ਸਾਡੇ ਪਿੰਡ ਦਾ
ਬਿੱਲੂ ਕਸਾਈ
ਬੜਾ ਤਜ਼ਰਬੇਕਾਰ ਹੈ
ਉਹ ਹਰ ਰੋਜ
' ਮੁਰਗਿਆਂ ' ਅਤੇ 'ਬੱਕਰਿਆਂ '
ਨੂੰ ਇਸ ਲਈ ਵੱਢਦਾ ਹੈ
ਤਾਂ ਕਿ ਆਪਣਾ ਚੁੱਲ੍ਹਾ ਚਲਾ ਸਕੇ...।
ਉਹ ਉਹਨਾਂ ਨੂੰ
ਪਾਲਦਾ-ਪੋਸਦਾ ਹੈ,
ਚੰਗਾ ਚਾਰਾ ਪਾਉਂਦਾ ਹੈ,
ਅਨੇਕਾਂ ਹੋਰ ਲਾਲਚ ਦਿੰਦਾ ਹੈ,
ਤੇ ਜਦ ਉਹ ਤਿਆਰ ਹੋ ਕੇ,
ਕਿਸੇ ਪ੍ਰੋਗਰਾਮ ਵਿਚ
ਵਰਤਣ ਯੋਗ ਹੋ ਜਾਂਦੇ ਨੇ
ਤਾਂ ਬਿੱਲੂ ਮੋਟੀ ਰਕਮ 'ਚ
ਕਿਸੇ ਤਕੜੀ 'ਸਾਮੀ' ਨਾਲ
ਉਹਨਾਂ ਦਾ ਸੌਦਾ ਮਾਰ ਲੈਂਦਾ ਹੈ...।
ਉਸ ਵੱਲੋਂ ਦੁਹਰਾਈ ਜਾਂਦੀ
ਇਹ ਕਾਰਵਾਈ ਦੇਖਕੇ
ਬਿੱਲੂ ਦੇ ਬੱਕਰਿਆਂ ਨੇ
ਬਗ਼ਾਵਤ ਕਰ ਦਿੱਤੀ...।
ਬਿੱਲੂ ਨੇ ਸਮਝਾਇਆ,
“ਰੌਲਾ ਨਾ ਪਾਓ,
ਮੇਰੇ ਹੱਥ ਤਾਂ ਕੁਝ ਵੀ ਨੀਂ,
ਮੌਤ ਤਾਂ ਅਟੱਲ ਸੱਚਾਈ ਐ,
ਤੇ ਤੁਸੀਂ 'ਹੋਣੀ' ਨਹੀਂ ਬਦਲ ਸਕਦੇ...”
ਪਰ ਬੱਕਰੇ ਸ਼ਾਂਤ ਨਾ ਹੋਏ...
ਬਿੱਲੂ ਦੀ ਗੱਲ ਪਰਖਣ ਲਈ
ਉਹਨਾਂ ਇਕ ਜੁਗਤ ਲੜਾਈ
ਆਪਣੇ ਆਗੂਆਂ ਦੇ ਕਹਿਣ 'ਤੇ
ਇਕ ਰਾਤ ਉਸਦੇ ਕੁਝ 'ਬੱਕਰੇ'
'ਹੋਣੀ' ਤੋਂ ਬਚਣ ਲਈ
'ਕੁੱਤਿਆਂ' ਵਿਚ ਵਟ ਗਏ...
ਪਰ... ਅਗਲੀ ਸਵੇਰ
ਆਗੂ ਬੱਕਰੇ ਨੂੰ ਛੱਡ ਕੇ
ਕੁੱਤੇ ਬਣੇ ਬੱਕਰੇ ਵੀ
ਬਾਕੀ ਬਚੇ ਬੱਕਰਿਆਂ ਦੇ
ਨਾਲ ਹੀ ਵੱਢੇ ਗਏ...
ਕਹਿੰਦੇ ਕਿ ਉਸ ਦਿਨ
ਕਿਸੇ ਵੱਡੇ ਘਰ ਦਾ 'ਵੱਡਾ ' ਪ੍ਰੋਗਰਾਮ ਸੀ,
ਉਹਨਾਂ ਨੂੰ ਜਲਦੀ ਮੀਟ ਚਾਹੀਦਾ ਸੀ,
ਤੇ ਬਿੱਲੂ ਦੇ ਕਹਿਣ ਮੁਤਾਬਕ
ਵੱਧ ਮੀਟ ਚਾਹੀਦਾ ਸੀ...
ਬਿੱਲੂ ਨੇ ਬੜੀ ਸਹਿਜਤਾ ਨਾਲ
ਬੱਕਰਿਆਂ ਦੀ ਬਗ਼ਾਵਤ ਨੂੰ
ਸ਼ਹੀਦੀ ਵਿਚ ਬਦਲ ਦਿੱਤਾ
ਦੱਸਿਆ ਤਾਂ ਹੈ,
ਕਿ ਬਿੱਲੂ ਬੜਾ ਹੀ ਤਜ਼ਰਬੇਕਾਰ ਹੈ...।
- ਹਰਿੰਦਰ
|