Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਔਰਤ

ਜਾ ਰਹੇ ਲਹਿਰਾਉਂਦੀਆਂ ਬਾਹਾਂ ਦੇ ਕਾਫ਼ਲੇ
ਜਗਦੀਆਂ ਮਸ਼ਾਲਾਂ ਲੈ ਕੇ ਤੁਰਿਆ ਹਜੂਮ
ਰੋਹ ਦਾ ਦਰਿਆ ਵਗਦਾ ਹੈ
ਕਿ ਕਿਸੇ ਨੇ ਕੁੱਖ ਵਿੱਚ ਅੰਗਿਆਰ ਧਰਿਆ ਹੈ
ਲੋਰੀ ਜ਼ਿਬਹ ਕੀਤੀ
ਰਬਾਬ ਦੀ ਧੁਨ ਚੁਰਾਈ ਹੈ
ਜਾ ਰਹੇ ਲਹਿਰਾਉਂਦੀਆਂ ਬਾਹਾਂ ਦੇ ਕਾਫ਼ਲੇ
ਜਗਦੀਆਂ ਮਸ਼ਾਲਾਂ ਲੈ ਕੇ ਤੁਰਿਆ ਹਜੂਮ

ਘੁੱਪ ਨ੍ਹੇਰਾ, ਵਹਿਸ਼ਤ, ਦਰਿੰਦਗੀ
ਪੀੜਾ, ਸੰਨਾਟਾ
ਕੋਈ ਦਰਗਾਹ ਉੱਜੜੀ ਹੈ
ਕੋਈ ਛੱਤ ਡਿੱਗੀ ਹੈ
ਦਹਿਲੀਜ਼ ਤਿੜਕੀ ਹੈ
ਲੰਘ ਰਹੇ ਲਹਿਰਾਉਂਦੀਆਂ ਬਾਹਾਂ ਦੇ ਕਾਫ਼ਲੇ
ਕੋਈ ਬੋਲ ਗੂੰਜਦਾ ਹੈ-
ਔਰਤ ਹੀ ਘਰ ਹੈ
ਅੰਮ੍ਰਿਤ ਦਾ ਕੁੰਭ
ਸਵੇਰ ਦੀ ਪੌਣ
ਊਸ਼ਾ ਦੀ ਲਾਲਿਮਾ
ਮਿੱਟੀ ਦੀ ਗੰਧ
ਸਾਹਾਂ ਦੀ ਹਰਕਤ
ਝੂਮਦੀ ਸਾਵੀ ਲਗਰ
ਸ੍ਰਿਸ਼ਟੀ ਦਾ ਪਾਰਾਵਾਰ

ਜਾ ਰਹੇ ਲਹਿਰਾਉਂਦੀਆਂ ਬਾਹਾਂ ਦੇ ਕਾਫ਼ਲੇ
ਭੀੜ ’ਚੋਂ ਆਵਾਜ਼ ਆਉਂਦੀ ਹੈ-
ਔਰਤ ਤੋਂ ਬਾਹਰ ਨਾ ਕੁਦਰਤ ਹੈ
ਨਾ ਉਤਪਤੀ
ਨਾ ਦਿਨ ਨਾ ਰੋਸ਼ਨੀ
ਨਾ ਸੁਪਨਾ ਨਾ ਸਿਰਜਣਾ

ਜਾ ਰਹੇ ਲਹਿਰਾਉਂਦੀਆਂ ਬਾਹਾਂ ਦੇ ਕਾਫ਼ਲੇ
ਟਿਮਟਮਾਉਂਦੀਆਂ ਨੇ ਮੋਮਬੱਤੀਆਂ
ਲਹੂ ਇੱਕ ਰੰਗ ਹੋ ਪਾਲ਼ਾਂ ’ਚ ਖਲੋਤਾ ਹੈ
ਅਚਨਚੇਤੀ ਕੋਈ ਬੋਲ ਸੁਣਦਾ ਹੈ-
ਔਰਤ ਹੀ ਮਮਤਾ ਹੈ
ਮਾਇਆ ਹੈ
ਬਾਣੀ ਦੀ ਸਤਰ
ਅਰਦਾਸ ਦਾ ਪਹਿਲਾ ਸ਼ਬਦ
ਓਂਕਾਰ ਦੀ ਧੁਨੀ
ਨਾਦ-ਬੇਦ
ਔਰਤ ਤੋਂ ਬਾਹਰ ਨਾ ਸੂਰਜ
ਨਾ ਚੰਨ ਤਾਰੇ
ਨਾ ਤਾਰਿਆਂ ਦੀ ਵਹਿੰਗੀ
ਨਾ ਆਕਾਸ਼ਗੰਗਾ
ਔਰਤ ਹੀ ਆਦਿ-ਅੰਤ ਹੈ
ਔਰਤ ਤੋਂ ਬਾਹਰ ਨਾ ਤੂੰ ਹੈਂ
ਨਾ ਮੈਂ
ਔਰਤ ਤੋਂ ਬਾਹਰ ਕੋਈ ਸ਼ਾਇਰੀ ਨਹੀਂ


ਮੋਹਨਜੀਤ-ਮੋਬਾਈਲ: 098113-98223

03 Feb 2013

Reply