|
ਅਮਰੀਕਾ:ਹਿੰਸਾ ਦਾ ਸੱਭਿਆਚਾਰ / (ਕਵਿਤਾ) |
ਵਿਗਿਆਨ ਤੇ ਧਨ-ਬਲ 'ਤੇ,
ਬ੍ਰਹਮੰਡ ਜਿੱਤਣਾਂ ਲੋਚਦਾ,
ਦੂਰ ਹੋਇਆ ਪਿੰਡ ਤੋਂ।
ਜ਼ਿਹਨ ਦੇ ਵਿਚ ਸ਼ੂਨਯ
ਤੇ ਵਕਤ ਵੀ ਖੜੋ ਗਿਆ!
ਵੀਅਤਨਾਮ, ਕਾਬਲ, ਇਰਾਕ,
ਮਾਡਲ ਬਣੇ ਇਸ ਦੇਸ਼ ਦੀ,
ਆਉਣ ਵਾਲੀ ਨਸਲ ਲਈ।
ਹਿੰਸਾ, ਬੰਦੂਕ, ਗੋਲੀਆਂ,
ਹਾਲੀਵੁੱਡ ਦੀ ਫੈਂਟਸੀ।
ਵੀਡੀਓ-ਖੇਡਾਂ 'ਚ ਵੀ,
ਮਰਨ ਤੇ ਮਾਰਨ ਦਾ ਯੁੱਧ,
ਆਉਣ ਵਾਲੀ ਨਸਲ ਜੀਕੂੰ,
ਬਾਲਪਨ ਤੋਂ ਖੇਡਦੀ।
ਟੁੱਟੇ ਘਰਾਂ 'ਚ ਬੇਪਛਾਣ,
ਉਲਝੀ ਹੈ ਅੱਜ ਦੀ ਸੰਤਾਨ।
ਮਨ ਦੇ ਰੋਗ ਤੇ ਤਨ ਦੇ ਰੋਗ,
ਗ਼ੁਰਬਤ-ਰੇਖਾ ਕੱਢੇ ਜਾਨ।
ਘਰਾਂ ਵਾਲੇ ਘਰਾਂ ਅੰਦਰ,
ਬੇਘਰੇ ਹੋ ਬਹਿ ਗਏ।
ਦਰ ਬਨਣਾਂ ਚਾਹੁੰਦੇ ਸਨ,
ਦੀਵਾਰ ਬਣ ਕੇ ਰਹਿ ਗਏ।
ਉਮਰ ਉਨ੍ਹਾਂ ਦੀ ਮਸਾਂ
ਕੁਝ ਸ਼ਬਦ, ਕੁਝ ਅਰਥ ਸੀ।
ਭੋਲੇ ਭਾਲੇ ਬਾਲ ਵੀਹ,
ਭੁੰਨ ਦਿੱਤੇ ਬੇ-ਵਜਾਹ,
ਗੋਲੀਆਂ ਦੇ ਨਾਲ ਉਸ
ਛੇ ਕੁ ਬਾਲਗ਼ ਧਰ ਲਏ।
ਮਾਂ ਮਾਰੀ, ਆਪ ਮਰਿਆ,
ਉਲਝਣਾਂ 'ਚ ਉਲਝ ਚੁੱਕੀ,
ਦਾਸਤਾਨ ਕਹਿ ਗਿਆ।
ਦੇਸ਼ ਦਾ ਕੀ ਰਹਿ ਗਿਆ???
ਗੰਨ ਲੌਬੀ,ਵ੍ਹਾਈਟ ਹਾਊਸ
ਕੀ ਕਰਨ? ਕਿੱਧਰ ਨੂੰ ਜਾਣ?
ਹੁਣ ਕਿਹੜਾ ਮਾਡਲ ਬਨਾਣ???
ਰਵਿੰਦਰ ਰਵੀ
|
|
02 Jan 2013
|