ਰਾਜਕੁਮਾਰੀ ਸਾਡੇ ਘਰ ਵਿੱਚ ਝਾੜੂ ਪੋਚਾ ਲਾਵੇ
ਊਸ਼ਾ ਰਾਣੀ ਸਾਡੇ ਮੈਲ਼ੇ ਕੱਪੜੇ ਧੋਵਣ ਆਵੇ
ਰਾਜਕੁਮਾਰੀ ਸਦਾਨੰਦ ਦੀ ਬੇਟੀ
ਊਸ਼ਾ ਰਾਣੀ ਰਾਮ ਲਖਨ ਦੀ ਬੀਵੀ
ਸਦਾਨੰਦ ਨੇ ਸਾਡੇ ਘਰ ਦੀਆਂ ਕੰਧਾਂ ਚਿਣੀਆਂ
ਲੈਂਟਰ ਪਾਇਆ
ਰਾਮ ਲਖਨ ਨੇ ਫ਼ਰਸ਼ਾਂ ਪਾਈਆਂ
ਬਿਰਜੂ,ਰਾਮ ਖਿਲਾਵਨ,ਅੰਗਨੂੰ,ਦੇਵਕੀਨੰਦਨ
ਇੱਟਾਂ ਢੋਈਆਂ
ਰੇਤਾ ਤੇ ਸੀਮਿੰਟ ਰਲਾਇਆ
ਰਾਜ ਮਿਸਤਰੀ ਤੇਜਾ ਸਿੰਘ ਤਾਂ
ਬੱਸ ਡੀ.ਪੀ.ਸੀ. ਪਾ ਕੇ ਮਸਕਟ ਚਲਾ ਗਿਆ ਸੀ
ਰੁਲੀਆ ਸਿੰਘ ਮਜ਼ਦੂਰ ਵੀ ਇਕ ਦਿਨ ਆਇਆ
ਫਿਰ ਨਾ ਆਇਆ
ਕਹਿੰਦੇ ਉਸ ਨੇ ਆਟੋ ਪਾਇਆ
ਸੋਨੂੰ ਤੇ ਮੋਨੂੰ ਨੂੰ ਰਿਕਸ਼ੇ ਵਿਚ ਬਿਠਾ ਕੇ
ਰਾਮ ਭਰੋਸੇ ਰੋਜ਼ ਸਕੂਲ ਲਿਜਾਂਦਾ
ਅਤੇ ਬਥੇਰੇ ਹੋਰ
ਜਿਨ੍ਹਾਂ ਦੇ ਨਾਮ ਨ ਜਾਣਾਂ
ਫ਼ੈਕਟਰੀਆਂ ਵਿਚ ਕੰਮ ਕਰਦੇ ਨੇ
ਪੈਲੀਆਂ ਵਿਚ ਪਨੀਰੀ ਲਾਉਂਦੇ
ਜੀਰੀ ਲਾਉਂਦੇ
ਫ਼ਸਲਾਂ ਵੱਢਦੇ
ਇਹ ਡਾਰਾਂ ਦੀਆਂ ਡਾਰਾਂ
ਕਦੀ ਕਦੀ ਤਾਂ ਡਰ ਲਗਦਾ ਹੈ
ਕਿੱਧਰ ਉਡਦੀਆਂ ਜਾਂਦੀਆਂ ਨੇ ਦਸਤਾਰਾਂ
ਕਦੀ ਕਦੀ ਚੰਗਾ ਵੀ ਲੱਗਦਾ
ਦੇਸ਼ ਦੇਸ਼ਾਂਤਰ ਜਿੱਥੇ ਜਾਵੋ
ਦਿਸ ਹੀ ਪੈਂਦੀਆਂ ਨੇ ਦਸਤਾਰਾਂ
ਸੱਤ ਸਮੁੰਦਰ ਪਾਰ ਵੀ ਝੂਲਣ ਝੰਡੇ
ਲਿਸ਼ਕਣ ਖੰਡੇ
ਰਿੱਝਣ ਦੇਗਾਂ
ਪੱਕਣ ਮੰਡੇ
ਸੱਤ ਸਮੁੰਦਰੋਂ ਏਧਰ
ਸਾਡੀ ਨਵੀਂ ਵਸੀ ਆਬਾਦੀ
