ਗ਼ਜ਼ਲ: ਆਜਾ ਅੜਿਆ:- ਹਰਜਿੰਦਰ ਕੰਗ
ਆਜਾ ਅੜਿਆ ਬਹਿਜਾ ਦੋ ਪਲ ਸੁਣ ਛਣਕਾਟਾ ਵੰਗਾਂ ਦਾ। ਦੇਖ ਇਨ੍ਹਾਂ 'ਚੋਂ ਝਰ ਝਰ ਵਹਿੰਦਾ ਦਰਦ ਉਦਾਸ ਉਮੰਗਾਂ ਦਾ। ਜਿਸ ਨੇ ਦਾਜ ਖਿਲਾਫ਼ ਲਿਖੇ ਸੀ ਸਿੱਖਿਆ ਦੇ ਬੇਓੜਕ ਲੇਖ ਬੈਠਾ ਸੀ ਉਹ ਘਰ ਕੁੜਮਾਂ ਦੇ ਲੈ ਕੇ ਖਰੜਾ ਮੰਗਾਂ ਦਾ। ਹੱਥੀਂ ਰੱਟਣ ਮੁੜਕੋ ਮੁੜਕੀ ਪਰ ਆਸਾਂ ਤਰ ਹੋਈਆਂ ਨਾ ਇਕ ਮਜ਼ਦੂਰ ਦੇ ਘਰ ਨਾ ਗੁੱਝਾ ਆਟਾ ਇਕ ਦੋ ਡੰਗਾਂ ਦਾ। ਮਿਟ ਜਾਣੇ ਨੇ, ਉਡ ਜਾਣੇ ਨੇ, ਖੁਰ ਜਾਣੇ ਜਾਂ ਬਦਲਣਗੇ ਮਾਣ ਸਕੇਂਗਾ ਸਾਥ ਕਦੋਂ ਤਕ ਐ ਦਿਲ ਕੱਚਿਆਂ ਰੰਗਾਂ ਦਾ। ਹੁਣ ਤਾਂ ਬੰਦਾ ਮਿਲੇ ਨਾ ਸਾਬਤ ਇਹ ਤਾਂ ਆਖਿਰ ਲਾਸ਼ਾਂ ਨੇ ਆਜਾ ਬਹਿ ਕੇ ਮਾਤਮ ਕਰੀਏ ਅੱਧ-ਪਚੱਧੇ ਅੰਗਾਂ ਦਾ। ਪਲ ਪਲ ਟੁੱਟਦਾ ਜਾਂਦਾ ਹੈ ਮੋਹ ਧਰਤੀ ਨਾਲੋਂ ਬੰਦੇ ਦਾ ਅੰਬਰ ਦੀ ਥਾਹ ਪਾਉਂਦੇ, ਪਾਉਂਦੇ ਭੇਤ ਪਤਾਲ ਸੁਰੰਗਾਂ ਦਾ। ਲਿਖਦਾ ਹੈ ਜੋ ਦਿਲ ਦੀ ਗਾਥਾ ਜੋ ਲੋਕਾਂ ਦੇ ਗੀਤ ਲਿਖੇ ਉਹ ਤਾਂ ਭੋਲਾ ਭਾਲਾ ਸ਼ਾਇਰ ਹੈ ਹਰਜਿੰਦਰ 'ਕੰਗਾਂ' ਦਾ।