Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਆਮ ਆਦਮੀ ਦੀ ਆਤਮ-ਕਥਾ

ਆਮ ਆਦਮੀ ਹਾਂ ਮੈਂ
ਸਭ ਦੀ ਤਰ੍ਹਾਂ
ਆਦਮ ਦੀ ਔਲਾਦ ਹਾਂ
ਇਸ ਦੁਨੀਆਂ ਦੇ ਮੇਲੇ ਵਿੱਚ
ਮੈਂ ਵੀ ਕਿਤੇ ਆਬਾਦ ਹਾਂ
ਆਮ ਆਦਮੀ ਹਾਂ ਮੈਂ…
ਮੇਰੀ ਆਤਮਕਥਾ ਲੰਮੀ ਹੈ
ਮੇਰੇ ਨਾਲ ਹੀ ਜੰਮੀ ਹੈ
ਕਿਸੇ ਰਸੀਦੀ ਟਿਕਟ ਦੀ ਪਿੱਠ ’ਤੇ
ਆਉਣ ਵਾਲੀ ਨਹੀਂ
ਸਦੀਆਂ ਦੇ ਸਫ਼ਿਆਂ ’ਤੇ ਫੈਲੀ ਹੈ
ਮੌਲੀ ਹੈ
ਵਿਗਸੀ ਹੈ
ਅੱਜ ਪਤਾ ਨਹੀਂ ਕਿਵੇਂ
ਮੇਰੇ ਬੋਲ ਉੱਭਰੇ ਨੇ
ਜ਼ਰਾ ਕੁ ਖੁਰਦਰੇ ਨੇ
ਮਾਫ਼ ਕਰਿਉ
ਖਾਸਮ ਖ਼ਾਸ ਬੰਦਿਉ
ਤੁਹਾਡੇ ਵਿੱਚ
ਐਵੇਂ ਕਿਵੇਂ
ਆਣ ਵੜਿਆ ਹਾਂ
ਮੱਲੋ ਜ਼ੋਰੀ
ਆ ਖੜ੍ਹਿਆ ਹਾਂ
ਵਰਨਾ ਤਾਂ ਜਿੱਥੇ ਵੀ ਜਾਵਾਂ
ਇੱਕੋ ਹੀ ਵਾਕ ਮਿਲਦਾ ਹੈ
ਇਹ ਰਸਤਾ ਆਮ ਨਹੀਂ ਹੈ’
ਤੇ ਮੈਂ ਪਾਸਾ ਵੱਟ ਲੰਘਦਾ ਹਾਂ
ਭੀੜ ਦੀ ਭੀੜ ਬਣ ਕੇ
ਉੱਥੇ ਜਾ ਪੁੱਜਦਾ ਹਾਂ
ਜਿੱਥੇ ਖ਼ਾਸ ਚਮਕ ਰਹੇ ਹੁੰਦੇ
ਆਮ ਦੇ ਸਿਰ ’ਤੇ ਦਮਕ ਰਹੇ ਹੁੰਦੇ
ਮੇਰੇ ਲਈ ਵਾਇਦੇ ਕਰ ਕਰ ਕੇ ਹੀ
ਕੁਰਸੀਆਂ ਮੱਲ ਬਹਿੰਦੇ
ਫੇਰ ਮੈਥੋਂ ਹੀ ਤ੍ਰਹਿੰਦੇ
ਮੈਂ ਨੀਹਾਂ ’ਚ ਹੁੰਦਾ
ਉਹ ਮੰਮਟੀਆਂ ਬਣਦੇ
ਮੇਰੇ ’ਤੇ ਖੜੋ ਕੇ ਹੀ
ਰਫ਼ਲਾਂ ਮੇਰੇ ’ਤੇ ਤਣਦੇ
ਪਰ ਮੋਟਾ ਤਣਾ ਹਾਂ ਮੈਂ
ਸਾਰਾ ਭਾਰ ਝੱਲਦਾ ਹਾਂ
ਭੋਰਾ ਨਾ ਹੱਲਦਾ ਹਾਂ
ਟੁੱਟ ਭੱਜ ਕੇ ਮੁੜ ਜੁੜਦਾ ਹਾਂ
ਸੋਤੇ ਪਏ ਘਰ ਮੁੜਦਾ ਹਾਂ
ਖ਼ਾਸਾਂ ਨੂੰ ਖਾਸਮਖਾਸ ਬਣਾਉਂਦਾ ਹਾਂ
ਤੇ ਖ਼ੁਦ ਆਮ ਤੋਂ ਆਵਾਮ ਬਣਦਾ ਹਾਂ
