Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
‘ਰਾਸ ਲੀਲ੍ਹਾ’ ਵਾਲਾ ਪ੍ਰਿੰਸੀਪਲ ਸੁਜਾਨ ਸਿੰਘ

ਸੁਜਾਨ ਸਿੰਘ ਹੁਰਾਂ ਦੇ ਘਰ ਅਸੀਂ ਰਾਤ ਰਹੇ। ਗੁਰਦਾਸਪੁਰ। ਉਨ੍ਹਾਂ ਦੀਆਂ ਕਹਾਣੀਆਂ ਵਾਂਗ ਹੀ ਉਸ ਦਾ ਘਰ ਸੀ ਸਾਦਾ। ਗਰੀਬੜਾ। ਨਿਮਨ ਮੱਧ ਵਰਗੀ। ਪਰ ਅਪਣੱਤ ਪੂਰੀ। ਖਲੂਸ ਅਦਬ ਤੇ ਆਓ-ਭਗਤ ਨਾਲ ਭਰਿਆ ਹੋਇਆ। ਇਸ ਨੂੰ ਹੀ ਜ਼ਿੰਦਗੀ ਦੀ ਭਰਪੂਰਤਾ ਕਹਿੰਦੇ ਨੇ ਸ਼ਾਇਦ। ਸੁਜਾਨ ਸਿੰਘ ਨੂੰ ਏਨਾ ਨੇੜਿਓਂ ਦੇਖਣ ਦਾ ਮੌਕਾ ਮਿਲਿਆ ਤਾਂ ਲੱਗਾ, ਯਾਰ! ਲੇਖਕ ਏਨੇ ਸਾਦਾ ਵੀ ਹੁੰਦੇ ਨੇ? ਪਰ ਜਦੋਂ ਪ੍ਰਿੰਸੀਪਲ ਸੁਜਾਨ ਸਿੰਘ ਹੁਰਾਂ ਨੂੰ ਮੈਂ ਸੁਆਦ ਬਦਲਣ ਲਈ ਪਿਆਰ ਦੇ ਅਨੁਭਵ ਪੁੱਛੇ ਤਾਂ ਸੁਜਾਨ ਸਿੰਘ ਹੁਰਾਂ ਨੇ ਉਹ ਗੱਲਾਂ ਵੀ ਉਨੀ ਸਾਦਗੀ ਤੇ ਸੰਜੀਦਗੀ ਨਾਲ ਕੀਤੀਆਂ ਜਿੰਨੀਆਂ ਆਪਣੀਆਂ ਅੜਾਂ-ਥੁੜ੍ਹਾਂ ਦੀਆਂ। ਸੁਜਾਨ ਸਿੰਘ ਹੁਰਾਂ ਦੀ ਨਿਤਾ-ਪ੍ਰਤੀ ਜ਼ਿੰਦਗੀ ਦਾ ਦ੍ਰਿਸ਼ ਰੀਕਾਰਡ ਕਰਨ ਅਸੀਂ ਉਨ੍ਹਾਂ ਨੂੰ ਕਦੀ ਕਿਧਰੇ ਲੈ ਜਾਂਦੇ ਕਦੀ ਕਿਧਰੇ। ਉਨ੍ਹਾਂ ਦੇ ਘਰ ਦੇ ਬਾਹਰਲੇ ਪਾਸੇ ਇੱਕ ਸੂਆ ਪੈਂਦਾ ਸੀ। ਉੱਥੇ ਰੀਕਾਰਡਿੰਗ ਕੀਤੀ। ਪ੍ਰਿੰਸੀਪਲ ਸੁਜਾਨ ਸਿੰਘ ਹੁਰਾਂ ਨੇ ਤਿਆਰ ਬਰ ਤਿਆਰ ਹੋ ਕੇ ਸੂਟ-ਬੂਟ ਪਾ ਕੇ ਟਾਈ-ਸ਼ਾਈ ਲਾ ਕੇ ਨਜ਼ਰ ਦੀਆਂ ਮੋਟੀਆਂ ਐਨਕਾਂ ਲਾ ਲਈਆਂ ਤੇ ਖੂੰਡੀ ਹੱਥ ‘ਚ ਫੜ ਲਈ। ਅਸੀਂ ਉਨ੍ਹਾਂ ਨੂੰ ਖੇਤਾਂ ਵਿਚ ਪਾਣੀ ਦੀ ਆੜ ਦੇ ਨਾਲ ਨਾਲ ਸੈਰ ਕਰਨ ਨੂੰ ਕਿਹਾ। ਉਨ੍ਹਾਂ ਬੜੇ ਅੰਦਾਜ਼ ਨਾਲ ਸ਼ਾਟ ਦਿੱਤਾ। ਕਿਸੇ ਫਿਲਮੀ ਹੀਰੋ ਵਾਂਗ। ਅਚਾਨਕ ਰੀਕਾਰਡਿੰਗ ਦੇ ਦੌਰਾਨ ਸੁਜਾਨ ਸਿੰਘ ਦੇ ਅੰਦਰ ਜਵਾਨ ਬੰਦਾ ਜਾਗ ਪਿਆ ਤੇ ਉਨ੍ਹਾਂ ਚਲਦੇ ਕੈਮਰੇ ਮੋਹਰੇ ਵਗਦੇ ਪਾਣੀ ਵਾਲੀ ਆੜ ਟੱਪ ਦਿੱਤੀ। ਪੈਰ ਉੱਖੜ ਗਿਆ। ਪਰ ਖੂੰਡੀ ਨੇ ਬਚਾ ਲਿਆ। ਉੱਖੜੇ ਪੈਰਾਂ ਨੂੰ ਸਾਂਭਣ ਦਾ ਉਹ ਦ੍ਰਿਸ਼ ਕਮਾਲ ਦਾ ਸੀ ਜੋ ਕੈਮਰੇ ਨੇ ਕੈਚ ਕਰ ਲਿਆ ਤੇ ਬਾਅਦ ਵਿਚ ਉਸ ਉੱਖੜੇ ਕਦਮਾਂ ਵਾਲੇ ਦ੍ਰਿਸ਼ ਨੇ ਸੁਜਾਨ ਸਿੰਘ ਦੀ ਡਾਕੂਮੈਂਟਰੀ ਨੂੰ ਜਾਨਦਾਰ ਤੇ ਸਥਿਰ ਬਣਾ ਦਿੱਤਾ। ਸੁਜਾਨ ਸਿੰਘ ਦੀ ਆਪਣੀ ਜ਼ਿੰਦਗੀ ਵਾਂਗ। ਕਿਹਾ ਜਾਂਦਾ ਹੈ ਕਿ ਸਿਆਲਾਂ ਵਿਚ ਸੁਜਾਨ ਸਿੰਘ ਦੀ ਕਹਾਣੀ ”ਰਜਾਈ” ਪੜ੍ਹਨੀ ਚਾਹੀਦੀ ਹੈ ਤੇ ਗਰਮੀਆਂ ਵਿਚ ”ਕੁਲਫੀ” ਪਰ ਮੈਂ ਕਹਿੰਦਾ ਹਾਂ ਸੁਜਾਨ ਸਿੰਘ ਦੀ ਜੇ ਬਰੀਕੀ ਤੇ ਕਹਾਣੀ ਸ਼ੈਲੀ ਦੀ ਤਾਕਤ ਸਮਝਣੀ ਹੈ ਤਾਂ ਉਸ ਦੀ ਕਹਾਣੀ ”ਰਾਸ ਲੀਲ੍ਹਾ” ਪੜ੍ਹਨੀ ਚਾਹੀਦੀ ਹੈ। ਇਹ ਕਹਾਣੀ ਹਰ ਮੌਸਮ ਵਿਚ ਪੜ੍ਹੀ ਜਾ ਸਕਦੀ ਹੈ। ਕਈ ਵਾਰ ਲੱਗਦਾ ਹੈ ਕਿ ਇਹ ਕਹਾਣੀ ਕਿਸੇ ਹੋਰ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਪਰ ਨਹੀਂ ਇਹ ਉਹੀ ਸੁਜਾਨ ਸਿੰਘ ਹੈ। ਉਹੀ ਸੁਜਾਨ ਸਿੰਘ ਜਿਸ ਦੀ ਕਹਾਣੀ ”ਬਾਗਾਂ ਦਾ ਰਾਖਾ” ਦੀ ਮੈਂ ਟੈਲੀ ਫਿਲਮ ਬਣਾਈ ਤਾਂ ਉਸ ਦੇ ਨਾਇਕ ਬਾਰੂ ਨੂੰ ਫਿਲਮਾਉਂਦਾ ਮੈਂ ਖੁਦ ਰੋ ਪਿਆ ਸਾਂ। ਸੁਜਾਨ ਸਿੰਘ ਹੁਰਾਂ ਦੇ ਘਰ 25-30 ਵਰ੍ਹੇ ਪਹਿਲਾਂ ਰਿਕਾਰਡ ਕੀਤਾ ਉਹ ਇੰਟਰਵਿਊ ਅੱਖਰ-ਅੱਖਰ ਤੁਹਾਡੇ ਨਾਲ ਸਾਝਾਂ ਕਰਦੇ ਹਾਂ :ਜਸਵੰਤ ਦੀਦ

 

 

 

02 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਬਚਪਨ ਬਾਰੇ ਦੱਸੋਗੇ ਕੁਝ?
- ਮੇਰਾ ਜਨਮ 29 ਜੁਲਾਈ 1909 ਨੂੰ ਡੇਰਾ ਬਾਬਾ ਨਾਨਕ ਵਿੱਚ ਹੋਇਆ ਸੀ। ਛੋਟੀ ਉਮਰ ਵਿੱਚ ਹੀ ਮੇਰੇ ਪਿਤਾ ਜੀ ਤੇ ਮੇਰੇ ਮਾਤਾ ਜੀ ਮੈਨੂੰ ਬੰਗਾਲ ਵਿਚ ਲੈ ਗਏ ਸਨ… ਕਲਕੱਤੇ… ਮੇਰੇ ਪਿਤਾ ਜੀ ਦਾ ਕੰਮ ਜਿਹੜਾ ਸੀ ਉਹ ਬੰਗਾਲ ਦੇ ਦੇਹਾਤ ਵਿੱਚ ਸੀ। ਉੱਥੇ ਸਣ ਬਹੁਤ ਹੁੰਦੇ ਸਨ। ਉੱਥੇ ਬਹੁਤ ਸਾਰੀਆਂ ਮਸ਼ੀਨਾਂ ਲਾਈਆਂ ਗਈਆਂ ਸਨ ਜਿਨ੍ਹਾਂ ਨੂੰ ਕਹਿੰਦੇ ਸੀ ਜਿਊਟ ਮਿੱਲ। ਮੇਰੇ ਪਿਤਾ ਜੀ ਮਸ਼ੀਨਰੀ ਫਿਟਿੰਗ ਤੇ ਇੰਜਣ ਫਿਟਿੰਗ ਦੇ ਠੇਕੇਦਾਰ ਸਨ। ਇੰਜੀਨੀਅਰਿੰਗ  ਦਾ ਉਨ੍ਹਾਂ ਦਾ ਕੰਮ ਹੈਗਾ ਸੀਗਾ, ਤਾਂ ਮੈਂ ਉਨ੍ਹਾਂ ਦੇ ਨਾਲ ਜ਼ਿਦ ਕਰਕੇ ਜਦੋਂ ਉੱਥੇ ਜਾਂਦਾ ਸਾਂ ਤਾਂ ਗੱਡੀ ਵਿਚੋਂ ਜਦੋਂ ਦੇਹਾਤ ਦੇਖਦਾ ਸਾਂ… ਦੇਹਾਤ ਵਿੱਚ ਝੁੱਗੀਆਂ ਤੇ ਝੁੱਗੀਆਂ ਦੇ ਉੱਤੇ ਜਿਹੜੀਆਂ ਇਹ ਵੇਲਾਂ ਉਤੋਂ ਲਮਕਦੇ ਕੱਦੂ ਲੰਮੇ ਵੇਲਾਂ ਵਾਲੇ ਲਮਕਦੇ ਸਨ, ਇਹ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਸਨ ਵੇਲਾਂ ਹਾਲੀ ਤੀਕਰ ਵੀ, ਉਹ ਜਿਹੜਾ ਵਾਯੂਮੰਡਲ ਐ ਬੰਗਾਲ ਦਾ, ਬੰਗਾਲ ਦੀ ਕੁਦਰਤ ਦਾ, ਉਹ ਮੈਨੂੰ ਯਾਦ ਕਰਕੇ ਬਹੁਤ ਆਨੰਦ ਆਉਂਦੈ।
? ਵਿੱਦਿਆ ਪੜ੍ਹਾਈ?
