ਜਾਣੇ ਤੇਰੇ ਬੋਲ ਨੇ ਅਜਾਈ ਬਾਬਾ ਨਾਨਕਾ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਤੈਨੂੰ ਹੁਣ ਬਾਲੇ ਮਰਦਾਨੇ ਨਹੀਂਓ ਲੱਭਣੇ ,
ਦੂਨੀਆਂ 'ਚ ਨਾਮ ਦੇ ਦਿਵਾਨੇ ਨਹੀ ਲੱਭਣੇ ,
ਹੋ ਗਿਆ ਪਿਆਰ ਹੈ ਛਾਂਈ ਮਾਈਂ ਬਾਬਾ ਨਾਨਕਾ ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਲੀਰਾਂ ਲੀਰਾਂ ਹੋਏ ਤੂੰ ਜਹਾਨ ਤੋ ਕੀ ਲੈਣਾਂ ਏਂ ,
ਹੁਣ ਤਾਂ ਉਦਾਸੀਆਂ ਲਈ ਵੀ ਵੀਜ਼ਾ ਲੈਣਾ ਪੈਣਾਂ ਏਂ ,
ਹੋਰ ਕਿਤੇ ਦੁਨੀਆਂ ਵਸਾਈਂ ਬਾਬਾ ਨਾਨਕਾ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਤੇਰੇ ਨਾਂ ਤੇ ਖੋਲ ਕੇ ਦੁਕਾਨਾ ਲੁੱਟ ਰਹੇ ਨੇ ,
ਲਾਲੋ ਅੱਜ ਕੱਲ ਦੇ ਜ਼ਮਾਨਾ ਲੁੱਟ ਰਹੇ ਨੇ ,
ਇਨ੍ਹਾਂ ਨੂੰ ਤੂੰ ਹੋਰ ਮੂੰਹ ਨਾ ਲਾਈਂ ਬਾਬਾ ਨਾਨਕਾ ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਤੇਰਿਆ ਮੁਰੀਦਾ ਵਿਚ ਉਵੇਂ ਜਾਤ ਪਾਤ ਹੈ ,
ਹਰ ਬੰਦਾ ਦੂਸਰੇ ਤੇ ਲਾਈ ਬੈਠਾ ਘਾਤ ਹੈ ,
ਪਹਿਲਾਂ ਜਿਹੇ ਰਹੇ ਨਾਂ ਗਰਾਂਈਂ ਬਾਬਾ ਨਾਨਕਾ ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਨਾਮ ਤੇਰਾ ਵੇਚਦੇ ਨੇ ਠੱਗ ਸੰਸਾਰ ਦੇ ,
ਉੱਚੀ ਉੱਚੀ ਜਿਹੜੇ ਨੇ ਅਵਾਜ਼ਾਂ ਤੈਨੂੰ ਮਾਰਦੇ ,
ਖਸਮ ਇੰਨ੍ਹਾ ਦਾ ਨਾ ਕੁਈ ਸਾਂਈ ਬਾਬਾ ਨਾਨਕਾ ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਨਾਲ ਲੈ ਕੇ ਇਨ੍ਹਾਂ ਨੂੰ ਰਿਵਾਜ ਡੁੱਬ ਲੈਣ ਦੇ ,
ਮੈਂ ਤਾਂ ਕਹਿਨਾਂ ਜਗ ਦਾ ਜਹਾਜ ਡੁੱਬ ਲੈਣ ਦੇ ,
ਮਰਨੋ ਨਾ ਇਹਨਾਂ ਨੂੰ ਬਚਾਈਂ ਬਾਬਾ ਨਾਨਕਾ ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਲੋਕੀ ਤੇਰੀ ਬਾਣੀ ਨੂੰ ਕਿਰਾਏ ਉੱਤੇ ਪੜਦੇ ,
ਸ਼ਬਦਾਂ ਨੂੰ ਗਾਉਣ ਵਾਲੇ ਫੀਸ ਲਈ ਲੜਦੇ ,
ਖਾਈ ਜਾਂਦੇ ਗੋਲ੍ਹਕਾਂ ਦੇ ਤਾਈਂ ਬਾਬਾ ਨਾਨਕਾ ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਰੌਸ਼ਨ ਵਿਚਾਰਾ ਹੈ ਜਦੋਂ ਵੀ ਸੱਚ ਬੋਲਦਾ ,
ਦੁੱਖ ਬੜੇ ਸਹਿੰਦੈ ਪਰ ਸਿਦਕੋਂ 'ਨੀ ਡੋਲਦਾ ,
ਦੁਨੀਆਂ ਤੋਂ ਬਚਦੈ ਮਸਾਂ ਹੀ ਬਾਬਾ ਨਾਨਕਾ ,
ਮੈਂ ਤਾਂ ਕਹਿੰਨਾ ਮੁੜ ਕੇ ਨਾ ਆਈਂ ਬਾਬਾ ਨਾਨਕਾ |
ਮਸ਼ਹੂਰ ਸ਼ਾਇਰ (ਗੁਰਦਿਆਲ. ਰੌਸ਼ਨ)
ਜਨਾਬ ਦੀਪਕ ਜੈਤੋਈ ਘਰਾਨੇ ਦੇ ਵਾਰਿਸ
ਉਹਨਾਂ ਦੀ 21ਵੀਂ ਕਿਤਾਬ "ਧਰਤੀ ਦੀ ਫੁਲਕਾਰੀ" ਵਿਚੋਂ ......
|