ਮੇਰੀ ਆਤਮਕਥਾ ਬੜੀ ਲੰਮੀ ਹੈ
ਮੇਰੇ ਨਾਲ ਹੀ ਜੰਮੀ ਹੈ
ਆਮ ਆਦਮੀ ਹਾਂ ਮੈਂ…
ਮੈਂ ਘਰ ਵਿੱਚ ਵੀ ਆਮ ਹਾਂ
ਤੇ ਬਾਹਰ ਵੀ ਆਮ ਹਾਂ
ਘਰ ਨੂੰ ਸੰਨ੍ਹ ਲਗਦੀ ਹੈ
ਤਾਂ ਵੀ ਮੈਂ ਪਿਸਦਾ ਹਾਂ
ਜਦ ਦੇਸ ਨੂੰ ਸੰਨ੍ਹ ਲਗਦੀ ਹੈ
ਤਾਂ ਵੀ ਮੈਂ ਪਿਸਦਾ ਹਾਂ
ਪਰ ਬੜਾ ਚੀੜ੍ਹਾ ਹਾਂ ਮੈਂ
ਮਰ ਮਰ ਕੇ ਵੀ ਮਰਦਾ ਨਹੀਂ
ਜੀ ਜੀ ਕੇ ਵੀ ਜੀਂਦਾ ਨਹੀਂ
ਮੈਂ ਜੀ ਕੇ ਮਰਦਾ ਹਾਂ
ਤੇ ਮਰ ਕੇ ਜੀਂਦਾ ਹਾਂ
ਆਮ ਆਦਮੀ ਹਾਂ ਮੈਂ…
ਬੜੀ ਵੁੱਕਤ ਹੈ ਮੇਰੀ
ਮੇਰੀ ਹੀ ਗਿਣਤੀ ਨਾਲ
ਰੈਲੀਆਂ ਸਫ਼ਲ ਹੁੰਦੀਆਂ
ਪ੍ਰੈੱਸ ਕਲੱਬਾਂ ’ਚ
ਬਹਿਸਾਂ ਹੁੰਦੀਆਂ
ਉੱਥੇ ਮੈਂ ਲੱਖ ਸਾਂ ਕਿ ਲੱਖਾਂ
ਇੱਥੇ ਮੈਂ ਹਜ਼ਾਰ ਸਾਂ ਕਿ ਹਜ਼ਾਰਾਂ
ਮੈਂ ਆਪਣਾ ਆਪ ਖ਼ਾਸ ਤੋਂ ਵਾਰਾਂ
ਫੇਰ ਉਨ੍ਹਾਂ ਨੂੰ ਦੂਰੋਂ ਨਿਹਾਰਾਂ
ਆਮ ਆਦਮੀ ਹਾਂ ਮੈਂ…
ਮੈਂ ਕਾਲੀਨ ਬਣ ਵਿਛ ਜਾਵਾਂ
ਮੈਂ ਕਮਾਨ ਬਣ ਤਣ ਜਾਵਾਂ
ਮੇਰੇ ਵਿਛਣ ਤੇ ਮੇਰੇ ਤਣਨ ਨਾਲ ਹੀ
ਖ਼ਾਸ, ਖ਼ਾਸ ਬਣਦੇ ਨੇ
ਇੱਕ-ਦੂਜੇ ਦੇ ਸਾਹਵੇਂ ਤਣਦੇ ਨੇ
ਉਹ ਮੈਂ ਹੀ ਹਾਂ
ਜੋ ਖ਼ਾਸਾਂ ਲਈ
ਆਤਮਘਾਤ ਕਰਦਾ ਹਾਂ
ਉਹ ਮੈਂ ਹੀ ਹਾਂ
ਜੋ ਖ਼ਾਸਾਂ ਨਾਲ ਆਤਮਸਾਤ ਕਰਦਾ ਹਾਂ
ਇਹ ਜਾਣਦਿਆਂ
ਕਿ ਕੋਈ ਰਸਤਾ ਆਮ ਨਹੀਂ ਹੈ
ਮੈਂ ਰਾਹਾਂ ’ਚ ਵੜਦਾ ਹਾਂ
ਵਿੰਗ ਵਲੇਵਿਆਂ ’ਚੋਂ ਲੰਘਦਾ ਹਾਂ
ਬਿਨਾਂ ਖੰਘ ਤੋਂ ਖੰਘਦਾ ਹਾਂ
ਬੋਲ ਬੋਲ ਕੇ ਜੀਂਦਾ ਹਾਂ
ਚੁੱਪ ਚੁੱਪ ਰਹਿ ਕੇ
ਆਪਣੇ ਜ਼ਖ਼ਮ ਸੀਂਦਾ ਹਾਂ
ਆਪਣੇ ਦੁੱਖ ਦਰਦ ਨੂੰ
