ਬੇਨਤੀ - ਜਾਲਿਮ ਤਾਈਂ
ਕਾਕਾ ਗਿੱਲ
ਮੇਰੀ ਅਰਥੀ ਨੂੰ ਮੋਢਾ ਦੇਣ ਵਾਲਿਓ ਕੁਝ ਤਾਂ ਸ਼ਰਮ ਕਰੋ।
ਸਵਾਰਥੀਓ ਮੇਰੀ ਮੌਤ ਤੇ ਕੋਈ ਤਾਂ ਚੰਗਾ ਕਰਮ ਕਰੋ।
ਤੁਹਾਡੇ ਪੁੱਟੇ ਹੋਏ ਨਫ਼ਰਤ ਦੇ ਖੂਹਾਂ ਚ ਮੈ ਡੁੱਬ ਤਰਕੇ
ਅੱਜ ਤੱਕ ਜਿਉਂਦਾ ਰਿਹਾ ਤੁਹਾਡੇ ਵਾਰਾਂ ਤੋਂ ਡਰਕੇ
ਲਾਸ਼ ਨੂੰ ਕੀਰਤਨ ਸੁਣਾਉਣ ਨਾਲੋਂ ਕੁਝ ਬੇਹਤਰ ਕਰਮ ਕਰੋ।
ਜਿਉਂਦੇ ਦੀਆਂ ਤਲ਼ੀਆਂ ਵਿੱਚ ਕਿੱਲ ਠੁਕਵਾਕੇ ਤਸੀਂ ਨਾਂ ਕਮਾਇਆ
ਇੱਕ ਸੱਚੇ ਬੰਦੇ ਦੀਆਂ ਜੜ੍ਹਾਂ ਕੱਟਕੇ ਮੈਨੂੰ ਨਾਮਵਰ ਕਾਫ਼ਿਰ ਬਣਾਇਆ
ਤੁਹਾਡੇ ਝੂਠੇ ਇਲਜਾਮਾਂ ਦੀ ਸੂਲ਼ੀ ਚੜ੍ਹਿਆਂ ਹੁਣ ਰਵਈਆ ਨਰਮ ਕਰੋ।
ਹੰਝੂ ਕਿਸ ਲਈ ਵਹਾਉਂਦੇ ਹੋ ਧਰਤੀ ਤੋਂ ਬੋਝ ਲਹਿਣ ਤੇ
ਮੈਂ ਸਵਰਗੀਂ ਤਾਂ ਪਹੁੰਚਣਾਂ ਨਹੀਂ ਤੁਹਾਡੇ ਚੰਗਾ ਕਹਿਣ ਤੇ
ਭੂਤ ਬਣਕੇ ਤੁਹਾਨੂੰ ਡਰਾਵਾਂਗਾ ਨਹੀਂ ਕਾਹਤੋਂ ਐਨਾਂ ਭਰਮ ਕਰੋ?
ਪਛਤਾਵਾ ਕਰੋ ਕੀਤੇ ਤੇ ਮੈਨੂੰ ਨਹੀਂ ਤੁਹਾਡੇ ਤੇ ਗਿਲਾ
ਬੱਸ ਇਹੋ ਹੈ ਆਖਰੀ ਤਮੰਨਾ ਮੇਰੀ ਇਹੀ ਤੁਹਾਡੀ ਸਜਾ
ਮੇਰੇ ਵਰਗੇ ਆਸ਼ਿਕਾਂ ਨੂੰ ਛੱਡ ਸਤਾਉਣਾ ਕੋਈ ਹੋਰ ਕਰਮ ਕਰੋ।