- ਮੈਂ ਪਹਿਲੀ ਵਿੱਦਿਆ ਬੜਾ ਬਾਜ਼ਾਰ ਕਲਕੱਤੇ ਵਿੱਚ ਗ੍ਰਹਿਣ ਕਰਨੀ ਸ਼ੁਰੂ ਕੀਤੀ। ਮੇਰੇ ਪਿਤਾ ਜੀ ਦੀ ਸਿਆਣਪ ਸੀ ਕਿ ਉਨ੍ਹਾਂ ਨੇ ਮੈਨੂੰ ਪਹਿਲੋਂ ਪੰਜਾਬੀ ਪੜ੍ਹਾਈ। ਪੰਜਾਬੀ ਪੜ੍ਹਾਉਣ ਦਾ ਕਲਕੱਤੇ ਵਿਚ ਔਰ ਹਾਵੜੇ ਵਿੱਚ ਕੋਈ ਇੰਤਜ਼ਾਮ ਨਹੀਂ ਸੀ। ਗੁਰਦੁਆਰੇ ਦੇ ਰਾਗੀ ਭਾਈ ਕਰਮ ਸਿੰਘ ਜੀ ਹੁਨਾਂ ਨੂੰ ਇਹ ਕੰਮ ਸੌਂਪਿਆ ਗਿਆ। ਮੈਂ ਉੱਥੇ ਪਹਿਲੀ, ਦੂਜੀ, ਤੀਜੀ ਪੜ੍ਹੀ ਤੇ ਨਾਲੇ ਪੰਜ ਗ੍ਰੰਥੀ ਦਾ ਪਾਠ ਵੀ ਕਰਨਾ ਸਿੱਖਿਆ। ਜਦੋਂ ਸੱਤ ਸਾਲ ਦਾ ਹੋਇਆ ਫਿਰ ਪਿਤਾ ਜੀ ਨੂੰ ਇਹ ਖਿਆਲ ਆਇਆ ਵਈ ਹੁਣ ਇਹਨੂੰ ਸਕੂਲ ਵਿਚ ਪਾਉਣਾ ਚਾਹੀਦੈ ਔਰ 1920 ਤੱਕ ਮੈਂ ਚੌਥੀ ਜਮਾਤ ਪਾਸ ਕਰ ਲਈ ਸੀ ਤੇ 1920 ਵਿੱਚ ਪਿਤਾ ਜੀ ਦੀ ਬੀਮਾਰੀ ਕਾਰਨ ਸਾਨੂੰ ਅੰਮ੍ਰਿਤਸਰ ਆਉਣਾ ਪਿਆ ਜਿੱਥੇ ਮੇਰੇ ਪਿਤਾ ਜੀ ਨੇ ਇੱਕ ਮਕਾਨ ਖਰੀਦਿਆ ਹੋਇਆ ਸੀ ਕਿਉਂਕਿ ਜਦੋਂ ਉਹ ਅੰਮ੍ਰਿਤਸਰ ਆਉਂਦੇ ਸਨ, ਉਹ ਕੀਰਤਨ ਸੁਣਨ ਦੇ ਬੜੇ ਸ਼ੌਕੀਨ ਸਨ ਤੇ ਏਸ ਕਰਕੇ ਉਨ੍ਹਾਂ 10-15 ਦਿਨ ਰਹਿਣ ਵਾਸਤੇ ਉਹ ਮਕਾਨ ਲਿਆ ਹੋਇਆ ਸੀ ਜਿਸ ਨੇ ਸਾਨੂੰ ਫਿਰ ਬਹੁਤ ਸਹਾਰਾ ਦਿੱਤਾ। 1920 ਵਿੱਚ ਉਨ੍ਹਾਂ ਦੀ ਮ੍ਰਿਤੂ ਹੋ ਗਈ। ਉਨ੍ਹਾਂ ਨੇ ਉਹ ਬੀਜ ਪੰਜਾਬੀ ਦਾ ਛੋਟੀ ਉਮਰ ਦੇ ਵਿੱਚ ਹੀ ਬੀਜ ਦਿੱਤਾ। ਪੜ੍ਹਾਈ ਬਾਰੇ ਫਿਰ ਮੈਂ ਬਹੁਤ ਸਾਰਿਆਂ ਵੱਖੋ-ਵੱਖਰਿਆਂ ਸਕੂਲਾਂ ਵਿਚ ਪੜ੍ਹਦਾ ਰਿਹਾ ਅਤੇ ਬੀ.ਏ. ਮੈਂ ਖਾਲਸਾ ਕਾਲਜ ਵਿਚੋਂ ਕੀਤੀ। ਐਮ.ਏ. ਮੈਂ 48 ਸਾਲ ਦੀ ਉਮਰ ਵਿੱਚ ਪ੍ਰਾਈਵੇਟ ਤੌਰ ‘ਤੇ ਕੀਤੀ। ਮੈਂ ਓਦੋਂ ਅੱਠ ਬੱਚਿਆਂ ਦਾ ਬਾਪ ਸਾਂ ਜਿਸ ਵੇਲੇ ਮੈਂ ਉਹ ਇਮਤਿਹਾਨ ਦਿੱਤਾ।

02 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਕੋਈ ਯਾਦ ਬਚਪਨ ਦੀ?
- ਮੈਂ ਉਦੋਂ ਮੁੰਡਾ ਖੁੰਡਾ ਹੀ ਕਿਹਾ ਜਾ ਸਕਦੈ ਤੇ ਇੱਕ ਲੜਕੀ ਸੀ ਮੇਰੇ ਕੋਲੋਂ ਕੋਈ ਛੋਟੀ ਉਮਰ ਦੀ ਸੀ। ਇਕ ਬੰਗਾਲੀ ਪੁਰਸ਼ੋਤਮ ਬਾਬੂ ਸਨ। ਉਹ ਕਲਕੱਤੇ ਦੇ ਇਕ ਪਾਸੇ ਬਾਲੂ ਗੰਜ ਐ ਉੱਥੇ ਉਹ ਰਹਿੰਦੇ ਸਨ ਤੇ ਕਦੇ-ਕਦੇ ਉਹ ਪਰਿਵਾਰ ਸਾਡੇ ਵੱਲ ਆਉਂਦਾ ਸੀ ਤੇ ਕਦੇ-ਕਦੇ ਅਸੀਂ ਉਨ੍ਹਾਂ ਦੇ ਜਾਂਦੇ ਸਾਂ। ਉਨ੍ਹਾਂ ਦੇ ਘਰ ਵਿੱਚ ਅਮਰੂਦਾਂ ਦੇ ਦਰੱਖਤ ਲੱਗੇ ਹੋਏ ਸਨ, ਅੰਬ ਵੀ ਹੈਗੇ ਸਨ ਤੇ ਉਹ ਲੜਕੀ ਜਿਹੜੀ ਐ ਉਹ ਮੈਨੂੰ ਦਰੱਖਤ ‘ਤੇ ਨਹੀਂ ਸੀ ਚੜ੍ਹਨ ਦੇਂਦੀ। ਉਹ ਕਹਿੰਦੀ ਸੀ ਵਈ ਤੂੰ ਗਿਰ ਜਾਏਂਗਾ ਹਾਲਾਂਕਿ ਮੈਂ ਉਹਦੇ ਕੋਲੋਂ ਬਹੁਤ ਵੱਡਾ ਸੀ। ਉਹ ਹੱਥਾਂ-ਪੈਰਾਂ ਦੀ ਬੜੀ ਤਕੜੀ ਸੀ ਔਰ ਛੇਤੀ ਚੜ੍ਹ ਕੇ ਉਪਰ ਜਾ ਕੇ ਤੇ ਉਹ ਚੁਣ-ਚੁਣ ਕੇ ਅਮਰੂਦ ਜਾਂ ਜਾਮਨੂੰ ਉਹ ਲਾਹ ਕੇ ਦੇਂਦੀ ਹੁੰਦੀ ਸੀ ਤਾਂ ਉਹ ਬਚਪਨ ਵਿੱਚ ਉਹ ਜੋ…ਜਿਹੜਾ ਉਹ ਖਿੱਚ ਹੁੰਦੀ ਐ ਪਰ ਉਹ ਉਸ ਵੇਲੇ ਕੋਈ ਸੈਕਸ-ਸੂਕਸ ਦੀ ਕੋਈ ਸੂਝ ਨਹੀਂ ਸੀ, ਬਸ ਇਕ ਐਟਰੈਕਸ਼ਨ ਹੈਗੀ ਸੀ ਤਾਂ ਉਹ ਜਿਹੜੇ ਬਚਪਨ ਦੇ ਪ੍ਰਭਾਵ ਹੁੰਦੇ ਨੇ, ਇਹ ਪ੍ਰਭਾਵ ਜਿਹੜੇ ਨੇ ਇਹ ਕਾਇਮ ਰਹਿੰਦੇ ਨੇ ਔਰ ਯਾਦਾਂ ਵਿੱਚ ਆਉਂਦੇ ਰਹਿੰਦੇ ਨੇ।
? ਪਹਿਲੀ ਰਚਨਾ?
