ਅੱਲੜ ਉਮਰੇ, ਜਦੋਂ ਨੈਣ ਲੜਦੇ ਨੇ,
ਜਦੋਂ ਹਰ ਵਕਤ ਕਿਸੇ ਦੇ ਆਉਣ ਦਾ ਇੰਤਜ਼ਾਰ ਹੁੰਦਾ ਹੈ,
ਕਿਸੇ ਇੱਕ ਦੇ ਹੀ ਬੋਲ ਮਿੱਠੜੇ ਲਗਦੇ ਨੇ,
ਉਸ ਵੇਲੇ ਇੱਕ ਹੋਰ ਚੀਜ਼ ਦੀ ਉਡੀਕ ਹੁੰਦੀ ਹੈ.....
ਉਸ ਪਹਿਲੇ ਤੋਹਫੇ ਦੀ ਜੋ ਭਾਵੇਂ ਧੇਲੇ ਦਾ ਈ ਹੋਵੇ;
ਮੈਨੂੰ ਵੀ ਕਿਵੇਂ ਭੁੱਲ ਸਕਦਾ ਉਹ ?
ਜੋ ਇੱਕ ਤੋਂ ਬਾਦ ਦੂਸਰੀ, ਦੂਸਰੀ ਤੋਂ ਬਾਦ ਤਿਸਰੀ ,ਤੇ
ਫਿਰ ਆਖਰੀ ਤੇ ਚੌਥੀ ਲਾਲ ਰੰਗ ਦੀ ਡੱਬੀ ਚ ਬੰਦ ਸੀ,
ਨਾ ਨਾ ਕਰਦੀ ਨੇ ਜਦੋਂ ਫੜਿਆ ਸੀ ਉਸਨੂੰ ਤਾਂ ਦਿਲ ਚ ਅਜੀਬ ਚਾ ਸੀ,
ਸਾਰੀ ਰਾਹ ਸੋਚਾਂ ਚ ਹੀ ਲੰਘ ਗਈ ਕਿ ਇਸ ਚ ਹੈ ਕੀ...
ਜਦੋਮ ਘਰ ਜਾਕੇ ਵੇਖਿਆ ਤਾਂ ਖੁਸ਼ੀ ਤੇ ਡਰ ਹਾਵੀ ਹੋ ਗਿਆ
ਸੋਚਣ ਲੱਗੀ ਇਨਾਂ ਨੂੰ ਪਾਵਾਂ ਕਿਵੇਂ ?
ਜੇ ਇਹ ਪਾ ਲਈਆਂ ਇਨਾਂ ਨੇ ਪਾਕ ਰਿਸ਼ਤੇ ਨੂੰ ਬਦਨਾਮ ਕਰ ਦੇਣਾ
ਪਰ ਦਿਲ ਨੂੰ ਕੌਣ ਸਮਝਾਉਂਦਾ, ਚਾ ਤਾਂ ਅਜੇ ਸੱਜਰੇ ਸੀ,
ਸੋ ਪਾ ਹੀ ਲਈਆਂ ਜਿਸ ਦਿਨ ਕੱਲੀ ਸਾਂ ਘਰ ਚ
ਖਵਰੇ ਕਿੰਨੀ ਵਾਰ ਆਪਣੇ ਕਦਮਾਂ ਨੂੰ ਸ਼ੀਸ਼ੇ ਚ ਤੱਕਿਆ ਹੋਣੈ ਮੈਂ
ਸਾਂਭਕੇ ਅੱਜ ਵੀ ਰੱਖੀਆਂ, ਪਰ ਅਕਸਰ ਸੋਚਦੀ ਆਂ
ਕਾਸ਼ ਤੂੰ ਕਦੀ ਲਿਆਇਆ ਨਾ ਹੁੰਦਾ
ਕਾਸ਼ ਮੈਂ ਕਦੀ ਪਾਈਆਂ ਨਾ ਹੁੰਦੀਆਂ
ਇਹ ਚਾਂਦੀ ਦੀਆਂ ਝਾਂਝਰਾਂ..................
|