ਆ ਨੀ ਅੜੀਏ..
ਕੋਈ ਸੁਪਨਾ ਘੜੀਏ..
ਚੰਨ ਚਾਨਣੀ ਛਾਵੇਂ ਬਹਿਕੇ...
ਇਸ਼੍ਕ਼ੁ ਵਾਲੇ ਜੁਗਨੂੰ ਫੜੀਏ..
ਆ ਨੀ ਅੜੀਏ.....
ਤਪਦੀ ਧਰਤ ਇਹ ਰੂਹ ਦੀ ਠਰਜੇ...
ਇਸ਼ਕ਼ ਮਿਹਰ ਦੀ ਬੱਦਲੀ ਵਰ੍ਹਜੇ...
ਕੂਕ ਪਪੀਹਾ ਲੋਚੇ ਝੜੀ ਏ...
ਆ ਨੀ ਅੜੀਏ..
ਇੰਦਰਧਨੁਸ਼ ਦਾ ਰਾਹ ਬਣਾਈਏ .
ਵਿੱਚ ਦੁਮੇਲੀਂ ਪੀਂਘਾਂ ਪਾਈਏ.
ਸੱਧਰਾਂ ਦੀ ਨੀ ਪੌੜੀ ਚੜ੍ਹੀਏ..
ਆ ਨੀ ਅੜੀਏ..
ਆ ਜਾ ਸਾਗਰ ਵਰਗੇ ਹੋਈਏ...
ਇੱਕ ਦੂਜੇ ਦੇ ਵਿੱਚ ਸਮੋਈਏ...
ਨੈਣਾ ਵਾਲੇ ਵਹਿਣੀ ਹੜ੍ਹੀਏ....
ਆ ਨੀ ਅੜੀਏ..
ਬ੍ਰਹਿਮੰਡ ਜਿਹਾ ਵਿਸ਼ਾਲ ਜੋ ਹੋਵੇ...
ਹੱਦ,ਸੀਮਾ,ਸਮਾਂ,ਕਾਲ ਨਾ ਹੋਵੇ.....
ਐਸੇ ਚੱਕਰ ਮੁਹੱਬਤੀਂ ਵੜੀਏ...
ਆ ਨੀ ਅੜੀਏ..
ਜੱਗ ਪਿਆ ਚਾਹੇ ਕਾਫ਼ਿਰ ਆਖੇ...
ਖੁਦਾ ਦੇ ਨਾਂ ਤੋਂ ਨਾਬਰ ਆਖੇ...
ਬੱਸ ਪਿਆਰ ਦਾ ਕਲਮਾ ਪੜ੍ਹੀਏ..
ਆ ਨੀ ਅੜੀਏ...
ਇਸ਼ਕ਼ ਦੇ ਦਰਿਆ ਪੈਰ ਤਾਂ ਰੱਖੀਏ...
ਆ ਨੀ ਅੜੀਏ ਅੱਗ ਨੂੰ ਚੱਖੀਏ...
ਸ਼ੀਤਲ ਹੋਈਏ ਜਿਓਂ ਜਿਓਂ ਸੜ੍ਹੀਏ....
ਆ ਨੀ ਅੜੀਏ.....
ਕੁਝ ਸੁਣੀਏ ਕੁਝ ਕਹਿ ਸੁਣਾਈਏ...
ਸੁਪਨ ਮਹਿਲ ਵਿੱਚ ਦਿਲ ਬਣਾਈਏ...
ਅਮਰ ਪ੍ਰੀਤ ਦੀ ਤੱਖਤੀ ਜੜੀਏ...
ਆ ਨੀ ਅੜੀਏ..
ਅਜਬ ਜਿਹੀ ਇਹ ਜੁਗਤੀ ਲੱਭੀ...
ਵਿੱਚ ਬੰਨ੍ਹਣ ਦੇ ਮੁਕਤੀ ਲੱਭੀ ...
ਕਰੀਏ ਪੀਢੀ,ਹੋਰ ਜਕੜੀਏ....
ਆ ਨੀ ਅੜੀਏ..
ਆ ਨੀ ਕਰੀਏ ਦਿਲ ਦੀ ਪੂਜਾ...
ਕੀ ਕਰਨਾ ਕੋਈ ਰੱਬ ਏ ਦੂਜਾ....
ਕਿਓਂ ਜਾ ਕਾਬੇ ਕਾਸ਼ੀ ਖੜੀਏ...
ਆ ਨੀ ਅੜੀਏ..
ਜੇ ਨੀ ਹੋਵੇ ਅਜਿਹੀ ਇਬਾਦਤ...
ਮਿਟ ਜਾਏ ਦੁਨਿਆ ਤੋਂ ਅਦਾਵਤ...
ਮੂਰਖ `ਅਮਨ` ਜਿਓਂ ਨਾ ਲੜੀਏ......
ਆ ਨੀ ਅੜੀਏ..
ਆ ਨੀ ਅੜੀਏ..
ਅਮਨ