ਤੂੰ ਤਾਂ ਉਸਦੇ ਰਾਹਾਂ ਤੇ ਪਲਕਾਂ ਵਿਛਾਉਂਦੀ ਰਹੀ ,
ਪਰ ਉਹ ਆਪਨੇ ਹੰਕਾਰ ਦੇ ਨਸ਼ੇ 'ਚ ਚੂਰ ਤੇਨੂੰ ਦੁਤਕਾਰਦਾ ਹੀ ਰਿਹਾ,
ਤੂੰ ਤਾਂ ਉਸਨੂੰ ਮਨ ਮੰਦਰ ਦਾ ਦੇਵਤਾ ਬਣਾ ਪੂਜਦੀ ਰਹੀ ,
ਪਰ ਉਹ ਤੇਰੀ ਅਰਚਨਾ ਦੇ ਫੁੱਲਾਂ ਨੂੰ ਪੈਰਾਂ ਥੱਲੇ ਲਤਾੜਦਾ ਹੀ ਰਿਹਾ,
ਤੂੰ ਤਾਂ ਉਸਦੀਆਂ ਤਲੀਆਂ ਤੇ ਗੁਲਾਬ ਬੀਜਦੀ ਰਹੀ
ਪਰ ਉਸਦੀਆਂ ਤਲੀਆਂ ਦੀ ਜ਼ਮੀਂ ਹੀ ਬੰਜਰ ਸੀ ,
ਜਿਸ ਤੇ ਤੇਰੀਆਂ ਸਧਰਾਂ ਦੇ ਫੁੱਲ ਕਦੀ ਵੀ ਨਾ ਖਿੜੇ ,
ਤੂੰ ਤਾਂ ਉਸਨੂੰ ਜਦ ਵੀ ਮਿਲੀ, ਖਿੜੇ ਫੁੱਲਾਂ ਦੀ ਵਾਂਗ ਮਿਲੀ,
ਪਰ ਉਸਦਾ ਕਣ-ਕਣ ਨਸ਼ਤਰ ਬਣ ਤੇਨੂੰ ਚੁਭਦਾ ਹੀ ਰਿਹਾ ,
ਤੂੰ ਤਾਂ ਉਸਨੂੰ ਪ੍ਰਮੇਸ਼ਵਰ ਬਣਾ ਪੂਜਦੀ ਰਹੀ ,
ਪਰ ਉਹ ਤੇਨੂੰ ਸਿਰਫ ਵਸਤੁ ਸਮਝ,ਬਜਾਰਾਂ 'ਚ ਵੇਚਦਾ ਹੀ ਰਿਹਾ,
ਤੂੰ ਤਾਂ ਉਸਨੂੰ ਦੁਨੀਆਂ ਦੀਆਂ ਰੰਗੀਨੀਆਂ ਬਖਸ਼ਦੀ ਰਹੀ ,
ਪਰ ਉਹ ਤੇਨੂੰ ਹਨੇਰੀਆਂ ਖਾਈਆਂ ਵਿਚ ਧਕੇਲਦਾ ਰਿਹਾ ,
ਤੂੰ ਤਾਂ ਉਸਦੀ ਲੰਬੀ ਉਮਰ ਲਈ ਵਰਤ ਰਖਦੀ ਰਹੀ ,
ਪਰ ਉਹ ਹਮੇਸ਼ਾਂ ਤੇਨੂੰ ਗਮਾਂ ਦੀ ਭਠੀ 'ਚ ਹੀ ਪਾਉਂਦਾ ਰਿਹਾ,
ਉਹ ਤੇਰੇ ਕਵਿਤਾ ਵਰਗੇ ਤਨ ਤੇ ਵੇਸਵਾ,ਚਰਿਤਰਹੀਂਨ,
ਬਦਚਲਣ, ਜਿਹੇ ਲਫਜਾਂ ਦੇ ਅਲੰਕਾਰ ਸਜਾਊਂਦਾ ਰਿਹਾ ,
ਤੇ ਤੂੰ ਉਹਨਾਂ ਲਫਜਾਂ ਨੂੰ ਪ੍ਰੇਮ ਉਪਹਾਰ ਸਮਝ ਸਵੀਕਾਰਦੀ ਰਹੀ,
ਤੂੰ ਤਾਂ ਉਸਦੀਆਂ ਖਵਾਹਿਸ਼ਾਂ ਲਈ ਆਪਣੇ ਅਰਮਾਨਾਂ ਦੀ ਬਲੀ ਦਿੰਦੀ ਰਹੀ,
ਪਰ ਉਹ ਹਮੇਸ਼ਾਂ ਤੇਰੇ ਤਿਆਗ ਦੀ ਭਾਵਨਾ ਦਾ ਮਜਾਕ ਉਡਾਉਂਦਾ ਰਿਹਾ,
ਤੂੰ ਤਾਂ ਉਸਦੇ ਖੋਖਲੇ ਅਸੂਲਾਂ ਨੂੰ ਜੱਗ ਸਮਝ ਸਵੇਮਾਣ ਦੀ ਆਹੂਤੀ ਪਾਉਂਦੀ ਰਹੀ,
ਪਰ ਉਹ ਹਮੇਸ਼ਾਂ ਅਸ਼ਾਂਤੀ ਦੇ ਹੀ ਮੰਤਰ ਪੜਦਾ ਰਿਹਾ ,
ਮੈਂ ਪੁਛਦੀ ਹਾਂ ਆਖਿਰ ਇਸਦੀ ਇੰਤਹਾ ਕਦ ਹੋਵੇਗੀ ?
ਆਖਿਰ ਕਦ ਤਕ ਤੂੰ ਨੈਣਾਂ 'ਚ ਛਲਕੇ ਹੰਝੂਆਂ ਨੂੰ ਪੀਵੇਂਗੀ,
ਤੂੰ ਦੁਰਗਾ ਤੂੰ ਚੰਡੀ ਦਾ ਰੂਪ ਕਦ ਧਾਰੈਂਗੀ.... ,
ਤੂੰ ਕਦ ਤਕ ਇਸਦੇ ਜੁਲਮਾਂ ਨੂੰ ਸਹਾਰੇਂਗੀ ...,
ਤੂੰ ਕਦ ਤਕ ਜ਼ਮੀਰ ਦਾ ਸੋਦਾ ਕਰ ਬਜਾਰਾਂ 'ਚ ਵਿਕਦੀ ਰਹੇਂਗੀ,
'ਸਿੰਮੀ' ਕਦੋਂ ਤੂੰ ਆਪਣੀ ਸ਼ਕਤੀ ਨੂੰ ਪਹਿਚਾਨੇਂਗੀ I
ਆਖਿਰ ਕਦ ਤਕ , ਆਖਿਰ ਕਦ ਤਕ .....?