ਉਹਦੇ ਵਿਆਹ ਤੇ ਦਿਲ ਨੂੰ
ਕਾਕਾ ਗਿੱਲ
ਸ਼ਗਨਾਂ ਦੇ ਦਿਨ ਕੀ ਆਪਣੇ ਗ਼ਮ ਸੁਣਾਈ ਜਾਨੈਂ।
ਬਿਖ਼ੇਰ ਸਿਹਰੇ ਦੀਆਂ ਲੜੀਆਂ ਹੰਝੂ ਵਹਾਈ ਜਾਨੈਂ।
ਹਾਸਿਆਂ ਤੇ ਖ਼ੁਸ਼ੀਆਂ ਦਾ ਤੂੰ ਹਿੱਸਾ ਬਣਜਾ
ਬੰਦ ਕਰ ਰੋਣਾਂ ਰੰਗ ਵਿੱਚ ਭੰਗ ਪਾਈ ਜਾਨੈਂ।
ਸ਼ਹਿਨਾਈ ਨੂੰ ਸੁਣ, ਉੱਸਰਦੇ ਭਵਿੱਖ ਬਾਰੇ ਗਾਉਂਦੀ
ਪਿਛਾਂਹ ਖਿੱਚੂ ਵਿਚਾਰਾਂ ਦੇ ਖੇਲ ਰਚਾਈ ਜਾਨੈਂ।
ਤੇਰਾ ਤੇ ਜੀਵਨ ਹੀ ਹਰ ਸਮੇਂ ਉੱਜੜਿਆ ਰਹਿਣਾਂ
ਉਹਦਾ ਘਰ ਵੱਸਣ ਤੇ ਸ਼ੋਕ ਮਨਾਈ ਜਾਨੈਂ।
ਝੰਡੀਆਂ ਰੰਗ ਬਰੰਗੀਆਂ ਨਾਲ ਅਸਮਾਨ ਸਜਿਆ ਹੋਇਆ
ਰੋ ਕੇ ਚਿੱਟੇ ਕੋਨੇ ਉੱਤੇ ਕਾਲਖ ਲਾਈ ਜਾਨੈਂ।
ਕਾਬੂ ਰੱਖ ਖੁਦ ਤੇ ਬੱਸ ਡੋਲੀ ਉੱਠਣ ਤੱਕ
ਸਿੱਠਣੀਆਂ ਵਿੱਚ ਬੇਸੁਰੇ ਗੀਤ ਰਲਾਈ ਜਾਨੈਂ।
ਕੋਲ ਤੇਰੇ ਸਾਰੀ ਉਮਰ ਪਈ ਰੋਣ ਲਈ
ਐਸ ਵਕਤ ਕਿਓਂ ਬੇਮੌਕੇ ਵੈਣ ਮਚਾਈ ਜਾਨੈਂ।