ਬਾਬੇ ਨਾਨਕ ਦੇ ਜਨਮ ਦਿਨ ਤੇ ਮੈਂ ਆਪ ਸਭ ਨਾਲ ਸਾਂਝੀ ਕਰਨ ਜਾ ਰਿਹਾਂ ਹਾਂ ਇੱਕ ਕਵੀ "ਦਰਦੀ" (Sorry ਪੂਰਾ ਨਾਮ ਮੈਨੂੰ ਹੁਣ ਯਾਦ ਨਹੀਂ ਹੈ) ਵਲੋਂ ਬਾਬੇ ਨਾਨਕ ਦੇ ਨਾਮ ਚਿੱਠੀ....
ਗੁਰੂ ਨਾਨਕ ਨੂੰ ਚਿੱਠੀ ਲਿਖਦਾ ਲਾਲੋ ਦੇ ਦਸਤੂਰ ਦੀ ਚਿੱਠੀ,
ਇਹ ਚਿੱਠੀ ਬਾਬੇ ਨਾਨਕ ਨੂੰ ਮਿਹਨਤ-ਕਸ਼ ਮਜ਼ਦੂਰ ਦੀ ਚਿੱਠੀ
ਚਿੱਠੀ ਕਲਮ ਕਵੀ ਦੀ ਲਿਖਦੀ ਪੜ੍ਹ ਲਈਂ ਚਿੱਠੀ ਸਾਰੀ ਬਾਬਾ,
ਮੈਂ ਕਹਿੰਨਾ ਹੁਣ ਆਵੀਂ ਨਾ ਤੂੰ ਏਥੇ ਚੋਰ ਬਜ਼ਾਰੀ ਬਾਬਾ
ਮੱਸਿਆ ਪੁੰਨਿਆ ਸੰਗਰਾਂਦਾਂ ਨੂੰ ਪਾਠ ਕਰਇਆ ਜਾਂਦਾ ਤੇਰਾ,
ਭਰਕੇ ਇੱਕ ਕੜਾਹ ਦਾ ਬਾਟਾ ਭੋਗ ਲਵਾਇਆ ਜਾਂਦਾ ਤੇਰਾ
500 ਸਾਲਾ ਜਨਮ ਦਿਹਾੜਾ ਅੱਜ ਮਨਾਇਆ ਜਾਂਦਾ ਤੇਰਾ,
ਹੁਣ ਕੀ ਤੇਰੇ ਲੋੜ ਆਉਣ ਦੀ ਕੱਟ ਗਿਆ ਜਦ ਵਾਰੀ ਬਾਬਾ,
ਮੈਂ ਕਹਿੰਨਾ ਹੁਣ ਆਵੀਂ ਨਾ ਤੂੰ ਏਥੇ ਚੋਰ ਬਜ਼ਾਰੀ ਬਾਬਾ
ਬਾਬਾ ਜੀ ਮੈਂ ਪਾਠ ਤੁਹਾਡਾ ਹਰ ਸੰਗਰਾਦੇ ਕਰਦੇ ਵੇਖੇ,
ਚੋਰੀ ਚੁੱਕ ਕੜਾਹ ਦੇ ਬਾਟ ਭਾਈ ਅੰਦਰ ਵੜਦੇ ਵੇਖੇ
ਇੱਕ ਕੜਾਹ ਦੇ ਗੱਫੇ ਪਿੱਛੇ ਹੂਰੋ ਮੁੱਕੀ ਲੜਦੇ ਵੇਖੇ,
ਤੇਰੇ ਧਰਮ ਦੁਆਰੇ ਦੇ ਵਿੱਚ ਗੱਲ ਸਮਝ ਲਈ ਸਾਰੀ ਬਾਬਾ,
ਮੈਂ ਕਹਿੰਨਾ ਹੁਣ ਆਵੀਂ ਨਾ ਤੂੰ ਏਥੇ ਚੋਰ ਬਜ਼ਾਰੀ ਬਾਬਾ
ਅੱਜ ਦੇ ਸੱਪ ਛਾਇਆ ਨਹੀਂ ਕਰਦੇ ਫਨੀਅਰ ਨਾਗ ਜ਼ਹਿਰੀਲੇ ਬਾਬਾ,
ਬੀਨਾਂ ਚਾਹੇ ਰਬਾਬਾਂ ਵੱਜਣ ਇਹ ਨਾ ਜਾਂਦੇ ਕੀਲੇ ਬਾਬਾ
ਟਾਟੇ, ਬਾਟੇ ਸੱਪ ਛਲੇਡੇ ਬਿਰਲੇ ਇੱਛਿਆਧਾਰੀ ਬਾਬਾ,
ਮੈਂ ਕਹਿੰਨਾ ਹੁਣ ਆਵੀਂ ਨਾ ਤੂੰ ਏਥੇ ਚੋਰ ਬਜ਼ਾਰੀ ਬਾਬਾ
ਅੱਜ ਸੌਦਾ ਵੀਹਾਂ ਦਾ ਹੈ ਨਹੀਂ ਸੌਦਾ ਲੱਖ ਕਰੋੜਾਂ ਦਾ ਹੈ.
ਅੱਜ ਸੌਦਾ ਸਾਧਾਂ ਲਈ ਹੈ ਨਹੀਂ ਅੱਜ ਦਾ ਸੌਦਾ ਚੋਰਾਂ ਦਾ ਹੈ,
ਮਿਲਦਾ ਨਹੀਂ ਕਮਜੋਰ ਨੂੰ ਸੌਦਾ ਅੱਜ ਦਾ ਸੌਦਾ ਜੋਰਾਂ ਦਾ ਹੈ
ਲੱਖਾਂ ਲਾਲੋ ਭੁੱਖੇ ਮਰਦੇ ਬਣਕੇ ਫਿਰਨ ਭਿਖਾਰੀ ਬਾਬਾ,
ਮੈਂ ਕਹਿੰਨਾ ਹੁਣ ਆਵੀਂ ਨਾ ਤੂੰ ਏਥੇ ਚੋਰ ਬਜ਼ਾਰੀ ਬਾਬਾ
ਚਿੱਟੀ ਦਾਹੜੀ ਹੁਣ ਨਹੀਂ ਰਹਿਣੀ ਬਸ਼ਮਾ ਲਾ ਲਾ ਰੰਗਣੀ ਪੈਣੀ,
ਪਾਊਡਰ ਫਿਕਸੋ ਅਤੇ ਕਰੀਮਾਂ ਲਾ ਲਾ ਦਾਹੜੀ ਬੰਨਣੀ ਪੈਣੀ
ਅੱਗੇ ਸੀ ਸਿੱਖ ਤੇਰੀਆਂ ਮੰਨਦੇ ਪਰ ਹੁਣ ਤੈਨੂੰ ਸਿੱਖਾਂ ਦੀ ਮੰਨਣੀ ਪੈਣੀ,
ਇਹ ਅੱਠੀਂ ਦਿਨੀ ਪਰੈਸ ਕਰਾਉਂਦੇ ਐਤਵਾਰ ਨੂੰ ਦਾਹੜੀ ਬਾਬਾ,
ਮੈਂ ਕਹਿੰਨਾ ਹੁਣ ਆਵੀਂ ਨਾ ਤੂੰ ਏਥੇ ਚੋਰ ਬਜ਼ਾਰੀ ਬਾਬਾ
ਮਿੱਲਾਂ ਮੂਹਰੇ ਧੰਨ ਗੁਰੂ ਨਾਨਕ ਨਾਂ ਦਾ ਫੱਟਾ ਲਾਉਂਦੇ ਵੇਖੇ,
ਛਾਪ ਕਲੰਡਰ ਨਾਂ ਤੇਰੇ ਦਾ ਦੋਹਰੀ ਲੁੱਟ ਮਚਾਉਂਦੇ ਵੇਖੇ
ਲੁੱਟਣ ਦੇ ਵਿੱਚ ਹਿੱਸਾ ਤੇਰਾ ਬਿਨਾਂ ਸਲਾਹੋਂ ਪਾਉਂਦੇ ਵੇਖੇ,
ਪੀਂਦੇ ਖੂਨ ਗਰੀਬਾਂ ਦਾ ਇਹ ਜਿੰਨੇ ਮਾਇਆਧਾਰੀ ਬਾਬਾ,
ਮੈਂ ਕਹਿੰਨਾ ਹੁਣ ਆਵੀਂ ਨਾ ਤੂੰ ਏਥੇ ਚੋਰ ਬਜ਼ਾਰੀ ਬਾਬਾ
ਝੂਠ ਬੋਲਦੇ ਘੱਟ ਤੋਲਦੇ ਤੇਰਾ ਤੱਕ ਸਹਾਰਾ ਬਾਬਾ,
ਪਾਪੀ ਲੋਕ ਧਿਆਉਂਦੇ ਤੈਨੂੰ ਕਰ ਸਾਡਾ ਛੁਟਕਾਰਾ ਬਾਬਾ
ਹੁਣ ਤੇਰੇ ਬਿਨਾ ਕਿਸੇ ਨਾ ਕਰਨਾ ਸਾਡਾ ਪਾਰ ਉਤਾਰਾ ਬਾਬਾ,
ਨਾਨਕ ਨਾਮ ਜਹਾਜ਼ ਤੁਸਾਂ ਦਾ ਆਜਾ ਮਾਰ ਉਡਾਰੀ ਬਾਬਾ,
ਮੈਂ ਕਹਿੰਨਾ ਹੁਣ ਆਵੀਂ ਨਾ ਤੂੰ ਏਥੇ ਚੋਰ ਬਜ਼ਾਰੀ ਬਾਬਾ
ਨਾਮ ਦਾਨ ਹੱਟੀਆਂ ਤੇ ਵਿਕਦਾ ਹੁਣ ਕੀ ਲੋੜ ਵਿਚਾਰਾਂ ਦੀ ਹੈ,
ਦੁਨੀਆਂ ਵੈਰ ਵਿਰੋਧੀ ਹੋ ਗਈ ਹੁਣ ਕੀ ਲੋੜ ਪਿਆਰਾਂ ਦੀ ਹੈ
ਹੁਣ ਖਾਲੀ ਨਾ ਆਈਂ ਬਾਬਾ ਹੁਣ ਲੋੜ ਹਥਿਆਰਾਂ ਦੀ ਹੈ,
ਇੰਨਕਲਾਬ ਨੂੰ ਕਰਨਾ "ਦਰਦੀ" ਕਰ ਰਹੇ ਲੋਕ ਤਿਆਰੀ ਬਾਬਾ
ਮੈਂ ਕਹਿੰਨਾ ਹੁਣ ਆ ਹੀ ਜਾ ਤੂੰ ਛੇੜੀਏ ਜੰਗ ਨਿਆਰੀ ਬਾਬਾ.....
ਮੈਂ ਕਹਿੰਨਾ ਹੁਣ ਆ ਹੀ ਜਾ ਤੂੰ........................