ਦੋਸਤੋ ਇੱਕ ਗ਼ਜ਼ਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਆਸ ਹੈ ਪਹਿਲਾਂ ਵਾਂਗ ਹੀ ਆਪਣੇ ਕੀਮਤੀ ਵਿਚਾਰ ਤੇ ਸੁਝਾਅ ਜ਼ਰੂਰ ਦਿਓਗੇ।
ਗ਼ਜ਼ਲ
ਉਸਨੇ ਚੁਰਾ ਲਿਆ ਹੈ, ਜਲਵੇ ਦਿਖਾ ਦਿਖਾ ਕੇ।
ਰੱਖਿਆ ਬੜਾ ਹੀ ਜਿਸ ਤੋਂ, ਦਿਲ ਨੂੰ ਬਚਾ ਬਚਾ ਕੇ।
ਛੁਪਦੇ ਨਹੀਂ ਛੁਪਾਇਆਂ, ਨਾ ਮਹਿਕ ਨਾ ਮੁਹੱਬਤ,
ਬੰਦਾ ਹੀ ਭਰਮ ਪਾਲੇ, ਰੱਖਦੈ ਛੁਪਾ ਛੁਪਾ ਕੇ।
ਸਭ ਨੂੰ ਨਾ ਰਾਸ ਆਉਂਦਾ, ਹੱਸ ਹੱਸ ਕੇ ਲਾ ਰਿਹੈਂ ਜੋ,
ਇਹ ਰੋਗ ਹੈ ਅਵੱਲਾ, ਛੱਡਦੈ, ਰੁਆ ਰੁਆ ਕੇ।
ਉਸਦੀ ਖੁਸ਼ੀ 'ਚ ਖੁਸ਼ ਹਾਂ, ਰੱਖੇ ਜਿਵੇਂ ਵੀ ਰੱਖਣੈਂ,
ਉਸਨੂੰ ਜਿਤਾ ਰਿਹਾ ਹਾਂ, ਖ਼ੁਦ ਨੂੰ ਹਰਾ ਹਰਾ ਕੇ।
ਲਗਦੈ ਏ ਹਰਕਤਾਂ ਤੋਂ, ਉਹ ਕੁਝ ਛਿਪਾ ਰਿਹਾ ਹੈ,
ਨਜ਼ਰਾਂ ਮਿਲਾ ਰਿਹਾ ਜੋ, ਨਜ਼ਰਾਂ ਚੁਰਾ ਚੁਰਾ ਕੇ।
ਪਾੜੇ ਤੇ ਸਾੜ ਦਿੱਤੇ ਖ਼ਤ ਓਸ ਨੇ, ਉਹੀ ਜੋ,
ਹੁਣ ਤਕ ਸੰਭਾਲ ਰੱਖੇ, ਸੀਨੇ ਲਗਾ ਲਗਾ ਕੇ।
ਕਿਸ 'ਤੇ ਯਕੀਨ ਕਰੀਏ, ਹੈ ਚਾਲਬਾਜ਼ ਦੁਨੀਆਂ,
ਚੱਕਰਾਂ 'ਚ ਪਾ ਰਹੀ ਏ, ਚੱਕਰ ਚਲਾ ਚਲਾ ਕੇ।
ਬਣਦਾ ਨਾ ਲੋਕਾਂ ਵਿਚ ਜੇ, ਇਹ ਇਸ਼ਕ ਇਕ ਤਮਾਸ਼ਾ,
ਗਾਉਂਦੇ ਨਾ ਹੀਰ ਲੋਕੀ, ਕਿੱਸੇ ਬਣਾ ਬਣਾ ਕੇ।
ਬਣਦੀ ਜਦੋਂ ਹੈ ਮੁਸ਼ਕਿਲ, ਆਉਂਦਾ ਹੈ ਯਾਦ ਮੁਰਸ਼ਦ,
ਮੁਰਸ਼ਦ ਹੀ ਪਾਰ ਲਾਉਂਦੈ, ਰਸਤਾ ਦਿਖਾ ਦਿਖਾ ਕੇ।
ਸੰਧੂ ਗ਼ਜ਼ਲ ਦਾ ਚਿਰ ਤੋਂ, ਬੈਠੈ ਸਕੂਲ ਖੋਲ੍ਹੀ,
ਚਾਨਣ ਖਿਲਾਰਦੈ ਉਹ ਦੀਪਕ ਜਗਾ ਜਗਾ ਕੇ।
ਹੁਣ ਤਾਂ ਕਦੇ ਵੀ 'ਮਹਿਰਮ', ਆਉਂਦਾ ਨਹੀਂ ਖ਼ਾਬ ਅੰਦਰ,
ਸੁਪਨਾ ਈ ਹੋ ਗਿਆ ਹੈ, ਸੁਪਨੇ ਦਿਖਾ ਦਿਖਾ ਕੇ।
--------------------------------------- ਜਸਵਿੰਦਰ ਮਹਿਰਮ -