|
ਅਸੀਂ |
ਅਸੀਂ ਦਰਦ ਭਰੀਆਂ ਗਜਲਾਂ ਨੀ ਸੁਣਦੇ, ਈਦੂ ਸ਼ਰੀਫ ਰਜਬ ਅਲੀ ਸੁਣਦੇ ਆਂ ਅਸੀਂ ਕੋਲਾਵੇਰੀ ਤੇ ਨੀ ਖੰਡੇ ਦੀ ਧਾਰ ਤੇ ਨੱਚਦੇ ਆਂ ਰੂੜੀਆਂ ਕੋਲੋਂ ਲੰਘਣ ਲੱਗਿਆਂ ਨੱਕ ਨੀ ਢਕਦੇ ਅਸੀਂ ਤਾਂ ਰੂੜੀਆਂ ਤੇ ਖੇਡੇ ਈ ਬੜਾਂ, ਛਟੀਆਂ ਦੇ ਕੰਨੂਆਂ ਤੇ ਖੇਡੇ,
ਰੋੜੇ ਮਾਰ ਮਾਰ ਬੇਰੀਆਂ ਤੋਂ ਬੇਰ ਲਾਹੁੰਦੇ ਆਂ,
ਜੰਤਰ ਦੇ ਡੰਡੇ ਮੂਹਰੇ ਤਾਰ ਦੀ ਕੁੰਡੀ ਬਣਾਕੇ ਜਾਮਣਾਂ ਲਾਹੰਦੇ ਬੱਕਰੀਆਂ ਆਲੇ ਮੇਜਰ ਕੀ ਜਾਮਣ ਤੋਂ, ਬੇਬੇ ਦੇ ਲੱਖ ਸਮਝਾਉਣ ਤੇ ਵੀ ਕਿ ਜਾਮਣਾਂ ਦਾ ਦਾਗ ਨੀ ਜਾਂਦਾ, ਅਸੀਂ ਬੜੇ ਝੁੱਗੇ ਲਵੇੜਦੇ, ਮੱਕੀ ਚृਰੀ ਕੁਤਰਣ ਲੱਗਿਆਂ ਕੋਈ ਕਾਣਾ ਟਾਂਡਾ ਸਾਡੇ ਲਹੂ ਰੰਗੇ ਛਿੱਟੇ ਪਾ ਜਾਂਦਾ, ਰੁੱਗ ਲਾਉੰਦੇਆਂ ਨੂੰ ਬਾਪੂ ਨੇ ਕਹਿਣਾ "ਹੱਥ ਨਾ ਦੇਲੀਂ", ਟੋਕੇ ਮੂਹਰੇ ਹੋਏ ਨੂੰ ਕਹਿਣਾ "ਏਹਦੇ ਨਾਲ ਤੇਰੇ ਡੌਲੇ ਬਣਨਗੇ" ਰਾਤ ਨੂੰ ਪਿੰਡ ਵਿਚਾਲੇ ਥੜੇ ਤੇ ਤਰਕਸ਼ੀਲਾਂ ਦੇ ਮੇਲੇ ਦੇਖਦੇ ਆਂ, ਅਸੀਂ ਸਰਬੱਤ ਦੇ ਭਲੇ ਲਈ ਰੱਖੇ ਸਹਿਜ ਪਾਠ ਦੇ ਭੋਗ ਤੇ ਗੁਰੂ ਘਰ ਨਿਸ਼ਕਾਮ ਸੇਵਾ ਕਰਦੇ ਆਂ, ਪਿੰਡ ਦੀ ਬੁੜੀ ਨੂੰ ਬਾਂਹ ਫੜ ਕੇ ਬੱਸੋਂ ਤਾਰਦੇ ਆਂ, ਅੱਗੋਂ ਉਹ ਅਸੀਸਾਂ ਦੀ ਝੜੀ ਲਾ ਦਿੰਦੀ ਆ "ਜੁਗ ਜੁਗ ਜੀ ਪੁੱਤ ਜਵਾਨੀਆਂ ਮਾਣ" ਅਸੀਂ ਵੀ ਪੁੱਛਦੇ ਆਂ "ਤਕੜੀ ਆਂ ਬੇਬੇ, ਕੱਟੇਂਗੀ ਐਤਕੀਂ ਦੇ ਸਿਆਲ ਕਿ ਨਹੀਂ" ਅੱਗੋਂ ਉਹ ਹੱਸ ਕੇ ਕਹਿੰਦੀ ਆ "ਦੁਰ ਫਿੱਟੇ ਮੂੰਹ ਦਫਾ ਹੋਣਿਆਂ" ਸੱਬਲ ਨਾਲ ਕਿੱਲਾ ਗੱਡਣ ਲਈ ਟੋਏ ਪੱਟਦੇ ਆਂ , ਟੋਏ ਦੀਆਂ ਜੜਾਂ ਚ ਰੋੜੇ ਰੱਖਦੇ ਆਂ, ਕਿ ਕਿੱਲਾ ਹਿੱਲੇ ਨਾ ਛੇਤੀ, ਕੌੜ ਮੱਝ ਦੇ ਗਲ ਚ ਬਹਾਂ ਪਾਉਣੇ ਆਂ ਕਿ ਭੱਜੇ ਨਾ, ਕੱਟਰੂਆਂ ਦੇ ਮੂੰਹਾਂ ਤੇ ਛਿੱਕਲੀਆਂ ਪਾਉਣੇ ਆਂ, ਸੰਨੀ ਰਲਾਉਣ ਤੋਂ ਪਹਿਲਾਂ ਖਲ ਭਿਔਂ ਕੇ ਰੱਖਦੇ ਆਂ, ਸ਼ੈਂਕਲ ਦੇ ਵਿਚਾਲੇ ਆਟਾ ਦਾਣਾ ਪਿਹਾ ਕੇ ਬੋਰੀ ਰੱਖ ਕੇ ਲਿਆਉਣੇ ਆਂ, ਕਿਸੇ ਵਿਆਹ ਸਾਹੇ ਤੇ ਨਵਾਂ ਕੁੜਤਾ ਪਜਾਮਾ ਸਵਾਉਣੇ ਆਂ, ਬੇਸ਼ੱਕ ਬਾਪੂ ਨੇ ਖੂੰਡਾ ਸਾਡੇ ਤੇ ਅੱਜ ਤੱਕ ਬਾਹਲਾ ਵਰਤਿਆ ਨੀ ਪਰ ਸਾਨੂੰ ਖੂੰਡੇ ਤੋਂ ਡਰ ਬਹੁਤ ਲੱਗਦਾ, ਬੇਬੇ ਬੇਸ਼ੱਕ ਨਿੱਤ ਕੁੱਟਦੀ ਆ ਪਰ ਸਾਡੇ ਤੇ ਅਸਰ ਈ ਕੋਈ ਨੀ, ਜਦੋਂ ਜਾਲੀ ਖੁੱਲੀ ਛੱਡੀ ਚੋਂ ਬਿੱਲੀ ਦੁੱਧ ਡੋਲ ਜਾਂਦੀ ਆ ਬੇਬੇ ਘੋਟਣਾ ਫੇਰ ਚੱਕ ਲੈਂਦੀ ਆ, ਮੂਹਰੇ ਮੂਹਰੇ ਅਸੀਂ ਮਗਰ ਮਗਰ ਬੇਬੇ, ਕੰਧਾਂ ਕੋਠੇ ਟੱਪ ਦੇ ਆਂ ਅਸੀਂ, ਬੇਬੇ ਪਿੱਛੋਂ ਹੋਕਰਾ ਮਾਰਦੀ "ਤੂੰ ਘਰੇ ਵੜੀਂ ਸਹੀ", ਨਾਲੇ ਦੁਪੈਹਰੇ ਮਿੱਤ ਪਾਉਣੇ ਗੋਲੀਆਂ ਖੇਡਦੇ ਨੂੰ ਬਾਜ ਮਾਰਦੀ ਆ "ਵੇਹ ਚਾਹ ਪੀਲਾ" ਕੰਚ ਦੀਆਂ ਗੋਲੀਆਂ ਬੋਤਲਾਂ ਚ ਭਰ ਕੇ ਅਸੀਂ ਪਸ਼ੂਆਂ ਆਲੇ ਘਰੇ ਤੂੜੀ ਆਲੀ ਸਬਾਤ ਚ ਨੱਪ ਦਿੰਨੇ ਆਂ ਬਨੌਟੀਪਣ, ਈਰਖਾ, ਗੁੱਸਾ ਸਾਡੇ ਤੋਂ ਕੋਹਾਂ ਦੂਰ ਆ, ਸਾਡੇ ਘਰਾਂ ਦੇ ਵੇਹੜੇਆਂ ਵਾਂਗੂ ਸਾਡੇ ਜੇਰੇ ਖੁੱਲੇ ਡੁੱਲੇ ਨੇ ਬਾਜ਼ਾਂ ਆਲੇ ਦੀ ਰਜਾ ਚ ਰਹਿਨੇ ਆਂ ਅਸੀਂ, ਜੋ ਹੋ ਰਿਹੈ ਓਹੀ ਕਰ ਰਿਹੈ, ਕੋਈ ਗਿਲਾ ਨੀ, ਅਸੀਂ ਤਿਆਰ ਆਂ ਜਿੱਦੇਂ ਬਾਜ਼ਾਂ ਆਲੇ ਆਵਾਜ ਮਾਰੀ, ਜਿੱਦੇਂ ਨਗਾਰਾ ਗੂੰਜਿਆ, ਤੇਗਾਂ ਮਿਆਨਾਂ ਚੋਂ ਬਾਹਰ ਲਿਸ਼ਕਣਗੀਆਂ, ਵੈਰੀ ਸੋਧੇ ਜਾਣਗੇ -
| ਲੇਖਕ : ਬਾਈ ਪਰੇਮਜੀਤ ਸਿੰਘ ਨੈਣੇਵਾਲੀਆ |
|
|
01 Dec 2012
|