-----------------------ਅਮਰਦੀਪ ਗਿੱਲ ਜੀ------------------------------
ਮੈਂ ਹਾਂ ਧੀ-ਧਿਆਣੀ ਵੇ ਲੋਕੋ ਮੈਂ ਹਾਂ ਧੀ ਧਿਆਣੀ !
ਜਨਮਾਂ ਤੋਂ ਮੇਰੀ ਰੂਹ ਪਿਆਸੀ ਨੈਣਾਂ ਦੇ ਵਿੱਚ ਪਾਣੀ !
ਮੈਂ ਹਾਂ ਧੀ-ਧਿਆਣੀ...........
ਜਦ ਮੈਂ ਮਾਂ ਦੀ ਕੁੱਖ ਵਿੱਚ ਆਈ, ਮੱਚ ਗਈ ਹਾਲ ਦੁਹਾਈ,
ਬਾਬਲ ਦੀ ਪੱਗ ਦਾ ਸ਼ਮਲਾ ਰੋਇਆ, ਕੁੱਖ ਹੀ ਕਬਰ ਬਣਾਈ,
ਦਾਦੀ ਮੇਰੀ ਮਾਂ ਨੂੰ ਝਿੜਕੇ , ਨਹੀਂ ਜੰਮਣੀ ਖ਼ਸਮਾਂ ਖਾਣੀ !
ਮੈਂ ਹਾਂ ਧੀ-ਧਿਆਣੀ........... -----
ਪੁੱਤ ਜੰਮੇ ਤੋਂ ਇਹ ਜੱਗ ਢੌਂਗੀ ਵਧ-ਚੜ੍ਹ ਖ਼ੁਸ਼ੀ ਮਨਾਵੇ,
ਧੀ ਤਾਂ ਘਰ ਦੇ ਬੂਹੇ ‘ਤੇ ਵੀ ਨਿੰਮ ਨਾ ਕਦੇ ਬੰਨ੍ਹਾਵੇ ,
ਖੁਸਰੇ ਵੀ ਨਾ ਮੰਗਣ ਵਧਾਈਆਂ ਕੇਹੀ ਰੀਤ ਪੁਰਾਣੀ !
ਮੈਂ ਹਾਂ ਧੀ-ਧਿਆਣੀ........... ------
ਧੀ ਨੂੰ ਜ਼ਾਲਮ ਜੱਗ ਵਿੱਚ ਪੈਂਦਾ ਬੋਚ-ਬੋਚ ਪੱਬ ਧਰਨਾ,
ਇੱਜ਼ਤ ਪੱਲੇ ਦਾਗ਼ ਜੇ ਲੱਗੇ ਖੂਹ ਖਾਤੇ ਪੈ ਮਰਨਾ,
ਜੇ ਕਿਸੇ ਨਾਲ ਹੱਸ ਮੈਂ ਬੋਲਾਂ, ਬਣ ਜਾਂਦੀ ਏ ਕਹਾਣੀ !
ਮੈਂ ਹਾਂ ਧੀ-ਧਿਆਣੀ........... -----
ਦਾਜ ਦੇ ਲੋਭੀ ਅੱਜ ਵੀ ਮੈਨੂੰ ਅੱਗ ਵਿੱਚ ਸਾੜ ਨੇ ਦਿੰਦੇ,
ਵਿਆਹ ਪਰਦੇਸੀਂ ਲੈ ਜਾਂਦੇ ਨੇ ਸੂਲ਼ੀ ਚਾੜ੍ਹ ਨੇ ਦਿੰਦੇ,
ਬਾਬਲ ਵਿਹੜੇ ਦੀ ਰਾਜਕੁਮਾਰੀ ਬਣ ਜਾਵੇ ਨੌਕਰਾਣੀ
! ਮੈਂ ਹਾਂ ਧੀ-ਧਿਆਣੀ........... -----
ਕਹਿਣ ਨੂੰ ਤਾਂ ਮਰਦ ਬਰਾਬਰ ਅੱਜ ਹੈ ਮੇਰਾ ਨਾਮ,
ਪਰ ਮੈਂ ਤਾਂ ਹਾਂ ''ਗਿੱਲ'' ਵੀਰਿਆ ਉਵੇਂ ਹੀ ਗ਼ੁਲਾਮ,
ਮੈਂ ਤਾਂ ਕੋਈ ਰੁੱਤ ਵੀ ਆਪਣੇ ਮਨ ਵਾਂਗੂ ਨਾ ਮਾਣੀ !
ਮੈਂ ਹਾਂ ਧੀ-ਧਿਆਣੀ........... =====