- ਮੈਂ ਪਹਿਲੋਂ ਕਵਿਤਾ ਲਿਖਣ ਲੱਗਾ। ਕਵਿਤਾ ਮੇਰੀਆਂ 20-21 ਤ੍ਰਿਵੇਣੀ ਵਿਚ ਛਪੀਆਂ ਹੋਈਆਂ ਹੈਗੀਆਂ ਨੇ ਉਨ੍ਹਾਂ ਵਿਚੋਂ ਅੱਧੀਆਂ ਕਵਿਤਾਵਾਂ ਮੈਨੂੰ ਹੁਣ ਵੀ ਬੜੀਆਂ ਪਿਆਰੀਆਂ ਨੇ ਔਰ ਚੰਗੀਆਂ ਲੱਗਦੀਆਂ ਨੇ ਔਰ ਜਿਹੜੇ ਲੋਕ ਪੜ੍ਹਦੇ ਨੇ ਉਨ੍ਹਾਂ ਨੂੰ ਵੀ ਚੰਗੀਆਂ ਲੱਗਦੀਆਂ ਨੇ ਪਰ 1935-37 ਦੇ ਕਰੀਬ ਬਾਵਾ ਬਲਵੰਤ ਨਾਲ ਮੇਰਾ ਮੇਲ ਹੋਇਆ। ਬਾਵਾ ਬਲਵੰਤ ਹੋਰਾਂ ਦੀ ਕਵਿਤਾ ਦਾ ਇਕ ਅਸਰ ਇਹ ਹੋਇਆ ਕਿ ਮੈਂ ਕਿਹਾ ਵਈ ਇਸ ਕਵਿਤਾ ਤੀਕਰ ਮੈਂ ਤੇ ਪਹੁੰਚ ਨੀ ਸਕਦਾ। ਏਸ ਕਰਕੇ ਉਹ ਕਵਿਤਾ ਵਾਲਾ ਪਾਸਾ ਮੈਂ ਛੱਡ ਦਿੱਤਾ ਪਰ ਕਵਿਤਾ ਲਿਖਦਿਆਂ- ਲਿਖਦਿਆਂ ਹੀ ਵਿੱਚੇ ਈ ਮੈਂ ਕਹਾਣੀ ਵੀ ਲਿਖਦਾ ਹੁੰਦਾ ਸਾਂ ਪਰ ਮੇਰੀ ਕਹਾਣੀ ਕਿਤੇ ਛਪਦੀ ਨਹੀਂ ਸੀ। ਜਿਹੜੇ ਐਡੀਟਰ ਸਨ ਉਹ ਕਹਿੰਦੇ ਸਨ, ਉਹ ਤਾਂ ਜੀ ਜਦੋਂ ਕਹਾਣੀ ਦਾ ਮੁੱਢ ਬੱਝਣ ਲੱਗਦੈ, ਕਹਾਣੀ ਛੱਡ ਕੇ ਦੌੜ ਜਾਂਦੈ। ਪਹਿਲੀ ਕਹਾਣੀ ਸ਼ਾਇਦ ‘ਭੁਲੇਖਾ’ ਸੀ ਜਾਂ ”ਲੁਕਣ-ਮੀਚੀ” ਹੋਵੇ ਸ਼ਾਇਦ। ਪਰ ਜਿਹੜੀ ਪਹਿਲੀ ਕਹਾਣੀ ਛਪੀ ਉਹ ”ਭਲੇਖਾ” ਹੀ ਸੀ . ਉਹ ”ਭਲੇਖਾ” ਐਸ.ਐਸ. ਅਮੋਲ ਹੋਰਾਂ ਦਾ ਇਕ ਪਰਚਾ ਨਿਕਲਦਾ ਹੁੰਦਾ ਸੀ ਔਰ ਇਹ ”ਭਲੇਖਾ” ਜਿਹੜੀ ਸੀ, ਪਹਿਲੀ ਕਹਾਣੀ ਛਪੀ। ਏਸਦੇ ਛਪਣ ਤੋਂ ਬਾਅਦ ਫਿਰ ਹੋਰਨਾਂ ਪਰਚਿਆਂ ਵਾਲਿਆਂ ਨੇ ਵੀ ਕਹਾਣੀਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਔਰ ਫਿਰ ਮੇਰੀਆਂ ਕਹਾਣੀਆਂ ਜਿਹੜੀਆਂ ਸੀ, ਉਨ੍ਹਾਂ ਦਾ ਪ੍ਰਚਾਰ ਇਕ ਕਿਸਮ ਦਾ ਹੋ ਗਿਆ ਔਰ ਲੋਕੀਂ ਜਿਹੜੇ ਨੇ, ਉਹਨੂੰ ਪਸੰਦ ਕਰਨ ਲਗ ਪਏ।

02 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਤੁਸੀਂ ‘ਅਗਾਂਹਵਧੂ’ ਲੇਖਕ ਕਿਵੇਂ ਬਣੇ?
