|
ਲੋਕਾਂ ਨੂੰ ਲੁੱਟਣ ਪਾਖੰਡੀ |
ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ । ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ । ‘ਲਾਲ ਕਿਤਾਬ’ ਪੜ੍ਹਨ ਵਿੱਚ ਕੋਈ , ਮੈਥੋਂ ਮਾਹਿਰ ਨਹੀਂ । ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥ ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥
ਕੋਈ ਕਹੇ ਮੈਂ ਕਾਲੇ ਮਾਂਹ ਜੇ ਦਾਨ ਕਰਾ ਦੇਵਾਂ , ਮੂੰਗਾ ਜਾਂ ਫਿਰ ਪੁਖਰਾਜ ਉਂਗਲੀ ਵਿੱਚ ਪਾ ਦੇਵਾਂ , ਮੇਰੇ ਕਹਿਣ ’ਤੇ ਬੰਦਾ ਜੇਕਰ, ਰੱਖ ਉਪਵਾਸ ਲਵੇ , ਚਾਲੀ ਦਿਨ ਵਿੱਚ ਸਭ ਕਸ਼ਟਾਂ ਦਾ ਹੋਇਆ ਨਾਸ ਲਵੇ , ਫੀਸ ਇੱਕੀ ਸੌ ਪਹਿਲਾਂ , ਕਰਨਾ ਧੇਲਾ ਉਧਾਰ ਨਹੀਂ । ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥ ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਕਾਲੇ ਤਿਲ ਜੇ ਸੱਤ ਘਰਾਂ ਦੇ ਬੂਹੇ ਧਰ ਆਵੇਂ , ਕੱਚੇ ਕੋਅਲੇ ਵਜ਼ਨ ਬਰਾਬਰ ਖੂਹ ਵਿੱਚ ਭਰ ਆਵੇਂ , ਬੁੱਧਵਾਰ ਨੂੰ ਸੱਤ ਸੱਪਾਂ ਨੂੰ ਦੁੱਧ ਪਿਲਾ ਦੇਂ ਜੇ , ਪੀਲੇ ਬਸਤਰ ਵੀਰਵਾਰ ਨੂੰ ਦਾਨ ਕਰਾਦੇਂ ਜੇ , ਫੇਰ ਵੇਖਦਿਆਂ ਕਾਕਾ ਕਿੱਦਾਂ ਜਾਂਦਾ ਬਾਹਰ ਨਹੀਂ । ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥ ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਔਤ ਮਰਿਆ ਘਰ ਥੋਡੇ ,ਬਣ ਪ੍ਰੇਤ ਸਤਾਉਂਦੈ ਜੋ , ਬਣਦੇ ਬਣਦੇ ਕੰਮਾਂ ਵਿੱਚ , ਅੜਿਕਾ ਡਾਹੁੰਦੈ ਜੋ , ਘਰ ਕੀਲਣਾ ਪੈਣਾ , ਖੂੰਜੇ ਮੇਖਾਂ ਗੱਡਣੀਆਂ , ਕਾਲਾ ਮੰਤਰ ਫੂਕ , ਭਟਕਦੀਆਂ ਰੂਹਾਂ ਕੱਢਣੀਆਂ , ਜਾਊ ਚੀਕਦਾ ਭੂਤ ,ਘੜੀ ਉਹ ਟਿਕਣਾ ਚਾਰ ਨਹੀਂ । ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥ ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਸੰਦੂਰ , ਬਿੰਦੀ ’ਤੇ ਟਿੱਕੀ , ਦੀਵਾ ਬਾਲ ਚੁਰੱਸਤੇ ਵਿੱਚ , ਤੇਲ ਦੀਆਂ ਪਕਾ ਦੇਈਂ ਪੂਰੀਆਂ , ਸਰ ਜਾਊ ਸਸਤੇ ਵਿੱਚ, ਸੱਤ ਸਵਾਹ ਦੀਆਂ ਪਿੰਨੀਆਂ ’ਤੇ ਇੱਕ ਕੁੱਜਾ ਸ਼ਰਬਤ ਦਾ , ਇੱਲ੍ਹ ਦੀ ਬਿੱਠ ਨਾਲ ਲਿਬੜਿਆ, ਚਿੱਟਾ ਪੱਥਰ ਪਰਬਤ ਦਾ , ਇਹ ਸਭ ਕਰਕੇ , ਕੁੱਖੋਂ ਸੱਖਣੀ ਰਹਿੰਦੀ ਨਾਰ ਨਹੀਂ । ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥ ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇੱਕ ਸਿਵੇ ਦੀ ਹੱਡੀ , ਖੋਪੜੀ ਛੜੇ ਜਾਂ ਰੰਡੇ ਦੀ , ਅੱਕ ਦੇ ਦੁੱਧ ਵਿੱਚ ਧੋ ਕੇ, ਭੂੰਕ ਮਚਾ ਕੇ ਗੰਢੇ ਦੀ , ਸ਼ਮਸਾਨ ਵਿੱਚ ਬੈਠ , ਇਹ ਮੰਤਰ ਰਾਖ ਬਣਾ ਆਵੋ , ਕਾਲੇ ਕਪੜੇ ਵਿੱਚ ਲਪੇਟ ਕੇ , ਖੂਹ ਵਿੱਚ ਪਾ ਆਵੋ , ਆਉਂਦੀ ਪੇਸ਼ੀ ’ਤੇ ਜਿੱਤ ਜਾਓਗੇ , ਹੁੰਦੀ ਹਾਰ ਨਹੀਂ । ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥ ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇਸ਼ਕ ’ਚ ਧੋਖਾ ਖਾ ਗਏ ਜਾਂ ਵਸ ਕਰਨੈ ਨਾਰੀ ਨੂੰ , ਅੰਗ ਸੰਗ ਹੈ ਰੱਖਣਾ , ਸੁਪਨਿਆਂ ਵਿੱਚ ਸ਼ਿੰਗਾਰੀ ਨੂੰ , ਪੈਰ ਓਹਦੇ ਦੀ ਮਿੱਟੀ ਮੈਨੂੰ ਲਿਆ ਕੇ ਦੇ ਕੇਰਾਂ , ਆਹ ਮੰਤਰ ਨੂੰ ਉਸਦੇ ਸਿਰੋਂ ਘੁੰਮਾ ਕੇ ਦੇ ਕੇਰਾਂ , ਲਾਟੂ ਵਾਗੂੰ ਘੁੰਮੂ ਦੁਆਲੇ , ਖੁੱਸਣਾ ਪਿਆਰ ਨਹੀਂ । ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥ ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਇੰਟਰਨੈੱਟ ਦੇ ਜ਼ਰੀਏ , ਆਨ ਲਾਇਨ ਹੀ ਚੈਟ ਕਰੋ , ਇੱਕ ਸਵਾਲ ਦੇ ਪੰਜ ਕੁ ਡਾਲਰ ,ਖਾਤੇ ਵਿੱਚ ਭਰੋ , ਲਾਲ ਕਿਤਾਬ ਦਾ ਜਾਣੂ , ਫਟਾ ਫਟ ਜੁਵਾਬ ਦੇਊਂ , ਪੀ.ਆਰ. ਕਦ ਮਿਲੂ , ਲਗਾ ਪੱਕੇ ਹਿਸਾਬ ਦੇਊਂ , ਡਾਈਬੋਰਸ ਨਹੀਂ ਹੁੰਦਾ ਜਾਂ ਚਲਦਾ ਵਿਉਪਾਰ ਨਹੀਂ । ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥ ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥
ਵਧ ਰਹੀਆਂ ਨੇ ਧੋਖੇਧੜੀਆਂ , ਢੰਗ ਅਨੇਕਾਂ ਨੇ , ਖਾ ਲਈ ਭੋਲੀ ਜੰਤਾਂ , ਜੋਤਿਸ਼ੀ , ਬਾਬਿਆਂ , ਭੇਖਾਂ ਨੇ , ਸੰਭਲੋ ਲੋਕੋ ਸੰਭਲੋ , ਹੋਕਾ ਦੇਵੇ ‘ਘੁਮਾਣ’ ਏਹੋ , ਛਿੱਤਰਾਂ ਦੇ ਪੀਰ ਬਨਾਉਟੀ ਜੋ ,ਸਾਰੇ ਭਗਵਾਨ ਏਹੋ , ਟੂੰਣੇ ਟਾਮਣ , ਕਿਸਮਤ ਬਦਲਣ ਦੇ ਉਪਚਾਰ ਨਹੀਂ । ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥ ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ
ਲੇਖਕ : ਜਰਨੈਲ ਘੁਮਾਣ
|
|
23 Sep 2010
|