Anything goes here..
 View Forum
 Create New Topic
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਛੋਟੀ ਬੱਚੀ ਦਾ ਵੱਡਾ ਸਬਕ

 

 

ਸਾਲ 2008 ਵਿੱਚ ਮੈਂ ਬਤੌਰ ਹੈੱਡਟੀਚਰ ਪਿੰਡ ਮਾਰਵਾ ਵਿਖੇ ਪੈਂਦੇ ਇੱਕ ਸਕੂਲ ਵਿੱਚ ਹਾਜ਼ਰ ਹੋ ਗਈ ਸੀ। ਇਸ ਤੋਂ ਪਹਿਲਾਂ ਮੇਰੀ ਵੀਹ ਸਾਲ ਦੀ ਨੌਕਰੀ ਬਸੀ ਪਠਾਣਾਂ ਵਿੱਚ ਸੀ। ਜਿੱਥੇ ਮੈਨੂੰ ਆਪਣੀ ਤਰੱਕੀ ਦੀ ਖ਼ੁਸ਼ੀ ਸੀ, ਉੱਥੇ ਪਿੰਡ ਵਿੱਚ ਕੰਮ ਕਰਨ ਦਾ ਡਰ ਵੀ ਸੀ ਕਿਉਂਕਿ ਮੈਂ ਪਹਿਲਾਂ ਕਦੇ ਪਿੰਡ ਵਿੱਚ ਨੌਕਰੀ ਨਹੀਂ ਕੀਤੀ ਸੀ। ਥੋੜ੍ਹੇ ਹੀ ਦਿਨਾਂ ਵਿੱਚ ਮੈਨੂੰ ਪਤਾ ਲੱਗ ਗਿਆ ਕਿ ਸਕੂਲ ਦੇ ਨਿਆਣੇ ਅਤਿ ਦੇ ਸ਼ਰਾਰਤੀ ਸਨ। ਕਿਸੇ ਨੂੰ ਵੀ ਬੋਲਣ ਦਾ ਸਲੀਕਾ ਨਹੀਂ ਸੀ। ਚੋਰੀ ਕਰਨਾ ਉਨ੍ਹਾਂ ਦੀ ਸਭ ਤੋਂ ਬੁਰੀ ਆਦਤ ਸੀ। ਜਿਉਂ ਹੀ ਅੱਧੀ ਛੁੱਟੀ ਹੁੰਦੀ ਨਿਆਣੇ ਰੋਟੀ ਖਾ ਕੇ ਸਾਰੇ ਸਕੂਲ ਵਿੱਚ ਹੁੜਦੰਗ ਮਚਾ ਦਿੰਦੇ। ਕਈ ਮੁੰਡੇ ਤਾਂ ਲੜ ਕੇ ਇੱਕ-ਦੂਜੇ ਦਾ ਸਿਰ ਪਾੜ ਦਿੰਦੇ, ਕੁੜੀਆਂ ਇੱਕ-ਦੂਜੇ ਦੀਆਂ ਕਾਪੀਆਂ-ਕਿਤਾਬਾਂ ਪਾੜ ਕੇ ਸੁੱਟ ਦਿੰਦੀਆਂ। ਕਈ ਵਾਰ ਲੜਾਈ ਇੰਨੀ ਵਧ ਜਾਂਦੀ ਕਿ ਉਨ੍ਹਾਂ ਦੀਆਂ ਮਾਵਾਂ ਦੀ ਵੀ ਆਪਸ ਵਿੱਚ ਲੜਾਈ ਹੋ ਜਾਂਦੀ। ਨੈਤਿਕ ਸਿੱਖਿਆ ਤਾਂ ਕਿਸੇ ਬੱਚੇ ਦੇ ਨੇੜੇ-ਤੇੜੇ ਵੀ ਨਹੀਂ ਸੀ। ਪੜ੍ਹਾਉਣ ਦੀ ਗੱਲ ਦੂਰ ਮੇਰਾ ਪਹਿਲਾ ਕੰਮ ਬੱਚਿਆਂ ਵਿੱਚ ਅਨੁਸ਼ਾਸਨ ਪੈਦਾ ਕਰਨਾ ਸੀ। ਇਸ ਲਈ ਮੈਂ ਹਰ ਰੋਜ਼    ਪ੍ਰਾਰਥਨਾ ਤੋਂ ਲੈ ਕੇ ਸਕੂਲ ਦੇ ਪੂਰੇ ਸਮੇਂ ਤਕ ਬੱਚਿਆਂ ਨੂੰ ਰਲ ਕੇ ਰਹਿਣ, ਕਿਸੇ ਦੀ ਚੀਜ਼ ਨਾ ਚੁੱਕਣ, ਹਰ ਚੀਜ਼ ਵੰਡ ਕੇ ਖਾਣ ਅਤੇ ਵੱਡਿਆਂ ਦਾ ਸਤਿਕਾਰ ਕਰਨ ਬਾਰੇ ਹੀ ਸਿਖਾਉਂਦੀ ਰਹਿੰਦੀ ਜਿਸਦਾ ਸਿੱਟਾ ਇਹ ਨਿਕਲਿਆ ਕਿ ਬੱਚਿਆਂ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਹੁਣ ਬੱਚੇ ਆਪਸ ਵਿੱਚ ਲੜਦੇ-ਝਗੜਦੇ ਨਹੀਂ ਸਨ। ਸਾਰੇ ਜਣੇ ਰਲ-ਮਿਲ ਕੇ ਰਹਿੰਦੇ ਅਤੇ ਹਰ ਚੀਜ਼ ਰਲ ਕੇ ਖਾਂਦੇ ਸਨ।
ਹੁਣ ਬੱਚੇ ਆਰਾਮ ਨਾਲ ਪੜ੍ਹਦੇ। ਅੱਧੀ ਛੁੱਟੀ ਉਹ ਕਤਾਰਾਂ ਵਿੱਚ ਬੈਠ ਕੇ ਮਿਡ-ਡੇਅ-ਮੀਲ ਖਾਂਦੇ ਅਤੇ ਮੈਂ ਉਨ੍ਹਾਂ ਕੋਲ ਬੈਠ ਕੇ ਆਪਣੀ ਰੋਟੀ ਖਾ ਲੈਂਦੀ। ਕਦੇ-ਕਦੇ ਮੈਂ ਰੋਟੀ ਤੋਂ ਬਾਅਦ ਕੋਈ ਫ਼ਲ ਖਾ ਲੈਂਦੀ ਅਤੇ ਬੱਚੇ ਵੀ ਦੁਕਾਨ ਤੋਂ ਕੋਈ ਚੀਜ਼ ਲਿਆ ਕੇ ਖਾ ਲੈਂਦੇ। ਮੈਂ ਅਕਸਰ ਚੈੱਕ ਕਰਦੀ ਕਿ ਕੋਈ ਵੀ ਬੱਚਾ ਖਾਣ ਦੀ ਚੀਜ਼ ਲੈ ਕੇ ਆਉਂਦਾ ਤਾਂ ਉਹ ਆਪਣੇ ਦੋਸਤਾਂ ਵਿੱਚ ਰਲ ਕੇ ਖਾਂਦਾ ਹੈ ਜਾਂ ਨਹੀਂ? ਇਹ ਦੇਖ ਕੇ ਮੇਰਾ ਮਨ ਬਹੁਤ ਖ਼ੁਸ਼ ਹੁੰਦਾ।
ਥੋੜ੍ਹੇ ਦਿਨ ਹੋਏ ਅੱਧੀ ਛੁੱਟੀ ਵਿੱਚ ਨਵੀਆਂ ਹੀ ਦਾਖਲ ਹੋਈਆਂ  ਦੋ ਕੁੜੀਆਂ ਜੋ ਮਸਾਂ ਸਾਢੇ ਕੁ ਚਾਰ ਦੀਆਂ ਸਨ ਅਤੇ ਪਹਿਲੀ ਜਮਾਤ ਵਿੱਚ ਸਨ, ਆਪਸ ਵਿੱਚ ਲੜ ਪਈਆਂ। ਲੜਾਈ ਵਧ ਗਈ। ਹੁਣ ਉਹ ਇੱਕ-ਦੂਜੇ ਦੇ ਵਾਲ ਪੁੱਟਣ ਲੱਗ ਪਈਆਂ। ਨਾ ਹਟਣ ‘ਤੇ ਮੈਂ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਲੜਾਈ ਦਾ ਕਾਰਨ ਪੁੱਛਿਆ। ਉਨ੍ਹਾਂ ਵਿੱਚ ਇੱਕ ਕੁੜੀ ਜੋ ਥੋੜ੍ਹਾ ਤੁਤਲਾ ਕੇ ਬੋਲਦੀ ਸੀ, ਨੇ ਕਿਹਾ,”ਮੈਂ ਤੋਫੀਆਂ ਲਿਆਂਦੀਆਂ ਨੇ, ਇਹ ਮੈਥੋਂ ਖੋਂਹਦੀ ਹੈ।” ਮੈਂ ਉਸ ਨੂੰ ਪੁਚਕਾਰ ਕੇ ਕਿਹਾ ਕਿ ਤੂੰ ਇੱਕ ਟੌਫੀ ਉਸ ਨੂੰ ਦੇ ਦੇ। ਰਲ ਕੇ ਚੀਜ਼ ਖਾਈਦੀ ਹੈ। ਨਾਲੇ ਜੇ ਤੂੰ ਉਸ ਨੂੰ ਟੌਫੀ ਨਹੀਂ ਦੇਵੇਂਗੀ ਤਾਂ ਤੈਨੂੰ ਪੜ੍ਹਾਈ ਨਹੀਂ ਆਵੇਗੀ। ਮੇਰੇ ਕਹਿਣ ‘ਤੇ ਉਸ ਨੇ ਇੱਕ ਟੌਫੀ ਦੂਜੀ ਕੁੜੀ ਨੂੰ ਦੇ ਤਾਂ ਦਿੱਤੀ ਪਰ ਮੇਰੇ ਵੱਲ ਘੂਰ ਕੇ ਦੇਖਦੀ ਰਹੀ। ਮੇਰੇ ਹੱਥ ਵਿੱਚ ਸੰਤਰਾ ਸੀ ਅਤੇ ਮੈਂ ਆਪਣੇ ਧਿਆਨ ਵਿੱਚ ਇੱਕ-ਇੱਕ ਫਾੜੀ ਖਾਈ ਜਾ ਰਹੀ ਸੀ। ਅਚਾਨਕ ਹੀ ਉਹ ਉੱਚੀ ਆਵਾਜ਼ ਵਿੱਚ ਬੋਲੀ,”ਤੁਸੀਂ ਸੰਤਰਾ ਖਾਧਾ, ਤੁਸੀਂ ਕਿਸੇ ਨੂੰ ਦਿੱਤਾ? ਥੋਨੂੰ ਵੀ ਪਰਾਈ ਨਹੀਂ ਆਉਣੀ।” ਉਹ ਆਪਣੀ ਤੋਤਲੀ ਆਵਾਜ਼ ਵਿੱਚ ਇੰਨਾ ਕਹਿ ਕੇ ਦੌੜ ਗਈ। ਮੈਂ ਹੁਣ ਕਦੇ ਉਸ ਕੁੜੀ ਵੱਲ ਵੇਖਾਂ ਅਤੇ ਕਦੀ ਸੰਤਰੇ ਵੱਲ।
ਉਹ ਛੋਟੀ ਜਿਹੀ ਕੁੜੀ ਮੈਨੂੰ ਵੱਡਾ ਸਬਕ ਸਿਖਾ ਗਈ ਸੀ। ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਸਾਰਾ ਦਿਨ ਬੱਚਿਆਂ ਨੂੰ ਰਲ ਕੇ ਖਾਣ ਦੀ ਸਿੱਖਿਆ ਦਿੰਦੀ ਹਾਂ ਅਤੇ ਆਪ, ਆਪਣੀ ਚੀਜ਼ ਇਕੱਲੇ ਹੀ ਖਾ ਲੈਂਦੀ ਹਾਂ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਨੂੰ ਵੀ ਕਦੇ ਇਕੱਲਿਆਂ ਕੋਈ ਚੀਜ਼ ਨਹੀਂ ਖਾਣੀ ਚਾਹੀਦੀ ਸਗੋਂ ਵੰਡ ਕੇ ਖਾਣੀ ਚਾਹੀਦੀ ਹੈ। ਮੈਂ ਉਸ ਛੋਟੀ ਬੱਚੀ ਦੀ ਸਿੱਖਿਆ ਆਪਣੇ ਪੱਲੇ ਬੰਨ੍ਹ ਲਈ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੈਂ ਆਪਣੇ ਬੱਚੇ ਤੋਂ ਇੱਕ ਗੁਣ ਸਿੱਖਿਆ।

ਪ੍ਰੇਮ ਲਤਾ * ਸੰਪਰਕ: 98153-80892

05 Jun 2013

Reply