ਉਹ ਕੱਚੇ ਘਰ 'ਚ ਬੈਠਾ,
ਸੁਪਨਿਆਂ ਨੂੰ ਹਲੂਰਦਾ,
ਤੇ ਸੋਚਦਾ,
ਆਉਣ ਵਾਲੀ ਜਿੰਦਗੀ ਬਾਰੇ.
ਅਤੀਤ ਦੀ ਕਦੋਂ ਪਰਵਾਹ ਹੁੰਦੀ ਐ,
ਉਹਦੀਆਂ ਅੱਖਾਂ ਸਾਹਮਣੇ,
ਉਸਦੇ ਮਾਪੇ ਭੁੱਖ ਨਾਲ ਘੁਲੇ,
ਸਾਰੀ ਜਿੰਦਗੀ ਸੰਘਰਸ਼ ਭਰੀ ਰਹੀ,
ਤੇ ਅੱਜ ਉਹ ਵੀ ਉਸੇ ਸਰਦਲ ਤੇ
ਆਪਣੇ ਸੁਪਨਿਆਂ ਨੂੰ ਮਜਬੂਤ ਕਰ ਰਿਹੈ,
ਉਹ ਸੋਚਦਾ,
ਕਾਸ਼ ਮੈਨੂੰ ਚੰਗੀ ਸਿਖਿੱਆ ਮਿਲੀ ਹੁੰਦੀ,
ਮੈਂ ਵੀ ਕੁੱਝ ਬਣ ਜਾਣਾ ਸੀ,
ਮੈਂ ਵੀ ਕੁੱਝ ਕਰ ਜਾਣਾ ਸੀ,
ਉਹਦੇ ਸੁਪਨੇ ਕੱਚੀ ਗੰਦਲ਼ ਵਾਂਗ,
ਸਮੇਂ ਨੇ ਮਸਲ਼ ਦਿੱਤੇ ਸਨ.
ਪਰ ਹੁਣ ਉਹ ਦਿ੍ੜ ਸੀ,
ਆਪਣੇ ਬੱਚਿਆਂ ਦੇ ਭਵਿੱਖ ਬਾਰੇ,
ਸੋਚਦਾ ਉਹਨਾਂ ਦੀ ਜਿੰਦਗੀ ਬਾਰੇ,
ਪਰ ਕਿੱਦਾਂ?
ਉਹਦੇ ਲਈ ਜਿੰਦਗੀ ਦਾ ਕੋਈ ਮਾਇਨਾ ਨਹੀਂ,
ਸੰਘਰਸ਼ ਭਰੀ ਜਿੰਦਗੀ ਵੀ ਕੋਈ ਜਿੰਦਗੀ ਐ?
ਸੰਘਰਸ਼ ਜਰੂਰੀ ਹੈ,
ਪਰ ਭੁੱਖ ਨਾਲ਼ ਨਹੀਂ,
ਜਰੂਰਤਾਂ ਨਾਲ਼ ਨਹੀਂ,
ਕਸੂਰ ਤਾਂ ਉਸਦੀ ਸੋਚ ਦਾ ਹੀ ਸੀ,
ਅੱਜ ਫੇਰ ਉਹ ਹਕੀਕਤ ਭੁੱਲ ਗਿਆ ਸੀ,
ਅੱਕ ਕੇ ਉਸਨੇ ਫੈਸਲਾ ਕਰ ਲਿਆ!
ਤੇ ਲੈ ਤੁਰਿਆ ਆਪਣੇ ਪੁੱਤਰ ਨੂੰ,
ਆਪਣੇ ਕੱਚੇ ਘਰ ਚੋਂ ਨਿਕਲ
ਉਸੇ ਭੱਠੇ ਵੱਲ,
ਇਟਾਂ ਬਣਾਉਣ ਲਈ,
ਤਾਂ ਜੋ ਲੋਕਾਂ ਦੇ ਪੱਕੇ ਘਰ ਬਣ ਜਾਣ,
ਤਾਂ ਜੋ ਲੋਕ ਆਪਣੇ ਸੁਪਣੇ ਪੂਰੇ ਕਰ ਲੈਣ I
|