- ਅੰਮ੍ਰਿਤਸਰ ਵਿੱਚ ਜਿੱਥੇ ਮੇਰਾ ਮਕਾਨ ਸੀ, ਉਸ ਦੇ ਲਾਗੇ ਇਕ ਹਵੇਲੀ ਸੀ, ਜਿਸ ਦਾ ਨਾਂ ਸੀ ਧੰਨਾ ਸਿੰਘ ਦੀ ਹਵੇਲੀ. ਉਸ ਦੇ ਵਿੱਚ ਬਹੁਤ ਗਰੀਬ ਲੋਗ ਰਹਿੰਦੇ ਸਨ। ਛਾਬੜੀ ਵੇਚਣ ਵਾਲੇ, ਜਿਨ੍ਹਾਂ ਨੇ ਸਵੇਰੇ ਮਾਲ ਲੈਣਾ, ਸ਼ਾਮ ਤੀਕਰ ਵੇਚਣਾ, ਜੇ ਪੈਸੇ ਬਚ ਗਏ ਤੇ ਬਚ ਗਏ ਨਹੀਂ ਤੇ ਫਿਰ… ਮੁਫਤ ਦੇ ਭਾਅ ਲੈ ਜਾਓ, ਉੱਥੇ ਟਾਂਗੇ ਵਾਲੇ ਵੀ ਸਨ, ਉੱਥੇ ਕੱਪੜੇ ਬੁਣਨ ਵਾਲੇ ਵੀ ਸਨ ਮਤਲਬ ਉਨ੍ਹਾਂ ਸਾਰਿਆਂ ਦਾ ਜਿਹੜਾ ਜੀਵਨ ਸੀ ਨਾ ਬੜਾ ਗਰੀਬੀ ਦਾ ਔਰ ਦੁਖੀ ਦਿਖਾਈ ਦੇਂਦਾ ਸੀ। ਮੇਰਾ ਆਪਣਾ ਜੀਵਨ ਵੀ ਉਹੋ ਜਿਹਾ ਸੀ ਕਿਉਂਕਿ ਪਿਤਾ ਜੀ ਦੀ ਮੌਤ ਤੋਂ ਬਾਅਦ ਮੇਰੀ ਮਾਤਾ ਜੀ ਨੇ ਬੜੀ ਮਿਹਨਤ ਕਰਕੇ ਮੈਨੂੰ ਪੜ੍ਹਾਈ ਵਿੱਚ ਲਾਈ ਰੱਖਿਆ ਸੀਗਾ ਤਾਂ ਮੈਂ ਆਪਣੇ-ਆਪ ਨੂੰ ਇਹ ਸਵਾਲ ਪੁੱਛਦਾ ਸਾਂ ਵਈ ਇਹ ਕੁਝ ਲੋਕ ਬੜੇ ਅਮੀਰ ਨੇ, ਕਾਰਾਂ ਨੇ, ਪੱਖੇ ਨੇ, ਉਦੋਂ ਬਿਜਲੀ ਦਾ ਪੱਖਾ ਬੜੀ ਵੱਡੀ ਚੀਜ਼ ਹੁੰਦੀ ਸੀ। ਇਹ ਅਮੀਰ ਕਿਉਂ ਨੇ ਤੇ ਇਹ ਗਰੀਬ ਕਿਉਂ ਨੇ ਔਰ ਏਸ ਸਵਾਲ ਦਾ ਜਿਹੜਾ ਸੀ ਜੁਆਬ ਮੈਨੂੰ ਕੋਈ ਨਹੀਂ ਲੱਭਾ ਪਰ ਜਿਹੜੀਆਂ ਮੇਰੀਆਂ ਕਹਾਣੀਆਂ ਵਿਚ ਆਲਾ-ਦੁਆਲਾ ਹੁੰਦਾ ਸੀ, ਉਹ ਆਲਾ ਦੁਆਲਾ ਤੇ ਉਹ ਆਉਣਾ ਸੀ ਨਾ ਜਿਹੜਾ ਮੈਂ ਦੇਖਦਾ ਸਾਂ ਉਹੀ ਲੋਗ ਆਉਣੇ ਸਨ ਗਰੀਬ ਜਿਹੜੇ ਮੇਰੇ ਸਾਹਮਣੇ, ਮੇਰੇ ਲਾਗੇ, ਮੇਰੇ ਆਲੇ-ਦੁਆਲੇ ਰਹਿੰਦੇ ਸਨ। ਜਦੋਂ ”ਦੁੱਖ-ਸੁੱਖ” ਤੇ ”ਦੁੱਖ-ਸੁੱਖ ਤੋਂ ਪਿਛੋਂ” ਦੋ ਪੁਸਤਕਾਂ ਮੇਰੀਆਂ ਛਪ ਚੁੱਕੀਆਂ ਤਾਂ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਤਾ ਵਈ ਸੁਜਾਨ ਸਿੰਘ ਅਗਾਂਹਵਧੂ ਐ. ਮੈਨੂੰ ਅਗਾਂਹਵਧੂ ਦੀ ਸਮਝ ਕੋਈ ਨੀ ਸੀ. ਮੇਰੇ ਇਕ ਦੋਸਤ ਸਨ, ਰੱਬ ਉਨ੍ਹਾਂ ਦਾ ਸਵਰਗਾਂ ਵਿਚ ਵਾਸਾ ਕਰੇ, ਈਸ਼ਵਰ ਸਿੰਘ ਆਰਟਿਸਟ। ਉਹ ਮੈਨੂੰ ਕੁਝ ਕਿਤਾਬਾਂ ਪੜ੍ਹਨ ਵਾਸਤੇ ਦਿਆ ਕਰਨ ਤੇ ਮੈਂ ਉਹ ਕਿਤਾਬਾਂ ਨਾ ਲਿਆ ਕਰਾਂ ਇਹ ਸਮਝ ਕੇ ਕਿ ਜੇ ਮੈਂ ਇਹ ਪੜ੍ਹਿਆ ਤੇ ਮੇਰੀਆਂ ਕਹਾਣੀਆਂ ਦੇ ਵਿੱਚੋਂ ਮੌਲਿਕਤਾ ਜਾਂਦੀ ਰਹੇਗੀ ਪਰ ਇਕ ਵਾਰੀ ਮੈਂ ਲਾਹੌਰ ਗਿਆ, ਉਹ ਘਰ ਵਿਚ ਨਹੀਂ ਸਨ, ਚਾਬੀ ਇਕ ਥਾਂ ‘ਤੇ ਰੱਖ ਜਾਂਦੇ ਹੰੁਦੇ ਸਨ, ਉਥੋਂ ਚੁੱਕ ਕੇ ਮੈਂ ਚਾਬੀ ਖੋਲ੍ਹੀ, ਮੈਂ ਇਕ ਕਿਤਾਬ ਉਥੋਂ ਕੱਢ ਲਈ. ਉਸ ਕਿਤਾਬ ਦਾ ਨਾਂ ਸੀ ”ਵਟ ਇਜ਼ ਮਾਰਕਸਿਜ਼ਮ” ਉਹ ਮੈਂ ਪੜ੍ਹਦਾ ਗਿਆ, ਬੜੀ ਸਰਲ ਅੰਗਰੇਜ਼ੀ ਸੀ, ਐਡੀ ਸਰਲ ਕਿ ਪੰਜਾਬੀ ਕੋਲੋਂ ਵੀ ਸਰਲ ਲੱਗੇ. ਉਹ ਪੜ੍ਹ ਕੇ ਮੈਂ ਇਹ ਸੋਚਿਆ ਵਈ ਦੁਨੀਆਂ ਕਿੱਥੇ ਪਹੁੰਚ ਗਈ ਐ ਔਰ ਮੈਨੂੰ ਕੁਝ ਪਤਾ ਈ ਨਹੀਂ। ਇਹ ਕਹਿ ਲਓ ਬਈ ਪ੍ਰੌਗਰੈਸਿਵਿਜ਼ਮ ਵੱਲ ਮੇਰਾ ਧਿਆਨ ਉਹ ਕਿਤਾਬ ਪੜ੍ਹਨ ਤੋਂ ਬਾਅਦ ਆਇਆ। ਮੈਨੂੰ ਪ੍ਰੌਗਰੈਸਿਵ ਰੀਅਲਿਜ਼ਮ ਦੀ ਲਹਿਰ ਦਾ ਕੋਈ ਪਤਾ ਨੀਂ ਸੀਗਾ ਓਦੋਂ।

02 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਆਪਣੇ ਸਮਕਾਲੀਆਂ ਬਾਰੇ ਦੱਸੋ ਕੁਝ?
