ਧਿਰ ਵੀ ਹੈ ਪਰ ਕੌਣ ਕਹੇ ਕਿ ਧੀ ਸਿਰ ਤੇ ਇੱਕ ਕਰਜ਼ ਨਹੀਂ
ਮੁੱਕਰੇ ਕੌਣ ਕਿ ਤਹਿਜ਼ੀਬਾਂ ਨੂੰ ਸਦੀਆਂ ਤੋਂ ਇਹ ਮਰਜ਼ ਨਹੀਂ
ਥਾਣੇ ਅੰਦਰ ਵਿਚ ਕਚਹਿਰੀ ਅਖਬਾਰਾਂ ਦੇ ਪੰਨਿਆਂ 'ਤੇ
ਕੁੱਖ ਦੇ ਅੰਦਰ ਕਤਲ ਜੋ ਹੋਇਆ ਉਹ ਕਿਧਰੇ ਵੀ ਦਰਜ ਨਹੀਂ
ਚੰਗੀ ਚੀਜ਼ ਲਈ ਕਸ਼ਟ ਸਹੀਦੈ ਦੁਨੀਆਂਦਾਰੀ ਬੋਲ ਪਈ
ਇੱਕ ਦੋ ਦਿਨ ਬਸ ਦੇਹ ਦਾ ਦੁਖ ਹੈ ਹੋਰ ਤਾਂ ਕੋਈ ਹਰਜ ਨਹੀਂ
ਚਿੜੀਆਂ ਵਾਂਗੂੰ ਗਿਣਤੀ ਘਟ ਗਈ ਕੁੜੀਆਂ ਦੀ ਪਰ ਸੋਚੇ ਕੌਣ
ਅੰਮੀਂ ਦੇ ਢਿੱਡ ਹੌਲ ਨਹੀਂ ਹੈ ਤੇ ਬਾਬੁਲ ਨੂੰ ਗਰਜ ਨਹੀਂ
ਵੀਰੇ ਦੀ ਰਖੜੀ ਦੇ ਵੇਲੇ ਹੱਥ ਉਧਾਰੇ ਲੈ ਆਇਓ
ਸਾਡਾ ਅਣਜਾਈਆਂ ਦਾ ਕੀ ਹੈ ਮਿੰਨਤ ਨਹੀਂ ਤੇ ਅਰਜ਼ ਨਹੀਂ
ਸੌਦਾ, ਸੇਜ, ਦਹੇਜ, ਨੁਮਾਇਸ਼, ਕਿੰਨਾਂ ਬੋਝ ਹੈ ਜਣਨੀ 'ਤੇ
ਧੌਲਾ ਬਿਲ ਨਾ ਸਿੰਗ ਹਿਲਾਵੇ ਤੇ ਛੱਤਾਂ ਵਿਚ ਦਰਜ ਨਹੀਂ
ਧਿਰ ਵੀ ਹੈ ਪਰ ਕੌਣ ਕਹੇ ਕਿ ਧੀ ਸਿਰ ਤੇ ਇੱਕ ਕਰਜ਼ ਨਹੀਂ
ਮੁੱਕਰੇ ਕੌਣ ਕਿ ਤਹਿਜ਼ੀਬਾਂ ਨੂੰ ਸਦੀਆਂ ਤੋਂ ਇਹ ਮਰਜ਼ ਨਹੀਂ
ਦਰਸ਼ਨ ਖਟਕੜ