|
ਚੁੰਨੀ |
ਧੀ ਨੂੰ ਕਹਿ ਲੈ ਲਵੇ ਸਿਰ ’ਤੇ, ਮਾਂ ਨੂੰ ਕਹਿੰਦੀ ਹੈ ਚੁੰਨੀ। ਅੱਜ-ਕੱਲ੍ਹ ਕਿਸੇ ਵੀ ਧੀ ਦੇ ਸਿਰ ’ਤੇ, ਕਦ ਰਹਿੰਦੀ ਹੈ ਚੁੰਨੀ।
ਬਣ ਫੁਲਕਾਰੀ ਇਹ ਚੁੰਨੀ ਤਾਂ, ਬਣੇ ਸ਼ਿੰਗਾਰ ਸੁਹਾਗਣ ਦਾ, ਸੂਹੀ ਤੋਂ ਸਫੈਦ ਜਦ ਹੋਵੇ, ਦੁੱਖ ਬੜਾ ਸਹਿੰਦੀ ਹੈ ਚੁੰਨੀ।
ਪੈਰ ਛੂਹ ਕੇ ਵੱਡਿਆਂ ਦੇ, ਆਦਰ ਮਾਣ ਵੀ ਕਰਦੀ ਹੈ, ਕਦੇ ਜੇ ਭੁੱਲ ਹੋ ਜਾਵੇ ਤਾਂ, ਪੈਰੀਂ ਵੀ ਢਹਿੰਦੀ ਹੈ ਚੁੰਨੀ।
ਪੂੰਝ-ਪੂੰਝ ਕੇ ਅਥਰੂਆਂ ਨੂੰ, ਸਬਰਾਂ ਦੀ ਵੀ ਮੱਤ ਦਿੰਦੀ, ਕਮਰ-ਕੱਸਾ ਬਣ ਜਾਵੇ ਤਾਂ, ਜ਼ੁਲਮ ਨਾਲ ਖਹਿੰਦੀ ਹੈ ਚੁੰਨੀ।
ਕੰਨਿਆ ਦੀ ਚੁੰਨੀ ਦਾ ਲੜ, ਫੜਾਵੇ ਲਾੜੇ ਨੂੰ ਜਦ ਬਾਬਲ, ਦਾਜ ਦੇ ਲੋਭੀਆਂ ਤੋਂ ਡਰ-ਡਰ ਕੇ, ਤ੍ਰਹਿੰਦੀ ਹੈ ਚੁੰਨੀ।
ਚੁੰਨੀ ਵੀ ਸ਼ਾਨ ਹੈ ਔਰਤ ਦੀ, ਜਿਵੇਂ ਪੱਗ ਮਾਣ ਹੈ ਮਰਦਾਂ ਦਾ, ਸ਼ਾਨਾਂ ਮੱਤੀ ਫਿਰ ਕਿਉਂ ਇਹ, ਸਿਰਾਂ ਤੋਂ ਲਹਿੰਦੀ ਹੈ ਚੁੰਨੀ।
ਪਰਮਜੀਤ ਕੌਰ ਸਰਹਿੰਦ
|
|
05 Sep 2012
|