ਛੱਲਾ ਵੇਚ ਗਿਆ ਕੋਈ ਭਾਅ ਮੰਦੜੇ
ਜ਼ਜਬਾਤ ਰੱਦੀਆਂ ਦੇ ਮੁੱਲ ਦੇ
ਟੁੱਟੇ ਇੱਕੋ ਹੀ ਤਰਾਜ਼ੂ ਨਾਲੋਂ ਪੱਲੜੇ
ਅੱਡੋ-ਅੱਡ ਰਹਿ ਗਏ ਰੁਲਦੇ
ਬਹੁੜੇ ਸਿਰੇ ਦੇ ਲੁਟੇਰੇ ਲੁੱਟ ਲੈ ਗਏ,
ਪਾ ਸਾਦਗ਼ੀ ਦੀ ਜੁੱਲ ਵੇ
ਮਾਂਝ ਰੋੜਿਆਂ ਕਸਾਈ ਦੇ ਭਮੋੜੇ ਹੋਏ
ਗੂੜੇ ਦਾਗ਼ ਨਹੀਓਂ ਧੁੱਲ ਦੇ
ਬਿਨ੍ਹਾਂ ਬੀਨ ਦੇ ਸਪੇਰਾ ਜ਼ਹਿਰ ਉੱਗਲੇ
ਸੱਪਾਂ ਅੱਗੇ ਕਰ ਭੁੱਲ ਵੇ
ਝੱਲਣੇ ਹੀ ਪੈਂਦੇ ਡੰਗ ਸੱਜਣਾਂ
ਮੁਲਾਹਜ਼ਿਆਂ ਦੀ ਦਿੱਤੀ ਖੁੱਲ੍ਹ ਦੇ
ਕਦੇ ਨਾ ਸਮਾਨ ਹੋ ਜਾਂਦੀਆਂ
ਜੋ ਫੇਰੇ ਲੈਣ ਹੋਰ ਕੁਲ੍ਹ ਦੇ
ਸਾਨੂੰ ਤਾਂ ਵਿਛੋੜੇ ਸਹਿਣੇ ਪੈ ਗਏ
ਸੱਜਣਾਂ ਵੇ ਇੱਕੋ ਮੁੱਲ ਦੇ
ਬਣੇ ਰਹਿੰਦੇ ਗੁੱਲੀ-ਡੰਡਾ, ਨਿਭਦੇ
ਪੱਟੀ ਹੁੰਦੀ ਤੇਰੀ ਉੱਲ ਜੇ
ਅਸੀਂ ਤੇਰੇ ਹੀ ਇਸ਼ਾਰਿਆਂ ਤੇ ਖੇਡਦੇ,
ਅੰਬਰਾਂ ਚ ਪਾਉਂਦੇ ਫ਼ੁੱਲ ਵੇ
ਸਾਨੂੰ ਬਿੰਨ ਕੇ ਥਰੈਸ਼ਰਾਂ ਚੋਂ ਸੁੱਟਿਆ,
ਨਸੀਬਾਂ ਸਾਨੂੰ ਮਾਰੀ ਝੁੱਲ ਵੇ
ਅਸੀਂ ਦਾਣਿਆਂ ਦੇ ਵਾਂਗ ਹਾਂ ਮਰੁੰਡੇ
ਚੁੱਲ੍ਹੇ ਜੋਗੇ ਰਹਿ ਗੇ ਗੁੱਲ ਵੇ
ਮੇਰਾ ਓਕਾ ਨਾ ਜੁਆਰੀਆਂ ਵੇ ਖੱਟਿਆ
ਨਾ ਮੇਰਾ ਕੋਈ ਪਾਇਆ ਮੁੱਲ ਵੇ
ਗਿਲ੍ਹੇ ਰਹਿਣਗੇ ਤੇ ਉਮਰਾਂ ਤੇ ਪੈਣਗੇ
ਧਲਾਕਿਆਂ ਦੇ ਬਣ ਪੁਲ ਵੇ
ਛੱਲਾ ਵੇਚ ਗਿਆ ਕੋਈ ਭਾਅ ਮੰਦੜੇ
ਜ਼ਜਬਾਤ ਰੱਦੀਆਂ ਦੇ ਮੁੱਲ ਦੇ
ਟੁੱਟੇ ਇੱਕੋ ਹੀ ਤਰਾਜ਼ੂ ਨਾਲੋਂ ਪੱਲੜੇ
ਅੱਡੋ-ਅੱਡ ਰਹਿ ਗਏ ਰੁਲਦੇ