ਮੈਂ ਹਾਂ ਇਸ ਦੇਸ਼ ਦਾ ਕੱਲ੍ਹ ..
ਜੋ ਕਰਦਾ ਹੈ ਸਫਰ ਹਰ ਹਫਤੇ....
ਜਾਂ ਕਦੀ-ਕਦੀ ਰੋਜ਼ਾਨਾ ਵੀ..
ਆਸਾਂ ਤੇ ਉਮੀਦਾਂ ਦੀ ਗਠੜੀ ਲੈ ਕੇ...
ਲੁਧਿਆਣੇ ਤੋਂ ਚੰਡੀਗੜ੍ਹ....
ਤੇ ਸੋਚਦਾ ਰਹਿੰਦਾ ਹੈ...
ਮੇਰੀ ਵਾਰੀ ਵੀ ਆਏਗੀ ਕਦੀ...
ਡਿਗਰੀਆਂ ਦੇ ਪੁਲੰਦੇ ...
ਰੋਟੀ ਵਾਲਾ ਡੱਬਾ ਤੇ ਪਾਣੀ ਦੀ ਬੋਤਲ...
ਇਨਾਂ ਕੁਝ ਚੁੱਕੀ ਫਿਰਦਾ ..
ਤੇ ਦਫਤਰਾਂ ਦੇ ਗੇੜੇ ਕਢਦਾ ..
ਮੈਂ ਥੱਕਦਾ ਨਹੀਂ.....
ਕਿਓਂਕਿ ਮੈਂ ਜਾਣਦਾ ਹਾਂ....
ਮੇਰੇ ਪਿਛੇ ਇੱਕ ਹਜੂਮ ਹੈ..
ਮੇਰੇ ਵਾਂਗ ਹੀ ਬੇ-ਰੁਜ਼ਗਾਰ...
ਰੋਟੀ ਤੇ ਭਵਿਖ ਦੇ ਸਵਾਲ ਤੋਂ ਪਰੇਸ਼ਾਨ ...
ਜੇ ਮੈਂ ਰੁਕ ਗਿਆ ਸਾਹ ਲੈਣ ਲਈ..
ਤਾਂ ਇਹ ਹਜੂਮ ਮੇਰੇ ਸਿਰ ਉਪਰ ਪੈਰ ਧਰ ਕੇ..
ਬਹੁਤ ਅੱਗੇ ਲੰਘ ਜਾਵੇਗਾ...
ਤੇ ਮੈਂ ਫਿਰ ਰਹਿ ਜਾਵਾਂਗਾ...
ਅਖਬਾਰ ਵਿਚ ਆਪਣਾ ਕੱਲ੍ਹ ਤਲਾਸ਼ਦਾ....
ਇਹ ਹਰ ਰੋਜ਼ ਦੀ ਕਹਾਣੀ ਹੈ...
ਤੇ ਹਰ ਆਉਣ ਵਾਲੇ ਕੱਲ੍ਹ ਦੀ..
ਜੋ ਮੇਰੇ ਦੇਸ਼ ਦਾ ਵਸਨੀਕ ਹੈ..
ਸਿਵਾਏ ਓਹਨਾਂ ਕੁਝ ਵਖਰੀ ਨਸਲ ਦੇ ਲੋਕਾਂ ਦੇ..
ਜੋ ਪੈਦਾ ਹੁੰਦੇ ਵਕ਼ਤ ਆਪਣਾ ਹੀ ਨਹੀਂ ..
ਬਹੁਤ ਹੋਰਾਂ ਦਾ ਵੀ ਵਕ਼ਤ ਤੈਅ ਕਰ ਦਿੰਦੇ ਨੇ..
ਪੂਰੇ ਦਿਨ ਦੀ ਖੱਜਲ-ਖੁਆਰੀ ਤੋਂ ਬਾਅਦ...
ਮੈਂ ਘਰ ਪਰਤਦਾ ਹਾਂ..
ਤੇ ਏ.ਸੀ ਬੱਸ ਵੱਲ ..
ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ..
ਸੋਚਦਾ ਹਾਂ ਕਦੀ ਮੇਰੇ ਕੋਲ ਵੀ ਹੋਣੀ..
ਇਦਾਂ ਦੀ ਗੱਡੀ...
ਵੀਹਾਂ ਵਿਚ ਤਾਂ ਬੰਦਾ ਪਿੰਡ ਪੁੱਜ ਜਾਂਦਾ...
ਤੇ ਇਨਾਂ ਖਿਆਲਾਂ ਚ ਗੁਆਚਾ..
ਮੈਂ ਕਦ ਰੋਡਵੇਜ਼ ਦੀ ਟੁੱਟੀ ਤਾਕੀ ਚ ..
ਆ ਬਹਿੰਦਾ ਹਾਂ ...
ਪਤਾ ਹੀ ਨਹੀਂ ਲੱਗਦਾ....
ਤੇ ਬੱਸ ਅੱਡੇ ਪੁੱਜ ਕੇ ਸੋਚਦਾ ਹਾਂ....
ਮੇਰਾ ਸ਼ਹਿਰ ਆ ਗਿਆ.....
ਲੁਧਿਆਣਾ ਚਾਹੇ ਜਿਹੋ ਜਿਹਾ ਵੀ ਹੈ....
ਆਖਿਰ ਆਪਣਾ ਤਾਂ ਹੈ..
ਚੰਡੀਗੜ੍ਹ ਤਾਂ ਉਸ ਹੁਸੀਨ ਕੁੜੀ ਵਰਗਾ ਹੈ...
ਜੋ ਬਸ ਦੂਰੋਂ ਵੇਖੀ ਜਾ ਸਕੇ..
ਪਰ ਜਿਸ ਤੋਂ ਇੱਕ ਘੁੱਟ ਪਾਣੀ..
ਤੇ ਸਨੇਹ ਦੀ ਇਕ ਤੱਕਣੀ ...
ਦੀ ਉਮੀਦ ਹੀ ਨਾ ਹੋਵੇ...
ਪਰ ਲੁਧਿਆਣਾ ਮੇਰੀ ਮਾਂ ਵਰਗਾ....
ਜਿਸ ਦੀ ਰਗ-ਰਗ ਤੋਂ ਮੈਂ ..
ਖੁਦ ਜਿਨਾ ਹੀ ਵਾਕਿਫ਼ ਹਾਂ...
ਜੋ ਸਮੇਟ ਲੈਂਦਾ ਹੈ ਹਰ ਵਾਰ..
ਮੈਨੂੰ ਤੇ ਮੇਰੇ ਦੁਖਾਂ ਨੂੰ ..
ਆਪਣੀਆਂ ਵਿਸ਼ਾਲ ਬਾਹਾਂ ਵਿਚ.....
