Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਔਰਤ

ਮੈਂ ਔਰਤ ਹਾਂ
ਅਬਲਾ ਨਹੀਂ
ਜਣਨੀ ਹਾਂ
ਸਿਰਜਣਹਾਰੀ ਹਾਂ
ਮਾਂ-ਭੈਣ-ਪਤਨੀ-ਧੀ
ਕਿੰਨੇ ਰਿਸ਼ਤੇ-ਗੁੰਦੀ ਫੁਲਕਾਰੀ ਹਾਂ
ਮੇਰੀ ਚੁੰਨੀ ਦੀਆਂ ਲਪਟਾਂ ਨੂੰ
ਵਲੂੰਧਰ ਰਹੀਆਂ ਨੇ…
ਤੇਰੀਆਂ ਕਪਟੀ ਚਾਲਾਂ
ਕਾਂ ਜਹੀ ਤੱਕਣੀ
ਬਾਜ਼ਾਂ ਜਹੀ ਝੜਪ
ਨਹੀਂ ਕੀਲ ਸਕੇਗੀ
ਹੁਣ
ਤੇਰੀ ਵੱਜਦੀ ਬੀਨ
ਮੈਂ ਜਾਗ ਪਈ ਹਾਂ
ਭਾਲਦੀ ਹਾਂ
ਆਪਣੀ ਹੋਂਦ…
ਤੇਰਾ ਮੱਕੜਜਾਲ
ਵਲੇਟਦਾ ਰਿਹਾ ਮੇਰੇ ਸੱਜਰੇ ਖ਼ੁਆਬ
ਸੰਸਕਾਰਾਂ, ਮਿੱਥਾਂ ਤੇ ਰੀਤਾਂ
ਦਾ ਚੱਕਰਵਿਯੂ
ਲਿਪਟ ਜਾਂਦਾ ਰਿਹਾ
ਮੇਰੇ ਪੋਤੜਿਆਂ ’ਚ
ਨਕਲੀ ਮਿਠਾਸ ਦੀ ਗੁੜਤੀ
ਪਿੱਤਰੀ ਚਸਕੇ ਦੇਂਦੀ ਰਹੀ
ਤੇਰੇ ਵਰਗਾਕਾਰੀ ਪ੍ਰਬੰਧ
ਦੀਆਂ ਇੱਟਾਂ ਉੱਤੇ
ਗਾਰਾ ਲਾਉਂਦੀ… ਮੈਂ
ਆਪਣੀਆਂ ਇੱਛਾਵਾਂ ਦੀਆਂ ਮੀਢੀਆਂ ਗੁੰਦਦੀ….
ਬੂੰਦ ਬੂੰਦ ਤਰਸਦੀ
ਬਣਦੀ ਰਹੀ
ਮਾਰੂਥਲ ਦੀ ਭਟਕਣ
ਮੈਂ ਮਸ਼ਰੂਫ਼ ਰਹਿੰਦੀ
ਇੱਕ ਗੁਫ਼ਾ ਤਲਾਸ਼ਦੀ
ਕਮਲੀਆਂ ਰੀਝਾਂ
ਲਾਲਸਾਵਾਂ ਭਰੀ…
ਡਾਲੀ ਨਾਲ ਲਿਪਟੀ
ਪੀਂਘ ਝੂਟਦੀ ਰਹੀ
ਮੈਂ ਅਣਜਾਣ…
ਬਣ ਗਈ
ਤੇਰੇ ਹੱਥਾਂ ਵਿੱਚ ਕਠਪੁਤਲੀ
ਮੈਂ ਆਪਣੇ ਚਿਹਰੇ ਦੀ ਸਨਾਖ਼ਤ
ਬਾਜ਼ਾਰੀ ਵਸਤਾਂ ’ਚ
ਢੂੰਡਦੀ ਰਹੀ…
ਮੈਂ ਸ਼ੂਕਦੀ ਹਨੇਰੀ ਵਿੱਚ
ਦਰਿਆਵਾਂ ਦੇ ਵਹਿਣ ਮਾਪਦੀ
ਕਿਨਾਰਿਆਂ ਨਾਲ ਗੁਫ਼ਤਗੂ
ਕਰ ਬੈਠੀ
ਅਚਨਚੇਤ ਵਰ੍ਹਦੀ ਬੱਦਲੀ ਨੇ
ਮੇਰੀ ਸੋਚ ਦੇ ਪੇਚਾਂ ’ਤੇ
ਕੰਬਣੀ ਛੇੜੀ
ਤਾਂ ਮੈਂ ਸਮਝ ਗਈ
ਮੇਰਾ ਜਿਸਮ ਨੋਚਣ ਵਾਲੇ
ਉਹ ਸ਼ਿਕਰੇ ਕੌਣ ਹਨ…?
ਬਣਾ ਕੇ ਮਾਸੂਮਾਂ ਨੂੰ
ਹਵਸ਼ ਦਾ ਸ਼ਿਕਾਰ
ਸਜਾਉਂਦੇ ਰਹੇ ਨੇ ਮਹਿਫ਼ਲਾਂ…
ਤੇ ਘੜਦੇ ਰਹੇ
ਨਵੇਂ ਨਵੇਂ ਐਲਾਨਨਾਮੇ
ਉਨ੍ਹਾਂ ਨੂੰ ਭਰਮ ਹੈ
ਉਹ ਖਿਲਾਰ ਕੇ ਚੋਗਾ
ਸਜਾ ਦੇਣਗੇ ਮੇਰੇ ਪੈਰੀ ਝਾਂਜਰਾਂ
ਉਹ ਨਹੀਂ ਜਾਣਦੇ
ਮੇਰੇ ਬਿਗਲ ਨੂੰ
ਜੋ ਮੈਦਾਨੇ ਜੰਗ ਵਿੱਚ
ਗੂੰਜਦਾ ਰਿਹਾ…
ਮੈਂ ਵਸਤ ਨਹੀਂ
ਮੈਂ ਔਰਤ ਹਾਂ
ਘੜ ਰਹੀ ਹਾਂ ਜ਼ਿੰਦਗੀਨਾਮੇ ਦੇ
ਨਵੇਂ ਅਰਥ
ਜੋ ਕਾਇਨਾਤ ਦੀਆਂ
ਦਿਸ਼ਾਵਾਂ ਹੇਠ ਕੁਚਲੇ ਗਏ
ਤੇ ਆਜ਼ਾਦ ਫ਼ਿਜ਼ਾ ਦਾ
ਮੈਂ ਲੱਭਦੀ ਹਾਂ ਸਿਰਨਾਵਾਂ
ਤੇ ਉਹ ਅਹਿਸਾਸ
ਜੋ ਧੁੰਦਲੇ ਰਾਹਾਂ ’ਤੇ
ਦਸਤਖ਼ਤ ਕਰਦਾ ਹੈ
ਬਾਹਰਲੀ ਧੁੰਦ ਦੀਆਂ
ਪਰਤਾਂ ਵਿੰਨ੍ਹਦਾ
ਬੇਤਰਤੀਬੀ ਰੁੱਤ ’ਚ
ਕਾਇਦੇ ਕਾਨੂੰਨਾਂ ਨੂੰ
ਸੂਲੀ ’ਤੇ ਟੰਗਦਾ ਹੈ
ਤਦ
ਚੇਤਨਮਈ ਤਰੰਗਾਂ ਦੀ ਕੁਰਲਾਹਟ
ਲਲਕਾਰ ਬਣਕੇ
ਲੋਕਾਂ ਦੀ ਮੁਕਤੀ ਚਾਹੁੰਦੀ
ਮਹਿਖਾਸੁਰ ਦੇ ਦਰਬਾਰ ਵਿੱਚ
ਆਪਣਾ ਹੱਕ ਮੰਗਦੀ
ਪ੍ਰਸ਼ਨ ਕਰਦੀ ਹੈ
ਮੈਂ… ਅਬਲਾ ਨਹੀਂ
ਚੰਡੀ ਹਾਂ
ਦੁਰਗਾ ਹਾਂ
ਭਵਾਨੀ ਹਾਂ
ਬਸ ਮੈਂ… ਔਰਤ ਹਾਂ

 

 

ਅਰਵਿੰਦਰ ਕੌਰ ਕਾਕੜਾ *  ਮੋਬਾਈਲ: 94636-15536

04 Mar 2013

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

hats off.........Clapping

09 Mar 2013

Reply