ਪਹਿਲਾਂ ਅੱਖ ਅਪਣੀ ਦਾ ਟੀਰ ਤੂੰ ਕਢਾਲੈ
ਠੀਕ ਠਾਕ ਨੰਬਰ ਦੀ ਐਨਕ ਲਵਾਲੈ
ਫੇਰ ਸਾਡੇ ਸਰਵੇ ਕਰਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ,
ਬਾਤ ਭੁੱਖਿਆਂ ਨੂੰ ਰੋਟੀ ਦੀ ਨਾ ਪਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ।
ਸਾਡੇ ਸਿਰ ਚੜ੍ਹ ਕੇ ਤੂੰ ਹੋਈ ਏਂ ਆਬਾਦ ਨੀਂ
ਚੰਗਾ ਤੈਨੂੰ ਲੱਗਦਾ ਏ ਦਰਬਾਰੀ ਰਾਗ ਨੀਂ
ਸਾਡੇ ਕੀਰਨੇ ਵੀ ਜਾਣੀਂ ਨਾ ਅਜਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ,
ਬਾਤ ਭੁੱਖਿਆਂ ਨੂੰ ਰੋਟੀ ਦੀ ਨਾ ਪਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ।
ਫਿਰਦੀ ਤੂੰ ਆਈ ਸਾਨੂੰ ਪੈਰਾਂ ਹੇਠ੍ਹਾਂ ਰੋਲਦੀ
ਕਿਹੜੀ ਤੱਕੜੀ 'ਚ ਸਾਨੂੰ ਸਾਵਾਂ-ਸਾਵਾਂ ਤੋਲਦੀ
ਸਾਨੂੰ ਸਿੱਧਿਆਂ ਨੂੰ ਬੁੱਧੂ ਨਾ ਬਣਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ,
ਬਾਤ ਭੁੱਖਿਆਂ ਨੂੰ ਰੋਟੀ ਦੀ ਨਾ ਪਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ।
ਪੈਰਾਂ 'ਚ ਸ਼ਿਕੰਜੇ ਸਾਡੇ ਗਲ਼ਾਂ ਵਿੱਚ ਟਾਇਰ ਏ
ਬੋਲ ਤਾਂ ਸਹੀ ਨੀਂ ਕਾਹਦਾ ਸਾਡੇ ਨਾਲ ਵੈਰ ਏ
ਸਾਡੇ ਕਾਤਲਾਂ ਦੀ ਬਣਗੀ ਤੂੰ ਸਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ,
ਬਾਤ ਭੁੱਖਿਆਂ ਨੂੰ ਰੋਟੀ ਦੀ ਨਾ ਪਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ।
ਸੁਣਿਐ 'ਮਰੀਕਾ ਤੇਰੇ ਸਿਰ ਚੜ੍ਹ ਬੋਲਦਾ
ਕੀ ਪਤਾ ਹੁੰਦਾ ਨੀਂ ਸ਼ਰਾਬੀ ਹੋਏ ਢੋਲ ਦਾ
ਸਾਨ੍ਹ ਭੂਤਰੇ ਤੋਂ ਬਚੀਂ ਤੇ ਬਚਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ,
ਬਾਤ ਭੁੱਖਿਆਂ ਨੂੰ ਰੋਟੀ ਦੀ ਨਾ ਪਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ।
ਕੰਜਰੀ ਏਂ ਬੜੀ ਤੂੰ ਕਮੀਨੀ ਤੇ ਹਰਾਮੀ ਏ
ਕਦੇ ਟਾਟਾ ਕਦੇ ਤੇਰਾ ਖਸਮ ਅੰਬਾਨੀ ਏ
ਭਲੀ ਚਾਹੁੰਦੀ ਏਂ ਤਾਂ ਸਿੱਧੇ ਰਾਹੇ ਆਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ,
ਬਾਤ ਭੁੱਖਿਆਂ ਨੂੰ ਰੋਟੀ ਦੀ ਨਾ ਪਾਈਂ, ਨੀ ਦਿੱਲੀ ਵਿੱਚ ਰਹਿਣ ਵਾਲੀਏ।
(ਸੁਰਜੀਤ ਗੱਗ)