- ਮੇਰੇ ਸਮਕਾਲੀਆਂ ਦੇ ਵਿਚ ਇਕ ਪੜ੍ਹਿਆਂ ਹੋਇਆਂ ਦਾ, ਪ੍ਰੋਫੈਸਰਾਂ ਦਾ ਗਰੱੁਪ ਹੈਗਾ ਸੀ ਔਰ ਇਹ ਗਰੁੱਪ ਜਿਹੜਾ ਸੀ, ਆਪੋ ਵਿਚ ਉਨ੍ਹਾਂ ਦੀ ਮਿਲਵਰਤਣ ਸੀ ਔਰ ਉਹ ਇਕ ਦੂਜੇ ਦੇ ਕੰਮ ਨੂੰ, ਉਹਦੀ ਲਿਖਤ ਨੂੰ ਸਲਾਹੁੰਦੇ ਸਨ ਤਾਂ ਜਿਹੜੇ ਸਾਡੇ ਵਰਗੇ ਲੇਖਕ ਹੈਗੇ ਸਨ, ਜਿਨ੍ਹਾਂ ਕੋਲ ਕੋਈ ਡਿਗਰੀਆਂ ਨਹੀਂ ਸੀ, ਕੋਈ ਪੀਐਚ.ਡੀ. ਵਗੈਰਾ ਨਹੀਂ ਸੀ, ਉਨ੍ਹਾਂ ਵੱਲ ਉਹ ਗੌਰ ਨਹੀਂ ਸੀ ਕਰਦੇ ਹੁੰਦੇ ਤਾ ਅਸੀਂ ਫਿਰ ਚਾਰ-ਪੰਜ ਆਦਮੀਆਂ ਨੇ ਆਪਣਾ ਗੱਠਜੋੜ ਬਣਾਇਆ। ਲੋਕੀਂ ਇਹ ਕਹਿਣ ਲੱਗੇ ਇਹ ਪੰਜ ਪਾਂਡਵ ਨੇ- ਈਸ਼ਵਰ ਸਿੰਘ ਆਰਟਿਸਟ, ਕਰਤਾਰ ਸਿੰਘ ਸੁਮੇਰ, ਕੇਸਰ ਸਿੰਘ ਜਿਹੜੇ ਅੱਜ-ਕੱਲ੍ਹ ਕੈਨੇਡਾ ਵਿੱਚ ਹੈਗੇ ਨੇ, ਬਾਵਾ ਬਲਵੰਤ ਜਿਹੜਾ ਸੀ ਉਹ ਵੀ ਉਹਦੇ ਵਿਚ ਸ਼ਾਮਲ ਹੋ ਗਿਆ। ਉਨ੍ਹਾਂ ਵਿਚੋਂ ਬਾਵਾ ਬਲਵੰਤ ਦਾ ਦਰਜਾ ਉੱਚਾ ਸੀ। ਸ਼ਾਇਦ ਸਾਡਾ ਵੀ ਪੁਨਰ ਮੁਲਾਂਕਣ ਹੋਵੇ। ਜਿਹੜੀ ਮੇਰੀ ਕਹਾਣੀ ਦਾ ਬੜਾ ਜ਼ਿਕਰ ਕੀਤਾ ਜਾਂਦੈ ਪਹਿਲੀ ਕਿਤਾਬ ਵਿਚ ਛਪੀ ਸੀ ਉਹਦਾ ਨਾਂ ਹੈ ਰਾਸ ਲੀਲ੍ਹਾ। ਉਹ ‘ਰਾਸ ਲੀਲ੍ਹਾ’ ਲਿਖ ਕੇ ਮੋਹਨ ਸਿੰਘ ਦੇ ਕਹਿਣ ‘ਤੇ, ਮੈਂ ਉਨ੍ਹਾਂ ਦੇ ਰਸਾਲੇ ਵਾਸਤੇ ਭੇਜੀ ਸੀ। ਉਹ ਉੱਥੇ ਪੰਜ-ਛੇ ਮਹੀਨੇ ਪਈ ਰਹੀ। ਮੈਂ ਕਿਤਾਬ ਛਾਪਣੀ ਸੀ। ਮੇਰੇ ਕੋਲ ਆਪਣੀ ਕਾਪੀ ਕੋਈ ਨਹੀਂ ਸੀ। ਮੈਂ ਉਹ ਲੈਣ ਵਾਸਤੇ ਅੰਮ੍ਰਿਤਸਰੋਂ ਲਾਹੌਰ ਗਿਆ। ਲਾਹੌਰ ਜਾ ਕੇ ਮੈਂ ਕਿਹਾ, ਜੀ ਉਹ ਮੇਰੀ ਕਹਾਣੀ ਸੀ ਤੁਹਾਨੂੰ ਭੇਜੀ ਸੀ, ਮੈਂ ਕਿਤਾਬ ਛਾਪਣੀ ਮੈਨੂੰ ਦਿਓ, ਕਹਿੰਦੇ ਨਹੀਂ-ਨਹੀਂ ਉਹ ਤੇ ਛਾਪਣੀ ਐ ਅਸੀਂ। ਮੈਂ ਕਿਹਾ ਉਹ ਫਿਰ ਤੁਸੀਂ ਲੈ ਲੈਣੀ ਮੇਰੀ ਕਿਤਾਬ ਛਪ ਜਾਏਗੀ ਫਿਰ ਛਾਪ ਲੈਣੀ, ਕਹਿਣ ਲੱਗੇ – ਲੋਚਨ, ਫਾਈਲ ਕੱਢੀਂ, ਫਾਈਲ ਕੱਢੀ ਕਹਾਣੀ ਉਥੇ ਨਹੀਂ ਸੀ ਹੈਗੀ। ਮੈਂ ਲੋਚਨ ਤੇ ਮੋਹਨ ਸਿੰਘ ਦੇ ਵਿਚਕਾਰ ਖੜ੍ਹਾ ਹੋ ਗਿਆ। ਲੋਚਨ ਮੇਰਾ ਸ਼ਾਗਿਰਦ ਸੀ। ਮੈਂ ਕਿਹਾ ਲੋਚਨ, ਰੀਜੈਕਟ ਫਾਈਲ ਦੇਖ ਲੈ ਕਿਤੇ ਉਹਦੇ ਵਿਚ ਕਿਤੇ ਗਲਤੀ ਨਾਲ ਨਾ ਪਈ ਹੋਵੇ। ਹੁਣ ਚੂੰਕਿ ਮੋਹਣ ਸਿੰਘ ਇਸ਼ਾਰਾ ਨਹੀਂ ਸੀ ਕਰ ਸਕਦਾ। ਉਹਨੇ ਉਹ ਰੀਜੈਕਟਡ ਫਾਈਲ ਕੱਢੀ ਤਾਂ ਉਹ ਮੇਰੀ ਕਹਾਣੀ ਉਹਦੇ ਵਿਚ ਪਈ ਸੀ। ਰੀਜੈਕਟਡ ਫਾਈਲ ਵਿਚ। ਫਿਰ ਮੈਂ ਉਹ ਕਿਤਾਬ ਵਿੱਚ ਛਾਪ ਦਿੱਤੀ। ਬਾਅਦ ਵਿੱਚ ਪ੍ਰੋ. ਮੋਹਣ ਸਿੰਘ ਨੇ ਉਸ ਕਹਾਣੀ ਦੀ ਬਹੁਤ ਤਾਰੀਫ ਕੀਤੀ ਔਰ ਕਿਹਾ ਕਿ ਜਿਹੜੀਆਂ ਅੱਜ ਕੱਲ੍ਹ ਕਹਾਣੀਆਂ ਲਿਖੀਆਂ ਜਾ ਰਹੀਐਂ ਯਾ ਉਨ੍ਹਾਂ ਵਿੱਚ ਜਿਹੜੀਆਂ  ਬਹੁਤ ਚੰਗੀਆਂ, ਉਨ੍ਹਾਂ ਕਹਾਣੀਆਂ ਦੇ ਵਿਚੋਂ ਇਕ ਐ ਸੁਜਾਨ ਸਿੰਘ ਦੀ ਕਹਾਣੀ, ‘ਰਾਸ ਲੀਲ੍ਹਾ’।
? ਕੋਈ ਪਿਆਰ ਦਾ ਕਿੱਸਾ?
- ਮੇਰੇ ਉੱਤੇ ਕਦੇ ਕੋਈ ਕੁੜੀ ਮੋਹਿਤ ਨਹੀਂ ਹੋਈ। ਉਹ ਏਸ ਕਰਕੇ ਕਿ ਮੈਨੂੰ ਆਪਣੇ ਹੀਣੇ ਹੋਣ ਦਾ ਖਿਆਲ ਸੀ। ਉਹ ਹੀਣਾ ਸੀ ਕਾਸਟ ਕਰਕੇ। ਮੈਂ ਪਛੜੀਆਂ ਸ਼੍ਰੇਣੀਆਂ ਵਿਚੋਂ ਸਾਂ ਔਰ ਜਦੋਂ ਕੋਈ ਵੀ ਸਿਆਣੀ ਕੁੜੀ ਪਰਖ ਕਰ ਸਕਦੀ ਸੀ ਵਈ ਇਹ ਚੰਗੀ ਲਿਖਤ ਲਿਖਦੈ, ਜਦੋਂ ਉਹਨੂੰ ਮੇਰੀ ਜਾਤ ਦਾ ਪਤਾ ਲੱਗਦਾ ਸੀ ਤੇ ਉਹ ਘਬਰਾ ਜਾਂਦੀ ਸੀ। ਏਸ ਕਰਕੇ ਮੈਂ ਆਪਣੀਆਂ ਚਾਰੋਂ ਕੰਨੀਆਂ ਸਾਂਭ ਕੇ ਤੁਰਿਆ ਏਸ ਪਾਸੇ ਵੱਲ ਔਰ ਮੇਰਾ ਪਿਆਰ ਜਿਹੜੈ ਉਹ ਸਿਰਫ ਆਪਣੀ ਘਰਵਾਲੀ ਤੀਕਰ ਮਹਿਦੂਦ ਐ। ਇਹ ਮੈਂ ਦਾਵੇ ਨਾਲ ਕਹਿ ਸਕਦੈਂ।
? ਹੁਣ ਦੀ ਕਹਾਣੀ ਕਿਹੋ ਜੇਹੀ ਲਗਦੀ ਹੈ?
