Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ

 

ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਖੇ ਪਿਤਾ ਮਿਹਰ ਸਿੰਘ ਦੇ ਘਰ ਹੋਇਆ ਸੀ। ਉਸ ਨੇ ਬਚਪਨ ਵਿੱਚ ਗ਼ਰੀਬੀ ਨੂੰ ਆਪਣੇ ਪਿੰਡੇ ’ਤੇ ਹੰਢਾਇਆ। ਮੁੱਢਲੀ ਵਿੱਦਿਆ ਪਿੰਡ ਨੇੜੇ ਮੂੰਮਾਂ ਦੇ ਉਦਾਸੀ ਸਾਧੂਆਂ ਤੋਂ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਬਖ਼ਤਗੜ੍ਹ ਦੇ ਸਕੂਲ ਵਿੱਚ ਦਾਖ਼ਲਾ ਲੈ ਲਿਆ। ਉਸ ਨੇ ਦਸਵੀਂ ਜਮਾਤ ਨਾਮਧਾਰੀ ਵਿਦਿਆਲਾ ਜੀਵਨ ਨਗਰ ਸਿਰਸਾ ਤੋਂ ਪਾਸ ਕੀਤੀ। ਖ਼ਾਲਸਾ ਹਾਇਰ ਸੈਕੰਡਰੀ ਸਕੂਲ ਬਖ਼ਤਗੜ੍ਹ ਤੋਂ ਜੇ.ਬੀ.ਟੀ. ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਉਹ ਇੱਕ ਸਕੂਲ ਵਿੱਚ ਆਰਜ਼ੀ ਤੌਰ ’ਤੇ ਅਧਿਆਪਕ ਨਿਯੁਕਤ ਹੋ ਗਿਆ। ਸਤੰਬਰ 1961 ਵਿੱਚ ਉਸ ਨੇ ਪੱਕੇ ਅਧਿਆਪਕ ਵਜੋਂ ਸਰਕਾਰੀ ਹਾਈ ਸਕੂਲ ਬੀਹਲਾ ਵਿਖੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਉਸ ਦਾ ਵਿਆਹ ਨਸੀਬ ਕੌਰ ਨਾਲ ਹੋਇਆ। ਉਸ ਦੇ ਘਰ ਤਿੰਨ ਧੀਆਂ ਅਤੇ ਦੋ ਪੁੱਤਰਾਂ ਨੇ ਜਨਮ ਲਿਆ।
ਸੰਤ ਰਾਮ ਉਦਾਸੀ ਦਾ ਪਰਿਵਾਰ ਨਾਮਧਾਰੀ ਸੰਪਰਦਾ ਨਾਲ ਜੁੜਿਆ ਹੋਣ ਕਾਰਨ ਸ਼ੁਰੂ ਵਿੱਚ ਉਸ ’ਤੇ ਅਧਿਆਤਮਵਾਦ ਦਾ ਕਾਫ਼ੀ ਪ੍ਰਭਾਵ ਰਿਹਾ। ਇਸ ਦਾ ਪ੍ਰਮਾਣ ਉਸ ਦੀਆਂ ਕਈ ਲਿਖਤਾਂ ਵਿੱਚ ਵੀ ਮਿਲਦਾ ਹੈ। ਕੁਝ ਸਮੇਂ ਬਾਅਦ ਉਸ ਦੀ ਸੋਚ ਨੇ ਅਜਿਹਾ ਪਲਟਾ ਖਾਧਾ ਕਿ ਉਹ ਲੈਨਿਨ ਅਤੇ ਮਾਰਕਸ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ ਪਰ ਬਾਅਦ ’ਚ ਉਸ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਅਤੇ ਪੰਜਾਬ ਅੰਦਰ ਚੱਲ ਰਹੀ ਨਕਸਲਵਾੜੀ ਲਹਿਰ ਵਿੱਚ ਸਰਗਰਮ ਹੋ ਗਿਆ। ਉਸ ਦੀ ਕਵਿਤਾ ਵਿੱਚੋਂ ਬਗ਼ਾਵਤ ਦਾ ਲਾਵਾ ਫੁੱਟਣ ਲੱਗਿਆ। ਉਸ ਅੰਦਰਲੀ ਚੇਤਨਾ ਦੀਆਂ ਰਿਸ਼ਮਾਂ ਸ਼ਬਦਾਂ ਦਾ ਰੂਪ ਧਾਰਨ ਕਰ ਕੇ ਅੰਧੇਰੇ ਵਿੱਚ ਭਟਕਦੇ ਲੋਕਾਂ ਲਈ ਮਾਰਗ-ਦਰਸ਼ਕ ਬਣਨ ਲੱਗੀਆਂ। ਉਹ ਸਮੇਂ ਦੀ ਹਕੂਮਤ ਦੀਆਂ ਅੱਖਾਂ ਵਿੱਚ ਰੜਕਣ ਲੱਗਿਆ। ਸੰਤ ਰਾਮ ਉਦਾਸੀ ਅੰਦਰ ਬਲ ਰਹੇ ਵਿਦਰੋਹ ਦੇ ਜਵਾਲਾਮੁਖੀ ਨੂੰ ਠੰਢਾ ਕਰਨ ਲਈ ਪੁਲੀਸ ਨੇ ਉਸ ਉਪਰ ਅੰਨ੍ਹਾ ਤਸ਼ੱਦਦ ਕੀਤਾ ਪਰ ਉਹ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਨਾ ਹੋ ਸਕੀ। ਉਦਾਸੀ ਆਪਣੀ ਮੰਜ਼ਿਲ ਵੱਲ ਅਡੋਲਤਾ ਅਤੇ ਨਿਡਰਤਾ ਨਾਲ ਵਧਦਾ ਰਿਹਾ। ਉਸ ਨੇ ਸਮਾਜਿਕ ਅਤੇ ਆਰਥਿਕ ਕਾਣੀ ਵੰਡ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਉਸ ਦੀਆਂ ਰਚਨਾਵਾਂ ਲੋਕਾਂ ਦੇ ਦਰਦ ਨਾਲ ਗੜੁੱਚ ਹਨ। ਜਿੱਥੇ ਉਸ ਦੀਆਂ ਰਚਨਾਵਾਂ ਵਿੱਚ ਅਧਿਆਤਮਵਾਦ ਅਤੇ ਰਹੱਸਵਾਦ ਦਾ ਝਲਕਾਰਾ ਪੈਂਦਾ ਹੈ ਉੱਥੇ ਉਸ ਦੀ ਤੀਖਣ ਤਰਕਸ਼ੀਲਤਾ ਵੀ ਪ੍ਰਤੱਖ ਦਿਖਾਈ ਦਿੰਦੀ ਹੈ ਜਿਵੇਂ:
ਮਾਲਾ ਵਿੱਚ ਕਰਾਮਾਤ ਨਾ, ਨਵੇਂ ਯੁੱਗ ਦੇ ਲੋਕ ਇਹ ਆਂਹਦੇ
ਕਰਾਮਾਤ ਕਾਮਿਆਂ ਦੀ ਜਿਹੜੇ, ਮਿੱਟੀ ਵਿੱਚੋਂ ਸੋਨਾ ਨੇ ਉਗਾਂਦੇ।
ਉਸ ਦੀ ਕਵਿਤਾ ਵਿੱਚ ਕਰਜ਼ੇ ਹੇਠ ਦੱਬੀ ਕਿਸਾਨੀ ਅਤੇ ਕਿਸਾਨ ਦੀ ਮਾੜੀ ਦੁਰਦਸ਼ਾ ਲਈ ਜ਼ਿੰਮੇਵਾਰ ਹਾਲਤਾਂ ਦਾ ਜ਼ਿਕਰ ਵੀ ਮਿਲਦਾ ਹੈ। ਕਿਸਾਨ ਦੇ ਦੁੱਖਾਂ ਨੂੰ ਉਹ ਆਪਣੀ ਕਵਿਤਾ ਰਾਹੀਂ ਇਸ ਤਰ੍ਹਾਂ ਬਿਆਨ ਕਰਦਾ ਹੈ:
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿੱਚੋਂ ਨੀਰ ਵਗਿਆ
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਟ ਜੱਗਿਆ।
ਸੰਤ ਰਾਮ ਉਦਾਸੀ ਦੀ ਪਹਿਲੀ ਕਿਤਾਬ ‘ਲਹੂ ਭਿੱਜੇ ਬੋਲ’ 1972 ਵਿੱਚ ਛਪੀ ਸੀ ਜਿਸਦੀ ਸਾਹਿਤਕ ਹਲਕਿਆਂ ਵਿੱਚ ਕਾਫ਼ੀ ਚਰਚਾ ਹੋਈ। ਉਸ ਨੇ ਸਾਰੀ ਉਮਰ ਸਾਦਗੀ ਭਰਪੂਰ ਪਰ ਅਣਖ ਵਾਲਾ ਜੀਵਨ ਬਤੀਤ ਕੀਤਾ। ਉਹ ਇੱਕ ਚਿੰਤਨਸ਼ੀਲ ਪ੍ਰਗਤੀਵਾਦੀ ਕਵੀ ਸੀ। ਉਸ ਨੇ ਅਨੇਕਾਂ ਵਿਦੇਸ਼ੀ ਅਤੇ ਭਾਰਤੀ ਫਿਲਾਸਫਰਾਂ ਨੂੰ ਪੜ੍ਹਿਆ। ਉਸ ਦੀ ਸੋਚ ਦਾ ਦਾਇਰਾ ਬੜਾ ਵਿਸ਼ਾਲ ਸੀ। ਉਸ ਨੇ ਹਨੇਰੀਆਂ ਰਾਤਾਂ ਵਿੱਚ ਇਨਕਲਾਬ ਦੀ ਮਸ਼ਾਲ ਫੜ ਕੇ ਲੋਕ ਚੇਤਨਾ ਦਾ ਹੋਕਾ ਦਿੱਤਾ। ਉਸ ਨੇ ਹਰ ਸਮੇਂ ਸਿਰ ’ਤੇ ਮੰਡਰਾਉਂਦੀ ਮੌਤ ਦੇ ਸਾਏ ਤੋਂ ਬੇਖੌਫ਼ ਹੋ ਕੇ ਜ਼ਾਲਮ ਹਕੂਮਤ ਨੂੰ ਵੰਗਾਰਿਆ। ਉਹ ਤਪਦੇ ਮਾਰੂਥਲ ਵਿਚ ਨੰਗੇ ਪੈਰੀਂ ਚੱਲਣ ਵਾਲਾ ਅਣਥੱਕ ਰਾਹੀ ਸੀ। ਅਨੇਕਾਂ ਸਾਥੀਆਂ ਦੀ ਬੇਵਕਤ ਮੌਤ ਨੇ ਉਸ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ। ਇੱਕ ਆਮ ਕਿਰਤੀ ਤੋਂ ਲੈ ਕੇ ਵੱਡੇ-ਵੱਡੇ ਵਿਦਵਾਨ, ਸਿਰਕੱਢ ਇਨਕਲਾਬੀ ਅਤੇ ਕਈ ਉੱਘੇ ਰਾਜਨੀਤਕ ਲੀਡਰਾਂ ਨਾਲ ਉਸ ਦੀ ਮਿੱਤਰਤਾ ਸੀ। ਉਸ ਨੂੰ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਉਸ ਨੂੰ ਬਲਵੰਤ ਸਿੰਘ ਬਾਵਾ ਐਵਾਰਡ ਦੇ ਕੇ ਸਨਮਾਨਿਆ ਗਿਆ। ਜਦੋਂ ਉਹ ਨੰਦੇੜ ਸਾਹਿਬ ਤੋਂ ਰੇਲ ਗੱਡੀ ਰਾਹੀਂ ਵਾਪਸ ਆਪਣੇ ਪਿੰਡ ਆ ਰਿਹਾ ਸੀ ਤਾਂ ਮਾਨਮਾੜ੍ਹ ਰੇਲਵੇ ਸਟੇਸ਼ਨ ਨੇੜੇ ਅਚਾਨਕ 8 ਨਵੰਬਰ 1986 ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਦਾ ਸਸਕਾਰ ਵੀ ਨੰਦੇੜ ਸਾਹਿਬ ਵਿਖੇ ਹੀ ਕਰ ਦਿੱਤਾ ਗਿਆ। ਉਸ ਦੀ ਮੌਤ ਦੀ ਸੂਚਨਾ ਉਸ ਦੇ ਪਰਿਵਾਰ ਨੂੰ ਤਾਰ ਰਾਹੀਂ ਪ੍ਰਾਪਤ ਹੋਈ। ਉਸ ਦੇ ਪਰਿਵਾਰ ਨੂੰ ਆਖ਼ਰੀ ਵਾਰ ਉਸ ਦੀ ਲਾਸ਼ ਦੇ ਦਰਸ਼ਨ ਵੀ ਨਸੀਬ ਨਹੀਂ ਹੋਏ। ਸੰਤ ਰਾਮ ਉਦਾਸੀ ਅੱਜ ਭਾਵੇਂ ਸਰੀਰਕ ਤੌਰ ’ਤੇ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਉਸ ਦੇ ਲਹੂ ਭਿੱਜੇ ਬੋਲ ਅੱਜ ਵੀ ਪੌਣਾਂ ਵਿੱਚ ਸੁਣਾਈ ਦਿੰਦੇ ਹਨ। ਉਸ ਦੀ ਬੇਟੀ ਕੀਰਤਨ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਣ ਲਈ ਸੁਹਿਰਦ ਯਤਨ ਕਰ ਰਹੀ ਹੈ। ਅੱਜ ਵੀ ਲੋਕ ਉਸ ਦੇ ਗੀਤਾਂ ਨੂੰ ਸ਼ਿੱਦਤ ਨਾਲ ਸੁਣਦੇ ਹਨ।
-ਜੁਗਿੰਦਰਪਾਲ ਕਿਲਾ ਨੌਂ
* ਸੰਪਰਕ: 98155-92951

20 Apr 2013

Reply