ਮੇਨਕਾ ਨਾਲ
ਰਿਸ਼ੀ ਨੇ ਕੀ ਕੀਤਾ ਸੀ?
ਮਰੀਅਮ ਕਿਸ ਦੇ ਬੱਚੇ ਦੀ ਮਾਂ
ਕਿਵੇਂ ਬਣ ਗਈ?
ਉਹ ਤਾਂ ਕੁਆਰੀ ਸੀ?
ਸਰੂਪਨਖਾ ਨਾਲ
ਲਛਮਣ ਜਤੀ
ਕਿਹੜੀ ਤਲਵਾਰ ਬਾਜ਼ੀ ਕਰਦਾ ਰਿਹਾ
ਜੋ ਉਸਦਾ ਨੱਕ ਵੱਢਿਆ ਗਿਆ?
ਸੀਤਾ ਦੇ ਦੋ ਪੁੱਤਰ
ਕਿਹੜੇ ਅਸਮਾਨੋਂ ਡਿੱਗੇ ਸੀ?
ਪਨਘਟ ਤੇ
ਗੋਪੀਆਂ ਨਾਲ
ਕਿਹੜੀ ਲੀਲਾ ਰਚਾਉਂਦਾ ਰਿਹਾ
ਤੁਹਾਡਾ ਕਿਸ਼ਨ ਘਨੱਈਆ?
ਗੰਧਾਰੀ ਦਾ ਪਲੇਠਾ ਪੁੱਤਰ
ਸ਼ੂਦਰ ਕਿਉਂ ਸਦਵਾਇਆ
ਖੱਤਰੀ ਪੁੱਤਰ
ਕਿਉਂ ਨਹੀਂ ਕਿਹਾ ਗਿਆ ਉਸਨੂੰ?
ਦਰੋਪਤੀ
ਪੰਜਾਂ ਵਿੱਚ ਕਿਉਂ ਵੰਡੀ ਗਈ?
ਜੂਏ ਵਿੱਚ ਦਾਅ ਤੇ
ਕਿਉਂ ਲਾਈ ਗਈ?
ਕੌਰੂਆਂ ਦੀ ਸਭਾ ਵਿੱਚ
ਕਿਉਂ ਵਸਤਰਹੀਣ ਕੀਤੀ ਗਈ?
ਸਵਾਲ ਤਾਂ ਹੋਰ ਵੀ ਬੜੇ ਨੇ
ਰਾਜੇ ਰਣਜੀਤ ਦੀਆਂ ਅੱਯਾਸ਼ੀਆਂ
ਉਸ ਦੀਆਂ ਰਖੈਲਾਂ ਦੀ ਗਿਣਤੀ
ਆਦਿ-ਆਦਿ।
ਪਰ ਅਪਣੇ ਧਰਮ ਗੁਰੂਆਂ ਕੋਲੋਂ
ਏਨਾ ਹੀ ਪੁੱਛਿਓ
ਕਿ ਦੇਵਦਾਸੀਆਂ ਨੂੰ
ਦੇਵੀਆਂ ਬਣਾਉਣ ਲਈ
ਕਿੰਨੇ ਕੁ ਮਰਦਾਂ ਹੇਠ੍ਹੋਂ ਲੰਘਾਉਣਾ ਪੈਂਦਾ ਸੀ?
ਤਾਂ ਜਾ ਕੇ
ਉਹ ਪੂਜਣ ਯੋਗ ਮੂਰਤ ਬਣਦੀ ਸੀ?
ਜਵਾਬ ਕਿਤਿਓਂ ਲੱਭਣ ਦੀ ਲੋੜ ਨਹੀਂ
ਹੁਣ ਇੱਕੀਵੀਂ ਸਦੀ ਹੈ।
ਸਾਨੂੰ ਪਤਾ ਹੋਣਾ ਚਾਹੀਦਾ ਹੈ
ਬਲਾਤਕਾਰੀ ਬਿਰਤੀ
ਕਾਨੂੰਨ ਦੇ ਨਰਮ ਰਹਿਣ ਦਾ ਨਤੀਜਾ ਨਹੀਂ
ਇਹ ਸਾਡੇ ਧਰਮ-ਗਰੰਥਾਂ ਦਾ ਥਾਪੜਾ ਹੈ।
ਯੁਗਾਂ-ਯੁਗਾਂਤਰਾਂ ਤੋਂ
ਔਰਤ ਦਾ ਸ਼ੋਸ਼ਣ ਹੁੰਦਾ ਆਇਆ ਹੈ।
ਨਿੱਤ ਦਿਨ ਹੁੰਦੇ ਬਲਾਤਕਾਰ
ਸਾਡੀ ਪ੍ਰਾਚੀਨ ਮਾਨਸਿਕਤਾ
ਦੀ ਆਧੁਨਿਕਤਾ ਹੈ
ਹੋਰ ਕੁੱਝ ਵੀ ਨਹੀਂ।
#ਗੱਗਬਾਣੀ