ਤਾਪ ਇਸਕ ਦਾ
ਹਿਜਰ ਦੀ ਹੂਕ ਵੱਜੇ
ਯਾਦੀਂ ਕੰਬਣੀ ਛਿੜਦੀ ਜਾਂਵਦੀ ਜੀ
ਸੱਦੇ ਸਾਰੇ ਜੋ ਨੀਮ-ਹਕੀਮ ਲੱਗਣ
ਵੇ ਮੈ ਕਿਸੇ ਨਾ ਨਬਜ਼ ਫੜਾਂਵਦੀ ਜੀ
ਕਰੇ ਖ਼ਾਰਿਜ ਓਹ ਅਰਜ ਚਾਹੇ ਲੱਖ ਵਾਰੀ
ਵੇ ਮੈ ਫ਼ੇਰ ਵੀ ਲਿਖ਼ ਲਿਖ਼ ਪਾਂਵਦੀ ਜੀ
ਬਹਾਦਰ ਸਿੰਘ ਵੇ ਹਿਜਰ ਦੀ ਪੀੜ ਮਾੜੀ
ਏਦੋਂ ਚੰਗਾ ਤਾ ਮੈ ਮਰ ਜਾਂਵਦੀ ਜੀ
ਮੇਰੇ ਕਿੱਸੇ ਦੀ ਕੈਦੋਂ ਮੈ ਆਪ ਹੀ ਆਂ
ਕਿਸੇ ਸਿਰ ਇਲਜ਼ਾਮ ਨਾ ਪਾਂਵਦੀ ਜੀ
ਕੋਝਾ ਜਿਸਮ ਤੇ ਸ਼ਕਲ ਕਰੂਪ ਬਹੁਤੀ ਵੇ
ਮੈ ਫੇਰ ਵੀ ਚੰਨ ਨੂੰ ਚਾਂਹਵਦੀ ਜੀ
ਸਰਘੀ ਵੇਲੜੇ ਆਇਆ ਅੱਜ ਖ਼ਾਬ ਓਹਦਾ
ਮੈਨੂੰ ਲੱਗਿਆ ਓਹਨੂੰ ਗਲ਼ ਲਾਂਵਦੀ ਜੀ
ਇੱਕ ਘੜੀ ਵੀ ਬਖ਼ਸ਼ ਦਏ ਜੇ ਵਸਲ ਵਾਲੀ
ਕੁਝ ਹੋਰ ਨਾ ਰੱਬ ਤੋਂ ਚਾਂਹਵਦੀ ਜੀ