|
ਧੀ |
ਸਾਡੀ ਧੀ ਦੇ ਚਿਹਰੇ ਉੱਤੇ ਛਿੱਟੇ ਪੈਣ ਤੇਜ਼ਾਬਾਂ ਦੇ, ਪਰ ਹਾਕਮ ਜੀ ਆਖੀ ਜਾਵੇ ਅਮਨ ਹੈ ਵਿਚ ਪੰਜਾਬਾਂ ਦੇ......
ਮੰਨਿਆ ਸਭ ਕੁਝ ਠੀਕ ਹੀ ਆਖੇਂ, ਗੱਲ ਤੇਰੀ ਵਿਚ ਤਰਕ ਬੜਾ ਏ, ਸਾਡੀ ਧੀ ਤੇ ਤੇਰੀ ਧੀ ਵਿਚ, ਪਰ ਹਾਕਮ ਜੀ, ਫਰਕ ਬੜਾ ਏ.......
ਤੇਰੀ ਧੀ ਮਹਿਫੂਜ਼ ਹਮੇਸ਼ਾ, ਸਿਰ 'ਤੇ ਰਹਿਣ ਸੁਰੱਖਾ-ਛਤਰੇ, ਕੱਲਮ-ਕੱਲੀ ਆਉਂਦੀ-ਜਾਂਦੀ, ਸਾਡੀ ਧੀ ਨੂੰ ਹਰਦਮ ਖਤਰੇ,
ਜੇ ਕੋਈ ਬਾਬਲ, ਪੱਤ ਦਾ ਰਾਖਾ, ਜਾਬਰ ਨੂੰ ਸਮਝਾਵੇ ਰੋਕੇ, ਉਹਦੇ ਸਿਰ ਤਲਵਾਰਾਂ ਟੋਕੇ, ਜਾਂ ਗੋਲੀ ਜਰਵਾਣਾ ਠੋਕੇ.......
ਤੈਨੂੰ ਸਭ ਕੁਝ ਠੀਕ ਹੀ ਲੱਗੇ, ਤੈਨੂੰ ਦਿਸਦੀ ਤੇਰੀ ਧੀ ਹੈ, ਸਹਿਣਾ ਸਭ ਕੁਝ ਸਾਨੂੰ ਪੈਂਦੇ, ਸਾਡੀ ਧੀ ਦਾ ਤੈਨੂੰ ਕੀ ਹੈ????
ਤੈਨੂੰ ਇਹ ਸਮਝਾਵੇ ਕਿਹੜਾ, ਕਿਹੜੀ ਘਟਨਾ ਕਿੰਝ ਨਾ ਹੋਵੇ, ਹਾਕਮ ਜੀ! ਲਾਚਾਰਾਂ ਵਾਂਗੂੰ, ਤੇਰੀ ਜਿੰਦੜੀ ਪਿੰਜ ਨਾ ਹੋਵੇ, ਫ਼ਿਰ ਵੀ ਅਸੀਂ ਦੁਆਵਾਂ ਮੰਗੀਏ, ਤੇਰੀ ਧੀ ਨਾਲ ਇੰਝ ਨਾ ਹੋਵੇ, ਤੇਰੀ ਧੀ ਨਾਲ ਇੰਝ ਨਾ ਹੋਵੇ....................
© ਬਾਬਾ ਬੇਲੀ
|
|
23 Dec 2012
|