- ਸਪਸ਼ਟ ਫਰਕ ਐ, ਸਾਡੀ ਪੀੜ੍ਹੀ ਤੇ ਨੌਜਵਾਨ ਪੀੜ੍ਹੀ ਦੇ ਵਿਚ। ਖੁਸ਼ੀ ਦੀ ਗੱਲ ਐ ਕਿ ਜਿਹੜੇ ਨੌਜਵਾਨ ਲੇਖਕ ਹੁਣ ਕਹਾਣੀਆਂ ਲਿਖਦੇ ਨੇ, ਉਹ ਬਹੁਤੇ ਪਿੰਡਾਂ ਵਿਚੋਂ ਆਏ ਨੇ। ਪਿੰਡਾਂ ਦੀ ਗੱਲ ਅਸੀਂ ਅੱਛੀ ਨਹੀਂ ਸੀ ਕਰ ਸਕਦੇ, ਉਨ੍ਹਾਂ ਦਾ ਲਿਖਣ ਢੰਗ ਸਾਡੇ ਕੋਲੋਂ ਵੱਖਰੀ ਕਿਸਮ ਦਾ ਐ ਔਰ ਉਨ੍ਹਾਂ ਦੇ ਜੀਵਨ ਦੇ ਅਨੁਭਵ ਕਰਕੇ। ਮੇਰਾ ਆਪਣਾ ਇਹ ਖਿਆਲ ਐ ਵਈ ਜਦੋਂ ਅਸੀਂ ਲਿਖਣਾ ਸ਼ੁਰੂ ਕੀਤਾ ਸੀ ਕਹਾਣੀ ਲਿਖਣ ਵਾਲੇ ਤਿੰਨ ਈ ਬੰਦੇ ਸਨ। ਜੇ ਉਸ ਵੇਲੇ ਸਾਡੇ ਨੌਜਵਾਨ ਲੇਖਕ ਹੁੰਦੇ ਤੇ ਜਿਹਨੂੰ ਹੁਣ ਤੁਸੀਂ ਤਾਰੇ ਕਹਿੰਦੇ ਹੋ ਇਨ੍ਹਾਂ ਤਾਰਿਆਂ ਨੇ ਮੱਧਮ ਪੈ ਜਾਣਾ ਸੀ। ਹੁਣ ਜਿਹੜੇ ਲੇਖਕ ਲਿਖ ਰਹੇ ਨੇ ਨੌਜਵਾਨ, ਬਹੁਤ ਅੱਛਾ ਲਿਖ ਰਹੇ ਨੇ ਪਰ ਉਨ੍ਹਾਂ ਦਾ ਕਿਉਂਕਿ ਆਪੋ ਵਿੱਚ ਕੰਪੀਟੀਸ਼ਨ ਬਹੁਤ ਸਖਤ ਐ। ਅੱਗੇ ਤਿੰਨ ਲਿਖਦੇ ਸਨ ਹੁਣ ਮੇਰੇ ਖਿਆਲ ਦੇ ਵਿਚ ਦੋ ਢਾਈ ਸੌ ਲਿਖਦੇ ਨੇ।
? ਹੁਣ ਕਹਾਣੀ ਉਥੇ ਈ ਖਲੋਤੀ ਐ ਕਿ ਅੱਗੇ ਵਧੀ?
- ਨਹੀਂ, ਮੈਂ ਉਹਨੂੰ ਅੱਗੇ ਵਧੀ ਗਿਣਦਾ ਹਾਂ, ਉੱਥੇ ਖਲੋਤੀ ਹੋਈ ਨਹੀਂ ਗਿਣਦਾ।
? ਹੁਣ ਕੀ ਲਿਖ ਰਹੇ ਹੋ? ਕੋਈ ਇੱਛਾ ਬਾਕੀ?
- ਹੁਣ ਹਾਲਤ ਇਹ ਐ ਕਿ ‘ਅੱਗਾ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ’ ਮੈਂ ਆਪਣੀ ਜੀਵਨੀ ਲਿਖਣੀ ਸ਼ੁਰੂ ਕੀਤੀ ਹੋਈ ਐ। ਉਸ ਨੂੰ ਮੈਂ ਪੂਰੀ ਹੋਈ ਦੇਖਣਾ ਚਾਹੁਨਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਤੇ, ਦਸਮ ਪਾਤਸ਼ਾਹ ਦੇ ਜੀਵਨ ਦੇ ਉੱਤੇ ਛੋਟੀਆਂ ਕਹਾਣੀਆਂ ਨੂੰ ਪੂਰਾ ਕਰਨਾ ਚਾਹਨਾਂ। ਇਹ ਤਿੰਨੇ ਕੰਮ ਜਿਹੜੇ ਮੈਂ ਨਾਲ-ਨਾਲ ਸ਼ੁਰੂ ਕੀਤੇ ਹੋਏ ਨੇ। ਜਿਹੜੀ ਦੂਸਰੀ ਚਾਹ ਉਹ ਇਹ ਐ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਵੇਲੇ ਮੈਨੂੰ ਜਿਹੜਾ ਮਕਾਨ ਵੇਚਣਾ ਪੈ ਗਿਆ ਸੀ ਜਿਹੜਾ ਮੇਰੇ ਪਿਤਾ ਨੇ ਬਣਾਇਆ ਸੀ। ਔਰ ਮੇਰੀ ਮਾਤਾ ਨੇ ਕਿਹਾ ਸੀ ਕਿ ਵਈ ਇਹਨੂੰ ਵੇਚੀ ਨਾ। ਮੇਰੀ ਇਕ ਸਭ ਤੋਂ ਵੱਡੀ ਲੜਕੀ ਸੀ ਜਿਹੜੀ 1947 ਦੇ ਵਿੱਚ ਵਾਪਸ ਆਉਂਦੀ ਹੋਈ ਨਾਨਕਿਆਂ ਤੋਂ ਹੈਜ਼ੇ ਦਾ ਸ਼ਿਕਾਰ ਹੋ ਗਈ। ਉਹ ਵੀ ਛੋਟੇ ਹੁੰਦਿਆਂ ਉਹਨੇ ਕਿਹਾ ਸੀ, ਪਿਤਾ ਜੀ, ਇਹ ਘਰ ਨਾ ਵੇਚਿਓ ਔਰ ਮੈਂ ਉਹ ਘਰ ਵੇਚ ਦਿੱਤਾ। ਹੁਣ ਮੇਰੀ ਇਹ ਖ਼ਵਾਹਿਸ਼ ਐ ਵਈ ਕਿਸੇ ਤਰ੍ਹਾਂ ਮੈਂ ਜ਼ਮੀਨ ਦਾ ਟੋਟਾ ਖਰੀਦਿਐ 325 ਗਜ਼। ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਉਹਨੂੰ ਬਣਾਉਨੈ। ਮੈਂ ਇਹ ਚਾਹੁਨੈ ਵਈ ਕਿਸੇ ਤਰ੍ਹਾਂ ਮੈਂ ਉਹ ਮਕਾਨ ਬਣਾ ਕੇ ਤੇ ਆਪਦੇ ਮਾਤਾ ਦੇ ਨਾਂ ਦੇ ਉੱਤੇ ‘ਜਮਨਾ ਕੁੰਜ’ ਜਾਂ ਕੋਈ ਇਸ ਤਰ੍ਹਾਂ ਦਾ ਨਾਂ ਰੱਖ ਕੇ ਅਗਰ ਕੰਪਲੀਟ ਕਰ ਸਕਾਂ ਤਾਂ ਚੰਗਾ ਹੋਵੇ। ਮੈਂ ਇਹ ਚਾਹੁਨੈ ਕਿ ਲੇਖਕ ਇਕ ਐਸੀ ਦੁਨੀਆਂ ਬਣਾ ਸਕਣ ਜਿਹਦੇ ਵਿਚ ਗਰੀਬ ਕੋਈ ਨਾ ਹੋਵੇ ਤੇ ਅਮੀਰ ਕੋਈ ਨਾ ਹੋਵੇ।

02 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਹੀ ਵਧਿਆ ਜਾਣਕਾਰੀ.....ਸਾਂਝੀ......ਕਰਨ ਲਈ ਧਨਵਾਦ.....ਬਿੱਟੂ ਜੀ.......

03 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

03 Apr 2012

Reply