ਸ਼ਾਮ ਪਈ ਭਈਆਂ ਦੇ ਬੱਚੇ
ਸਿਰ 'ਤੇ ਫਟੇ ਪਰੋਲੇ ਧਰ ਕੇ
ਗੁਰੂਦੁਆਰੇ ਆ ਬਹਿੰਦੇ ਨੇ
ਨਾਲ ਨਾਲ ਪੜ੍ਹਦੇ ਨੇ ਬਾਣੀ
ਬੱਸ ਹੁਣ ਹੋਣੀ ਏਂ ਅਰਦਾਸ
ਨਵੇਂ ਆਏ ਨੂੰ ਕਹਿੰਦਾ
ਇਕ ਪਹਿਲਾਂ ਦਾ ਆਇਆ ਬੱਚਾ
ਪਿੱਛੇ ਪਿੱਛੇ ਆਖੀਂ
ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ
ਫਿਰ ਮਿਲਣਾ ਪਰਸ਼ਾਦ
ਆਉਂਦੀ ਏ ਖ਼ੁਸ਼ਬੋ
ਹੁੰਦੀ ਏ ਅਰਦਾਸ --
ਖੁਆਰ ਹੋਏ ਸਭ ਮਿਲਹਿੰਗੇ
ਬਚੇ ਸ਼ਰਨ ਜੋ ਹੋਇ
ਖੁਆਰ ਹੋਇਆਂ ਤੇ ਸ਼ਰਨ ਪਿਆਂ ਦੇ ਬੱਚੇ
ਕਰਦੇ ਨੇ ਅਰਦਾਸ
ਫਿਰ ਵੀ ਮੈਨੂੰ ਡਰ ਲੱਗਦਾ ਹੈ
ਪਤਾ ਨਹੀਂ ਇਹ ਕਿਹੋ ਜਿਹੇ ਨਿਕਲਣਗੇ
ਵੱਡੇ ਹੋ ਕੇ
ਬਹੁਤੇ ਹੋ ਕੇ
ਆਪਣੇ ਡਰ ਤੋਂ ਡਰ ਕੇ
ਸ਼ਰਮਸਾਰ ਹੋ ਕਰਦਾ ਹਾਂ ਅਰਦਾਸ :
ਜੋ ਜਿਸ ਧਰਤੀ ਜੰਮੇ ਜਾਏ
ਉਸ ਨੂੰ ਓਥੇ ਹੀ ਰਿਜ਼ਕ ਥਿਆਏ
ਇਹ ਕਿਉਂ ਕਿਸੇ ਦੇ ਹਿੱਸੇ ਆਏ
ਬੈਸਣ ਬਾਰ ਪਰਾਏ
ਜਿੱਥੇ ਲੋਕੀਂ ਆਖਣ ਸਾਨੂੰ
ਇਹ ਕਿੱਥੋਂ ਦੇ ਜੰਮੇ ਜਾਏ
ਮੈਲ਼ ਕੁਚੈਲ਼ੇ ਕਾਲੇ ਪੀਲੇ ਭੂਰੇ ਪਾਕੀ
ਏਥੇ ਆਏ
ਜਾਂ ਫਿਰ ਸਾਰੀ ਧਰਤੀ ਇਕ ਹੋ ਜਾਏ
ਕੋਈ ਨ ਕਹੇ ਪਰਾਏ
ਇਹ ਮੇਰੀ ਅਰਦਾਸ !
--------------------------------
(( ਸੁਰਜੀਤ ਪਾਤਰ ))
(( ਕਿਤਾਬ ' ਚੰਨ ਸੂਰਜ ਦੀ ਵਹਿੰਗੀ ' ਵਿੱਚੋਂ ))