Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੰਝੂਆਂ ’ਚ ਡੁੱਬੇ ਸੁਪਨੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਹੰਝੂਆਂ ’ਚ ਡੁੱਬੇ ਸੁਪਨੇ

ਸਤੰਬਰ ਮਹੀਨੇ ਸਾਡੇ ਸਕੂਲ ਦੂਜੀ ਅਤੇ ਪੰਜਵੀਂ ਜਮਾਤ ਵਿੱਚ ਦੋ ਬੱਚੇ ਦਾਖ਼ਲ ਹੋਏ, ਜਿਨ੍ਹਾਂ ਦੀ ਮਾਂ ਆਪਣੇ ਪਤੀ ਨਾਲੋਂ ਤੋੜ-ਵਿਛੋੜਾ ਕਰ ਕੇ ਇਨ੍ਹਾਂ ਸਮੇਤ ਪੇਕੇ ਘਰ ਆ ਵਸ ਗਈ ਸੀ। ਭਰੇ-ਪੂਰੇ ਭਰਾ-ਭਰਜਾਈਆਂ ਦੇ ਵੱਡੇ ਟੱਬਰ ਵਿੱਚ ਦਿਨ-ਕਟੀ ਕਰ ਰਹੀ ਬੁੱਢੀ ਮਾਂ ਹੀ ਉਨ੍ਹਾਂ ਦਾ ਆਸਰਾ ਸੀ। ਬੱਚਿਆਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਉਹ ਲੋਕਾਂ ਦੇ ਘਰ ਕੰਮ ਕਰਨ ਜਾਂਦੀ ਸੀ। ਪੰਜਵੀਂ ਵਿੱਚ ਪੜ੍ਹਦੇ ਬੱਚੇ ਦਾ ਬੁਖ਼ਾਰ ਠੀਕ ਨਹੀਂ ਸੀ ਹੋ ਰਿਹਾ। ਇੱਕ ਦਿਨ ਸਕੂਲ ਲੱਗਣ ਤੋਂ ਘੰਟਾ ਦੇਰ ਨਾਲ ਉਹੀ ਮਾਂ ਬੱਚਿਆਂ ਨੂੰ ਕੁੱਟਦੀ ਹੋਈ ਸਕੂਲ ਲੈ ਕੇ ਆ ਰਹੀ ਸੀ।
ਉਹ ਆ ਕੇ ਕਹਿਣ ਲੱਗੀ, ‘‘ਮੈਡਮ ਜੀ, ਮੈਂ ਇਨ੍ਹਾਂ ਬੱਚਿਆਂ ਤੋਂ ਬਹੁਤ ਦੁਖੀ ਹਾਂ। ਸਵੇਰੇ ਸਕੂਲ ਲਈ ਤਿਆਰ ਨਹੀਂ ਹੋ ਰਹੇ ਸਨ। ਪੜ੍ਹਨ ਨੂੰ ਤਾਂ ਇਨ੍ਹਾਂ ਦਾ ਭੋਰਾ ਮਨ ਨਹੀਂ ਕਰਦਾ। ਪੈਸੇ ਮੰਗਦੇ ਹਨ, ਮੈਂ ਇਨ੍ਹਾਂ ਨੂੰ ਪੈਸੇ ਕਿੱਥੋਂ ਲਿਆ ਕੇ ਦੇਵਾਂ?’’ ਉਹ ਉਨ੍ਹਾਂ ਨੂੰ ਫਿਰ ਕੁੱਟਣ ਲੱਗ ਪਈ। ਮੈਂ ਉਸ ਨੂੰ ਵਰਜਿਆ ਅਤੇ ਸਕੂਲ ਮੁਖੀ ਪਾਸ ਲੈ ਗਈ। ਦਫ਼ਤਰ ਵਿੱਚ ਵੀ ਉਸ ਨੇ ਓਹੀ ਕਲੇਸ਼ ਪਾਈ ਰੱਖਿਆ। ਮੈਂ ਪੰਜਵੀਂ ਵਿੱਚ ਪੜ੍ਹਦੇ ਵੱਡੇ ਬੱਚੇ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਪਿਆਰ ਨਾਲ ਕਿਹਾ, ‘‘ਪੁੱਤਰ, ਤੁਸੀਂ ਮਾਂ ਨੂੰ ਕਿਉਂ ਤੰਗ ਕਰਦੇ ਹੋ, ਉਹ ਕਿੰਨੀ ਦੁਖੀ ਹੈ, ਤੂੰ ਜੋ ਵੀ ਕਰੇਂਗਾ, ਤੇਰਾ  ਛੋਟਾ ਭਰਾ ਵੀ ਓਹੀ ਕੁਝ ਸਿੱਖੇਗਾ।’’
ਮੇਰੇ ਪਿਆਰ ਭਰੇ ਦੋ ਬੋਲ ਸੁਣ ਕੇ ਉਹ ਬੱਚਾ ਫੁੱਟ-ਫੁੱਟ ਕੇ ਰੋਣ ਲੱਗ ਪਿਆ ਤੇ ਰੋਂਦਾ-ਰੋਂਦਾ ਕਹਿਣ ਲੱਗਾ, ‘‘ਮੈਡਮ ਜੀ, ਮੇਰਾ ਅੱਜ ਜਨਮ ਦਿਨ ਹੈ ਤੇ ਮੈਂ ਟੌਫੀਆਂ ਵੰਡਣ ਲਈ ਪੈਸੇ ਮੰਗ ਰਿਹਾ ਸੀ।’’ ਦੁੱਖ ਦੀ ਭੰਨ੍ਹੀ ਉਹ ਲਾਚਾਰ ਮਾਂ ਆਪਣੇ ਪਲੇਠੇ ਪੁੱਤਰ ਦਾ ਜਨਮ ਦਿਨ ਹੀ ਭੁੱਲ ਚੁੱਕੀ ਸੀ। ਸੁਣ ਕੇ ਮਾਂ ਵੀ ਰੋਣ ਲੱਗ ਪਈ। ਮੈਂ ਵੀ ਆਪਣੇ ਅੱਥਰੂ ਨਾ ਰੋਕ ਸਕੀ। ਸਕੂਲ ਮੁਖੀ ਵੀ ਕਾਫ਼ੀ ਭਾਵੁਕ ਹੋ ਗਏ ਸਨ। ਮੈਂ ਪਰਸ ਖੋਲ੍ਹਣ ਲੱਗੀ ਤਾਂ ਸਕੂਲ ਮੁਖੀ ਨੇ ਰੋਕ ਦਿੱਤਾ ਅਤੇ ਆਪਣੇ ਪਰਸ ਵਿੱਚੋਂ ਪੰਜਾਹ ਰੁਪਏ ਕੱਢ ਕੇ ਬੱਚੇ ਨੂੰ ਟੌਫੀਆਂ ਲੈਣ ਭੇਜ ਦਿੱਤਾ। ਜਮਾਤ ਵਿੱਚ ਉਸ ਦਾ ਜਨਮ ਦਿਨ ਮਨਾਇਆ ਗਿਆ। ਉਸ ਨੇ ਸਭ ਨੂੰ ਟੌਫੀਆਂ ਵੰਡੀਆਂ। ਹੁਣ ਓਹੀ ਬੱਚਾ ਖ਼ੁਸ਼ ਨਜ਼ਰ ਆ ਰਿਹਾ ਸੀ। ਮੈਂ ਉਸ ਨੂੰ ‘ਜਨਮ ਦਿਨ ਦੀ ਵਧਾਈ’ ਲਿਖ ਕੇ ਇੱਕ ਕਾਪੀ ਭੇਟ ਕੀਤੀ ਤਾਂ ਉਸ ਨੇ ਮੇਰੇ ਪੈਰੀਂ ਹੱਥ ਲਾਏ। ਮੈਂ ਉਸ ਨੂੰ ਅਸੀਸ ਦਿੱਤੀ ਅਤੇ ਕੋਲ ਬਿਠਾ ਕੇ ਕਿਹਾ ਕਿ ਉਨ੍ਹਾਂ ਦੋਵਾਂ ਭਰਾਵਾਂ ਨੂੰ ਪੜ੍ਹਾਈ ਨਾਲ ਸਬੰਧਤ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਉਹ ਮਾਂ ਨੂੰ ਨਹੀਂ, ਮੈਨੂੰ ਕਹਿਣਗੇ। ਮੈਂ ਸ਼ਾਇਦ ਉਸੇ ਪਲ ਉਨ੍ਹਾਂ ਨੂੰ ਵਿੱਦਿਆ ਦਾ ਦਾਨ ਦੇਣ ਦਾ ਨਿਸ਼ਚਾ ਕਰ ਲਿਆ ਸੀ, ਜੋ ਮੇਰੀ ਨਜ਼ਰੇ ਸਭ ਤੋਂ ਵੱਡਾ ਦਾਨ ਸੀ।
