|
ਯਾਰ ਅਣਮੁੱਲੇ |
ਅੱਜ-ਕੱਲ੍ਹ ਜਦੋਂ ਅਸੀਂ ਨੌਜਵਾਨਾਂ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਮਾੜੀਆਂ ਖ਼ਬਰਾਂ ਪੜ੍ਹਦੇ ਹਾਂ ਤਾਂ ਮਨ ਬਹੁਤ ਦੁਖੀ ਹੋ ਜਾਂਦਾ ਹੈ। ਅਜੋਕੀ ਪੀੜ੍ਹੀ ਦੇ ਬੱਚਿਆਂ ਵਿੱਚ ਸਹਿਣਸ਼ੀਲਤਾ, ਦੋਸਤੀ ਅਤੇ ਦੂਜਿਆਂ ਦੀ ਇੱਜ਼ਤ ਕਰਨ ਦੀ ਭਾਵਨਾ ਲਗਪਗ ਖ਼ਤਮ ਹੁੰਦੀ ਜਾ ਰਹੀ ਹੈ। ਮੈਂ ਮਈ 1982 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਟਾਈਪਿਸਟ ਨੌਕਰੀ ਜੁਆਇਨ ਕੀਤੀ ਤਾਂ ਮੇਰੀ ਉਮਰ ਸਿਰਫ਼ 21 ਕੁ ਸਾਲ ਦੀ ਸੀ। ਸਾਲ 2000 ਵਿੱਚ ਮੇਰੇ ਕੋਲ ਪੁਰਾਣਾ ਪ੍ਰੀਆ ਸਕੂਟਰ ਹੁੰਦਾ ਸੀ। ਮੈਂ ਸੋਚਿਆ ਕਿ ਹੁਣ ਇਹ ਸਕੂਟਰ ਵੇਚ ਦੇਣਾ ਚਾਹੀਦਾ ਹੈ ਕਿਉਂਕਿ ਇਹ ਨਾ ਹੋਵੇ ਕਿ ਇਸ ਦੇ ਪੁਰਜ਼ੇ ਹੀ ਮਿਲਣੇ ਬੰਦ ਹੋ ਜਾਣ। ਮੈਂ ਉਸ ਸਕੂਟਰ ਨੂੰ 2000 ਰੁਪਏ ਵਿੱਚ ਵੇਚ ਦਿੱਤਾ। ਮੈਂ ਆਪਣੇ ਇੱਕ ਖ਼ਾਸ ਦੋਸਤ ਕੰਵਲ, ਜੋ ਛੋਟੇ ਭਰਾਵਾਂ ਵਰਗਾ ਹੀ ਹੈ, ਨਾਲ ਗੱਲ ਕੀਤੀ ਕਿ ਆਪਾਂ ਕੋਈ ਵਧੀਆ ਮਾਡਲ ਵਾਲਾ ਬਜਾਜ ਚੇਤਕ ਸਕੂਟਰ ਲੈਣਾ ਹੈ। ਉਸ ਨੇ ਪੰਜ-ਸੱਤ ਦਿਨਾਂ ਬਾਅਦ ਮੈਨੂੰ ਫੋਨ ਕੀਤਾ ਤੇ ਕਿਹਾ, ‘‘ਭਾਅ ਜੀ, ਆਪਣਾ ਇੱਕ ਵਾਕਫ਼ਕਾਰ ਸਕੂਟਰ ਵੇਚ ਰਿਹਾ ਹੈ, ਤੁਸੀਂ ਦੁਕਾਨ ’ਤੇ ਆ ਜਾਓ।’’ ਮੈਂ ਬਿਨਾਂ ਦੇਰ ਕੀਤਿਆਂ ਦੁਕਾਨ ’ਤੇ ਚਲਾ ਗਿਆ। ਮੈਂ ਸਕੂਟਰ ਵੇਖਿਆ ਅਤੇ ਸੌਦਾ ਹੋ ਗਿਆ। ਉਸ ਸਮੇਂ ਨਵਾਂ ਸਕੂਟਰ 26000 ਰੁਪਏ ਦਾ ਸੀ ਅਤੇ ਮੈਨੂੰ ਉਹ ਸਕੂਟਰ ਸੌਦਾ 14000 ਰੁਪਏ ਵਿੱਚ ਮਿਲ ਗਿਆ ਸੀ। ਮੈਂ ਸਾਰੇ ਪੈਸੇ ਨਕਦ ਦੇ ਦਿੱਤੇ। ਸਕੂਟਰ ਦੁਕਾਨ ’ਤੇ ਖੜ੍ਹਾਇਆ ਅਤੇ ਉਸ ਦੀ ਸਰਵਿਸ ਕਰਵਾ ਲਈ। ਸਕੂਟਰ ਦੀ ਪੂਰੀ ਸ਼ੋਅ ਬਣਵਾ ਕੇ, ਗੁਰਦੁਆਰੇ ਮੱਥਾ ਟੇਕ ਕੇ ਅਤੇ ਰਾਹ ਵਿੱਚੋਂ ਮਠਿਆਈ ਦਾ ਡੱਬਾ ਲੈ ਕੇ ਅਸੀਂ ਘਰ ਆ ਗਏ ਸਾਂ। ਪਰਿਵਾਰ ਦੇ ਮੈਂਬਰ ਅਤੇ ਬੱਚੇ ਵੀ ਬਹੁਤ ਖ਼ੁਸ਼ ਸਨ। ਇੰਜ ਲੱਗਦਾ ਸੀ ਜਿਵੇਂ ਨਵਾਂ ਸਕੂਟਰ ਲਿਆਂਦਾ ਹੋਵੇ। ਰਾਤ ਕਰੀਬ ਅੱਠ ਵਜੇ ਸਨ। ਮੈਨੂੰ ਕੰਵਲ ਦਾ ਫੋਨ ਆਇਆ। ਉਸ ਨੇ ਕਿਹਾ,‘‘ਭਾਅ ਜੀ, ਸਕੂਟਰ ਲੈ ਕੇ ਸਾਡੇ ਘਰ ਆ ਜਾਵੋ।’’ ਮੈਂ ਪੁੱਛਿਆ,‘‘ਕੋਈ ਖ਼ਤਰੇ ਵਾਲੀ ਗੱਲ ਤਾਂ ਨਹੀਂ?’’ ‘‘ਅਜਿਹੀ ਕੋਈ ਗੱਲ ਨਹੀਂ, ਤੁਸੀਂ ਆ ਜਾਵੋ,’’ ਉਸ ਨੇ ਜੁਆਬ ਦਿੱਤਾ। ਮੈਂ ਸਕੂਟਰ ਸਟਾਰਟ ਕੀਤਾ ਅਤੇ ਉਸ ਦੇ ਘਰ ਚਲਾ ਗਿਆ। ਜਾਂਦਿਆਂ ਹੀ ਵੇਖਿਆ ਕਿ ਕੰਵਰ ਦੇ ਪਿਤਾ ਜੀ ਅਤੇ ਸਕੂਟਰ ਵੇਚਣ ਵਾਲਾ ਮੁੰਡਾ ਬੈਠਕ ਵਿੱਚ ਬੈਠੇ ਹੋਏ ਸਨ। ਮੇਰੇ ਦੋਸਤ ਦੇ ਪਿਤਾ ਜੀ ਕਾਫ਼ੀ ਗੁੱਸੇ ਵਿੱਚ ਸਨ। ਸਾਰੀ ਗੱਲ ਦੀ ਘੋਖ ਕੀਤੀ ਤਾਂ ਪਤਾ ਲੱਗਿਆ ਕਿ ਉਸ ਮੁੰਡੇ ਨੇ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਗ਼ੈਰ ਹੀ ਸਾਨੂੰ ਸਕੂਟਰ ਵੇਚ ਦਿੱਤਾ ਸੀ। ਉਹ ਮੁੰਡਾ ਰੋਣਹਾਕਾ ਹੋਇਆ ਪਿਆ ਸੀ। ਉਹ ਕਹਿਣ ਲੱਗਿਆ,‘‘ਭਾਅ ਜੀ, ਮੈਨੂੰ ਤਾਂ ਘਰੋਂ ਕੁੱਟ ਵੀ ਪੈ ਗਈ ਹੈ। ਬਸ, ਤੁਸੀਂ ਮੈਨੂੰ ਸਕੂਟਰ ਦੇ ਦਿਓ ਅਤੇ ਆਪਣੇ ਪੈਸੇ ਵਾਪਸ ਲੈ ਲਵੋ।’’ ਹੁਣ ਮੈਨੂੰ ਸਾਰੀ ਗੱਲ ਦੀ ਸਮਝ ਆ ਗਈ ਸੀ। ਮੇਰੇ ਦੋਸਤ ਦੇ ਪਿਤਾ ਜੀ ਨੇ ਵੀ ਉਸ ਮੁੰਡੇ ਅਤੇ ਕੰਵਲ ਦੀ ਕਾਫ਼ੀ ਝਾੜ-ਝੰਬ ਕੀਤੀ। ਅਖ਼ੀਰ ਮੈਂ ਉਸ ਮੁੰਡੇ ਨੂੰ ਪੈਸੇ ਵਾਪਸ ਦੇ ਦਿੱਤੇ। ਮੈਂ ਆਪਣੇ ਦਫ਼ਤਰ ਵੀ ਟੈਲੀਫੋਨ ਕਰ ਕੇ ਦੱਸ ਦਿੱਤਾ ਸੀ ਕਿ ਮੈਂ ਸਕੂਟਰ ਲੈ ਲਿਆ ਹੈ। ਸਵੇਰੇ ਦਫ਼ਤਰ ਗਿਆ ਤਾਂ ਮੇਰੇ ਇੱਕ ਦੋਸਤ ਨੇ ਕੰਵਲ ਦੇ ਭਰਾ ਨੂੰ ਜੋ ਕਿ ਕਾਲਜ ਵਿੱਚ ਅਧਿਆਪਕ ਸੀ, ਕਾਫ਼ੀ ਗੱਲਾਂ ਹਾਸੇ-ਹਾਸੇ ਵਿੱਚ ਕਹਿ ਦਿੱਤੀਆਂ। ਉਸ ਨੇ ਘਰ ਆ ਕੇ ਕੰਵਲ ਨੂੰ ਸਭ ਕੁਝ ਦੱਸ ਦਿੱਤਾ। ਗੱਲ ਆਈ ਗਈ ਹੋ ਗਈ। ਪੰਜ-ਛੇ ਦਿਨ ਬਾਅਦ ਮੈਨੂੰ ਕੰਵਲ ਦਾ ਫੋਨ ਆਇਆ, ‘‘ਭਾਅ ਜੀ, ਸਕੂਟਰ ਵਾਲੇ ਪੈਸੇ ਘਰ ਹੀ ਨੇ?’’ ਮੈਂ ਕਿਹਾ,‘‘ਹਾਂ।’’ ਉਸ ਨੇ ਕਿਹਾ,‘‘ਮੈਨੂੰ ਉਹ ਪੈਸੇ ਚਾਹੀਦੇ ਨੇ।’’ ਮੈਂ ਕਿਹਾ ਕਿ ਘਰੋਂ ਲੈ ਲਵੀਂ। ਉਹ ਘਰੋਂ ਆ ਕੇ ਮੇਰੀ ਪਤਨੀ ਪਾਸੋਂ 16 ਹਜ਼ਾਰ ਰੁਪਏ ਲੈ ਗਿਆ। ਮੈਂ ਸ਼ਾਮ ਨੂੰ ਦਫ਼ਤਰੋਂ ਘਰ ਆਇਆ ਹੀ ਸਾਂ ਕਿ ਦਰਵਾਜ਼ੇ ’ਤੇ ਘੰਟੀ ਵੱਜੀ। ਮੈਂ ਦਰਵਾਜ਼ਾ ਖੋਲ੍ਹਣ ਲਈ ਗਿਆ ਤਾਂ ਦੇਖਿਆ ਤਾਂ ਮੇਰਾ ਦੋਸਤ ਕੰਵਲ ਅਤੇ ਉਸ ਦਾ ਛੋਟਾ ਭਰਾ ਬਾਹਰ ਖੜ੍ਹੇ ਸਨ। ਉਹ ਦੋਵੇਂ ਇੱਕ ਨਵੇਂ ਸਕੂਟਰ ਤੋਂ ਉਤਰੇ। ਸਕੂਟਰ ’ਤੇ ਸਿਹਰਾ ਵੀ ਬੰਨ੍ਹਿਆ ਹੋਇਆ ਸੀ। ਉਨ੍ਹਾਂ ਮੈਨੂੰ ਸਕੂਟਰ ਦੀ ਚਾਬੀ ਅਤੇ ਮੇਰੇ ਨਾਂ ਦੇ ਤਿਆਰ ਕੀਤੇ ਕਾਗਜ਼-ਪੱਤਰ ਦੇ ਦਿੱਤੇ। ਸਕੂਟਰ ਦੀ ਡਿੱਗੀ ਵਿੱਚੋਂ ਮਠਿਆਈ ਦਾ ਡੱਬਾ ਕੱਢਿਆ ਅਤੇ ਕਿਹਾ ਕਿ ਭਾਅ ਜੀ ਅਸੀਂ ਤੁਹਾਡੀ ਬੇਇੱਜ਼ਤੀ ਨਹੀਂ ਹੋਣ ਦੇਣੀ। ਮੈਨੂੰ ਹੈਰਾਨੀ ਭਰੀ ਖ਼ੁਸ਼ੀ ਹੋਈ। ਮੈਂ ਉਨ੍ਹਾਂ ਨੂੰ ਗਲ ਨਾਲ ਲਾ ਕੇ ਕਿਹਾ,‘‘ਯਾਰ, ਤੁਸੀਂ ਇਹ ਕੀ ਕੀਤਾ! ਮੇਰੇ ਕੋਲ ਤਾਂ ਹਾਲੇ ਬਾਕੀ ਪੈਸੇ ਵੀ ਨਹੀਂ ਹਨ।’’ ਉਨ੍ਹਾਂ ਬਸ ਏਨਾ ਹੀ ਕਿਹਾ,‘‘ਪੈਸਿਆਂ ਦਾ ਕੀ ਐ, ਜਦੋਂ ਮਰਜ਼ੀ ਦੇ ਦਿਓ।’’ ਮੈਂ ਇਹ ਪੈਸੇ ਲਗਪਗ ਇੱਕ ਸਾਲ ਦੇ ਅੰਦਰ-ਅੰਦਰ ਵਾਪਸ ਕਰ ਦਿੱਤੇ। ਕੀ ਅੱਜ ਦੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਕੰਵਲ ਵਰਗੇ ਅਣਮੁੱਲੇ ਯਾਰ ਮਿਲਣਗੇ? ਹਰਜਿੰਦਰ ਸਿੰਘ * ਸੰਪਰਕ: 98150-80803
|
|
13 May 2013
|