ਹਾਂ ਬੰਦਾ ਮੈਂ ਇੱਕ ਆਮ ਜਿਹਾ ।
ਹੈ ਨਾਮ ਮੇਰਾ ਬੇਨਾਮ ਜਿਹਾ ।
ਨਹੀਂ ਧੁੱਪਾਂ ਵਾਂਗੂੰ ਚਮਕਦਾ,
ਮੈਂ ਬੱਸ ਢਲਦੀ ਸ਼ਾਮ ਜਿਹਾ ।
ਬਿਨ ਪਾਣੀ ਜੋ ਪੀਣਾ ਔਖਾ ਹੈ,
ਪਹਿਲੇ ਤੋੜ ਦੇ ਜ਼ਾਮ ਜਿਹਾ ।
ਮੈਂ ਸੱਚ ਗਵਾਹੀ ਤੋਂ ਸੱਖਣਾ,
ਬਣਿਆਂ ਜੋ ਇਲਜ਼ਾਮ ਜਿਹਾ ।
ਲੋਕੀਂ ਮਾਣ ਕੇ ਮੰਦਾ ਆਖਦੇ,
ਮੈਂ ਜੀਵਨ ਜੀਵਾਂ ਕਾਮ ਜਿਹਾ ।
ਕੰਮ ਕੁੱਝ ਚੰਗੇ ਕਰਕੇ ਵੀ.
ਬਹੁਤਾ ਹਾਂ ਬਦਨਾਮ ਜਿਹਾ ।
ਬੰਦਾ ਹਾਂ ਬੰਦਗੀ ਕਰਦਾ ਹਾਂ,
ਨਾਂ ਮੈਂ ਰਾਵਣ ਨਾਂ ਰਾਮ ਜਿਹਾ ।
ਇਸ਼ਕ ਆਬ 'ਚ ਭਿੱਜੇ ਹੋਏ,
ਭਾਵਾਂ ਦੇ ਭਰੇ ਪੈਗ਼ਾਮ ਜਿਹਾ ।
ਮਾਪਿਆਂ ਦੀ ਸੇਵ ਕਮਾਈਦੀੰ,
ਘਰ ਹੀ ਹੈ ਗੁਰਧਾਮ ਜਿਹਾ ।
ਦਿਨੇ ਤਾਂ ਮਿਹਨਤ ਕਰਦਾ ਹਾਂ,
ਆਥਣ ਵੇਲੇ ਆਰਾਮ ਜਿਹਾ ।
ਫ਼ਲ ਆਪੇ ਲੱਗੇ ਕਿਰਤਾਂ ਨੂੰ,
ਗਜ਼ਲਗੋ ਨਿਸ਼ਕਾਮ ਜਿਹਾ ।
ਲਿਖਣਾ ਤਾਂ ਸਿੱਖਣਾ ਬਾਕੀ ਹੈ,
ਤੁਹਾਡੇ ਤਰਾਂ ਕਲਾਮ ਜਿਹਾ ।
ਹਾਂ ਜਿਹੋ-ਜਿਹਾ ਬੱਸ ਠੀਕ ਹਾਂ,
ਬਣਕੇ ਲੈਣਾ ਕੀ ਆਵਾਮ ਜਿਹਾ।
ਲੋਕੀਂ "ਸੁਖਜੀਵਨ" ਸੱਦਦੇ,
ਪਰ ਮੈਂ ਨਾਂ ਲੋੜਾਂ ਨਾਮ ਜਿਹਾ ।
~ ਸੁਖਜੀਵਨ ਸ਼ੇਰ ਖਾਂ ~