ਚਿੜੀ ਨੇ ਆਪਣੀ ਆਜ਼ਾਦੀ ਦੀ
ਪਹਿਲੀ ਜਾਂ ਦੂਸਰੀ ਲੜਾਈ ਨਹੀਂ ਲੜੀ
ਨਾ ਤੀਸਰੀ ਲੜਨੀ ਹੈ
ਫਿਰ ਵੀ ਚਿੜੀ ਗੁਲਾਮ ਨਹੀਂ
ਚਿੜੀ ਨੇ ਆਪਣੀ ਆਜ਼ਾਦੀ ਦੀ
ਵਰ੍ਹੇਗੰਢ ਜਾਂ ਜੁਬਲੀ ਨਹੀਂ ਮਨਾਈ
ਨਾ ਸ਼ਤਾਬਦੀ ਮਨਾਉਣੀ ਹੈ
ਫਿਰ ਵੀ ਚਿੜੀ ਗਲਾਮ ਨਹੀਂ
ਚਿੜੀ ਨੂੰ ਕਿਸੇ ਵਿਰੁੱਧ ਬੋਲਣ
ਜਾਂ
ਲਿਖਣ ਦੀ ਮਜਬੂਰੀ ਨਹੀਂ
ਕਿਉਂਕਿ ਚਿੜੀ ਆਜ਼ਾਦ ਹੈ
ਚਿੜੀ ਕਦੇ ਆਜ਼ਾਦੀ ਬਾਰੇ ਭਾਸ਼ਨ ਨਹੀਂ ਦਿੰਦੀ
ਚਿੜੀ ਕਦੇ ਆਜ਼ਾਦੀ ਬਾਰੇ ਭਾਸ਼ਨ ਨਹੀਂ ਸੁਣਦੀ
ਨਾ ਖੋਹ ਕੇ ਖਾਂਦੀ ਹੈ
ਨਾ ਛੁਪ ਕੇ ਪਿਆਰ ਕਰਦੀ ਹੈ
ਗੁਲਾਮੀ ਤੇ ਸਭਿਅਤਾ ਦਾ ਫਰਕ ਸਮਝਣ ਲਈ
ਕਿਸੇ ਚਿੰਤਨ ਵਿਚ ਨਹੀਂ ਪੈਂਦੀ
ਕਿਉਂਕਿ ਚਿੜੀ ਆਜ਼ਾਦ ਹੈ
ਚਿੜੀ ਕਿੰਨੇ ਕਾਸੇ ਤੋਂ ਮੁਕਤ ਹੈ
ਨਾ ਕੋਈ ਤਾਈ
ਨਾ ਭਰਜਾਈ
ਨਾ ਕੋਈ ਖੁਦਾਅ
ਨਾ ਮਦਰ ਇਨ ਲਾਅ
ਸੋਚਦਿਆਂ ਸੋਚਦਿਆਂ
ਸਾਡਾ ਵੀ ਚਿੜੀ ਹੋਣ ਨੂੰ ਜੀਅ ਕਰਦਾ
ਪਰ ਚਿੜੀ ਦੀ ਜ਼ਿੰਦਗੀ ਤਾਂ
ਘੱਟ ਨਹੀਂ ਦੁਸ਼ਵਾਰ
ਸੌ ਕਜੀਏ
ਆਂਡੇ ਆਲ੍ਹਣਾ ਬੱਚੇ ਪਰਿਵਾਰ
ਨ੍ਹੇਰੀ ਝੱਖੜ ਗੜੇ ਵਰਖਾ ਮੋਹਲੇਧਾਰ
ਚਿੜੀ ਤੋਂ ਵੀ ਪਿਛੇ ਜਾਣਾ ਪਵੇਗਾ ਆਜ਼ਾਦੀ ਖਾਤਰ
ਪਿੱਛੇ ਤੋਂ ਪਿੱਛੇ
ਅਮੀਬੇ ਤੱਕ
ਉਸ ਤੋਂ ਵੀ ਪਿੱਛੇ
ਆਪਣੇ ਕੁਝ ਵੀ ਨਾ ਹੋਣ ਤੱਕ
ਨਾ ਬਾਬਾ ਨਾ
ਪਿੱਛੇ ਨਹੀਂ ਅੱਗੇ ਹੀ ਚਲਦੇ ਹਾਂ
ਚਿੜੀ ਏਨੀ ਆਜ਼ਾਦ ਨਾ ਕਿ
ਕੁਝ ਹੋਰ ਹੋਣ ਬਾਰੇ ਸੋਚ ਸਕੇ
ਆਦਮੀ ਹੋਣ ਦਾ ਸੁਪਨਾ ਲੈ ਸਕੇ
ਅਸੀਂ ਕੁਝ ਵੀ ਹੋਣ ਬਾਰੇ
ਸੋਚ ਸਕਦੇ
ਸੁਪਨ ਸਕਦੇ
ਚਲੋ, ਆਜ਼ਾਦੀ ਨਾਲ
ਆਦਮੀ ਹੋਣਾ ਸੋਚੀਏ
ਰੱਬ ਹੋਣਾ ਲੋਚੀਏ
ਜਸਵੰਤ ਜਫ਼ਰ