ਛੱਤ ਦੇ ਮਘੋਰਿਆਂ ਵਿੱਚੋਂ ਅਸੀਂ ਵਿੰਹਦੇ ਅਸਮਾਨ ।
ਸੁਣੋ ਜਰਾ ਸਾਡੇ ਉੱਜੜੇ ਵਿਹੜਿਆਂ ਦੀ ਦਾਸਤਾਨ ।
ਜ਼ਿੰਦਗੀ ਆਪਣੀ ਕਿਸਮ ਦੇ ਹਾਂ ਅਸੀਂ ਵੀ ਮਨਸੂਰ,
ਦੁਸ਼ਵਾਰੀਆਂ ਨਿੱਤ ਹੀ ਸੂਲੀ ਚਾੜ੍ਹਨ ਸਾਡੀ ਜਾਨ ।
ਸੁਣਨੀ ਜੇ ਝਾਂਜਰ ਦੀ ਛਣਕਾਰ,ਲੱਭੋ ਹੋਰ ਦਰ,
ਸਾਡੇ ਕੋਲ ਤਾਂ ਹੈ ਯਾਰੋ ਸੁੰਨੇ ਪੈਰਾਂ ਦੀ ਦਾਸਤਾਨ।
ਹੁਣ ਤਾਂ ਮੁਜ਼ਰਿਮ ਸ਼ਹਿਰ ਦਾ ਮਸੀਹਾ ਹੋ ਗਿਆ ,
ਪਰਿੰਦੇ ਦੀ ਰਹਿੰਦੀ ਹਰ ਪਲ ਮੁੱਠੀ ਵਿੱਚ ਜਾਨ।
ਅਪੀਲ,ਵਕੀਲ,ਦਲੀਲ,ਓਥੇ ਫੈਸਲੇ ਵਿਕ ਗਏ,
ਓਥੇ ਮਸਲਾ ਜਾਨ ਦਾ ਸੀ,ਵਿਕ ਗਿਆ ਈਮਾਨ।
ਹਾਰੇ ਹੋਏ ਇਨਸ਼ਾਨ ਵੱਲ ਦੇਖ,ਉਹ ਗਏ ਬੌਖਲਾ,
ਇੱਕ ਆਖਦਾ ਸੀ ਅੱਥਰੂ,ਦੂਜਾ ਆਖੇ ਕਿਰਪਾਨ।
ਡਰਦਾ ਨਹੀਂ ਹੁਣ ਤਾਂ ਤਲਵਾਰਾਂ ਦੀਆਂ ਛਾਵਾਂ ਤੋਂ,
ਡਰਦਾ ਸੀ ਕਦੇ ਬਿੱਲੀਆਂ ਦੇ ਡਰਾਵੇ ਤੋਂ ਨਾਦਾਨ।
ਕਦੇ ਵਕਤ ਮਿਲਿਆ ਤੇਰੀ ਜੁਲਫ ਵੀ ਸੰਵਾਰਾਂਗੇ,
ਹਾਲੇ ਵਕਤ ਨੂੰ ਸੰਵਾਰਨ ਵਿੱਚ ਦਿਲ ਗਲਤਾਨ ।
ਚੰਗਾ ਹੋਇਆ ਤੇਰੇ ਖ਼ੁਦਾ ਤੋਂ ਹੋ ਗਏ ਹਾਂ ਮੁਨਕਰ,
ਕਾਫ਼ਰ ਵੀ ਖੁਦ ਹੈ ਖ਼ੁਦਾ, ਖੁਦ ਹੈ ਖ਼ੁਦਾ ਸ਼ੈਤਾਨ ।
ਖਾ ਗਏ ਜੋ ਮੇਰੇ ਮੁੜ੍ਹਕੇ ਦੀ ਕਮਾਈ ਨਿਤਾਰ ਕੇ,
ਮੰਦਿਰ ਮਸਜਿਦ ਬਣਾ,ਜਤਾ ਗਏ ਨੇ ਅਹਿਸਾਨ।
ਦਰਿਆ ‘ਚ ਰਾਤੀਂ ਲਾਸ਼ਾਂ ਰੋੜ ਗਏ ਵਰਦੀਧਾਰੀ,
ਹੋਇਆ ਖੜਾਕ,ਕੰਬੀ ਧਰਤੀ,ਰੋਇਆ ਅਸਮਾਨ ।
ਕਤਲ ਕਰਨ ਆਏ ਜਿਸ ਨੂੰ ਉਹ ਹੈ ਮੇਰੀ ਲਾਸ਼,
ਮੈਂ ਫਿਜ਼ਾ ਚ ਖਿਲਾਰ ਆਇਆ ਮਚਲਦੇ ਅਰਮਾਨ।
ਡਾਲਰਾਂ ਦੇ ਖ਼ੁਆਬ ਨੈਣੀਂ ਸਜਾ ਪੰਜਾਬੋਂ ਦੌੜ ਗਏ,
ਪੇਟ ਦੀ ਅੱਗ ਪੰਜਾਬ ਲੈ ਆਏ,ਬਿਹਾਰੋਂ ਮਹਿਮਾਨ।
ਸਮੁੰਦਰ,ਧਰਤੀ,ਅਕਾਸ਼,ਹਵਾ ਨੂੰ ਵੀ ਵੰਡ ਲਿਆ,
ਵੰਡਣੋਂ ਬਚ ਰਹੀ ਹੈ ਕਿਉਂ ਪੰਛੀਆਂ ਦੀ ਉਡਾਣ ?
ਪਤਾ ਨਹੀਂ ਕਿਸ ਗੋਲੀ ‘ਤੇ ਤੁਹਾਡਾ ਨਾ ਹੋਵੇਗਾ,
ਮੁੜ ਆਓ ਵੇ ਪਰੰਦਿਓ, ਹੈ ਅੱਗੇ ਪਾਕਿਸਤਾਨ ।
ਸੂਰਜ ਸ਼ਹਿਰ ਦਾ ਹੋ ਗਿਆ ਇੱਕ ਹੋਰ ਅਸਤ,
ਹਵਾ ਦੀ ਸਾਜਸ਼ ਵਿੱਚ ਰਲ ਗਿਆ ਸ਼ਮਾਦਾਨ।
ਵਕਤੀ ਪਾਠਕ,ਵਕਤੀ ਨਜ਼ਮਾਂ, ਵਕਤੀ ਸ਼ਾਇਰ,
ਕਿਸ ਅੱਗੇ ਕਰੇਂਗਾ ਸੂਹੇ ਖ਼ੁਆਬਾਂ ਦਾ ਵਖਿਆਨ।
*ਮਨਜੀਤ ਕੋਟੜਾ*
|