ਬੱਚਾ ਬਹੁਤ ਭਾਵੁਕ ਹੋ ਗਿਆ ਸੀ। ਉਸ ਨੇ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹੋਏ ਦੱਸਿਆ, ‘‘ਉਸ ਦੀ ਜਮਾਤ ਵਿੱਚ ਪੜ੍ਹਦਾ ਉਸ ਦੇ ਸਕੇ ਮਾਮੇ ਦਾ ਮੁੰਡਾ ਉਸ ਨਾਲ ਗੱਲ ਨਹੀਂ ਕਰਦਾ,  ਕਿਉਂਕਿ ਉਸ ਦੇ ਮਾਮਾ ਜੀ ਨੇ ਉਸ ਨੂੰ  ਅਜਿਹਾ ਕਰਨ ਤੋਂ ਰੋਕਿਆ ਸੀ। ਮਾਮੀ ਕਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਾਡੇ ਨਾਲ ਰਲ਼ ਕੇ ਵਿਗੜ ਜਾਣਗੇ, ਪੜ੍ਹਾਈ ਤੋਂ ਮਨ ਚੁਰਾਉਣਗੇ। ਮੈਡਮ ਜੀ, ਮੇਰਾ ਆਪਣੇ ਘਰ ਜਾਣ ਨੂੰ ਬੜਾ ਦਿਲ ਕਰਦਾ ਹੈ।’’
ਘਰ ਦੇ ਮੋਹ ਅਤੇ ਬਾਪ ਦੇ ਪਿਆਰ ਤੋਂ ਵਾਂਝੇ ਉਸ ਮਾਸੂਮ ਦੇ ਬੁਖ਼ਾਰ ਦਾ ਕਾਰਨ ਮੈਨੂੰ ਸਮਝ ਆ ਗਿਆ ਸੀ। ਅਜਿਹੇ ਮਾਪੇ ਰੋਂਦੇ-ਕੁਰਲਾਉਂਦੇ ਆਪ ਤਾਂ ਡੰਗ-ਟਪਾਈ ਜਾਂਦੇ ਹਨ ਪਰ ਸਜ਼ਾ ਉਨ੍ਹਾਂ ਦੀ ਸੰਤਾਨ ਨੂੰ ਭੁਗਤਣੀ ਪੈਂਦੀ ਹੈ। ਮਾਸੂਮਾਂ ਦੇ ਹੰਝੂਆਂ ’ਚ ਡੁੱਬੇ ਸੁਪਨੇ ਕੋਈ ਰੰਗ ਨਹੀਂ ਫੜ ਪਾਉਂਦੇ। ਅਜਿਹੇ ਮਾਪੇ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਆਪਣੇ ਘਰੇਲੂ ਸਬੰਧ ਸੁਖਾਵੇਂ ਬਣਾਉਣੇ ਚਾਹੀਦੇ ਹਨ ਤਾਂ ਜੋ ਬੱਚੇ ਮਾਂ-ਬਾਪ, ਦੋਵਾਂ ਦੇ ਮੋਹ ਦਾ ਨਿੱਘ ਮਾਣ ਸਕਣ ਤੇ    ਬਚਪਨ ਘਰੋਂ-ਬੇਘਰ ਹੋ ਕੇ ਗਲੀਆਂ-ਬਾਜ਼ਾਰਾਂ ਵਿੱਚ ਹੰਝੂ ਨਾ ਵਹਾਉਂਦਾ ਫਿਰੇ।

 

 

ਗੁਰਜਿੰਦਰ ਕੌਰ ਹੁੰਦਲ...ਸੰਪਰਕ: 75083-00543

25 Dec 2013

Reply