾਰ ਪੈਂਦਾ ਜਾ। ਓ ਬਾਬਲ ਮੈਂ ਬੇਟੀ ਪਰਨਾ। ਓ ਬਾਬਲ ਧਰਮੀ, ਮੈਂ ਬੇਟੀ ਪਰਨਾ। **ਸਾਡਾ ਚਿੜੀਆਂ ਦਾ ਚੰਬਾ ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ। ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ। ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ। ਇੱਕ ਇੱਟ ਪੁਟ ਦੇਵਾਂ, ਧੀਏ ਘਰ ਜਾ ਆਪਣੇ। ਤੇਰੇ ਬਾਗਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ। ਇੱਕ ਟਾਹਲੀ ਪੁਟਾਂ ਦੇਵਾਂ, ਧੀਏ ਘਰ ਜਾ ਆਪਣੇ। ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਗੁੱਡੀਆਂ ਕੌਣ ਖੇਡੇ। ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ। ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਚਰਖਾ ਕੌਣ ਕੱਤੇ? ਮੇਰੀਆਂ ਕੱਤਣ ਪੋਤਰੀਆਂ, ਧੀਏ ਘਰ ਜਾ ਆਪਣੇ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ। ਨਿਵੇਂ ਪਹਾੜਾਂ ਤੇ ਪਰਬਤ,ਹੋਰ ਨਿਵਿਆਂ ਨਾ ਕੋਈ। ਨਿਵਿਆਂ ਲਾਡੋ ਦਾ ਤਾਇਆ, ਜਿਨ੍ਹੇ ਬੇਟੀ ਵਿਆਈ। ਤੂੰ ਕਿਉਂ ਰੋਇਆ ਤਾਇਆ ਜੀ, ਜੱਗ ਹੁੰਦੜੀ ਆਈ। ਮੋਰਾਂ ਦੀਆਂ ਪੈਲਾਂ ਦੇਖ ਕੇ ,ਤਾਇਆ, ਛਮ ਛਮ ਰੋਇਆ। ਤੂੰ ਕਿਉਂ ਰੋਇਆ ਵੇ ਤਾਇਆ, ਜੱਗ ਹੁੰਦੜੀ ਆਈ। ਨਿਵੇਂ ਪਹਾੜਾਂ ਤੇ ਪਰਬਤ,ਹੋਰ ਨਿਵਿਆਂ ਨਾ ਕੋਈ। ***ਦੇਈਂ ਦੇਈਂ ਵੇ ਬਾਬਲਾ ਦੇਈਂ ਦੇਈਂ, ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ। ਡਾਹ ਪੀਹੜਾ ਬਹਿੰਦਾ ਸਾਹਮਣੇ ਵੇ, ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ। ਦੇਈਂ ਦੇਈਂ, ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਦੇ ਬਾਹਲੜੇ ਪੁੱਤ, ਇੱਕ ਮੰਗੀਏ, ਇੱਕ ਵਿਆਹੀਏ, ਵੇ ਮੈ ਸ਼ਾਦੀਆਂ ਵੇਖਾਂ ਨਿੱਤ, ਬਾਬਲ, ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ। ਦੇਈਂ ਦੇਈਂ, ਵੇ ਬਾਬਲਾ ਓਸ ਘਰੇ, ਜਿੱਥੇ ਬੂਰੀਆਂ ਝੋਟੀਆਂ ਸੱਠ, ਇੱਕ ਰਿੜਕਾਂ ਇੱਕ ਜਮਾਇਸਾਂ ਵੇ ਮੇਰਾ ਚਾਟੀਆਂ ਦੇ ਵਿੱਚ ਹੱਥ,ਬਾਬਲ, ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ। ਦੇਈਂ ਦੇਈਂ, ਵੇ ਬਾਬਲਾ ਓਸ ਘਰੇ, ਜਿੱਥੇ ਦਰਜ਼ੀ ਸੀਵੇ ਪੱਟ, ਇੱਕ ਪਾਵਾਂ, ਇੱਕ ਟੰਗਣੇ, ਮੇਰਾ ਵਿੱਚ ਸੰਦੂਕਾਂ ਦੇ ਹੱਥ, ਬਾਬਲ, ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ। ***ਚੜ੍ਹ ਚੁਬਾਰੇ ਸੁੱਤਿਆ ਚੜ੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟੜੀ ਹੋਈ ਮੁਟਿਆਰ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨਾਵਣ ਚੱਲੀ ਆਂ ਤਲਾ। ਮੈਲ਼ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ। ਮਾਏ ਨੀਂ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ। ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿੱਚ ਚਾ। ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਮਾਈ ਨੇ ਦਰਿਆ ਚਲਾ। ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾ। ਚਾਚੀ ਨੀਂ ਸੁਣ ਮੇਰੀਏ ਵਾਰੀ, ਚਾਚੇ ਮੇਰੇ ਨੂੰ ਸਮਝਾ। ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿੱਚ ਚਾ। ਚਾਚੇ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਚਾਚੀ ਨੇ ਦਰਿਆ ਚਲਾ। ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾ।
|
|
24 Aug 2010
|