|
|
|
|
|
|
Home > Communities > Punjabi Culture n History > Forum > messages |
|
|
|
|
|
ਮਹਾਨ ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ,ਓਹਨਾ ਦੀ ਬਰਸੀ ਤੇ ਕੋਟਿ-ਕੋਟਿ ਸ਼ਰਧਾਂਜਲੀ ! |
ਇਨਕਲਾਬੀ ਕਵੀ ਸੰਤ ਰਾਮ ਉਦਾਸੀ
ਸੰਤ ਰਾਮ ਉਦਾਸੀ 1970ਵਿਆਂ ਵਿੱਚ ਰਚੇ ਗਏ ਜੁਝਾਰੂ ਪੰਜਾਬੀ ਸਾਹਿਤ ਦੇ ਚੋਟੀ ਦੇ ਕਵੀਆਂ ਵਿੱਚੋਂ ਇੱਕ ਹੈ। ਇਨਕਲਾਬੀ ਕਵੀਆਂ ਦੇ ਕਾਫ਼ਲੇ ਨਾਲੋਂ ਵਿਛੜਿਆਂ ਭਾਵੇਂ ਉਸਨੂੰ 6 ਨਵੰਬਰ ਨੂੰ 26 ਸਾਲ ਹੋ ਜਾਣੇ ਹਨ ਪਰ ਉਸਦੀ ਕਵਿਤਾ ਅਤੇ ਇਸ ਕਵਿਤਾ ਦਾ ਕਿਰਤੀ ਲੋਕਾਂ ਲਈ ਸੁਨੇਹਾ ਸਾਡੇ ਅੰਗ-ਸੰਗ ਹੈ। ਉਸਨੇ ਜ਼ੁਲਮ ਅਤੇ ਜਬਰ ਖ਼ਿਲਾਫ਼ ਆਪਣੀ ਕਲਮ ਤਲਵਾਰ ਵਾਂਗ ਚਲਾਈ ਅਤੇ ਆਪਣੀ ਸੋਚ ਉੱਤੇ ਡਟ ਕੇ ਪਹਿਰਾ ਦਿੱਤਾ। ਸੰਤ ਰਾਮ ਉਦਾਸੀ ਭਾਵੇਂ 1960 ਦੇ ਨੇੜੇ-ਤੇੜੇ ਕਵਿਤਾ ਲਿਖਣ ਲੱਗ ਪਿਆ ਸੀ ਪਰ ਪ੍ਰਵਾਨ ਉਹ ਨਕਸਲੀ ਲਹਿਰ ਦੇ ਉਭਾਰ ਦੌਰਾਨ ਹੀ ਚੜ੍ਹਿਆ। ਵਿਆਹਾਂ ਮੌਕੇ ਸਿਹਰਿਆਂ ਤੋਂ ਬਾਅਦ ਜਦ ਉਸ ਨੇ ‘ਕਰ ਲਵੋ ਦਾਤੀਆਂ ਤਿਆਰ’ ਦਾ ਹੋਕਾ ਦਿੱਤਾ ਅਤੇ‘ਧੀ ਵੱਲੋਂ ਦਾਜ ਵਿੱਚ ‘ਤਲਵਾਰ’ ਦੇਣ ਦੀ ਗੱਲ ਕੀਤੀ ਤਾਂ ਉਸਦੀ ਕਵਿਤਾ ਦਾ ਜਾਦੂ ਸਾਹਿਤਕ-ਸਿਆਸੀ ਹਲਕਿਆਂ ਵਿੱਚ ਸਿਰ ਚੜ੍ਹ ਬੋਲਣ ਲੱਗ ਪਿਆ। ਉਸਦੀ ਕਵਿਤਾ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਜੂਝਣ ਵਾਲੇ ਲੋਕਾਂ ਵਿੱਚ ਨਵੀਂ ਰੂਹ ਭਰ ਦਿੱਤੀ। ਅਸਲ ਵਿੱਚ ਉਹ ਦੌਰ ਹੀ ਅਜਿਹਾ ਸੀ ਜਿਸ ਵਿੱਚ ਅੰਤਾਂ ਦੀ ਊਰਜਾ ਭਰੀ ਹੋਈ ਸੀ। ਉਦਾਸੀ ਦੇ ਦਰਦ ਵਿੰਨ੍ਹੇ ਅਤੇ ਰੋਹ ਦੇ ਚੰਗਿਆੜੇ ਛੱਡਦੇ ਸ਼ਬਦ ਵਕਤ ਦੇ ਹਾਕਮਾਂ ਲਈ ਵੰਗਾਰ ਬਣ ਗਏ। ਇਸ ਵੰਗਾਰ ਲਈ ਉਸਨੇ ਅੰਤਾਂ ਦਾ ਤਸ਼ੱਦਦ ਝੱਲਿਆ ਪਰ ਸਦਾ‘‘ਆਓ ਨੀ ਹਨੇਰੀਓ, ਜਾਓ ਨੀ ਹਨੇਰੀਓ’ ਦਾ ਸੱਦਾ ਦਿੱਤਾ। ਉਸਨੇ ਆਪਣੀ ਕਵਿਤਾ ਵਿੱਚ ਅਖੌਤੀ ਜਮਹੂਰੀਅਤ ਦਾ ਪਰਦਾ ਚੁੱਕਦਿਆਂ ਨਾਲ ਹੀ‘‘ਮਘਦਾ ਰਹੀਂ ਵੇ ਸੂਰਜਾ’ ਅਤੇ ‘ਉੱਠਣ ਦਾ ਵੇਲਾ’ ਦਾ ਹੋਕਾ ਦਿੱਤਾ। ਉਸਦੀ ਕਵਿਤਾ ਅਤੇ ਇਸ ਦੇ ਸਰੋਕਾਰ ਲੋਕਾਂ ਦੀਆਂ ਲੋੜਾਂ-ਥੁੜ੍ਹਾਂ ਨਾਲ ਜੁੜੇ ਹੋਏ ਸਨ। ਇਨ੍ਹਾਂ ਲੋੜਾਂ-ਥੁੜ੍ਹਾਂ ਦਾ ਦਰਦ ਉਸਨੇ ਆਪਣੇ ਤਨ-ਮਨ ’ਤੇ ਹੰਢਾਇਆ। ਗੁਰਬਤ ਮਾਰੇ, ਤੰਗੀਆਂ ਨਾਲ ਬੇਹਾਲ ਅਤੇ ਔਕੜਾਂ ਝੱਲ ਰਹੇ ਲੋਕਾਂ ਨੂੰ ਉਸਨੇ ਜੋ ਆਵਾਜ਼ ਦਿੱਤੀ, ਉਸ ਦਾ ਤਿੱਖਾ ਰੂਪ ਉਸਦੀ ਦੀ ਕਵਿਤਾ ਵਿੱਚ ਪੇਸ਼ ਹੋਇਆ ਹੈ। ਉਦਾਸੀ ਨੂੰ ਇਸ ਲੜਾਈ ਦੇ ਨਾਲ-ਨਾਲ ਸਮਾਜਿਕ ਲਾਹਨਤ ਅਤੇ ਜਾਤ-ਪਾਤ ਦੇ ਵਿਤਕਰੇ ਨਾਲ ਵੀ ਜੂਝਣਾ ਪਿਆ ਪਰ ਇਨ੍ਹਾਂ ਸਮਾਜਿਕ-ਆਰਥਿਕ ਪਾੜਿਆਂ ਨਾਲ ਘੁਲਦਿਆਂ ਉਦਾਸੀ ਨੇ ਆਪਣੀ ਗੱਲ ਜਿਸ ਢੰਗ ਨਾਲ ਜਮਾਤੀ ਨਜ਼ਰੀਏ ਤੋਂ ਲੋਕਾਂ ਅੱਗੇ ਲਿਆ ਕੇ ਰੱਖੀ, ਉਸ ਕਰ ਕੇ ਵੀ ਉਸ ਦੀ ਨਿਵੇਕਲੀ ਪਛਾਣ ਉੱਭਰਦੀ ਹੈ। ਕੁਝ ਨਾਮਨਿਹਾਦ ਆਲੋਚਕਾਂ ਨੇ ਭਾਵੇਂ ਉਸਨੂੰ ਦਲਿਤ ਲੋਕਾਂ ਦੇ ਕਵੀ ਤਕ ਘਟਾਉਣ ਦਾ ਯਤਨ ਕੀਤਾ ਹੈ ਪਰ ਉਸਨੇ ਆਪਣੀ ਕਵਿਤਾ ਵਿੱਚ ਜਿਸ ਤਰ੍ਹਾਂ ਜਮਾਤੀ ਪੈਂਤੜਾ ਮੱਲਿਆ ਹੈ, ਉਸ ਅੱਗੇ ਇਹ ਆਲੋਚਨਾ ਟਿਕ ਨਹੀਂ ਸਕੀ। ਹੋਰ ਤਾਂ ਹੋਰ ਉਦਾਸੀ ਵੱਲੋਂ ਆਪਣੀ ਕਵਿਤਾ ਵਿੱਚ ਸਿੱਖੀ ਨਾਲ ਸਬੰਧਤ ਵਰਤੇ ਬਿੰਬਾਂ ਨੂੰ ਵੀ ਪ੍ਰਸੰਗ ਨਾਲੋਂ ਤੋੜ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਦਰਅਸਲ, ਉਦਾਸੀ ਦੀ ਸ਼ਾਇਰੀ ਦਾ ਸੱਚ ਸਾਂਝੇ ਲੋਕ-ਸਰੋਕਾਰ ਹਨ ਅਤੇ ਇਹ ਸਰੋਕਾਰ ਅਤੇ ਉਦਾਸੀ ਦੀ ਕਵਿਤਾ, ਇੱਕ-ਦੂਜੇ ਦੇ ਪੂਰਕ ਹਨ। ਉਦਾਸੀ ਨੇ ਆਪਣੀਆਂ ਕਵਿਤਾਵਾਂ ਵਿੱਚ ਥੁੜ੍ਹਾਂ ਮਾਰੇ ਲੋਕਾਂ ਨੂੰ ਸੰਬੋਧਨ ਹੋ ਕੇ ਉੱਠਣ ਲਈ ਪ੍ਰੇਰਿਆ। ਇਸ ਪੱਖ ਤੋਂ ਉਦਾਸੀ ਦੀ ਭੂਮਿਕਾ ਅਹਿਮ ਅਤੇ ਇਤਿਹਾਸਕ ਬਣਦੀ ਹੈ। ਉਦਾਸੀ ਦੀ ਕਵਿਤਾ ਦਾ ਇਹ ਅੰਦਾਜ਼ ਅਤੇ ਬੁਲੰਦ ਆਵਾਜ਼ ਅਸਲ ਵਿੱਚ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਆਵਾਜ਼ ਹੈ: ‘‘ਰੋਣ ਵਾਲਿਓ! ਲੋਥ ਮੇਰੀ ’ਤੇ, ਬੰਨ੍ਹੋ ਕੁਝ ਤਲਵਾਰਾਂ ਜਿਸ ਦੇ ਵਰ ਤੋਂ ਰਾਜੇ ਜੰਮਦੇ, ਉਸ ਰੱਬ ਨੂੰ ਲਲਕਾਰਾਂ।’’ ਉਦਾਸੀ ਨੇ ਆਪਣੇ ਕਾਵਿ ਸੰਗ੍ਰਹਿਆਂ-‘‘ਲਹੂ ਬਿੱਜੇ ਬੋਲ’, ‘ਸੈਨਤਾਂ’,‘‘ਚੌਨੁਕਰੀਆਂ ਸੀਖਾਂ’ ਅਤੇ‘‘ਕੰਮੀਆਂ ਦਾ ਵਿਹੜਾ’ ਰਾਹੀਂ ਕਿਰਤੀਆਂ ਲਈ ਸੁਨੇਹਾ ਛੱਡਿਆ। ਇਹ ਸੁਨੇਹਾ ਪੰਜਾਬ ਦੇ ਇਤਿਹਾਸਕ-ਜੁਝਾਰੂ ਵਿਰਸੇ ਵਾਂਗ ਹੀ ਪ੍ਰਚੰਡ ਅਤੇ ਪ੍ਰੇਰਨਾਮਈ ਹੈ। ਇਹ ਪ੍ਰੇਰਨਾ ਜਗੀਰੂ ਜਕੜ ਅਤੇ ਧੌਂਸ ਦੇ ਟੋਟੇ ਕਰਨ ਦਾ ਸੁਪਨਾ ਲੈਂਦੀ ਹੈ। ਕੁੜੀਆਂ ਲਈ ਉਸਦਾ ਸੁਨੇਹਾ ਕੁਝ ਇਸ ਤਰ੍ਹਾਂ ਦਾ ਹੈ: ‘‘ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ, ਦੇਈਂ ਨਾ ਵੀਰਾ ਵਣਜਾਰਿਆ।’’ ….. ਇੱਕ ਤਲਵਾਰ ਮੇਰੀ ਡੋਲੀ ਵਿੱਚ ਰੱਖ ਦਿਓ, ਹੋਰ ਵੀਰੋ ਦਿਓ ਨਾ ਵੇ ਦਾਜ। ਸੰਤ ਰਾਮ ਉਦਾਸੀ ਦੀ ਕਵਿਤਾ ਅੱਜ ਵੀ ਉਨੀ ਹੀ ਮੁੱਲਵਾਨ ਹੈ ਜਿੰਨੀ ਇਹ ਇਸਦੀ ਰਚਨਾ ਵੇਲੇ ਸੀ। ਉਦਾਸੀ ਦੀ ਕਵਿਤਾ ਅਸਲ ਵਿੱਚ ਦਿਨ-ਬਦਿਨ ਕਰੂਰ ਹੋ ਰਹੇ ਵਕਤਾਂ ਖ਼ਿਲਾਫ਼ ਲੜਨ ਦਾ ਸੁਨੇਹਾ ਹੈ। ਇਸ ਸੁਨੇਹੇ ਵਿੱਚ ਔਖੇ ਹਾਲਾਤ ਵਿੱਚ ਵੀ ਹਰ ਹਾਲ ਅਤੇ ਹਰ ਹੀਲੇ ਜੂਝਣ ਦਾ ਹੋਕਾ ਹੈ। ਉਦਾਸੀ ਦੀ ਕਵਿਤਾ ਵਿੱਚ ਜੜੇ ਸ਼ਬਦ ਇਸ ਦੇ ਗਵਾਹ ਹਨ। - ਜਸਵੀਰ ਸਮਰ
|
|
05 Nov 2012
|
|
|
|
Thnx for sharing.....bittu ji.......
|
|
06 Nov 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|