ਘੁੱਟ ਘੁੱਟ ਪੀਂਦਾ ਹਾਂ
ਬਾਹਰੋਂ ਸਾਬਤ ਸਬੂਤ
ਦਿਸਦਾ ਹਾਂ
ਅੰਦਰੋਂ ਫੋੜੇ ਵਾਂਗ ਫਿਸਦਾ ਹਾਂ
ਆਮ ਆਦਮੀ ਹਾਂ ਮੈਂ…
ਸਾਰਾ ਦਿਨ ਕਾਰਾਂ ਮੋਟਰਾਂ ਦੀ
ਪੋਂ ਪੋਂ ਸੁਣਦਾ ਹਾਂ
ਕੋਲੋਂ ਦੀ ਚੁੱਪ ਚਾਪ
ਪੈਦਲ ਲੰਘਦਾ ਹਾਂ
ਸੁਬਾਹ ਸਵੇਰੇ ਸਾਈਕਲ ’ਤੇ
ਆਪਣਾ ਝੋਲਾ ਟੁੰਗਦਾ ਹਾਂ
ਸਭ ਦੀ ਜ਼ਿੰਦਾਬਾਦ ਕਰ ਕੇ
ਘਰੀਂ ਮੁੜਦਾ ਹਾਂ
ਆਪਣੀ ਮੁਰਦਾਬਾਦ
ਹੰਢਾਉਂਦਾ ਹਾਂ
ਆਪਣੇ ਗੀਤ ਦਾ ਗਲਾ ਘੁੱਟ ਕੇ
ਹੋਰਾਂ ਦੇ ਸੋਹਲੇ
ਗਾਉਂਦਾ ਹਾਂ
ਹਾਂ, ਹਜ਼ੂਰ
ਮੈਂ ਆਮ ਆਦਮੀ ਹਾਂ
ਅੱਜ ਇਸ ਮੰਚ ’ਤੇ
ਮੈਂ ਇੱਕ ਵਾਰ ਫੇਰ ਮਰਿਆ ਹਾਂ
ਮੇਰਾ ਗੋਗਾ ਗਾ ਕੇ
ਫੇਰ ਕੋਈ ਖ਼ਾਸ
ਤਾੜੀਆਂ ਬਟੋਰੇਗਾ
ਤੇ ਮੈਂ ਮੁੜ
ਆਮ ਦਾ ਆਮ ਰਹਾਂਗਾ
ਬੜਾ ਚੀੜ੍ਹਾ ਹਾਂ ਮੈਂ
ਮੰਮਟੀਆਂ ਬਣਾਉਂਦਾ ਰਹਾਂਗਾ
ਤੇ ਖ਼ੁਦ ਨੀਹਾਂ ’ਚ
ਚਿਣਿਆ ਜਾਂਦਾ ਰਹਾਂਗਾ
ਮੇਰੀ ਆਤਮਕਥਾ
ਬੜੀ ਲੰਮੀ ਹੈ
ਮੇਰੇ ਨਾਲ ਹੀ ਜੰਮੀ ਹੈ
ਕਿਸੇ ਰਸੀਦੀ ਟਿਕਟ ਦੀ ਪਿੱਠ ’ਤੇ
ਆਉਣ ਵਾਲੀ ਨਹੀਂ
ਸਦੀਆਂ ਦੇ ਸਫ਼ਿਆਂ ’ਤੇ ਫੈਲੀ ਹੈ
ਖ਼ੂਬ ਮੌਲੀ ਹੈ
ਖ਼ੂਬ ਵਿਗਸੀ ਹੈ
ਆਮ ਆਦਮੀ ਹਾਂ ਮੈਂ
ਸਭ ਦੀ ਤਰ੍ਹਾਂ
ਆਦਮ ਦੀ ਔਲਾਦ ਹਾਂ
ਇਸ ਦੁਨੀਆਂ ਦੇ ਮੇਲੇ ਵਿੱਚ
ਮੈਂ ਵੀ ਕਿਤੇ ਆਬਾਦ ਹਾਂ।

 

ਸਤੀਸ਼ ਕੁਮਾਰ ਵਰਮਾ, ਮੋਬਾਈਲ: 99157-06407

03 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Very Nycc......tfs......bittu ji......

03 Dec 2012

Reply